ਟੋਰਾਂਟੋ ( ਸੇਖਾ)- ਓਂਟਾਰੀਓ ਸਰਕਾਰ ਵਲੋਂ ਸਕੂਲਾਂ ਵਿਚ ਵਿਦਿਆਰਥੀਆਂ ਉੱਤੇ ਸਕੂਲ ਸਮੇਂ ਮੋਬਾਈਲ ਫੋਨ ਵਰਤਣ ’ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਇਹ ਪਾਬੰਦੀ 3 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਵਿਦਿਅਕ ਵਰ੍ਹੇ ਤੋਂ ਲਾਗੂ ਹੋਵੇਗੀ।
ਸੂਬਾਈ ਸਿੱਖਿਆ ਮੰਤਰੀ ਸਟੀਫਨ ਲੈਸੀ ਨੇ ਐਲਾਨ ਕਰਦਿਆਂ ਕਿਹਾ ਕਿ ਐਲੀਮੈਂਟਰੀ ਸਕੂਲਾਂ ਵਿਚ ਸਾਰਾ ਦਿਨ ਅਤੇ ਮਿਡਲ ਤੇ ਹਾਈ ਸਕੂਲਾਂ ਵਿਚ ਪੜ੍ਹਾਈ ਦੇ ਸਮੇਂ ਦੌਰਾਨ ਕੋਈ ਵਿਦਿਆਰਥੀ ਨਾ ਤਾਂ ਫੋਨ ਨੂੰ ਹੱਥ ਵਿਚ ਲੈ ਸਕੇਗਾ ਤੇ ਨਾ ਹੀ ਕਿਸੇ ਨਸ਼ੀਲੇ ਪਦਾਰਥ ਦੀ ਵਰਤੋਂ ਕਰ ਸਕੇਗਾ। ਉਨ੍ਹਾਂ ਦੱਸਿਆ ਕਿ ਪੜ੍ਹਾਈ ਸਮੇਂ ਬੱਚਿਆਂ ਦਾ ਧਿਆਨ ਫੋਨ ਵੱਲ ਰਹਿਣ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਅਤੇ ਸਕੂਲ ਟਰੱਸਟੀਆਂ ਦੇ ਸੁਝਾਵਾਂ ਉੱਤੇ ਗੌਰ ਕਰਕੇ ਇਹ ਫੈਸਲਾ ਲਿਆ ਗਿਆ ਹੈ।
ਮੰਤਰੀ ਨੇ ਕਿਹਾ ਕਿ ਐਲੀਮੈਂਟਰੀ ਸਕੂਲਾਂ ਦੇ ਵਿਦਿਆਰਥੀ ਫੋਨ ਸਕੂਲ ਦੇ ਅੰਦਰ ਨਹੀਂ ਲਿਜਾ ਸਕਣਗੇ, ਪਰ ਮਿਡਲ ਅਤੇ ਹਾਈ ਸਕੂਲਾਂ ਵਿਚ ਪਾਬੰਦੀ ਨੂੰ ਥੋੜ੍ਹਾ ਨਰਮ ਕਰਕੇ ਪੜ੍ਹਾਈ ਸਮੇਂ ਤੱਕ ਸੀਮਤ ਕੀਤਾ ਗਿਆ ਹੈ।