ਡਾ.ਰਤਨ ਸਿੰਘ ਢਿੱਲੋਂ-
ਅਮਰੀਕਾ ਵਸਿਆ ਪਰਵਾਸੀ ਸ਼੍ਰੋਮਣੀ ਸਾਹਿਤਕਾਰ ਡਾ.ਗੁਰਬਖ਼ਸ਼ ਸਿੰਘ ਭੰਡਾਲ ਆਪਣੀ 21ਵੀਂ ਪੁਸਤਕ ਕੱਚੇ ਪੱਕੇ ਰਾਹ ਲੈ ਕੇ ਹਾਜ਼ਰ ਹੈ।ਇਸ ਤੋਂ ਪਹਿਲਾਂ ਉਹ 14 ਵਾਰਤਕ
ਦੀਆਂ ਪੁਸਤਕਾਂ, ਇਕ ਸਫ਼ਰਨਾਮਾ ਅਤੇ 5 ਕਾਵਿ-ਸੰਗ੍ਰਹਿ ਪੰਜਾਬੀ ਸ਼ਬਦ ਸਭਿਆਚਾਰ ਨੂੰ ਭੇਟ ਕਰ ਚੁੱਕਾ ਹੈ।168 ਪੰਨਿਆਂ ਦੀ ਇਸ ਨਵੀਂ ਪੁਸਤਕ ਵਿਚ 20 ਨਿਬੰਧ ਹਨ ਜੋ
ਭੰਡਾਲ ਦੇ ਜੀਵਨ ਅਤੇ ਦਰਸ਼ਨ ਨਾਲ ਸਬੰਧਿਤ ਹਨ।ਇਨ੍ਹਾਂ ਨਿਬੰਧਾਂ ਵਿਚ ਉਹ ਸਵੈ ਜੀਵਨ ਦੀਆਂ ਕਈ ਪਰਤਾਂ ਨੂੰ ਫੋਲਦਾ ਹੈ, ਅਭੁੱਲ ਘਟਨਾਵਾਂ ਦਾ ਕਾਵਿਕ ਬਿਆਨ ਕਰਦਾ
ਹੈ।ਇਸ ਨੂੰ ਯਾਦਾਂ ਦੇ ਅਧਾਰ ਤੇ ਪੁਨਰ-ਜੀਣ (ਰੀ-ਲਿਵ) ਕਿਹਾ ਜਾ ਸਕਦਾ ਹੈ। ਕੱਚੇ ਪੱਕੇ ਰਾਹ ਬਾਰੇ ਚਰਚਾ ਗੁਰਬਖ਼ਸ਼ ਸਿੰਘ ਭੰਡਾਲ ਦੇ ਇਸ ਪੁਸਤਕ ਦੇ ਸਫਾ 98 ਤੇ
ਦਿੱਤੇ ਵਿਚਾਰ ਤੋਂ ਕੀਤੀ ਜਾ ਸਕਦੀ ਹੈ:
ਆਪਣੇ ਬੀਤੇ ਨੂੰ ਯਾਦ ਰੱਖਣਾ, ਆਪਣੇ ਆਪ ਦੇ ਰੂਬਰੂ ਹੋਣਾ ਹੁੰਦਾ।ਨਿਰੰਤਰ ਖ਼ੁਦ ਦੀ ਪੁਣ-ਛਾਣ ਕਰਦੇ ਰਹਿਣ ਤੋਂ ਬੰਦਾ ਨਿਮਰ ਰਹਿੰਦਾ ਹੈ ਅਤੇ ਉਹ ਪ੍ਰਾਪਤੀਆਂ ਤੇ
ਮਾਣ ਨਹੀਂ ਕਰਦਾ, ਸਗੋਂ ਉਸ ਦੀ ਰੂਹ ਵਿਚ ਸ਼ੁਕਰਗੁਜ਼ਾਰੀ ਦਾ ਨਾਦ ਹੀ ਹਮੇਸ਼ਾ ਗੂੰਜਦਾ ਹੈ। ਉਪਰੋਕਤ ਵਿਚਾਰ ਨੂੰ ਆਪਣਾ ਮਿਸ਼ਨ ਬਣਾ ਕੇ ਡਾ.ਗੁਰਬਖ਼ਸ਼ ਸਿੰਘ ਭੰਡਾਲ ਨੇ ਇਸ
ਪੁਸਤਕ ਵਿਚਲੇ ਨਿਬੰਧਾਂ ਦੀ ਰਚਨਾ ਕੀਤੀ ਹੈ ਜੋ ਉਸ ਦੀ ਸਾਹਿਤਕ ਅਤੇ ਸਮਾਜਿਕ ਸ਼ਖ਼ਸੀਅਤ ਦੀ ਤਸਵੀਰ ਹਨ।ਡਾ. ਭੰਡਾਲ ਪੇਸ਼ੇ ਵਜੋਂ ਸਾਇੰਸ ਪ੍ਰਾਧਿਆਪਕ ਹੈ ਅਤੇ ਪੰਜਾਬ
ਦੇ ਸਰਕਾਰੀ ਕਾਲਜ ਵਿਚੋਂ ਸੇਵਾ ਮੁਕਤ ਹੋਣ ਉਪਰੰਤ ਅੱਜ ਕੱਲ੍ਹ ਅਮਰੀਕਨ ਗੋਰੇ ਵਿੱਦਿਆਰਥੀਆਂ ਨੂੰ ਸਾਇੰਸ ਪੜ੍ਹਾ ਰਿਹਾ ਹੈ।ਇਹ ਗੱਲ ਮੰਨੀ-ਪ੍ਰਮੰਨੀ ਹੈ ਕਿ ਸਾਇੰਸ ਦੇ
ਵਿਦਿਆਰਥੀ ਮਿਹਨਤੀ ਅਤੇ ਤਰਕਸ਼ੀਲ ਹੋਣ ਦੇ ਨਾਲ ਨਾਲ ਸਿਰੜੀ ਤੇ ਚੰਗੇ ਵਿਸ਼ਲੇਸ਼ਕ ਵੀ ਹੁੰਦੇ ਹਨ। ਅਕਸਰ ਕਿਹਾ ਜਾਂਦਾ ਹੈ ਕਿ ਵਾਰਤਕ ਕਿਉਂ ਕਿ ਬੁੱਧੀ ਨਾਲ ਸਬੰਧ ਰੱਖਦੀ ਹੈ ਇਸ ਲਈ ਕਵਿਤਾ ਤੋਂ ਬਾਅਦ ਹੋਂਦ ਵਿਚ ਆਈ।ਕਵਿਤਾ ਵਿਚ ਭਾਵਨਾ/ਕਲਪਨਾ ਦਾ ਵੱਧ ਪਾਸਾਰ ਹੁੰਦਾ ਹੈ ਅਤੇ ਵਾਰਤਕ ਵਿਚ ਤਰਕ, ਦਲੀਲ ਸਹਿਤ ਵਿਚਾਰਾਂ ਦਾ।ਡਾ. ਭੰਡਾਲ ਦੀ ਵਿਸ਼ੇਸ਼ਤਾ ਹੈ ਕਿ ਉਹ ਵਾਰਤਕ ਨੂੰ ਕਵਿਤਾ ਦੇ ਰੰਗ ਵਿਚ ਰੰਗ ਕੇ ਪੇਸ਼ ਕਰਦਾ ਹੈ।ਇਸ ਲਈ ਉਹ ਕਈ ਵੇਰ ਵਾਕ ਰਚਨਾ ਵਿਚ ਸਹਾਇਕ ਕਿਰਿਆ ਨੂੰ ਵੀ ਤਿਲਾਂਜਲੀ ਦੇ ਦਿੰਦਾ ਹੈ।ਉਹ ਵਾਰਤਕ ਨੂੰ ਭਾਵਨਾਤਮਿਕ ਸੁਰ ਦੇਣ ਲਈ ਕਵਿਤਾ ਦੀ ਪੁੱਠ ਚਾੜ੍ਹ ਕੇ ਨਿਬੰਧ ਸੰਪੂਰਨ ਕਰਦਾ ਹੈ।ਇਸ ਪੱਖੋਂ ਉਹ ਪ੍ਰੋ. ਪੂਰਨ ਸਿੰਘ ਦੀ ਕਾਵਿ-ਮਈ ਵਾਰਤਕ ਦੇ ਨੇੜੇ ਪਹੁੰਚ ਜਾਂਦਾ ਹੈ।
ਕੱਚੇ ਪੱਕੇ ਰਾਹ ਪੁਸਤਕ ਵਿਚ ਕੁਲ 20 ਨਿਬੰਧ ਹਨ ਜਿਨ੍ਹਾਂ ਅੰਦਰ ਡਾ.ਭੰਡਾਲ ਨੇ ਪਿੰਡੇ ਤੇ ਹੰਢਾਏ ਅਨੁਭਵ ਦੇ ਅਧਾਰ ਤੇ ਇਮਾਨਦਾਰੀ ਨਾਲ ਮਾਂ, ਬਾਪ, ਘਰ, ਸਕੂਲ, ਕਾਲਜ,
ਯੂਨੀਵਰਸਿਟੀ ਅਤੇ ਨੌਕਰੀ ਦੇ ਸ਼ੁਰੂ ਦੇ ਦਿਨਾਂ ਦੇ ਸੰਘਰਸ਼ ਦੀ ਗਾਥਾ ਪੇਸ਼ ਕੀਤੀ ਹੈ।ਆਮ ਕਿਰਸਾਨੀ ਪਰਿਵਾਰਾਂ ਦੇ ਧੀ-ਪੁੱਤ ਪੇਂਡੂ ਵਿਦਿਆਰਥੀ ਕਿਨ੍ਹਾਂ ਤੇ ਕਿੰਨੀਆਂ ਮੁਸ਼ਕਲਾਂ, ਉਲਝਣਾਂ, ਰੁਕਾਵਟਾਂ, ਪ੍ਰੇਸ਼ਾਨੀਆਂ ਦੀ ਤਪਸ਼ ਵਿਚੋਂ ਲੰਘ ਕੇ ਕੁੰਦਨ ਬਣਦੇ ਹਨ, ਕੱਚੇ ਰਾਹਾਂ, ਧੂੜਾਂ, ਖੋਭਿਆਂ, ਡੰਡੀਆਂ ਤੋਂ ਪੱਕੇ ਰਾਹਾਂ ਤੇ ਚੜ੍ਹਦੇ ਅਤੇ ਸਵੈ ਵਿਸ਼ਵਾਸ ਦੇ ਬਲ
ਬੀਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਦੇ ਹਨ, ਇਸ ਸਾਰੇ ਕੁਝ ਦਾ ਤੀਬਰ ਅਹਿਸਾਸ ਇਸ ਪੁਸਤਕ ਨੂੰ ਪੜ੍ਹਨ ਨਾਲ ਹੁੰਦਾ ਹੈ। ਪੁਸਤਕ ਦਾ ਪਹਿਲਾ ਨਿਬੰਧ ;ਮਾਂ! ਤੈਨੂੰ ਦੱਸਣਾ ਸੀ ਜੰਮਣ ਹਾਰੀ ਮਾਂ ਪ੍ਰਤੀ ਅਕੀਦਤ ਹੈ।ਇਸ ਨਿਬੰਧ ਵਿਚ ਡਾ.ਭੰਡਾਲ ਨੇ ਮਾਂ ਦੇ ਮਹੱਤਵ ਦੀ ਬਾਤ ਪਾਈ ਹੈ।ਇਸ ਦਾ ਆਦਿ ਵਾਕ ਅੱਜ ਫਿਰ ਮਾਂ ਬਹੁਤ ਯਾਦ ਆਈ ਏ ਬੜਾ ਕੁਝ ਕਹਿ ਜਾਂਦਾ ਹੈ।ਇੱਥੇ ਫਿਰ ਲਿਖ ਕੇ ਲੇਖਕ ਨੇ ਯਾਦ ਨੂੰ ਉਸ ਦੀ ਨਿਰੰਤਰਤਾ ਵਿਚ ਰੱਖਿਆ ਹੈ।ਹਰ ਮੌਕੇ ਤੇ ਮਾਂ ਯਾਦ ਆਉਂਦੀ ਹੈ। ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਸਾਹਿਤਕਾਰ ਐਵਾਰਡ ਮਿਲਣ ਅਤੇ ਕਲੀਵਲੈਂਡ ਸਟੇਟ ਯੂਨੀਵਰਸਿਟੀ ਦੇ ਕਲਾਸ ਰੂਮ ਵਿਚ ਜਾਣ ਤੇ ਜੋ ਭਾਵਨਾਵਾਂ ਦਾ ਹੜ੍ਹ ਲੇਖਕ ਦੇ ਅੰਦਰ ਆਉਂਦਾ ਹੈ, ਉਸ ਦਾ ਉਸ ਨੇ ਬੇਮਿਸਾਲ ਚਿਤਰਨ ਕੀਤਾ ਹੈ।ਲੇਖਕ ਕੇਵਲ ਯਾਦ-ਬਿਰਤਾਂਤ ਹੀ ਪੇਸ਼ ਨਹੀਂ ਕਰਦਾ ਬਲਕਿ ਮਾਂ ਦੇ ਮਹੱਤਵ ਬਾਰੇ ਚਿੰਤਨੀ ਸਵਰ ਵੀ ਉਚਾਰਦਾ ਹੈ; ਮਾਂ ਇਕ ਸੁੱਚਮ, ਨਿੱਘੀ ਆਗੋਸ਼। ਸੋਚ, ਸੋਹਜ ਅਤੇ ਸੰਵੇਦਨਾ ਦੀ ਸਿਰਜਣਹਾਰੀ ਇਸ ਨਿਬੰਧ ਵਿਚ ਉਸ ਨੇ ਕਿਰਸਾਨੀ ਸਮਾਜ ਦੇ ਕੰਮੀਆਂ ਨਾਲ ਕਾਰ-ਵਿਹਾਰੀ ਰਿਸ਼ਤਿਆਂ ਦੀ ਗੱਲ ਵੀ ਕੀਤੀ ਹੈ ਜੋ ਪੰਜਾਬੀ ਸਮਾਜ-ਸਭਿਆਚਾਰ ਦਾ ਮੁੱਖ ਲੱਛਣ ਰਿਹਾ ਹੈ।ਇਸ ਵਿਚੋਂ ਵੀ ਡਾ.ਭੰਡਾਲ ਵਿਚਾਰ ਘੜਦਾ ਹੈ: ਘਰ ਦੀ ਸਵਾਣੀ ਦੇ ਲਾਗੀਆਂ ਨਾਲ ਚੰਗੇਰੇ ਸਬੰਧ, ਪਿੰਡ ਵਿਚ ਸੋਬਤ ਬਖ਼ਸ਼ਦੇ ਨੇ ਜਦ ਕਿ ਉਨ੍ਹਾਂ ਨਾਲ ਵਿਗਾੜ ਤੁਹਾਡੀ ਭੰਡੀ ਵੀ ਕਰਵਾ ਸਕਦਾ ਹੈ। ਹੁਣ ਜਰਾ ਮਾਂ ਦੀ ਪਰਿਭਾਸ਼ਾ ਦੇਖੋ:
ਮਾਂ, ਸੁੱਚੀਆਂ ਭਾਵਨਾਵਾਂ ਦੀ ਤਸ਼ਬੀਹ, ਮਾਨਵੀ ਕਰਮ ਦੀ ਰਚੇਤਾ, ਦੁਆਵਾਂ ਲਈ ਜੁੜੇ ਹੱਥ, ਅਕੀਦਤ ਕਰੇਂਦੇ ਸੁੱਚੇ ਬੋਲ, ਅੰਤਰ ਆਤਮਾ ਚੋਂ ਸ਼ੁਭ ਇੱਛਾਵਾਂ ਦਾ ਫੁਹਾਰਾ, ਸਰਬੱਤ ਦੇ ਭਲੇ ਦੀ ਅਰਦਾਸ, ਡਿੱਗੇ ਲਈ ਧਰਵਾਸ, ਬੇਆਸਰੇ ਲਈ ਅੰਗੂਰੀ-ਆਸ, ਬਨੇਰਿਆਂ ਦਾ ਚਰਾਗ ਤੇ ਵਿਹੜੇ ਦੇ ਭਾਗ ਡਾ.ਭੰਡਾਲ ਬਿਰਤਾਂਤ ਵਿਚੋਂ ਵਿਚਾਰ ਪੈਦਾ ਕਰਨ ਦਾ ਮਾਹਿਰ ਹੈ ਅਤੇ ਇਸ ਨਿਬੰਧ ਨੂੰ ਭਾਵੁਕ ਅਭਿਵਿਅੰਜਨਾ ਬਣਾਉਣ ਲਈ ਉਸ ਨੇ ਮਾਂ ਸਬੰਧੀ ਕਵਿਤਾਵਾਂ ਵੀ ਦਿੱਤੀਆਂ ਹਨ। ਪੁਸਤਕ ਦਾ ਦੂਜਾ ਨਿਬੰਧ ਬਾਪ ਬਿਨਾ ਪੁੱਤ ਕੀਹਨੇ ਕਹਿਣਾ ਲੇਖਕ ਨੇ ਧਰਮ ਦੀ ਕਿਰਤ ਕਰਨ ਵਾਲੇ ਆਪਣੇ ਪਿਤਾ ਬਾਰੇ ਲਿਖਿਆ ਹੈ।ਕਰੁਣਾ ਅਤੇ ਬੇਬਸੀ ਨੂੰ ਪ੍ਰਗਟਾਉਂਦਾ ਇਹ ਨਿਬੰਧ ਨਿਮਨ ਕਿਰਸਾਨੀ ਦੀ ਤਸਵੀਰ ਹੈ।ਡਾ. ਭੰਡਾਲ ਵਾਤਾਵਰਣ ਸਿਰਜਣ ਦਾ ਮਾਹਿਰ ਹੈ। ਉਹ ਬਰੀਕ ਤੋਂ ਬਰੀਕ ਭਾਵਨਾ ਨੂੰ ਵੀ ਸ਼ਬਦਾਂ ਵਿਚ ਢਾਲਣ ਦੀ ਕਲਾ ਜਾਣਦਾ ਹੈ। ਹਸਪਤਾਲ ਵਿਚ ਲੇਖਕ ਨੂੰ ਭੂਤਕਾਲ ਦੀਆਂ ਯਾਦਾਂ ਘੇਰਦੀਆਂ ਹਨ।ਇਸ ਨਿਬੰਧ ਵਿਚ ਦਿੱਤੀਆਂ ਕਵਿਤਾਵਾਂ ਪਾਠਕ ਨੂੰ ਵੀ ਭਾਵੁਕ ਕਰ ਦਿੰਦੀਆਂ ਹਨ:
ਕਿਰਤ-ਕਮਾਈ ਦੀ ਕੀਰਤੀ
ਕਰੁਣਾ ਕਿਉਂ ਬਣ ਗਈ।
ਨੰਗੇ ਪੈਰਾਂ ਦੇ ਸਫਰ ਚ
ਕੰਡੇ ਕਿਉਂ ਉੱਗ ਆਏ।ਖ਼ੁਸ਼ਕ ਕਹੀ ਜਾਂਦੀ ਵਾਰਤਕ ਨੂੰ ਲੇਖਕ ਕਾਵਿਕ ਸ਼ੈਲੀ ਵਿਚ ਲਿਖਣ ਦਾ ਮਾਹਿਰ ਹੈ ਜਿਵੇਂ 'ਹਰਫ਼ ਸਿਸਕੀਆਂ ਬਣ ਕੇ ਕਾਗਜ਼ ਨੂੰ ਭਿਉਣ ਲੱਗੇ।ਇਸ ਬਿਰਤਾਂਤ ਵਿਚੋਂ ਉਹ ਵਿਚਾਰ ਕਸ਼ੀਦ ਕਰਦਾ ਹੈ:
ਜੇ ਬਲਦੇ ਸਿਵੇ ਦਾ ਸੱਚ, ਸੰਜ਼ੀਦਗੀ, ਸੰਵੇਦਨਾ, ਅਤੇ ਸਕਾਰਤਮਿਕਤਾ, ਹਰ ਮਨੁੱਖ ਦੀ ਸੋਚ ਵਿਚ ਉੱਕਰੀ ਜਾਵੇ ਤਾਂ ਦੁਨੀਆਂ ਦੇ ਬਹੁਤੇ ਝਮੇਲੇ, ਰੱਫੜ ਅਤੇ ਬੁਰਾਈਆਂ
ਆਪਣੇ ਆਪ ਹੀ ਖ਼ਤਮ ਹੋ ਜਾਣ। ਆ ਪਿੰਡ ਆਪਾਂ ਮਿਲੀਏ; ਨਿਬੰਧ ਵਿਚ ਵਾਰਤਕਕਾਰ ਪਿੰਡ ਨਾਲ ਸਵੈਲਾਪ ਕਰਦਾ ਹੈ।50 ਸਾਲਾਂ ਵਿਚ ਪਿੰਡ ਬਦਲ ਗਿਆ ਹੈ। ਫਿਰਨੀ ਤੋਂ ਬਾਹਰ, ਸ਼ਹਿਰਾਂ, ਵਿਦੇਸ਼ਾਂ ਵਿਚ ਫੈਲ ਗਿਆ ਹੈ, ਬ੍ਰਹਿਮੰਡੀ ਹੋ ਗਿਆ ਹੈ।ਲੇਖਕ ਪਿੰਡ ਦੀਆਂ ਅਸੀਸਾਂ ਅਤੇ ਸ਼ੁੱਭ ਕਾਮਨਾਵਾਂ ਦਾ ਮੁਤਲਾਸ਼ੀ ਹੈ।ਸ਼ਾਇਦ ਇਸੇ ਲਈ ਉਹ ਸਭ ਕੁਝ ਛੱਡ-ਛਡਾ ਕੇ ਬੇਗਾਨੀ ਧਰਤੀ ਤੋਂ ਪਿੰਡ ਨੂੰ ਉੱਡ ਆਉਣਾ ਚਾਹੁੰਦਾ ਹੈ।ਇਹ ਨਿਬੰਧ ਵਿਦੇਸ਼ੀ ਧਰਤੀ ਤੇ ਰਹਿੰਦਿਆਂ ਆਪਣੀ ਜਨਮ ਭੋਂ ਦੇ ਹੇਰਵੇ ਦੇ ਅਹਿਸਾਸ ਨੂੰ ਪੇਸ਼ ਕਰਦਾ ਹੈ। ਬਿਨ ਬੂਹੇ ਬਾਰੀਆਂ ਵਾਲਾ ਚੁਬਾਰਾ ਨਿਬੰਧ ਵਿਚ ਲੇਖਕ ਨੇ ਸਕੂਲੀ ਵਿਦਿਆ ਗ੍ਰਹਿਣ ਕਰਨ ਦੌਰਾਨ ਆਪਣੇ ਚੁਬਾਰੇ ਦੀ ਉਪਯੋਗਤਾ ਦਾ ਵਰਣਨ ਕੀਤਾ ਹੈ।ਇਸ ਨਿਬੰਧ ਦਾ ਪਹਿਲਾ ਵਾਕ ਹੀ ਮੁੱਢਲੀ ਪੜ੍ਹਾਈ ਦੌਰਾਨ ਦਰਪੇਸ਼ ਮਜਬੂਰੀਆਂ/ਮੁਸ਼ਕਲਾਂ ਨੂੰ, ਲੇਖਕ ਦੀ ਮਾਨਸਿਕਤਾ ਵਿਚ ਚਿਤਰਿਤ ਹੋਏ ਚੁਬਾਰੇ ਦੀ ਵਿਸ਼ੇਸ਼ਤਾ ਨੂੰ ਦਰਸਾ ਦਿੰਦਾ ਹੈ, ਮੈਂ ਤੇ ਮੇਰਾ ਬਚਪਨੀ ਚੁਬਾਰਾ, ਇਕ ਸੁਰ ਤੇ ਇਕਮਿਕ।ਇਸ ਨਿਬੰਧ ਵਿਚ ਵੀ ਕਵਿਤਾ ਹੈ: ਜਦ ਮੈਂ ਤੇ ਮੇਰਾ ਚੁਬਾਰਾ ਜ਼ਿੰਦਗੀ ਦੀ ਅੱਖਰਕਾਰੀ ਕਰਦੇ ਸਾਂ ਇਹ ਚੁਬਾਰਾ ਲੇਖਕ ਦੇ ਧੁਰ ਅੰਦਰ ਫੈਲਿਆ ਹੋਇਆ ਹੈ। ਬਚਪਨ ਦੀ ਬੀਹੀ ਚ ਗੇੜੀ; ਨਿਬੰਧ ਨਿਮਨ ਕਿਰਸਾਨੀ ਦੇ ਸੱਚ ਨੂੰ ਪੇਸ਼ ਕਰਦਿਆਂ ਲੇਖਕ ਦੀ ਜ਼ਿੰਦਗੀ ਦੇ ਸੱਚ ਤੇ ਝਾਤ ਪੁਆਉਂਦਾ ਹੈ ਕਿ ਕਿਵੇਂ ਮੁੱਢਲੀਆਂ ਸਹੂਲਤਾਂ ਦੀ ਪੂਰਤੀ ਲਈ ਪਿਤਾ ਵਾਹੀ ਦੇ ਨਾਲ ਗੱਡਾ ਵੀ ਵਾਹੁੰਦਾ ਸੀ।ਲੇਖਕ ਆਪਣੇ ਸਕੂਲ ਅਧਿਆਪਕਾਂ ਨੂੰ ਯਾਦ ਕਰਦਾ ਹੈ ਵਿਸ਼ੇਸ਼ ਕਰਕੇ ਮਰਹੂਮ ਸ਼ਾਇਰ ਹਰਭਜਨ ਸਿੰਘ ਹੁੰਦਲ ਨੂੰ ਜੋ ਉਸ ਸਮੇਂ ਪਿੰਡ ਦੇ ਸਕੂਲ ਦੇ ਹੈੱਡ ਮਾਸਟਰ ਸਨ। ਹਾਈ ਸਕੂਲ ਦੀ ਯਾਤਰਾ; ਵਿਚ ਲੇਖਕ ਧਾਲੀਵਾਲ ਬੇਟ ਸਥਿਤ ਆਪਣੇ ਹਾਈ ਸਕੂਲ ਦੀ ਫੇਰੀ ਪਾਉਂਦਾ ਹੈ ਅਤੇ ਮਹਿਸੂਸ ਕਰਦਾ ਹੈ ਕਿ ਸ਼ਾਇਦ ਉਹ ਇਸ ਸਕੂਲ ਦਾ ਕਰਜ਼ ਮੋੜ ਸਕੇ ਜਿਸ ਨੇ ਪੰਜਾਬੀ ਸ਼ਬਦਾਕਾਰੀ ਦੀ ਸੌਗਾਤ ਤੇ ਪਿੰਡਾਂ ਦੀ ਅਮੀਰ ਵਿਰਾਸਤ ਨੂੰ ਉਸ ਦੇ ਅਚੇਤ ਮਨ ਵਿਚ ਸਥਾਪਿਤ ਕੀਤਾ ਹੈ।ਉਹ ਆਪਣੇ ਪੰਜਾਬੀ ਟੀਚਰ ਚੰਨਣ ਸਿੰਘ ਭੰਡਾਲ (ਮਰਹੂਮ) ਨੂੰ ਵੀ ਯਾਦ ਕਰਦਾ ਹੈ ਜਿਸ ਨੇ ਪੰਜਾਬੀ ਸਾਹਿਤ ਦੀ ਪਹਿਲੀ ਚਿਣਗ ਲਾਈ ਸੀ। ਚੰਨਣ ਸਿੰਘ ਭੰਡਾਲ ਖ਼ੁਦ ਵੀ ਕਹਾਣੀਆਂ ਲਿਖਦੇ ਸਨ। ਰਣਧੀਰ ਕਾਲਜ ਨੂੰ ਮਿਲਦਿਆਂ; ਵਿਚ ਲੇਖਕ ਸਰਕਾਰੀ ਕਾਲਜ ਕਪੂਰਥਲਾ ਦਾ ਵਰਣਨ ਕਰਦਾ ਹੈ ਜਿਸ ਵਿਚ ਉਸ ਨੇ ਪੜ੍ਹਾਈ ਕੀਤੀ ਅਤੇ ਫਿਰ ਬਤੌਰ ਸਾਇੰਸ ਪ੍ਰੋਫੈਸਰ ਇਸੇ ਕਾਲਜ ਵਿਚ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਮਾਣ ਹਾਸਲ ਕੀਤਾ ਜੋ ਬਹੁਤ ਵਿਰਲਿਆਂ ਦੇ ਹਿੱਸੇ ਆਉਂਦਾ ਹੈ।
ਫੇਲ੍ਹ ਹੋਣ ਦਾ ਵਰਦਾਨ; ਨਿਬੰਧ ਵਿਚ ਡਾ.ਭੰਡਾਲ ਸਿੱਧ ਕਰਦਾ ਹੈ ਕਿ ਮਨੁੱਖ ਆਪਣੀਆਂ ਨਾਕਾਮੀਆਂ ਵਿਚੋਂ ਹੀ ਸਫਲਤਾ ਦੀਆਂ ਪੌੜੀਆਂ ਚੜ੍ਹਦਾ ਹੈ।ਉਹ ਫੇਲ੍ਹ ਹੋਣ ਦੇ ਅਰਥਾਂ ਤੋਂ ਜਾਣੂ ਕਰਾਉਂਦਾ ਅਸਫਲਤਾ ਨੂੰ ਸਫਲਤਾ ਵਿਚ ਪਰਿਵਰਤਿਤ ਕਰਨ ਦਾ ਗੁਣ ਦੱਸਦਾ ਹੈ, ਫੇਲ੍ਹ ਹੋਣਾ ਉਹ ਹੁੰਦਾ ਜਦ ਤੁਸੀਂ ਮਨ ਵਿਚ ਫੇਲ੍ਹ ਹੋਣਾ ਮੰਨ, ਨਿਰਾਸਤਾ ਵਿਚ ਡੁੱਬਦੇ ਹੋ ਇਸ ਨੂੰ ਕਬੂਲ ਕਰਦੇ ਹੋ ਅਤੇ ਹਥਿਆਰ ਸੁੱਟ ਦਿੰਦੇ ਹੋ।ਇਸ ਦੇ ਉਲਟ ਫੇਲ੍ਹ ਹੋਣ ਦੇ ਕਾਰਨਾਂ ਨੂੰ ਸਮਝਣਾ ਅਤੇ ਇਨ੍ਹਾਂ ਵਿਚੋਂ ਖ਼ੁਦ ਨੂੰ ਉਭਾਰਨਾ ਹੀ ਅਸਫਲਤਾ ਨੂੰ ਸਫਲਤਾ ਵਿਚ ਬਦਲਣ ਦਾ ਮੀਰੀ ਗੁਣ ਹੁੰਦਾ ;ਪੰਜਾਬੀ ਯੂਨੀਵਰਸਿਟੀ ਦੇ ਵਿਹੜੇ; ਨਿਬੰਧ ਵਿਚ ਲੇਖਕ 1975 ਤੋਂ 1977 ਤੱਕ ਐਮਐਸਸੀ ਕਰਦੇ ਸਮੇਂ ਦੇ ਹਾਲਾਤ ਅਤੇ ਉਸ ਦੀ ਸਾਹਿਤਕ ਸ਼ਖ਼ਸੀਅਤ ਨੂੰ ਨਿਖਾਰਨ ਵਿਚ ਭੂਮਿਕਾ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਪ੍ਰੋ. ਕੁਲਵੰਤ ਔਜਲਾ, ਡਾ.ਜਸਵਿੰਦਰ ਸਿੰਘ, ਡਾ.ਸਤੀਸ਼ ਵਰਮਾ, ਪ੍ਰੋ, ਰਣਜੀਤ ਰਣੀਆ, ਡਾ. ਮੱਖਣ ਸਿੰਘ ਅਤੇ ਪ੍ਰੋ, ਬਲਵਿੰਦਰ ਧਾਲੀਵਾਲ (ਮਰਹੂਮ) ਦਾ ਜ਼ਿਕਰ ਕਰਦਾ ਹੈ ਜਿਨ੍ਹਾਂ ਦੀ ਉਸ ਨੇ ਦੋ ਸਾਲ ਸੰਗਤ ਮਾਣੀ ਸੀ;ਟਰਮੀਨੇਸ਼ਨ ਦਾ ਸ਼ਗਨ; ਗੁਰਬਖ਼ਸ਼ ਭੰਡਾਲ ਦੇ ਸੰਘਰਸ਼ ਨਾਲ ਜੁੜਿਆ ਹੋਇਆ ਨਿਬੰਧ ਹੈ ਜਦੋਂ 1978 ਵਿਚ ਲੇਖਕ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਅਤੇ ਖ਼ਾਲਸਾ ਕਾਲਜ ਸੁਧਾਰ ਦੀ ਪ੍ਰਬੰਧਕ ਕਮੇਟੀ ਨੇ ਉਸ ਦੀ ਝੋਲੀ ਵਿਚ ਟਰਮੀਨੇਸ਼ਨ ਦਾ ਸ਼ਗਨ ਪਾ ਦਿੱਤਾ ਸੀ।ਇਸ ਕੌੜੇ ਅਨੁਭਵ ਵਿਚੋਂ ਵੀ ਡਾ.ਭੰਡਾਲ ਕੁਝ ਸਿੱਖਦਾ ਹੈ। ਉਹ ਲਿਖਦਾ ਹੈ ਕਿ ਇਨ੍ਹਾਂ ਦਿਨਾਂ ਨੇ ਸਾਧਾਰਨਤਾ, ਸੰਖੇਪਤਾ ਅਤੇ ਸਾਦਗੀ ਨੂੰ ਸਧਾਰਨ ਤਾਂ ਦੇ ਪਰਮ ਗੁਣ ਬਣਾਉਣ ਵਿਚ ਮਦਦ ਕੀਤੀ।ਫਿਰ 1981 ਤੋਂ 1984 ਤੱਕ ਗੁਰੂ ਕਾਸ਼ੀ ਕਾਲਜ ਤਲਵੰਡੀ ਸਾਬੋ ਵਿਚ ਸੇਵਾਵਾਂ ਦੇਣ ਤੋਂ ਬਾਅਦ ਅਖੀਰ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ। ;ਪੀਐਚਡੀ ਕਰਨ ਦਾ ਜਨੂਨ; ਨਿਬੰਧ ਪੜ੍ਹ ਕੇ ਲੇਖਕ ਨੂੰ, ਉਸ ਦੇ ਸਿਰੜ, ਲਗਨ ਅਤੇ ਮਿਹਨਤ ਨੂੰ ਸਲਾਮ ਕਰਨ ਨੂੰ ਜੀ ਕਰਦਾ ਹੈ।ਇਹ ਨਿਬੰਧ ਡਾ.ਭੰਡਾਲ ਨੂੰ ਸਖ਼ਤ ਮਿਹਨਤ ਦਾ ਸਿਰਨਾਵਾਂ ਸਿੱਧ ਕਰਦਾ ਹੈ।ਇਸ ਵਿਚ ਉਹ ਮਨ ਦੀ ਤਾਕਤ ਨੂੰ ਸਰੀਰਕ ਤਾਕਤ ਬਣਾ ਕੇ ਚੱਲਣ ਦੀ ਜੁਗਤ ਦੱਸਦਾ ਹੈ।1991 ਤੋਂ 1995 ਦੌਰਾਨ ਕੀਤਾ ਉਸ ਦਾ ਖੋਜ ਕਾਰਜ ਅੰਤਰਰਾਸ਼ਟਰੀ ਖੋਜ ਦਾ ਹਿੱਸਾ ਤੇ ਕੈਨੇਡਾ ਜਾਣ ਦਾ ਵਾਊਚਰ ਬਣਦਾ ਹੈ। ;ਪਰਵਾਸੀ ਜੀਵਨ ਦੇ ਰੰਗ-ਢੰਗ ; ਵਿਚ ਲੇਖਕ 2003 ਵਿਚ ਕੈਨੇਡਾ ਇਮੀਗ੍ਰੇਸ਼ਨ, ਫਿਰ ਬਰੈਂਪਟਨ ਵਿਚ 2006 ਤੋਂ 2008 ਤੱਕ ਹਫ਼ਤਾਵਾਰੀ ਪਰਵਾਸੀ ਅਖ਼ਬਾਰ ਵਿਚ ਅਤੇ ਫਿਰ 2010 ਤੋਂ 2014 ਤੱਕ ਰੋਜ਼ਾਨਾ ਕੈਨੇਡੀਅਨ ਪੰਜਾਬੀ ਪੋਸਟ ਵਿਚ ਕੰਮ ਕਰਨ ਬਾਰੇ ਚਰਚਾ ਕਰਦਾ ਹੈ। ;ਘਰ ਤੋਂ ਘਰ ਤੇ ਫਿਰ ਘਰ ਤੀਕ ਦਾ ਸਫਰ; ਨਿਬੰਧ ਦੇ ਸ਼ੁਰੂ ਵਿਚ ਹੀ ਲੇਖਕ ਘਰ ਦੀ ਪਰਿਭਾਸ਼ਾ ਉਲੀਕਦਾ ਹੈ, ;ਘਰ ਸੁੱਖਨ ਅਤੇ ਸਕੂਨ ਦਾ ਸੱਚਾ ਨਾਮ। ਮਨ ਦੀਆਂ ਮੰਨਤਾਂ ਦਾ ਰਹਿਤਨਾਮਾ।ਆਪਣੇ ਚਾਵਾਂ ਅਤੇ ਭਾਵਾਂ ਨੂੰ ਖੁੱਲ੍ਹੀ ਪ੍ਰਵਾਜ਼ ਅਰਪਣ ਕਰਨ ਵਾਲਾ ਅੰਬਰ ਅਤੇ ਇਸ ਦੀ ਛਾਂ ਹੇਠ ਜੀਵਨ ਦੀਆਂ ਸੁਖਦ ਯਾਦਾਂ ਹੁੰਦੀਆਂ ਨੇ ਸਾਰੀ ਉਮਰ ਦਾ ਸਰਮਾਇਆ;।ਲੇਖਕ ਇਸ ਨਿਬੰਧ ਵਿਚ ਪਿੰਡ ਤੋਂ ਕਪੂਰਥਲਾ, ਕਪੂਰਥਲਾ ਤੋਂ ਕੈਨੇਡਾ ਅਤੇ ਕੈਨੇਡਾ ਤੋਂ ਅਮਰੀਕਾ ਤੱਕ ਦੇ ਕੀਤੇ ਕੰਡਿਆਲੇ ਤੇ ਪੁਸ਼ਪੀ ਸਫ਼ਰ ਦਾ ਸੰਖੇਪ ਵਿਚ ਪੁਨਰ ਵਰਣਨ ਕਰਦਾ ਹੈ। ਅਸਲ ਵਿਚ ਇਹੀ ਡਾ.ਭੰਡਾਲ ਦੇ ਕੱਚੇ ਪੱਕੇ ਰਾਹ ਹਨ। ਸਾਲਾਂ ਬਾਅਦ ਪੂਰਾ ਹੋਇਆ ਸੁਪਨਾ; ਨਿਬੰਧ ਵਿਚ ਲੇਖਕ ਹਿੰਮਤ. ਲਗਨ ਅਤੇ
ਮਿਹਨਤ ਨਾਲ ਪੂਰੇ ਕੀਤੇ ਵਿਦੇਸ਼ ਵਿਚ ਅਧਿਆਪਨ ਦੇ ਸੁਪਨੇ ਦਾ ਜ਼ਿਕਰ ਕਰਦਾ ਹੈ ਜੋ ਉਸ ਨੇ ਐਮਐਸਸੀ ਕਰਨ ਤੋਂ ਬਾਅਦ ਲਿਆ ਸੀ।ਉਹ ਲਿਖਦਾ ਹੈ । 2014 ਵਿਚ
ਅਮਰੀਕਾ, ਅਕਤੂਬਰ 2015 ਵਿਚ ਕਲੀਵਲੈਂਡ ਸਟੇਟ ਯੂਨੀਵਰਸਿਟੀ. 1977 ਵਿਚ ਲਿਆ ਸੁਪਨਾ 2016 ਵਿਚ ਪੂਰਾ ਹੋਇਆ। ਇਸ ਪੁਸਤਕ ਦਾ ਮੇਰਾ ਸਰੀਰ; ਨਿਬੰਧ ਯਾਦ ਅਧਾਰਿਤ ਨਾ ਹੋ ਕੇ ਨਿਰੋਲ ਸਰੀਰ ਬਾਰੇ ਹੈ।ਜ਼ਰਾ ਗੁਰਬਖ਼ਸ਼ ਦੀ ਵਾਰਤਕ ਦੀ ਅਨੁਪ੍ਰਾਸਾਤਮਿਕਤਾ ਦੇਖੋ: ਸਵਾਹ ਹੋ ਜਾਂਦੇ ਸੁਪਨੇ, ਸਾਂਝਾਂ, ਸਬੰਧ ਅਤੇ ਸੁਗਮ ਸੁਨੇਹੇ।ਹਵਾ ਵਿਚ ਰਲ਼ ਜਾਂਦੇ ਹੌਕੇ, ਹੂਕਾਂ, ਹਾਵੇ, ਹੁੰਗਾਰੇ, ਹਾਕਾਂ ਅਤੇ ਹੰਭਲੇ।…ਸੁਹਜ ਸਹਿਜ ਅਤੇ ਸੁਖਨ ਦੀ ਸੰਭਾਵਨਾ ਬਣੀਏ। 'ਮੈਂ ਅੰਦਰ ਮੈਂ' ਦਾਰਸ਼ਨਿਕ ਨਿਬੰਧ ਹੈ।ਬੁੱਲ੍ਹਾ ਕੀ ਜਾਣਾ ਮੈਂ ਕੌਣ, ਆਪਣਾ ਮੂਲ ਪਛਾਣ ਅਜਿਹੇ ਪ੍ਰਸ਼ਨ ਯੁੱਗਾਂ ਤੋਂ ਚਲਦੇ ਆ ਰਹੇ ਹਨ।ਲੇਖਕ ਪਹਿਲਾਂ ਪ੍ਰਸ਼ਨ ਕਰਦਾ ਹੈ, 'ਮੈਂ ਕੌਣ ਹਾਂ? ਕਿਉਂ ਹਾਂ? ਕੀ ਹੈ ਮੇਰੀ ਔਕਾਤ? ਕਿਸ ਦੀ ਹੈ ਇਹ ਇਨਾਇਤ? ਮੈਂ ਕਿਸ ਦੀ ਸੁਗਾਤ? ਕਿਹੜਾ ਪਾਉਂਦਾ ਏ ਮੇਰੀ ਬਾਤ ਅਤੇ ਕੌਣ ਹੈ ਅਜਾਤ ਤੇ ਅਗਿਆਤ? ਅੱਗੇ ਇਸ ਦਾ ਉੱਤਰ ਦਿੰਦਾ ਹੈ, 'ਮੈਂ ਤਾਂ ਕੁਝ ਵੀ ਨਹੀਂ ਪਾਣੀ ਦਾ ਬੁਲਬੁਲਾ, 'ਵਾ ਦਾ ਵਾਵਰੋਲਾ, ਪੌਣ ਦੀ ਨਿਕੀ ਜਿਹੀ ਰੁਮਕਣੀ।ਪਲ ਭਰ ਦਾ ਵਕਫ਼ਾ; ਹੌਕੇ ਭਰਦਾ ਦੀਵਾ। ਲੇਖਕ ਦੱਸਦਾ ਹੈ ਕਿ 'ਮੈਂ ਤੋਂ ਮੈਂ ਤੀਕ ਦੇ ਸਫਰ ਦੌਰਾਨ ਸਭ ਤੋਂ ਅਹਿਮ ਹੁੰਦਾ ਖ਼ੁਦ ਹੀ ਸਮਰੂਪ ਬਣ ਜਾਣਾ।ਖ਼ੁਦ ਵਿਚ ਖ਼ੁਦ ਨੂੰ ਸਮੇਟਣਾ।ਖ਼ੁਦ ਹੀ ਆਪਣੀ ਜਾਮਾ ਤਲਾਸ਼ੀ ਕਰਨੀ।ਖ਼ੁਦ ਦੀਆਂ ਕਮੀਆਂ, ਕੁਤਾਹੀਆਂ, ਕਮੀਨਗੀਆਂ, ਕੁਰੀਤੀਆਂ ਨੂੰ ਮਿਟਾ ਕੇ ਕਿਰਨ ਜੋਤ ਨੂੰ ਜਗਾਉਣਾ।ਇਸ ਨਿਬੰਧ ਵਿਚ ਡਾ.ਭੰਡਾਲ ਦਾਰਸ਼ਨਿਕ ਹੋ ਗਿਆ ਹੈ।ਉਹ ਅਧਿਆਤਮਿਕਤਾ ਵੱਲ ਅਗਰਸਰ ਹੁੰਦਾ ਹੈ ਜਿਸ ਨੂੰ ਵਸਤੂ/ਭੌਤਿਕ (ਪਦਾਰਥਿਕ) ਜਗਤ ਤੋਂ ਅੰਤਰੀਵ ਜਗਤ (ਰੂਹਾਨੀਅਤ) ਦੀ ਯਾਤਰਾ ਕਿਹਾ ਜਾ ਸਕਦਾ ਹੈ। 'ਮੇਰਾ ਸ਼ਬਦ ਸਫ਼ਰ' ਡਾ.ਭੰਡਾਲ ਦਾ ਆਪਣੀ ਰਚਨਾਕਾਰੀ ਪ੍ਰਤੀ ਹਲਫ਼ੀਆ ਬਿਆਨ ਹੈ।ਉਸ ਦੀਆਂ ਰਚਨਾਵਾਂ ਆਵੇਸ਼ ਹਨ।ਉਹ ਆਪਣੇ ਅੰਤਰੀਵ ਨੂੰ ਸ਼ਬਦਾਂ ਵਿਚ ਉਲਥਾਉਂਦਾ ਹੈ, ਸ਼ਬਦੀ ਤਸਵੀਰਕਸ਼ੀ ਕਰਦਾ ਹੈ।ਉਹ ਖ਼ੁਦ ਨੂੰ ਕੀਤੇ ਸਵਾਲ ਤੇ ਉਨ੍ਹਾਂ ਦੇ ਜਵਾਬ ਹਰਫ਼ਾਂ ਦੇ ਹਵਾਲੇ ਕਰਦਾ ਹੈ।ਉਸ ਦੀਆਂ ਲਿਖਤਾਂ ਉਸ ਦੇ ਅੰਤਰ ਦਾ ਜਲੌ ਹਨ।ਚੌਗਿਰਦੇ ਵਿਚਲਾ ਵਰਤਾਰਾ ਅਤੇ ਹੱਡ ਬੀਤੀਆਂ ਉਸ ਦੀ ਸਿਰਜਣਾ ਦਾ ਸ਼ਿਲਾਲੇਖ ਹਨ।ਇਸ ਪੱਖੋਂ ਉਸ ਦਾ ਨਿਬੰਧ 'ਮੈਂ ਅੰਦਰ ਮੈਂ' ਦੇਖਿਆ ਜਾ ਸਕਦਾ ਹੈ ਜਿਸ ਵਿਚ ਉਹ ਉਚਾਰਦਾ ਹੈ, 'ਮੈਂ ਬੜੀ ਕੋਸ਼ਿਸ਼ ਕਰਦਾ ਹਾਂ ਕਿ ਖ਼ੁਦ ਨੂੰ ਸ਼ਬਦਾਂ ਵਿਚ ਉਲਥਾਵਾਂ, ਅਰਥਾਂ ਵਿਚ ਸਮਾ ਜਾਵਾਂ।ਹਰਫ਼ਾਂ ਦੀ ਲੋਅ ਬਣ ਜਾਵਾਂ ਅਤੇ ਵਰਕਿਆਂ ਤੇ ਵਿਛ ਜਾਵਾਂ'। ਆਖ਼ਰੀ ਨਿਬੰਧ 'ਹਾਲੇ ਤਾਂ ਮੈਂ ਸ਼ਬਦ ਸਫਰ ਤੇ ਤੁਰਨਾ ਹੈ' ਅਸਲ ਵਿਚ ਇਕ ਕਵਿਤਾ ਹੀ ਹੈ ਜਿਸ ਦਾ ਹਰ ਪੈਰਾ ਹਾਲੇ ਤੋਂ ਸ਼ੁਰੂ ਹੁੰਦਾ ਹੈ।ਹਾਲੇ ਉਸ ਨੇ ਬਹੁਤ ਕੁਝ ਕਰਨਾ ਹੈ।ਪੁਸਤਕ ਦੇ ਆਖ਼ਰੀ ਪੰਨੇ ਦੇ ਆਖ਼ਰ ਵਿਚ ਮੋਟੇ ਅੱਖਰਾਂ ਵਿਚ ਲਿਖਿਆ 'ਤੇ ਸਫਰ ਜਾਰੀ ਹੈ…' ਇਸ ਪੁਸਤਕ ਨੂੰ ਖੁੱਲ੍ਹੇ ਅੰਤ ਵਾਲੀ ਪੁਸਤਕ ਬਾਣ ਦਿੰਦਾ ਹੈ। ਡਾ.ਗੁਰਬਖ਼ਸ਼ ਸਿੰਘ ਭੰਡਾਲ ਦੀ ਵਾਰਤਕ ਜੀਵਨ ਜੀਣ ਦਾ ਚਾਅ, ਉਮਾਹ ਅਤੇ ਉਤਸ਼ਾਹ ਪ੍ਰਦਾਨ ਕਰਦੀ ਹੈ।ਮਾਨਵਤਾਵਾਦ ਦਾ ਝੰਡਾ ਬੁਲੰਦ ਕਰਦਿਆਂ ਪਾਠਕ ਨੂੰ ਊਰਜਾਵਾਨ ਬਣਾਉਂਦੀ ਹੈ।ਉਹ ਸੁਚੇਤਨ ਹੈ, ਸੰਵੇਦਨਸ਼ੀਲ ਹੈ, ਚਿੰਤਨਸ਼ੀਲ ਹੈ।ਉਸ ਦੀ ਵਾਰਤਕ ਆਵੇਸ਼ੀ ਅਤੇ ਦਰਵੇਸ਼ੀ ਹੈ।ਉਹ ਵਿਆਕਰਨ ਦੀ ਪ੍ਰਵਾਹ ਨਾ ਕਰਦਿਆਂ ਵਾਰਤਕ ਵੀ ਕਵਿਤਾ ਵਾਂਗ ਲਿਖਦਾ ਹੈ।ਕਹਿ ਸਕਦੇ ਹਾਂ ਕਿ ਉਹ ਵਾਰਤਕ ਵਿਚ ਕਵਿਤਾ ਲਿਖਦਾ ਹੈ।ਮਾਨਵੀ ਸਾਈਕੀ ਨੂੰ ਫੜਦਾ ਹੈ।ਸਾਇੰਸਦਾਨ ਹੋਣ ਸਦਕਾ ਪੂਰਾ ਵਿਸ਼ਲੇਸ਼ਣ ਕਰਦਾ ਹੈ, ਤੱਥ, ਵਿਚਾਰ, ਘਟਨਾ ਨੂੰ ਨਿਰਖ਼, ਪਰਖ ਕੇ ਕਿਸੇ ਨਤੀਜੇ ਤੇ ਪਹੁੰਚਦਾ ਹੈ ਅਤੇ ਇਹ ਨਤੀਜਾ ਨਿਰਾਸ਼ਾਵਾਦੀ ਨਹੀਂ ਬਲਕਿ ਆਸ਼ਾਵਾਦੀ ਹੁੰਦਾ ਹੈ।ਉਹ ਸੰਕਟ ਵਿਚੋਂ ਮੌਕਾ ਤਲਾਸ਼ ਲੈਂਦਾ ਹੈ। ਉਸ ਦੀ ਵਾਰਤਕ ਪਾਠਕ ਨੂੰ ਹਮੇਸ਼ਾ ਊਰਜਾਵਾਨ ਬਣਾਉਂਦਿਆਂ ਚੜ੍ਹਦੀ ਕਲਾ ਵਿਚ ਰਹਿਣ/ਜੀਣ/ਥੀਣ ਦਾ ਸੁਖ ਅਤੇ ਸਿਹਤਮੰਦ ਅਸਤੇ ਦਿੰਦੀ ਹੈ। ਡਾ.ਗੁਰਬਖ਼ਸ਼ ਸਿੰਘ ਭੰਡਾਲ ਦੀ ਵਾਰਤਕ ਪੰਜਾਬੀ ਦੇ ਵਾਰਤਕ ਸਾਹਿਤ ਦੇ ਇਤਿਹਾਸ ਵਿਚ ਵਿਸ਼ੇਸ਼ ਸਥਾਨ ਦੀ ਅਧਿਕਾਰੀ ਹੈ।ਉਸ ਦਾ ਵਾਰਤਕ ਸਾਹਿਤ ਦੇ ਇਤਿਹਾਸ ਵਿਚ ਭਰਪੂਰ ਚਰਚਾ ਹੋਣਾ ਚਾਹੀਦਾ ਹੈ। ਹੁਣ ਤਾਂ ਉਸ ਦੇ ਵਿਚਾਰ ਵੀ ਕੁਟੇਸ਼ਨ ਬਣ ਕੇ ਛਪ ਰਹੇ ਹਨ।
rattanpoet@gmail.com