ਅੰਮ੍ਰਿਤਸਰ-ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ (ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਗੁਰੂ ਕੇ ਹਾਲੀ ਰੰਧਾਵੇ ਗੁਰੂ ਕੀ ਵਡਾਲੀ-ਛੇਹਰਟਾ) ਵਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 403 ਸਾਲਾ ਪ੍ਰਕਾਸ਼ ਪੁਰਬ ‘ਤੇ ਗੁ: ਗੁਰੂ ਕੇ ਮਹਿਲ ਵਿਖੇ ਚੌਂਕੀ ਜਥੇ ਸਮੇਤ 36ਵੀਂ ਮਹੀਨਾਵਾਰੀ ਸ਼ਬਦ ਚੌਂਕੀ ਸਾਹਿਬ ਸਜਾਈ ਗਈ । ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਅਸਥਾਨ ਗੁਰੂ ਕੀ ਵਡਾਲੀ ਤੋਂ ਅਰਦਾਸ ਕਰਕੇ ਚੌਕੀਂ ਸਾਹਿਬ ਜਥਾ ਗੁ: ਬੋਹੜੀ ਸਾਹਿਬ, ਗੁ: ਕਿਲਾ ਸ੍ਰੀ ਲੋਹਗੜ੍ਹ ਸਾਹਿਬ ਤੋਂ ਨਤਮਸਤਕ ਹੁੰਦਾ ਹੋਇਆ ਸ੍ਰੀ ਗੁਰੂ ਤੇਗ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਗੁ: ਗੁਰੂ ਕੇ ਮਹਿਲ ਪਹੁੰਚਿਆ । ਚੌਕੀਂ ਜਥੇ ਨੇ ਸ਼ਬਦ ਪੜਦੇ ਹੋਏ ਗੁ: ਸਾਹਿਬ ਦੀਆਂ ਪੰਜ ਪਰਕਰਮਾਂ ਕਰਨ ਤੋਂ ਬਾਅਦ ਮੂਲ ਮੰਤਰ ਅਤੇ ਗੁਰ ਮੰਤਰ ਕਰਦੇ ਹੋਏ ਭੋਰਾ ਸਾਹਿਬ ਦੀਆਂ ਪੰਜ ਪਰਕਰਮਾਂ ਕਰਨ ਉਪਰੰਤ ਬੈਠਕੇ ਚੌਪਈ ਸਾਹਿਬ ਦੇ ਪਾਠ ਕਰਕੇ ਅਰਦਾਸ ਕੀਤੀ । ਸ਼ਬਦ ਚੌਂਕੀ ਜਥੇ ‘ਚ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ, ਭਾਈ ਗੁਰਸ਼ੇਰ ਸਿੰਘ, ਭਾਈ ਸੰਤਾ ਸਿੰਘ, ਬਾਬਾ ਰਘਬੀਰ ਸਿੰਘ ਰੰਧਾਵਾ, ਭਾਈ ਬਲਰਾਜ ਸਿੰਘ ਭੁੱਲਰ ਅਤੇ ਭਾਈ ਸਿਕੰਦਰ ਸਿੰਘ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਦੀਆਂ ਹੋਰ ਸੰਗਤਾਂ ਨੇ ਵੀ ਹਾਜਰੀ ਭਰੀ । ਚੌਕੀਂ ਜਥੇ ਨੂੰ ਕਾਰ ਸੇਵਾ ਵਾਲਾ ਬਾਬਾ ਵਾਹਿਗੁਰੂ ਸਿੰਘ ਅਤੇ ਬਾਬਾ ਸਤਿਨਾਮ ਸਿੰਘ ਨੇ ਸਨਮਾਨਿਤ ਕੀਤਾ । ਇਥੇ ਇਹ ਵਰਣਨਯੋਗ ਹੈ ਕਿ ਜਥਾ ਲਗਾਤਾਰ ਤਿੰਨ ਸਾਲ ਤੋਂ ਮਹੀਨਾਵਾਰੀ ਸ਼ਬਦ ਚੌਕੀਂ ਸਜਾਉਣ ਦੀ ਸੇਵਾ ਕਰਦਾ ਆ ਰਿਹਾ ਹੈ ਇਹ ਸੇਵਾ ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ ਪੁਰਬ ‘ਤੇ 2021 ਈ: ਵਿੱਚ ਗੁਰੂ ਕੀ ਵਡਾਲੀ-ਛੇਹਰਟਾ ਤੋਂ ਆਰੰਭ ਕੀਤੀ ਗਈ ਸੀ ।