Headlines

ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਆਗਮਨ ਪੁਰਬ ਮਨਾਇਆ

 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) -ਸਮਾਜ ਵਿੱਚੋਂ ਭਰਮ ਭੁਲੇਖੇ ਅਤੇ ਅੰਧ-ਵਿਸ਼ਵਾਸ ਨੂੰ ਦੂਰ ਕਰਨ ਲਈ 14ਵੀਂ ਸਦੀ ਵਿੱਚ ਅਵਤਾਰ ਧਾਰਨ ਵਾਲੇ ਮਹਾਨ ਕ੍ਰਾਂਤੀਕਾਰੀ ,ਸ਼ੋ੍ਰਮਣੀ ਸੰਤ ਤੇ ਅਧਿਆਤਮਵਾਦੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਆਗਮਨ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਵਿਸ਼ਾਲ ਸਮਾਗਮ ਲੰਬਾਰਦੀਆਂ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਜਿਹੜਾ ਇਟਲੀ ਵਿੱਚ ਮਿਸ਼ਨ ਦਾ ਝੰਡਾ ਬੁਲੰਦ ਕਰਨ ਵਿੱਚ ਮੋਹਰੀ ਹੈ ਸ਼੍ਰੀ ਗੁਰੂ ਰਵਿਦਾਸ ਦਰਬਾਰ ਚੀਵੀਦੀਨੋ(ਬੈਰਗਾਮੋ)ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਧੂਮ-ਧਾਮ ,ਸ਼ਰਧਾ ਤੇ ਸ਼ਾਨੋ ਸੌ਼ਕਤ ਨਾਲ ਮਨਾਇਆ।ਜਿਸ ਵਿੱਚ ਇਟਲੀ ਭਰ ਤੋਂ ਸੰਗਤਾਂ ਨੇ ਵੱਡੇ ਹਜੂਮ ਵਿੱਚ ਹਾਜ਼ਰੀ ਭਰਦਿਆਂ ਭਗਤੀ ਲਹਿਰ ਦੀ ਵਿਲੱਖਣ ਮਿਸਾਲ ਪੇਸ਼ ਕੀਤੀ।2ਰੋਜ਼ਾ ਇਸ ਆਗਮਨ ਪੁਰਬ ਸਮਾਗਮ ਵਿੱਚ ਪਹਿਲੇ ਦਿਨ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੀ ਅੰਮ੍ਰਿਤਬਾਣੀ ਦੀ ਛੱਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਹੜਾ ਕਿ ਚੀਵੀਦੀਨੋ ਸ਼ਹਿਰ ਦੀ ਪ੍ਰਕਰਮਾਂ ਕਰਦਾ ਹੋਇਆ ਗੁਰਦੁਆਰਾ ਸਾਹਿਬ ਸੰਪੰਨ ਹੋਇਆ।ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਸਜਾਏ ਵਿਸ਼ਾਲ ਨਗਰ ਕੀਰਤਨ ਦੀਆਂ ਸੰਗਤਾਂ ਨੂੰ ਭਾਰਤ ਦੀ ਧਰਤੀ ਤੋਂ ਪਹੁੰਚੇ ਪ੍ਰਸਿੱਧ ਲੋਕ ਗਾਇਕ ਮਾਸ਼ਾ ਅਲੀ ਨੇ ਆਪਣੀ ਦਮਦਾਰ ਤੇ ਸ਼ੁਰੀਲੀ ਆਵਾਜ਼ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੀ ਮਹਿਮਾਂ ਦਾ ਗੁਣਗਾਨ ਕਰਦਿਆਂ ਸੰਗਤਾਂ ਨੂੰ “ਹਰਿ”ਦੇ ਨਾਮ ਦੀ ਲੋਰ ਵਿੱਚ ਸ਼ਰਧਾ ਤੇ ਸਮਰਪਣ ਦੀ ਲਹਿਰ ਵਿੱਚ ਝੂਮਲ ਲਗਾ ਦਿੱਤਾ।ਇਸ ਨਗਰ ਕੀਰਤਨ ਦੀਆਂ ਹਜ਼ਾਰਾਂ ਸੰਗਤਾਂ ਲਈ ਸੇਵਾਦਾਰਾਂ ਵੱਲੋਂ ਵੰਨ-ਸੁਵੰਨੇ ਅਤੁੱਟ ਲੰਗਰ ਵਰਤਾਏ ਗਏ।ਦੂਜੇ ਦਿਨ ਦੇ ਸਜੇ ਵਿਸ਼ਾਲ ਦੀਵਾਨਾਂ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦਾ ਹੋਕਾ ਹਿੱਕ ਦੇ ਜੋ਼ਰ ਨਾਲ ਆਪਣੀ ਬੁਲੰਦ ਤੇ ਮਾਧੁਰ ਆਵਾਜ਼ ਵਿੱਚ ਦੁਨੀਆਂ ਦੇ ਕੋਨੇ-ਕੋਨੇ ਵਿੱਚ ਦੇਣ ਵਾਲੇ ਵਿਸ਼ਵ ਦੇ ਪ੍ਰਸਿੱਧ ਲੋਕ ਗਾਇਕ ਜਨਾਬ ਕਲੇਰ ਕੰਠ ਨੇ ਆਪਣੇ ਅਨੇਕਾਂ ਧਾਰਮਿਕ ਗੀਤਾਂ,”ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ ਤੈਂਨੂੰ ਕਿਉਂ ਨਾ ਤਾਰੂ ਬੰਦਿਆਂ,ਮਨ ਸਾਫ਼ ਹੋਵੇ ਨਿੱਤਾਂ ਹੋਣ ਸੱਚੀਆਂ ਸਤਿਗੁਰੂ ਆਪ ਮਿਲਦੇ ਤੇ ਜਦੋਂ ਦੁਨੀਆਂ ਨੇ ਮੈਥੋਂ ਅੱਖ ਫੇਰੀ ਗੁਰਾਂ ਨੇ ਮੇਰੀ ਬਾਂਹ ਫੜ੍ਹ ਲਈ ਆਦਿ ਨਾਲ ਭਰਵੀਂ ਹਾਜ਼ਰੀ ਲੁਆਈ ਜਿਹਨਾਂ ਨੂੰ ਹਾਜ਼ਰੀਨ ਹਜ਼ਾਰਾਂ ਸੰਗਤਾਂ ਨੇ ਇੱਕ ਮਨ ਇੱਕ ਚਿੱਤ ਹੋ ਸੁਣਿਆ ਤੇ ਇਸ ਮੌਕੇ ਭਗਤੀ ਤੇ ਸ਼ਰਧਾ ਵਿੱਚ ਭਾਵੁਕ ਹੁੰਦਿਆਂ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਜੈਕਾਰੇ”ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ”ਨਾਲ ਸਾਰਾ ਸ਼ਹਿਰ ਬੈਰਗਾਮੋ ਗੂੰਜਣ ਲਗਾ ਦਿੱਤਾ।2 ਰੋਜ਼ਾ ਮਨਾਏ ਇਸ ਆਗਮਨ ਪੁਰਬ ਲਈ 96 ਆਖੰਡ ਜਾਪਾਂ ਦੀ ਲੜੀ ਦਾ ਪ੍ਰਵਾਹ ਚੱਲਿਆ ਜਿਹੜਾ ਕਿ 7 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ।ਜਿਹਨਾਂ ਨੂੰ ਨੇਪੜੇ ਚਾੜਨ ਵਿੱਚ ਭਾਈ ਅਮਨਦੀਪ ਕੁਮਾਰ ਮੁੱਖ ਗ੍ਰੰਥ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਦਰਬਾਰ ਚੀਵੀਦੀਨੋ ,ਰਜਿੰਦਰ ਸੁਮੰਨ,ਬੀਬੀ ਇਸ਼ਾ ਅਹੀਰ ਤੇ ਬੀਬੀ ਚਰਨਜੀਤ ਕੌਰ ਨੇ ਅਹਿਮ ਸੇਵਾ ਨਿਭਾਈ । ਇਸ ਸਮਾਗਮ ਦੌਰਾਨ ਸਰਬੱਤ ਦੇ ਭਲੇ ਲਈ ਉਚੇਚੇ ਤੌਰ ਤੇ ਹਰਿ ,ਇਟਾਲੀਅਨ ਤੇ ਸਾਂਤੀ ਦੇ ਝੰਡੇ ਵੀ ਚੜਾਏ ਗਏ।ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪੜੇ ਚਾੜਨ ਲਈ ਕੁਲਵਿੰਦਰ ਕੁਮਾਰ ਕਿੰਦਾ ਮੁੱਖ ਸੇਵਾਦਾਰ ਤੇ ਸਮੂਹ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੂਰ-ਦੁਰਾਡੇ ਤੋਂ ਆਈਆਂ ਸਭ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸਮੂਹ ਸੇਵਾਦਾਰਾਂ ,ਲੋਕ ਗਾਇਕ ਮਾਸ਼ਾ ਅਲੀ ਤੇ ਜਨਾਬ ਕਲੇਰ ਕੰਠ ਦਾ ਵਿਸੇ਼ਸ ਸਨਮਾਨ ਕੀਤਾ।ਇਸ ਸਮਾਗਮ ਵਿੱਚ ਗੁਰਦੁਆਰਾ ਸਾਹਿਬ ਦੇ ਕੀਰਤਨੀ ਜੱਥੇ ਨੇ ਵੀ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।