Headlines

ਹਰਦੀਪ ਸਿੰਘ ਨਿੱਝਰ ਕਤਲ ਕੇਸ ਵਿਚ ਤਿੰਨ ਸ਼ੱਕੀ ਕਾਤਲ ਗ੍ਰਿਫਤਾਰ

ਸ਼ੱਕੀ ਕਾਤਲਾਂ ਵਜੋਂ 22 ਸਾਲਾ ਕਰਨ ਬਰਾੜ ,22 ਸਾਲਾ ਕਮਲਪ੍ਰੀਤ ਸਿੰਘ ਤੇ 28 ਸਾਲਾ ਕਰਨਪ੍ਰੀਤ ਸਿੰਘ ਸ਼ਾਮਿਲ-

ਸਰੀ ( ਦੇ ਪ੍ਰ ਬਿ)- ਕੈਨੇਡੀਅਨ ਨਾਗਰਿਕ ਤੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਕਤਲ ਕੇਸ ਦੀ ਜਾਂਚ ਕਰ ਰਹੀ ਪੁਲਿਸ ਟੀਮ ਨੇ ਤਿੰਨ ਸ਼ੱਕੀ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਹੈ। ਸਰੀ ਦੀ ਇਕ ਅਦਾਲਤ ਵਿਚ ਪੁਲਿਸ ਵਲੋਂ ਦਾਇਰ ਕੀਤੇ ਗਏ ਦਸਤਾਵੇਜ਼ਾਂ ਮੁਤਾਬਿਕ ਫੜੇ ਗਏ ਸ਼ੱਕੀ ਕਾਤਲ ਜਿਹਨਾਂ ਦੇ ਨਾਮ ਕਮਲਪ੍ਰੀਤ ਸਿੰਘ, ਕਰਨਪ੍ਰੀਤ ਸਿੰਘ ਅਤੇ ਕਰਨ ਬਰਾੜ ਦੱਸੇ ਗਏ ਹਨ, ਭਾਰਤੀ ਨਾਗਰਿਕ ਹਨ ਤੇ ਉਹ ਕੈਨੇਡਾ 2021 ਵਿਚ ਵਿਜਟਰ ਅਤੇ ਸਟੂਡੈਂਟ ਵੀਜ਼ੇ ਉਪਰ ਪੁੱਜੇ ਸਨ। ਪੁਲਿਸ ਨੇ ਇਹਨਾਂ ਸ਼ੱਕੀ ਵਿਅਕਤੀਆਂ ਨੂੰ ਸ਼ੁੱਕਰਵਾਰ ਨੂੰ ਕੀਤੀ ਗਈ ਕਾਰਵਾਈ ਦੌਰਾਨ ਐਡਮਿੰਟਨ ਨੇੜੇ ਸਪਰੋਵ ਗਰੂਵ ਤੋਂ ਗ੍ਰਿਫ਼ਤਾਰ ਕੀਤਾ ਹੈ । ਜਾਂਚ ਟੀਮ ਪਿਛਲੇ ਕੁਝ ਮਹੀਨਿਆਂ ਤੋਂ  ਇਹਨਾਂ ਸ਼ੱਕੀਆਂ ਦੀ ਨਿਗਰਾਨੀ ਕਰ ਰਹੀ ਸੀ। ਸ਼ੰਕਾ ਹੈ ਕਿ ਇਹਨਾਂ ਦਾ ਸਬੰਧ ਭਾਰਤ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਰੁੱਪ ਨਾਲ ਹੈ ਜਿਸਨੇ ਮਈ 2022 ਵਿਚ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਜਿੰਮੇਵਾਰੀ ਲਈ ਸੀ।

ਪੁਲਿਸ ਨੂੰ ਇਹਨਾਂ ਸ਼ੱਕੀ ਕਾਤਲਾਂ ਦੇ ਨਿੱਝਰ ਕਤਲ ਤੋਂ ਇਲਾਵਾ ਵਿੰਨੀਪੈਗ ਸਤੰਬਰ 2023 ਵਿਚ  ਇਕ ਗੈਂਗਸਟਰ ਸੁਖਦੂਲ ਗਿੱਲ ਉਰਫ ਸੁੱਖਾ ਦੁਨੇਕੇ ਅਤੇ ਐਡਮਿੰਟਨ ਨਵੰਬਰ 2023 ਵਿਚ ਬਿਜਨੈਸਮੈਨ ਹਰਪ੍ਰੀਤ ਉਪਲ ਤੇ ਉਸਦੇ 11 ਸਾਲਾ ਪੁੱਤਰ ਦੀ ਹੱਤਿਆ ਦੇ ਮਾਮਲੇ ਵਿਚ ਵੀ ਸ਼ਾਮਿਲ ਹੋਣ ਦੀ ਸ਼ੰਕਾ ਹੈ। ਗੈਂਗਸਟਰ ਸੁੱਖਾ ਦੁਨੇਕੇ ਪੰਜਾਬ ਵਿਚ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਦਾ ਮੈਂਬਰ ਸੀ ਜੋ 2017 ਵਿਚ ਜਾਅਲੀ ਪਾਸਪੋਰਟ ਤੇ ਕੈਨੇਡਾ ਪੁੱਜਾ ਸੀ।

ਜਿ਼ਕਰਯੋਗ ਹੈ ਕਿ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦਾ ਕਤਲ ਪਿਛਲੇ ਸਾਲ 18 ਜੂਨ ਨੂੰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲੌਟ ਵਿਚ ਕੀਤਾ ਗਿਆ ਸੀ। ਸਿੱਖ ਸੰਸਥਾਵਾਂ ਵਲੋਂ ਇਸ ਕਤਲ ਪਿਛੇ ਭਾਰਤੀ ਏਜੰਸੀਆਂ ਦੇ ਹੱਥ ਹੋਣ ਦੇ ਦੋਸ਼ ਲਗਾਏ ਗਏ ਸਨ। ਇਸ ਉਪਰੰਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਦਨ ਵਿਚ ਇਕ ਬਿਆਨ ਰਾਹੀਂ ਨਿੱਝਰ ਕਤਲ ਕੇਸ ਵਿਚ ਭਾਰਤੀ ਏਜੰਸੀਆਂ ਦੇ ਹੱਥ ਹੋਣ ਦੇ  ਸਬੂਤ ਮਿਲਣ ਦਾ ਖੁਲਾਸਾ ਕੀਤਾ ਸੀ।

ਸਰੀ ਵਿਖੇ ਆਰ ਸੀ ਐਮ ਪੀ ਦੇ ਹੈਡਕੁਆਰਟਰ ਵਿਖੇ ਪੁਲਿਸ ਵਲੋਂ ਕੀਤੀ ਗਈ ਇਕ ਪ੍ਰੈਸ ਕਾਨਫਰੰਸ ਦੌਰਾਨ ਅਧਿਕਾਰੀਆਂ ਨੇ ਨਿਝਰ ਕਤਲ ਕੇਸ ਨਾਲ ਜੁੜੀ ਜਾਂਚ ਅਤੇ ਫੜੇ ਗਏ ਦੋਸ਼ੀਆਂ ਬਾਰੇ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ 22 ਸਾਲਾ ਕਰਨ ਬਰਾੜ, 22 ਸਾਲ ਕਮਲਪ੍ਰੀਤ ਸਿੰਘ ਅਤੇ 28 ਸਾਲਾ ਕਰਨਪ੍ਰੀਤ ਸਿੰਘ ਖਿਲਾਫ  ਪਹਿਲੇ ਦਰਜੇ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਗਾਏ ਗਏ ਹਨ।
ਕਤਲ ਕੇਸ ਦੀ ਜਾਂਚ ਟੀਮ ਦੇ ਅਧਿਕਾਰੀ ਮਨਦੀਪ ਮੂਕਰ ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ ਨੂੰ ਐਡਮਿੰਟਨ ਵਿੱਚ 3 ਮਈ ਸ਼ੁੱਕਰਵਾਰ ਦੀ ਸਵੇਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਨਾਂ ਦਾ ਪੁਲਿਸ ਕੋਲ ਪਹਿਲਾਂ ਕੋਈ ਰਿਕਾਰਡ ਨਹੀ ਸੀ। ਉਹ ਤਿੰਨੇ ਭਾਰਤੀ ਨਾਗਰਿਕ ਹਨ ਤੇ ਤਿੰਨ -ਚਾਰ ਸਾਲ ਤੋਂ ਕੈਨੇਡਾ ਵਿਚ ਰਹਿ ਰਹੇ ਹਨ।
ਆਰ ਸੀ ਐਮ ਪੀ ਦੇ ਸਹਾਇਕ ਕਮਿਸ਼ਨਰ ਡੇਵਿਡ ਟੇਬੋਲ ਨੇ ਦੱਸਿਆ ਕਿ ਪੁਲਿਸ  ਦੁਆਰਾ ਇਕੱਠੇ ਕੀਤੇ ਸਬੂਤਾਂ ਅਤੇ ਕਤਲ ਪਿਛਲੇ ਉਦੇਸ਼ ਬਾਰੇ ਅਜੇ ਕੁਝ ਕਿਹਾ ਨਹੀ ਜਾ ਸਕਦਾ ਕਿਉਂਕਿ ਅਜੇ ਕਤਲ ਦੇ ਕਈ ਹੋਰ ਪਹਿਲੂਆਂ ਬਾਰੇ ਜਾਂਚ ਚੱਲ ਰਹੀ ਹੈ। ਪੁਲਿਸ ਅਜੇ ਇਸ ਗੱਲ ਦੀ ਕੋਈ ਪੁਸ਼ਟੀ ਨਹੀ ਕਰਦੀ ਇਹਨਾਂ ਦਾ ਭਾਰਤ ਵਿਚ ਕਿਸੇ ਗੈਂਗ ਨਾਲ ਸਬੰਧ ਹੈ ਜਾਂ ਨਹੀ। ਜਾਂਚ ਅਧਿਕਾਰੀ ਮਨਦੀਪ ਨੇ ਕਿਹਾ ਕਿ ਉਹਨਾਂ ਦਾ ਇਹ ਮੰਨਣਾ ਹੈ ਕਿ ਇਸ ਕੇਸ ਵਿਚ ਹੋਰ ਲੋਕ ਵੀ ਸ਼ਾਮਲ ਹੋ ਸਕਦੇ ਹਨ। ਜਿ਼ਕਰਯੋਗ ਹੈ ਕਿ ਕਤਲ ਦੀ ਘਟਨਾ ਤੋਂ ਬਾਦ ਪੁਲਿਸ ਅਧਿਕਾਰੀ  ਟਿਮੋਥੀ ਪਿਰੋਟੀ ਨੇ ਦੋ ਸ਼ੱਕੀਆਂ ਦੇ ਵੇਰਵੇ ਸਾਂਝੇ ਕੀਤੇ ਸਨ। ਉਹਨਾਂ ਦੱਸਿਆ ਸੀ ਦੋ ਸ਼ੱਕੀ – ਜਿਨ੍ਹਾਂ ਨੇ ਚਿਹਰੇ ਨੂੰ ਢੱਕਿਆ ਹੋਇਆ ਸੀ -ਸਰੀ ਦੀ  122 ਸਟਰੀਟ ‘ਤੇ ਕਾਗਰ ਕ੍ਰੀਕ ਪਾਰਕ ਵੱਲ ਭੱਜੇ ਸਨ, ਜਿਥੇ  ਉਨ੍ਹਾਂ ਨੂੰ ਪਹਿਲਾਂ ਹੀ ਇਕ ਗੱਡੀ ਵਿਚ ਉਨ੍ਹਾਂ ਦੀ ਉਡੀਕ ਕੀਤੀ ਜਾ ਰਹੀ ਸੀ।
ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਨਿੱਝਰ ਭਾਰਤ ਦੇ ਸੂਬੇ ਪੰਜਾਬ ਵਿਚ ਵੱਖਰੇ ਸਿੱਖ ਹੋਮਲੈਂਡ ਖਾਲਿਸਤਾਨ ਦੀ ਲਹਿਰ ਦਾ ਸਮਰਥਕ ਸੀ ਤੇ ਉਹ ਸਿਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨਾਲ ਮਿਲਕੇ ਖਾਲਿਸਤਾਨ ਰੀਫਰੈਂਡਮ ਲਈ ਸਰਗਰਮ ਸੀ। ਜਦੋਂਕਿ ਭਾਰਤ ਸਰਕਾਰ ਨੇ ਉਸਨੂੰ ਅਤਿਵਾਦੀ ਐਲਾਨ ਕਰਦਿਆਂ ਉਸ ਉਪਰ ਕਈ ਦੋਸ਼ ਲਗਾਏ ਸਨ ਤੇ ਕੌਮੀ ਜਾਂਚ ਏਜੰਸੀ ਵਲੋਂ ਉਸਦੀ ਗ੍ਰਿਫਤਾਰੀ ਲਈ ਇਨਾਮ ਵੀ ਰੱਖਿਆ ਹੋਇਆ ਸੀ। ਕੈਨੇਡੀਅਨ ਸੁਰੱਖਿਆ ਏਜੰਸੀਆਂ ਨੇ ਉਸਨੂੰ ਚੌਕਸ ਰਹਿਣ ਦੀ ਚੇਤਾਵਨੀ ਦਿੱਤੀ ਹੋਈ ਸੀ। ਉਸਦੇ ਅਚਾਨਕ ਕਤਲ ਉਪਰੰਤ ਸਿੱਖ ਸੰਸਥਾਵਾਂ ਨੇ ਉਸਦੇ ਕਤਲ ਲਈ ਭਾਰਤੀ ਏਜੰਸੀਆਂ ਉਪਰ ਦੋਸ਼ ਲਗਾਏ ਸਨ। ਪ੍ਰਧਾਨ ਮੰਤਰੀ ਟਰੂਡੋ ਨੇ ਸਤੰਬਰ 2023 ਵਿਚ ਇਹਨਾਂ ਦੋਸ਼ਾਂ ਦੀ ਪ੍ਰੋੜਤਾ ਕਰਦਿਆਂ ਕਿਹਾ ਸੀ ਕਿ ਕੈਨੇਡਾ ਸਰਕਾਰ ਕੋਲ ਭਾਰਤੀ ਏਜੰਸੀਆਂ ਖਿਲਾਫ ਠੋਸ ਸਬੂਤ ਹਨ ਜਦੋਂ ਕਿ ਭਾਰਤ ਸਰਕਾਰ ਇਹਨਾਂ ਦੋਸ਼ਾਂ ਨੂੰ ਨਕਾਰਦੀ ਆ ਰਹੀ ਹੈ।
ਸ਼ੁੱਕਰਵਾਰ ਦੁਪਹਿਰ ਦੀ ਮੀਡੀਆ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ  ਇਕ ਸਵਾਲ ਦੇ ਜਵਾਬ ਵਿਚ  ਪੁਲਿਸ ਨੇ ਕਿਹਾ ਕਿ ਭਾਰਤੀ ਏਜੰਸੀਆਂ ਦੀ ਇਕ ਕੇਸ ਨਾਲ ਸਬੰਧ ਦੇ ਦਾਅਵੇ ਦੀ ਜਾਂਚ ਕੀਤੀ ਜਾ ਰਹੀ ਹੈ।
-ਬਰੈਂਡਾ ਲੌਕ ਨੇ ਵਿਦੇਸ਼ੀ ਸ਼ਮੂਲੀਅਤ ਬਾਰੇ ਜਾਣਕਾਰੀ ਮੰਗੀ-ਇਸੇ ਦੌਰਾਨ ਸਰੀ ਦੀ ਮੇਅਰ ਬਰੈਂਡਾ ਲੌਕ ਨੇ  ਫੈਡਰਲ ਸਰਕਾਰ ਨੂੰ ਅਪੀਲ ਕੀਤੀ ਕਿ ਕੈਨੇਡੀਅਨ ਧਰਤੀ ‘ਤੇ ਇੱਕ ਕੈਨੇਡੀਅਨ ਨਾਗਰਿਕ ਦੇ ਕਤਲ ਵਿੱਚ ਵਿਦੇਸ਼ੀ ਸਰਕਾਰ ਦੀ ਸ਼ਮੂਲੀਅਤ ਬਾਰੇ ਤੱਥ ਉਜਾਗਰ ਕੀਤੇ ਜਾਣ।

ਕੰਸਰਵੇਟਿਵ ਨੇ ਨਿਆਂ ਦੀ ਉਮੀਦ ਪ੍ਰਗਟਾਈ-
ਇਸੇ ਦੌਰਾਨ ਫੈਡਰਲ ਕੰਸਰਵੇਟਿਵ ਆਗੂ ਪੀਅਰ ਪੋਲੀਵਰ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦਾ ਕਤਲ ਬੇਹੱਦ ਗੰਭੀਰ ਅਪਰਾਧ ਹੈ। ਮੁਲਕ ਵਿਚ ਕਿਸੇ ਵੀ ਤਰਾਂ ਦੀ ਵਿਦੇਸ਼ੀ ਦਖਲਅੰਦਾਜ਼ੀ, ਖਾਸ ਤੌਰ ‘ਤੇ ਕੈਨੇਡੀਅਨ ਧਰਤੀ ‘ਤੇ ਕਿਸੇ ਕੈਨੇਡੀਅਨ ਨਾਗਰਿਕ ਦਾ ਕਤਲ, ਅਸਵੀਕਾਰਨਯੋਗ ਹੈ। ਉਹਨਾਂ ਕਿਹਾ ਕਿ ਇਹ ਚੰਗੀ ਖਬਰ ਹੈ ਕਿ ਆਖਰਕਾਰ ਪੁਲਿਸ ਨੇ ਦੋਸ਼ੀਆਂ ਨੂੰ  ਗ੍ਰਿਫਤਾਰ ਕੀਤਾ ਹੈ ਜਿਸ ਨਾਲ ਸ਼੍ਰੀ ਨਿੱਝਰ ਦੇ ਪਰਿਵਾਰ ਅਤੇ ਭਾਈਚਾਰੇ ਲਈ ਕੁਝ ਨਿਆਂ ਦੀ ਉਮੀਦ ਬਣੀ ਹੈ । ਜ਼ਿੰਮੇਵਾਰ ਲੋਕਾਂ ਨੂੰ ਉਨ੍ਹਾਂ ਦੇ ਜੁਰਮਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ। ਇਸਦੇ ਨਾਲ ਹੀ  ਸਰਕਾਰ ਅਤੇ  ਖੁਫੀਆ ਏਜੰਸੀਆਂ ਨੂੰ ਇਸ ਕਤਲ ਵਿੱਚ ਸ਼ਾਮਲ ਕਿਸੇ ਵੀ ਹੋਰ ਵਿਅਕਤੀ ਜਾਂ ਸੰਸਥਾ ਦਾ ਨਿਰੰਤਰ ਪਿੱਛਾ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾ ਸਕੇ।