Headlines

ਨਿੱਝਰ ਦੇ ਕਤਲ ਦੀ ਅਸਲ ਦੋਸ਼ੀ ਮੋਦੀ ਸਰਕਾਰ-ਗੁਰਦੁਆਰਾ ਕਮੇਟੀ

ਸਰੀ ( ਦੇ ਪ੍ਰ ਬਿ)- ਅੱਜ ਇਥੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਪ੍ਰਬੰਧਕਾਂ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ  ਆਰ ਸੀ ਐਮ ਪੀ ਵਲੋਂ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸਬੰਧ ਵਿਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਤੇ ਕਿਹਾ ਹੈ ਕਿ ਹਾਲੀਆ ਗ੍ਰਿਫਤਾਰੀਆਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਮੋਦੀ ਸਰਕਾਰ ਨੇ ਆਪਣੀ ਖੁਫੀਆ ਏਜੰਸੀ ਰਾਅ ਨੂੰ ਨਿੱਝਰ ਨੂੰ ਖਤਮ ਕਰਨ ਦੇ ਆਦੇਸ਼ ਅਤੇ ਪ੍ਰਬੰਧ ਕਰਨ ਲਈ ਨਿਰਦੇਸ਼ ਦਿੱਤੇ ਸਨ।
ਗੁਰਦੁਆਰਾ ਕਮੇਟੀ ਦੇ ਆਗੂ ਸ ਗੁਰਮੀਤ ਸਿੰਘ ਅਤੇ ਸ ਮਨਿੰਦਰ ਸਿੰਘ ਤੇ ਹੋਰਾਂ ਨੇ ਕਿਹਾ ਕਿ ਸ਼ਹੀਦ ਹਰਦੀਪ ਸਿੰਘ ਨਿੱਝਰ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਨ ਜਿਨ੍ਹਾਂ ਨੇ ਆਪਣਾ ਜੀਵਨ ਸਿੱਖ ਕੌਮ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਕੰਮਾਂ ਲਈ ਸਮਰਪਿਤ ਕੀਤਾ ਸੀ। ਉਹ ਇਕ ਇਮਾਨਦਾਰ ਤੇ ਸਮਰਪਿਤ ਆਗੂ ਸਨ ਜਦੋਂਕਿ  ਇਸ ਦੇ ਉਲਟ, ਪ੍ਰਧਾਨ ਮੰਤਰੀ ਮੋਦੀ ਦੇ ਆਪਣੇ ਬਿਆਨਾਂ ਦੀ ਰੌਸ਼ਨੀ ਵਿੱਚ, ਇੱਕ ਕਾਤਲ ਹੈ ਜਿਸ ਨੇ ਹਾਲ ਹੀ ਵਿੱਚ ਇੱਕ ਭਾਸ਼ਣ ਵਿੱਚ ਐਲਾਨ ਕੀਤਾ ਸੀ ਕਿ  ਭਾਰਤ ਦੁਸ਼ਮਣਾ ਨੂੰ ਡੋਜ਼ੀਅਰ ਨਹੀਂ ਭੇਜਦਾ। ਅਸੀਂ ਅੱਤਵਾਦੀਆਂ ਨੂੰ ਉਨ੍ਹਾਂ ਦੇ ਘਰ ਵਿਚ ਘੁੱਸਕੇ ਮਾਰਦੇ ਹਾਂ।
ਉਹਨਾਂ ਹੋਰ ਕਿਹਾ ਕਿ ਕੈਨੇਡੀਅਨ ਪੁਲਿਸ ਦੁਆਰਾ ਕਤਲ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਦੋਸ਼ੀਆਂ  ਨੂੰ ਗ੍ਰਿਫਤਾਰ ਕੀਤਾ ਗਿਆ ਹੈ,ਜਦੋਕਿ ਅਸਲ ਦੋਸ਼ੀਆਂ ਤੱਕ ਪੁੱਜਣਾ ਅਜੇ ਬਾਕੀ ਹੈ।ਉਹਨਾਂ ਕਿਹਾ ਕਿ ਇਹਨਾਂ ਕਾਤਲਾਂ ਨੂੰ  ਕੈਨੇਡਾ ਵਿਚ ਭਾਰਤੀ ਡਿਪਲੋਮੈਟਾਂ ਵਲੋਂ ਸਹਾਇਤਾ ਅਤੇ ਖੁਫੀਆ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ ।  ਇਸ ਲਈ ਉਨ੍ਹਾਂ ਨੂੰ ਵੀ ਚਾਰਜ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਵਾਸ਼ਿੰਗਟਨ ਪੋਸਟ ਦੀ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਜਿਸ ਵਿਚ ਕਿਹਾ ਗਿਆ ਹੈ ਕਿ ਕਤਲ ਨੂੰ ਅੰਜਾਮ ਦੇਣ ਵਿੱਚ ਸਹਾਇਤਾ ਕਰਨ ਵਾਲੇ ਰਾਅ ਦੇ ਏਜੰਟ ਅਜੇ ਵੀ ਵੈਨਕੂਵਰ ਵਿੱਚ ਭਾਰਤੀ ਕੌਂਸਲੇਟ ਵਿੱਚ ਤਾਇਨਾਤ ਹਨ।
ਉਹਨਾਂ ਮੰਗ ਕੀਤੀ ਕਿ ਅਸਲ ਦੋਸ਼ੀਆਂ ਖਿਲਾਫ ਵੀ ਕਨੂੰਨੀ ਕਾਰਵਾਈ ਦੀ ਲੋੜ ਹੈ। ਅਸੀਂ ਉਸ ਨੈੱਟਵਰਕ ਨੂੰ ਖਤਮ ਕਰਨ ਦੀ ਉਮੀਦ ਕਰਦੇ ਹਾਂ ਜੋ ਕੈਨੇਡੀਅਨ ਧਰਤੀ ‘ਤੇ ਕੈਨੇਡੀਅਨਾਂ ਵਿਰੁੱਧ ਅਜਿਹੇ ਅਪਰਾਧਾਂ ਨੂੰ ਅੰਜ਼ਾਮ ਦੇ ਰਹੇ ਹਨ।

ਤਸਵੀਰ- ਗੁਰਦੁਆਰਾ ਕਮੇਟੀ ਦੇ ਅਹੁਦੇਦਾਰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ। ਤਸਵੀਰ-ਸੁਖਵੰਤ ਢਿੱਲੋਂ।