Headlines

ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ 23 ਮਈ ਕਾਮਾਗਾਟਾਮਾਰੂ ਯਾਦਗਾਰੀ ਦਿਵਸ ਐਲਾਨਿਆ

ਵੈਨਕੂਵਰ ( ਦੇ ਪ੍ਰ ਬਿ)- ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ 23 ਮਈ, 2024 ਨੂੰ ਕਾਮਾਗਾਟਾਮਾਰੂ ਯਾਦਗਾਰੀ ਦਿਵਸ ਐਲਾਨਿਆ ਹੈ। ਸਰਕਾਰ ਵਲੋਂ ਇਸ ਸਬੰਧੀ ਜਾਰੀ ਐਲਾਨਨਾਮੇ ਦੀ ਕਾਪੀ ਸਾਬਕਾ ਮੰਤਰੀ ਤੇ ਐਮ ਐਲ ਏ ਜਿੰਨੀ ਸਿਮਸ ਨੇ ਕਾਮਾਗਾਟਾਮਾਰੂ  ਸੁਸਾਇਟੀ ਦੇ ਬੁਲਾਰੇ ਰਾਜ ਸਿੰਘ ਤੂਰ ਨੂੰ ਭੇਟ ਕੀਤੀ।

ਇਸ ਐਲਾਨਨਾਮੇ ਵਿਚ ਕਿਹਾ ਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ 23 ਮਈ, 2024 ਨੂੰ “ਕਾਮਾਗਾਟਾਮਾਰੂ ਯਾਦਗਾਰੀ ਦਿਵਸ” ਉਨ੍ਹਾਂ ਯਾਤਰੀਆਂ ਲਈ ਇੱਕ ਮਹਾਨ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਇਸ ਦੁਖਾਂਤ ਦੌਰਾਨ ਬਹੁਤ ਦੁੱਖ ਝੱਲੇ। ਅਸੀਂ ਅਤੀਤ ਨੂੰ ਵਾਪਸ ਨਹੀਂ ਕਰ ਸਕਦੇ ਪਰ ਅਸੀਂ ਅੱਗੇ ਵਧ ਸਕਦੇ ਹਾਂ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਉਨ੍ਹਾਂ ਨੂੰ ਅਤੀਤ ਬਾਰੇ ਸਿੱਖਿਅਤ ਕਰਕੇ ਸ਼ਾਨਦਾਰ ਵਿਰਾਸਤ ਦੇ ਸਕਦੇ ਹਾਂ।

ਦੇਸ ਪ੍ਰਦੇਸ ਟਾਈਮਜ਼ ਨੂੰ ਸੁਸਾਇਟੀ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ 23 ਮਈ ਨੂੰ ਕਾਮਾਗਾਟਾਮਾਰੂ ਯਾਦਗਾਰੀ ਦਿਵਸ ਐਲਾਨੇ ਜਾਣ ਸਬੰਧੀ ਸਰਕਾਰ ਨੂੰ ਬੇਨਤੀ ਕੀਤੀ ਗਈ ਸੀ। ਰਾਜ ਸਿੰਘ ਤੂਰ ਜੋ ਕਿ ਕਾਮਾਗਾਟਾਮਾਰੂ ਦੇ ਇਕ ਮੁਸਾਫਿਰ ਬਾਬਾ ਪੂਰਨ ਸਿੰਘ ਜਨੇਤਪੁਰ ਦੇ ਪੋਤਰੇ ਹਨ, ਨੇ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ, ਵਿਸ਼ੇਸ਼ ਧੰਨਵਾਦ ਕੀਤਾ ਹੈ।

ਤਸਵੀਰ- ਸਾਬਕਾ ਮੰਤਰੀ ਤੇ ਐਮ ਐਲ ਏ ਜਿੰਨੀ ਸਿਮਸ ਕਾਮਾਗਾਟਾਮਾਰੂ ਯਾਦਗਾਰੀ ਦਿਵਸ ਐਲਾਨਨਾਮੇ ਦੀ ਕਾਪੀ ਕਾਮਾਗਾਟਾਮਾਰੂ ਸੁਸਾਇਟੀ ਦੇ ਬੁਲਾਰੇ ਰਾਜ ਸਿੰਘ ਤੂਰ ਨੂੰ ਭੇਟ ਕਰਦੇ ਹੋਏ।