Headlines

ਖੁੱਡੀਆਂ ਦੇ ਚੋਣ ਜਲਸਿਆਂ ’ਚ ਉਮੜਿਆ ਲੋਕਾਂ ਦਾ ਸੈਲਾਬ- ਵੋਟ

ਲੰਬੀ 3 ਮਈ- ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੰਸਦੀ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਆਪਣੇ ਜੱਦੀ ਵਿਧਾਨ ਸਭਾ ਹਲਕੇ ਲੰਬੀ ਵਿੱਚ ਚੋਣ ਪ੍ਰਚਾਰ ਕੀਤਾ। ਇਸ ਹਲਕੇ ਦੇ ਲੋਕਾਂ ਵਿੱਚ ਮਿਸਾਲੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਲੋਕਾਂ ਵੱਲੋਂ ਸ੍ਰੀ ਖੁੱਡੀਆਂ ਨੂੰ ਆਪਣੀਆਂ ਪਲਕਾਂ ’ਤੇ ਬਿਠਾ ਕੇ ਨਿੱਘਾ ਸਵਾਗਤ ਕੀਤਾ ਗਿਆ।
ਸ੍ਰੀ ਖੁੱਡੀਆਂ ਨੇ ਲੰਬੀ ਹਲਕੇ ਦੇ ਪਿੰਡਾਂ ਪੰਜਾਵਾ, ਸਿੱਖ ਵਾਲਾ, ਕੱਖਾਂ ਵਾਲੀ, ਭੀਟੀ ਵਾਲਾ, ਕੰਦੂ ਖੇੜਾ, ਭੁੱਲਰ ਵਾਲਾ, ਹਾਕੂ ਵਾਲਾ, ਫੱਤਾ ਕੇਰਾ, ਮਿੱਡੂ ਖੇੜਾ, ਘੁਮਿਆਰਾ, ਲੁਹਾਰਾ, ਵੜਿੰਗ ਖੇੜਾ, ਪਿੰਡ ਕਿੱਲਿਆਂ ਵਾਲੀ ਤੇ ਮੰਡੀ ਕਿੱਲਿਆਂ ਵਾਲੀ ਵਿੱਚ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਵੱਲੋਂ ਉਮੜਿਆ ਉਤਸ਼ਾਹ ਅਤੇ ਪਿਆਰ ਮਿਲ ਰਿਹਾ ਹੈ, ਉਸ ਨੂੰ ਵੇਖ ਕੇ ਯਕੀਨ ਹੋ ਗਿਆ ਹੈ ਕਿ ਲੰਬੀ ਵਾਲੇ ਦੂਜੀ ਵਾਰ ਪੱਕਾ ਨਿਤਾਰਾ ਕਰਕੇ ਇਤਿਹਾਸ ਸਿਰਜ ਦੇਣਗੇ। ਸ੍ਰੀ ਖੁੱਡੀਆਂ ਨੇ ਕਿਹਾ ਕਿ ਉਹ ਇਸ ਹਲਕੇ ਦੇ ਲੋਕਾਂ ਦੇ ਪਰਿਵਾਰਕ ਮੈਂਬਰ ਹਨ ਅਤੇ ਇੱਥੋਂ ਦੇ ਵਸਨੀਕਾਂ ਨੂੰ ਖੁੱਡੀਆਂ ਪਰਿਵਾਰ ਦੀ ਨੇਕ-ਨੀਅਤੀ ਕਿਸੇ ਤੋਂ ਛੁਪੀ ਹੋਈ ਨਹੀਂ।
ਉਨ੍ਹਾਂ ਕਿਹਾ ਕਿ ਇਸ ਵਾਰ ਫਿਰ ਹਲਕੇ ਵਿਚਲੇ ਧਨਾਢ ਪਰਿਵਾਰ ਦੀ ਇਸ ਨਿਮਾਣੇ ਗਰੀਬ ਨਾਲ ਟੱਕਰ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਪਿਆਰ ਨਾਲ ਝੋਲ਼ੀਆਂ ਭਰਕੇ ਨਿਵਾਜਿਆ ਸੀ, ਉਸੇ ਤਰ੍ਹਾਂ ਇਸ ਵਾਰ ਫਿਰ ਕਿ੍ਰਪਾ ਕਰ ਦਿਓ। ਸ੍ਰੀ ਖੁੱਡੀਆਂ ਨੇ ਕਿਹਾ ਕਿ ਲੰਬੀ ਹਲਕੇ ਦਾ ਕਰਜ਼ ਉਹ ਜ਼ਿੰਦਗੀ ਭਰ ਨਹੀਂ ਚੁਕਾ ਸਕਦੇ, ਜਿਨ੍ਹਾਂ ਨੇ ਇਕ ਛੋਟੇ ਜਿਹੇ ਕਿਸਾਨ ਦੇ ਪੁੱਤਰ ਨੂੰ ਮੰਤਰੀ ਬਣਾ ਕੇ, ਉੱਚੇ ਮੁਕਾਮ ਤੱਕ ਪਹੁੰਚਾਇਆ।
ਚੋਣ ਪ੍ਰਚਾਰ ਦੌਰਾਨ ਹਲਕਾ ਲੰਬੀ ਦੇ ਲੋਕਾਂ ਵੱਲੋਂ ਸ੍ਰੀ ਖੁੱਡੀਆਂ ਨੂੰ ਕਈ ਜਗ੍ਹਾ ਲੱਡੂਆਂ ਨਾਲ ਤੋਲਿਆ ਗਿਆ। ਇਸ ਤੋਂ ਇਲਾਵਾ ਵੱਡੀ ਗਿਣਤੀ ਪ੍ਰਸੰਸਕਾਂ ਵੱਲੋਂ ਉਨ੍ਹਾਂ ਨਾਲ ਸੈਲਫ਼ੀਆਂ ਵੀ ਲਈਆਂ ਗਈਆਂ।
ਜ਼ਿਕਰਯੋਗ ਹੈ ਕਿ ਸ੍ਰੀ ਖੁੱਡੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਲੰਬੀ ਹਲਕੇ ਤੋਂ ਚੋਣ ਲੜੇ ਸਨ। ਉਨ੍ਹਾਂ ਇਥੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਕਸ਼ਤ ਦੇ ਕੇ, ਇਤਿਹਾਸਕ ਜਿੱਤ ਹਾਸਿਲ ਕੀਤੀ ਸੀ।