ਘਣੀਕੇ ਬਾਂਗਰ ਦਾ ਕਰਨਪ੍ਰੀਤ ਡੁਬਈ ਵਿਚ ਸੀ ਡਰਾਈਵਰ-
ਚੰਡੀਗੜ ( ਭੰਗੂ)–ਕੈਨੇਡੀਅਨ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ ਵਿੱਚ ਕੈਨੇਡੀਅਨ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਤਿੰਨ ਪੰਜਾਬੀ ਨੌਜਵਾਨਾਂ ਬਾਰੇ ਮਿਲੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਉਹ ਪੰਜਾਬ ਤੋਂ ਆਮ ਪਰਿਵਾਰਾਂ ਦੇ ਮੁੰਡੇ ਹਨ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਕਰਨਪ੍ਰੀਤ ਸਿੰਘ ਬਟਾਲਾ ਨੇੜਲੇ ਪਿੰਡ ਘਣੀਏ ਕੇ ਬਾਂਗਰ ਦਾ ਰਹਿਣ ਵਾਲਾ ਹੈ। ਉਸ ਦਾ ਪਿਤਾ ਸੁਖਦੇਵ ਸਿੰਘ, ਪਿੰਡ ਦੇ ਗੁਰਦੁਆਰੇ ਵਿਚ ਗ੍ਰੰਥੀ ਹੈ, ਜੋ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਦੀ ਜਥੇਬੰਦੀ ਦਾ ਮੈਂਬਰ ਹੈ। ਕਰਨਪ੍ਰੀਤ ਸਿੰਘ ਦੇ ਕੈਨੇਡਾ ਜਾਣ ਤੋਂ ਪਹਿਲਾਂ ਦੋਵੇਂ ਪਿਓ-ਪੁੱਤ ਦੁਬਈ ਵਿੱਚ ਟਰੱਕ ਡਰਾਈਵਰ ਸਨ। ਦੂਸਰਾ ਨੌਜਵਾਨ ਕਰਨ ਬਰਾੜ ਕੋਟਕਪੂਰਾ ਨਾਲ ਸਬੰਧਤ ਹੈ ਅਤੇ ਉਸ ਦੇ ਪਿਤਾ ਮਨਦੀਪ ਸਿੰਘ ਬਰਾੜ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ। ਪੁਲੀਸ ਸੂਤਰਾਂ ਮੁਤਾਬਿਕ ਕਰਨ ਦੀ ਮਾਂ ਰਮਨ ਬਰਾੜ ਸਿੰਗਾਪੁਰ ਵਿੱਚ ਰਹਿੰਦੀ ਹੈ ਅਤੇ ਇਸ ਸਮੇਂ ਆਪਣੇ ਪਤੀ ਦੀ ਅੰਤਮ ਅਰਦਾਸ ਅਤੇ ਹੋਰ ਰਸਮਾਂ ਲਈ ਪੰਜਾਬ ਵਿੱਚ ਹੈ।ਤੀਜੇ ਨੌਜਵਾਨ ਕਮਲਪ੍ਰੀਤ ਸਿੰਘ ਬਾਰੇ ਮਿਲੀ ਜਾਣਕਾਰੀ ਮੁਤਾਬਿਕ ਉਹ ਜਿਲਾ ਜਲੰਧਰ ਦੇ ਨਕੋਦਰ ਨੇੜੇ ਪਿੰਡ ਚੱਕ ਕਲਾਂ ਦਾ ਰਹਿਣ ਵਾਲਾ ਹੈ। ਤਿੰਨ ਸਾਲ ਪਹਿਲਾਂ ਕਮਲਪ੍ਰੀਤ ਸਟੂਡੈਂਟ ਵੀਜ਼ੇ ‘ਤੇ ਕਨੇਡਾ ਆਇਆ ਸੀ। ਕਮਲਪ੍ਰੀਤ ਦਾ ਪਿਤਾ ਸਤਨਾਮ ਸਿੰਘ ਆੜਤ ਦਾ ਕੰਮ ਕਰਦਾ ਹੈ ਤੇ ਪਿੰਡ ਦੀ ਪੰਚਾਇਤ ਦਾ ਮੈਂਬਰ ਵੀ ਹੈ। ਕਮਲਪ੍ਰੀਤ ਦੇ ਘਰ ਉਸਦੇ ਪਿਤਾ ਤੋਂ ਇਲਾਵਾ ਉਸਦੀ ਮਾਤਾ ਸੁੱਖਵਿੰਦਰ ਕੌਰ ਅਤੇ ਦਾਦੀ ਹੈ।