-ਸੁਖਵਿੰਦਰ ਸਿੰਘ ਚੋਹਲਾ–
ਕੈਨੇਡੀਅਨ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੇ 18 ਜੂਨ 2023 ਨੂੰ ਗੁਰੂ ਘਰ ਦੀ ਹਦੂਦ ਅੰਦਰ ਹੋਏ ਦੁਖਦਾਈ ਕਤਲ ਦੇ ਲਗਪਗ 10 ਮਹੀਨੇ ਬਾਦ ਕੇਸ ਦੀ ਜਾਂਚ ਕਰ ਰਹੀ ਪੁਲਿਸ ਟੀਮ ਨੇ ਆਖਰ ਤਿੰਨ ਸ਼ੱਕੀ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਸ਼ੱਕੀ ਕਾਤਲ ਜਿਹਨਾਂ ਦੇ ਨਾਮ ਕਮਲਪ੍ਰੀਤ ਸਿੰਘ, ਕਰਨਪ੍ਰੀਤ ਸਿੰਘ ਅਤੇ ਕਰਨ ਬਰਾੜ ਹਨ, ਭਾਰਤੀ ਨਾਗਰਿਕ ਤੇ ਪੰਜਾਬੀ ਨੌਜਵਾਨ ਹਨ । ਉਹ ਤਿੰਨ- ਚਾਰ ਸਾਲ ਪਹਿਲਾਂ ਹੀ ਕੈਨੇਡਾ ਵਿਚ ਆਰਜੀ ਅਤੇ ਸਟੂਡੈਂਟ ਵੀਜ਼ੇ ਉਪਰ ਪੁੱਜੇ ਸਨ । ਜਾਂਚ ਟੀਮ ਪਿਛਲੇ ਕੁਝ ਮਹੀਨਿਆਂ ਤੋਂ ਇਹਨਾਂ ਸ਼ੱਕੀ ਵਿਅਕਤੀਆਂ ਦੀ ਨਿਗਰਾਨੀ ਕਰ ਰਹੀ ਸੀ। ਸ਼ੰਕਾ ਹੈ ਕਿ ਇਹਨਾਂ ਦਾ ਸਬੰਧ ਭਾਰਤ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਰੁੱਪ ਨਾਲ ਹੈ ਜਿਸਨੇ ਮਈ 2022 ਵਿਚ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਜਿੰਮੇਵਾਰੀ ਲਈ ਸੀ।
ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੇ ਕਤਲ ਉਪਰੰਤ ਕੈਨੇਡੀਅਨ ਸਿੱਖ ਸੰਸਥਾਵਾਂ ਨੇ ਇਸ ਕਤਲ ਪਿਛੇ ਭਾਰਤੀ ਏਜੰਸੀਆਂ ਦੇ ਹੱਥ ਹੋਣ ਦੇ ਦੋਸ਼ ਲਗਾਏ ਗਏ ਸਨ। ਇਸ ਉਪਰੰਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਪਾਰਲੀਮੈਂਟ ਵਿਚ ਇਕ ਬਿਆਨ ਰਾਹੀਂ ਨਿੱਝਰ ਕਤਲ ਕੇਸ ਵਿਚ ਭਾਰਤੀ ਏਜੰਸੀਆਂ ਦੇ ਹੱਥ ਹੋਣ ਦੇ ਸਬੂਤ ਮਿਲਣ ਦਾ ਦਾਅਵਾ ਕੀਤਾ ਸੀ।
ਕੈਨੇਡੀਅਨ ਪੁਲਿਸ ਵਲੋਂ ਫੜੇ ਗਏ ਕਥਿਤ ਦੋਸ਼ੀਆਂ ਖਿਲਾਫ ਪਹਿਲੇ ਦਰਜੇ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਗਾਏ ਗਏ ਹਨ ਪਰ ਉਹਨਾਂ ਦੁਆਰਾ ਕੀਤੇ ਗਏ ਕਤਲ ਦੇ ਉਦੇਸ਼ ਦਾ ਅਜੇ ਖੁਲਾਸਾ ਨਹੀ ਕੀਤਾ ਗਿਆ । ਆਰ ਸੀ ਐਮ ਪੀ ਦੇ ਸਹਾਇਕ ਕਮਿਸ਼ਨਰ ਡੇਵਿਡ ਟੇਬੋਲ ਦਾ ਕਹਿਣਾ ਹੈ ਕਿ ਕਿ ਪੁਲਿਸ ਦੁਆਰਾ ਇਕੱਠੇ ਕੀਤੇ ਸਬੂਤਾਂ ਅਤੇ ਕਤਲ ਪਿਛਲੇ ਉਦੇਸ਼ ਬਾਰੇ ਅਜੇ ਕੁਝ ਕਿਹਾ ਨਹੀ ਜਾ ਸਕਦਾ ਕਿਉਂਕਿ ਅਜੇ ਕਤਲ ਦੇ ਕਈ ਹੋਰ ਪਹਿਲੂਆਂ ਬਾਰੇ ਜਾਂਚ ਚੱਲ ਰਹੀ ਹੈ। ਪੁਲਿਸ ਅਜੇ ਇਸ ਗੱਲ ਦੀ ਕੋਈ ਪੁਸ਼ਟੀ ਨਹੀ ਕਰਦੀ ਇਹਨਾਂ ਦਾ ਭਾਰਤ ਵਿਚ ਕਿਸੇ ਗੈਂਗ ਨਾਲ ਸਬੰਧ ਹੈ ਜਾਂ ਨਹੀ। ਉਂਜ ਉਹਨਾਂ ਦਾ ਮੰਨਣਾ ਹੈ ਕਿ ਇਸ ਕੇਸ ਵਿਚ ਕਈ ਹੋਰ ਲੋਕ ਸ਼ਾਮਲ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਨਿੱਝਰ ਭਾਰਤ ਦੇ ਸੂਬੇ ਪੰਜਾਬ ਵਿਚ ਵੱਖਰੇ ਸਿੱਖ ਹੋਮਲੈਂਡ ਖਾਲਿਸਤਾਨ ਦੀ ਲਹਿਰ ਦਾ ਸਮਰਥਕ ਸੀ ਤੇ ਉਹ ਸਿਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨਾਲ ਮਿਲਕੇ ਖਾਲਿਸਤਾਨ ਰੀਫਰੈਂਡਮ ਲਈ ਸਰਗਰਮ ਸੀ। ਜਦੋਂਕਿ ਭਾਰਤ ਸਰਕਾਰ ਨੇ ਉਸਨੂੰ ਅਤਿਵਾਦੀ ਐਲਾਨ ਕਰਦਿਆਂ ਉਸ ਉਪਰ ਕਈ ਦੋਸ਼ ਲਗਾਏ ਸਨ ਤੇ ਕੌਮੀ ਜਾਂਚ ਏਜੰਸੀ ਵਲੋਂ ਉਸਦੀ ਗ੍ਰਿਫਤਾਰੀ ਲਈ ਇਨਾਮ ਵੀ ਰੱਖਿਆ ਹੋਇਆ ਸੀ। ਕੈਨੇਡੀਅਨ ਸੁਰੱਖਿਆ ਏਜੰਸੀਆਂ ਨੇ ਉਸਨੂੰ ਚੌਕਸ ਰਹਿਣ ਦੀ ਚੇਤਾਵਨੀ ਦਿੱਤੀ ਸੀ। ਪਰ ਇਸ ਦੌਰਾਨ ਉਸਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਕੈਨੇਡੀਅਨ ਪੁਲਿਸ ਨੇ ਲਗਪਗ 10 ਮਹੀਨੇ ਦੀ ਜਾਂਚ ਪੜਤਾਲ ਉਪਰੰਤ ਠੋਸ ਨਤੀਜੇ ਦਿੰਦਿਆਂ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਉਹਨਾਂ ਖਿਲਾਫ ਕਤਲ ਅਤੇ ਸਾਜਿਸ਼ ਦੇ ਦੋਸ਼ ਆਇਦ ਕਰਕੇ ਪੀੜਤ ਪਰਿਵਾਰ ਅਤੇ ਕੈਨੇਡੀਅਨ ਸਿੱਖ ਭਾਈਚਾਰੇ ਨੂੰ ਕਾਫੀ ਵੱਡੀ ਰਾਹਤ ਪਹੁੰਚਾਈ ਹੈ। ਸਿੱਖ ਸੰਸਥਾਵਾਂ ਵਲੋਂ ਕਤਲ ਦੇ ਪਹਿਲੇ ਦਿਨ ਤੋਂ ਹੀ ਸਿੱਖ ਆਗੂ ਦੀ ਹੱਤਿਆ ਤੇ ਸਾਜਿਸ਼ ਵਿਚ ਭਾਰਤੀ ਖੁਫੀਆ ਏਜੰਸੀਆਂ ਦੇ ਹੱਥ ਹੋਣ ਦੇ ਲਗਾਏ ਗਏ ਦੋਸ਼ਾਂ ਬਾਰੇ ਜਾਂਚ ਟੀਮ ਨੇ ਅਜੇ ਕੁਝ ਨਹੀ ਕਿਹਾ। ਪਰ ਇਸ ਦੌਰਾਨ ਬੀ ਸੀ ਗੁਰਦੁਆਰਾ ਕੌੰਸਲ ਅਤੇ ਸਰਕਾਰ ਦੀ ਭਾਈਵਾਲ ਪਾਰਟੀ ਐਨ ਡੀ ਪੀ ਦੇ ਆਗੂ ਜਗਮੀਤ ਸਿੰਘ ਨੇ ਭਾਰਤ ਸਰਕਾਰ ਖਿਲਾਫ ਦੋਸ਼ ਦੁਹਰਾਏ ਹਨ। ਇਸਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਕਤਲ ਪਿੱਛੇ ਭਾਰਤੀ ਏਜੰਟਾਂ ਦੇ ਹੱਥ ਹੋਣ ਬਾਰੇ ਸਪੱਸ਼ਟ ਬਿਆਨ ਦੇ ਚੁੱਕੇ ਹਨ। ਪ੍ਰਧਾਨ ਮੰਤਰੀ ਦੇ ਸਨਮਾਨਯੋਗ ਅਹੁਦੇ ਤੇ ਬਿਰਾਜਮਾਨ ਆਗੂ ਵਲੋਂ ਅਜਿਹਾ ਬਿਆਨ ਕਿਸੇ ਖੁਫੀਆ ਜਾਂ ਸੁਰੱਖਿਆ ਏਜੰਸੀਆਂ ਵਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਤੋਂ ਬਿਨਾਂ ਤਾਂ ਸੰਭਵ ਨਹੀ। ਬਹਰਹਾਲ ਕੈਨੇਡੀਅਨ ਪੁਲਿਸ ਨੇ ਕਥਿਤ ਕਾਤਲਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਜੋ ਮਾਅਰਕਾ ਮਾਰਿਆ ਹੈ, ਉਸਨੂੰ ਵੇਖਦਿਆਂ ਅਗਲੇਰੀ ਜਾਂਚ ਤੋਂ ਵੀ ਚੰਗੇਰੇ ਨਤੀਜਿਆਂ ਦੀ ਆਸ ਕਰਨੀ ਬਣਦੀ ਹੈ। ਇਸ ਘੜੀ ਕਿਸੇ ਵੀ ਸਿਆਸੀ ਆਗੂ ਵਲੋਂ ਸਿੱਧੀ ਦੂਸ਼ਣਬਾਜੀ ਕਰਨ ਦੀ ਥਾਂ ਸੁਰੱਖਿਆ ਤੇ ਖੁਫੀਆ ਏਜੰਸੀਆਂ ਤੇ ਭਰੋਸਾ ਰੱਖਣਾ ਵਧੇਰੇ ਅਹਿਮ ਹੈ।
ਇਸੇ ਦੌਰਾਨ ਫੜੇ ਗਏ ਕਾਤਲਾਂ ਦੀ ਉਮਰ, ਉਹਨਾਂ ਦਾ ਪਿਛੋਕੜ, ਪਛਾਣ ਤੇ ਉਹਨਾਂ ਦਾ ਕੈਨੇਡਾ ਵਿਚ ਇਮੀਗ੍ਰੇਸ਼ਨ ਸਟੇਟਸ ਵੇਖਦਿਆਂ ਕਈ ਸਵਾਲ ਹਨ ਜੋ ਚਿੰਤਾ ਦਾ ਵਿਸ਼ਾ ਹਨ। ਇਹ ਤਿੰਨੇ ਨੌਜਵਾਨ ਕੈਨੇਡਾ ਵਿਚ ਤਿੰਨ ਚਾਰ ਸਾਲ ਪਹਿਲਾਂ ਹੀ ਆਰਜੀ ਤੇ ਸਟੂਡੈਂਟ ਵੀਜੇ ਉਪਰ ਪੁੱਜੇ ਸਨ। ਦੋ ਨੌਜਵਾਨ ਕੇਵਲ 22 ਸਾਲ ਦੀ ਉਮਰ ਦੇ ਭਾਵ ਜਦੋਂ ਉਹ ਪਹਿਲੀ ਵਾਰ ਕੈਨੇਡਾ ਪੁੱਜੇ ਸਨ ਤਾਂ ਕੇਵਲ 18 ਕੁ ਸਾਲ ਦੇ ਸਨ। ਪੁਲਿਸ ਕੋਲ ਉਹਨਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀ ਹੈ। ਸੰਭਵ ਹੈ ਕਿ ਉਹ ਕੈਨੇਡਾ ਵਿਚ ਰਹਿੰਦਿਆਂ ਹੀ ਕਿਸੇ ਗੈਂਗਸਟਰ ਗਰੁੱਪ ਦੇ ਸੰਪਰਕ ਵਿਚ ਆਏ ਹੋਣਗੇ । 28 ਸਾਲ ਦਾ ਇਕ ਤੀਸਰਾ ਨੌਜਵਾਨ ਜੋ ਕੈਨੇਡਾ ਆਉਣ ਤੋਂ ਪਹਿਲਾਂ ਦੁਬਈ ਵਿਚ ਡਰਾਈਵਰ ਸੀ, ਦਾ ਸਬੰਧ, ਹੋ ਸਕਦਾ ਹੈ ਕੈਨੇਡਾ ਆਉਣ ਤੋਂ ਪਹਿਲਾਂ ਕਿਸੇ ਅਪਰਾਧਿਕ ਗਰੁੱਪ ਨਾਲ ਹੋਵੇ। ਕੈਨੇਡਾ ਇਮੀਗ੍ਰੇਸ਼ਨ ਲਈ ਕਿਸੇ ਅਪਰਾਧਿਕ ਪਿਛੋਕੜ ਵਾਲੇ ਵਿਅਕਤੀ ਨੂੰ ਪੁਲਿਸ ਕਲੀਰਐਂਸ ਮਿਲਣਾ, ਭ੍ਰਿਸ਼ਟ ਤੰਤਰ ਦਾ ਹੀ ਕਮਾਲ ਹੋ ਸਕਦਾ ਹੈ। ਦੋ ਨੌਜਵਾਨ ਸਟੂਡੈਂਟ ਵੀਜੇ ਉਪਰ ਸਨ ਪਰ ਉਹਨਾਂ ਨੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿਚ ਪ੍ਰਵੇਸ਼ ਨਹੀ ਕੀਤਾ। ਸਟੂਡੈਂਟ ਵੀਜਾ ਲੈਣ ਲਈ ਆਈਲੈਟਸ ਦੇ ਘੱਟੋ ਘੱਟ ਸਾਢੇ 6 ਅਕਾਦਮਿਕ ਬੈਂਡ ਜੂਰਰੀ ਹਨ। ਸੰਭਵ ਹੈ ਕਿ ਪੰਜਾਬ ਵਿਚ ਧੜੱਲੇ ਨਾਲ ਚੱਲ ਰਹੇ ਕਿਸੇ ਆਈਲੈਟਸ ਸੈਂਟਰ ਵਲੋਂ ਹੀ ਉਹਨਾਂ ਲਈ ਆਈਲੈਟਸ ਬੈਂਡ ਦਾ ਪ੍ਰਬੰਧ ਕੀਤਾ ਹੋਵੇਗਾ ਤੇ ਇਵੇਂ ਹੀ ਕਿਸੇ ਫਰਾਡ ਇਮੀਗ੍ਰੇਸ਼ਨ ਸਲਾਹਕਾਰ ਵਲੋਂ ਉਹਨਾਂ ਦੀਆਂ ਫਾਈਲਾਂ ਨੂੰ ਹਰ ਪੱਖੋ ਯੋਗ ਬਣਾਇਆ ਹੋਵੇਗਾ। ਸਮਝਣਾ ਬਣਦਾ ਹੈ ਕਿ ਸਟੂਡੈਂਟ ਵੀਜੇ ਉਪਰ ਕੈਨੇਡਾ ਪੁੱਜਣ ਵਾਲੇ ਕਿੰਨੇ ਅਜਿਹਾ ਵਿਦਿਆਰਥੀ ਹੋਣਗੇ ਜੋ ਇਥੇ ਆਕੇ ਕਿਸੇ ਸਿੱਖਿਆ ਸੰਸਥਾ ਦਾ ਮੂੰਹ ਵੀ ਨਹੀ ਵੇਖਦੇ । ਸਟੂਡੈਂਟ ਵੀਜੇ ਉਪਰ ਕੈਨੇਡਾ ਆਏ ਨੌਜਵਾਨਾਂ ਦਾ ਕਿਸੇ ਸਿੱਖਿਆ ਸੰਸਥਾ ਵਿਚ ਪੜਨ ਦੀ ਬਿਜਾਏ ਕਿਸੇ ਗੰਭੀਰ ਅਪਰਾਧ ਵਿਚ ਸ਼ਾਮਲ ਹੋਣਾ, ਸਰਕਾਰ ਦੀ ਸਟੱਡੀ ਵੀਜਾ ਨੀਤੀ ਦੇ ਨੁਕਸਦਾਰ ਹੋਣ ਵੱਲ ਵੀ ਇਸ਼ਾਰਾ ਕਰਦਾ ਹੈ।
ਪਿਛਲੇ ਸਮੇਂ ਅੰਦਰ ਪੰਜਾਬੀ ਭਾਈਚਾਰੇ ਦੇ ਕੈਨੇਡੀਅਨ ਕਾਰੋਬਾਰੀਆਂ ਨੂੰ ਫਿਰੌਤੀ ਲਈ ਧਮਕੀ ਪੱਤਰਾਂ ਦੀ ਵੀ ਕਾਫੀ ਚਰਚਾ ਰਹੀ ਹੈ। ਕੁਝ ਕਾਰੋਬਾਰੀਆਂ ਦੇ ਘਰਾਂ ਉਪਰ ਗੋਲੀਬਾਰੀ ਹੋਣ ਅਤੇ ਕਈਆਂ ਤੋਂ ਫਿਰੌਤੀਆਂ ਉਗਰਾਹੁਣ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ। ਅਜਿਹੀਆਂ ਘਟਨਾਵਾਂ ਦੇ ਵੱਡੇ ਪੱਧਰ ਤੇ ਵਾਪਰਨ ਤੋਂ ਸੁਰੱਖਿਆ ਏਜੰਸੀਆਂ ਇਨਕਾਰੀ ਹੋ ਸਕਦੀਆਂ ਹਨ ਪਰ ਹੁਣ ਅਜਿਹੇ ਕਾਤਲ ਲੁਟੇਰਿਆਂ ਦੀ ਪਛਾਣ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਹਨਾਂ ਘਟਨਾਵਾਂ ਦੀ ਚਰਚਾ ਕੇਵਲ ਅਫਵਾਹਾਂ ਨਹੀ ਸਨ। ਜਾਂਚ ਏਜੰਸੀ ਨੇ ਭਾਵੇਂਕਿ ਨਿਝਰ ਦੇ ਕਥਿਤ ਕਾਤਲਾਂ ਦੇ ਕਿਸੇ ਵਿਦੇਸ਼ੀ ਅਪਰਾਧੀ ਗਰੁੱਪ ਨਾਲ ਸਾਂਝ ਹੋਣ ਦੇ ਸਬੂਤਾਂ ਦਾ ਖੁਲਾਸਾ ਨਹੀ ਕੀਤਾ ਪਰ ਸੋਸ਼ਲ ਮੀਡੀਆ ਉਪਰ ਬਿਸ਼ਨੋਈ, ਬੰਬੀਹਾ ਤੇ ਗੋਲਡੀ ਬਰਾੜ ਜਿਹੇ ਅਪਰਾਧੀਆਂ ਦੀਆਂ ਪੋਸਟਾਂ ਉਹਨਾਂ ਦੇ ਕੌਮਾਂਤਰੀ ਪੱਧਰ ਤੇ ਆਤੰਕੀ ਪ੍ਰਭਾਵ ਦਾ ਸਹਿਜੇ ਹੀ ਸੱਚ ਸਪੱਸ਼ਟ ਕਰਦੀਆਂ ਹਨ। ਭਾਈ ਨਿੱਝਰ ਦੇ ਕਤਲ ਪਿੱਛੇ ਕਿਸੇ ਧਿਰ ਜਾਂ ਉਦੇਸ਼ ਦਾ ਖੁਲਾਸਾ ਹੋਣਾ ਭਾਵੇਂ ਅਜੇ ਬਾਕੀ ਹੈ ਪਰ ਪੰਜਾਬੀ ਪਿਛੋਕੜ ਵਾਲੇ ਕਾਤਲਾਂ ਦੀਆਂ ਤਸਵੀਰਾਂ ਇਹ ਕਹਿਣ ਲਈ ਕਾਫੀ ਹਨ ਕਿ ਪੈਸੇ ਜਾਂ ਲਾਲਚ ਤਹਿਤ ਖਾਨਾਬਦੋਸ਼ ਸ਼ੂਟਰ ਤੋਂ ਬਿਨਾਂ ਸਾਡੇ ਆਪਣੇ ਸਮਾਜ ਚੋ ਵੀ ਕਿਸੇ ਨੂੰ ਵਰਗਲਾਇਆ ਜਾ ਸਕਦਾ ਹੈ।
ਵਿਕਸਿਤ ਤੇ ਅਮੀਰ ਮੁਲਕਾਂ ਵਿਚ ਜਿਥੇ ਕਨੂੰਨ ਦੇ ਸ਼ਾਸਨ ਦੀ ਗੱਲ ਉਪਰ ਯਕੀਨ ਕੀਤਾ ਜਾਂਦਾ ਹੈ, ਅਜਿਹੇ ਮੁਲਕਾਂ ਵਿਚ ਵੀ ਬੀਮਾਰ ਤੇ ਅਪਰਾਧਿਕ ਸੋਚ ਦਾ ਖਰੂਦ ਪੰਜਾਬੀ ਸਮਾਜ ਦੀ ਅਜ਼ਮਤ ਨੂੰ ਦਾਗਦਾਰ ਕਰਨ ਦੇ ਨਾਲ ਆਪਾ ਚੀਨਣ ਵਾਲਾ ਵੀ ਹੈ।