Headlines

ਵਾਈਟਰੌਕ ਵਾਟਰ ਫਰੰਟ ਤੇ ਕਾਮਾਗਾਟਾਮਾਰੂ ਇਤਿਹਾਸਕ ਪੈਨਲ ਲਗਾਉਣ ਦੀ ਮਨਜੂਰੀ

ਵੈਨਕੂਵਰ ( ਦੇ ਪ੍ਰ ਬਿ)-ਵਾਈਟ ਰੌਕ ਸਿਟੀ ਕੌਂਸਲ ਨੇ  1914 ਦੀ ਕਾਮਾਗਾਟਾਮਾਰੂ ਘਟਨਾ ਦੀ ਯਾਦ ਵਿੱਚ, ਵਾਟਰ ਫਰੰਟ ‘ਤੇ ਇਸ ਘਟਨਾ ਦੇ ਇਤਿਹਾਸ ਦੇ ਵਿਖਿਆਨ ਬਾਰੇ ਪੈਨਲ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ।
ਇਸ ਸਬੰਧੀ ਕਾਮਾਗਾਟਾਮਾਰੂ ਸੁਸਾਇਟੀ ਦੇ ਬੁਲਾਰੇ ਰਾਜ ਸਿੰਘ ਤੂਰ ਨੇ ਦੇਸ ਪ੍ਰਦੇਸ ਟਾਈਮਜ਼ ਨੂੰ ਭੇਜੀ ਇਕ ਜਾਣਕਾਰੀ ਵਿਚ ਦੱਸਿਆ ਹੈ ਕਿ ਉਹਨਾਂ ਨੇ 17 ਦਸੰਬਰ, 2019 ਨੂੰ ਸਿਟੀ ਆਫ ਵਾਈਟ ਰੌਕ ਦੀ ਮੇਅਰ ਅਤੇ ਕੌਂਸਲ ਨੂੰ ਕਾਮਾਗਾਟਾ ਮਾਰੂ ਯਾਤਰੀਆਂ ਨੂੰ ਮਾਨਤਾ ਦੇਣ ਲਈ ਬੇਨਤੀ ਕੀਤੀ ਸੀ। ਇਸ ਸਬੰਧੀ 16 ਅਕਤੂਬਰ, 2023 ਨੂੰ ਕੌਂਸਲ ਵਿਚ ਮਤਾ ਪੇਸ਼ ਕੀਤਾ ਗਿਆ। ਜਿਸ ਉਪਰੰਤ ਕੌਂਸਲ ਨੇ  ਸਿਟੀ ਸਟਾਫ ਨੂੰ ਮਤੇ ਨੂੰ ਵਿਚਾਰਨ ਲਈ ਭੇਜਿਆ  ਤੇ  ਸਿਫ਼ਾਰਸ਼ਾਂ ਮੰਗੀਆਂ।

ਸਿਟੀ ਸਟਾਫ ਨੇ 29 ਅਪ੍ਰੈਲ, 2024 ਨੂੰ ਕਾਮਾਗਾਟਾਮਾਰੂ ਯਾਤਰੀਆਂ ਦੀ ਪਛਾਣ ਲਈ ਸਿਫ਼ਾਰਸ਼ਾਂ ਪੇਸ਼ ਕੀਤੀਆਂ। ਇਸ ਉਪਰੰਤ ਕੌਂਸਲ ਨੇ ਕਾਮਾਗਾਟਾ ਮਾਰੂ ਯਾਤਰੀਆਂ ਨੂੰ ਮਾਨਤਾ ਦੇਣ ਲਈ ਸਿਟੀ ਆਫ ਵਾਈਟ ਰੌਕ ਵਿੱਚ ਵਾਟਰਫਰੰਟ ਉੱਤੇ ਹੈਰੀਟੇਜ ਕਾਮਾਗਾਟਾਮਾਰੂ ਸਟੋਰੀ ਬੋਰਡ ਨੂੰ ਮਨਜ਼ੂਰੀ ਦੇ ਦਿੱਤੀ। ਕੌਂਸਲ ਨੂੰ ਦੱਸਿਆ ਗਿਆ ਕਿ  1914 ਦੀਆਂ ਗਰਮੀਆਂ ਦੌਰਾਨ ਬੀ ਸੀ ਦੇ ਸਾਰੇ ਸਿੱਖਾਂ ਲਈ ਕਾਮਾਗਾਟਾ ਮਾਰੂ ਦੇ ਯਾਤਰੀਆਂ ਦੀ ਸਹਾਇਤਾ ਕਰਨਾ  ਇੱਕ ਵੱਡੀ ਚਿੰਤਾ ਸੀ।  ਉਸ ਸਮੇਂ  ਕੁਝ ਸਿੱਖ ਵ੍ਹਾਈਟ ਰੌਕ ਵਿਚ ਵੀ ਰਹਿੰਦੇ ਸਨ ਜਿਹਨਾਂ ਨੇ ਕਾਮਾਗਾਟਾਮਾਰੂ ਦੇ ਯਾਤਰੀਆਂ ਲਈ ਭੋਜਨ, ਪਾਣੀ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ । ਕਾਮਾਗਾਟਾਮਾਰੂ ਜਹਾਜ਼ ਦੀ ਲੀਜ਼ ਵਿਚ ਵੀ  ਯੋਗਦਾਨ ਪਾਇਆ ਤਾਂ ਜੋ ਇਸ ਨੂੰ ਵਾਪਸ ਨਾ ਭੇਜਿਆ ਜਾ ਸਕੇ।

1914 ਦੀ ਕਾਮਾਗਾਟਾਮਾਰੂ ਘਟਨਾ ਦਾ ਵਾਈਟ ਰੌਕ ਨਾਲ ਇਤਿਹਾਸਕ ਸਬੰਧ ਮੰਨਦਿਆਂ ਕੌਂਸਲ  ਨੇ ਇਸ ਸਬੰਧੀ ਵਾਟਰਫਰੰਟ ਉੱਤੇ ਇੱਕ ਵਿਆਖਿਆਤਮਕ ਇਤਿਹਾਸ ਪੈਨਲ ਲਗਾਉਣ  ਦਾ ਫੈਸਲਾ ਕੀਤਾ ਹੈ।

ਕੌਂਸਲ ਦੇ ਇਸ ਇਤਿਹਾਸਕ ਫੈਸਲੇ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਰਾਜ ਸਿੰਘ ਤੂਰ ਨੇ ਕਿਹਾ ਕਿ ਇਹ ਉਨ੍ਹਾਂ ਯਾਤਰੀਆਂ ਨੂੰ ਬਹੁਤ ਵੱਡੀ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਇਸ ਦੁਖਾਂਤ ਦੌਰਾਨ ਬਹੁਤ ਦੁੱਖ ਝੱਲੇ। ਉਹਨਾਂ ਵੱਖਰੇ ਤੌਰ ਤੇ ਵਾਈਟ ਰੌਕ ਦੀ ਮੇਅਰ ਮੇਗਨ ਨਾਈਟ, ਕੌਂਸਲਰਾਂ ਅਤੇ ਸਿਟੀ ਸਟਾਫ ਦਾ ਧੰਨਵਾਦ ਕੀਤਾ ਹੈ।