Headlines

ਪਰ ਐਤਕੀਂ ਉਹ ਨਹੀਂ ਆਇਆ…

ਡਾ ਗੁਰਪ੍ਰੀਤ ਸਿੰਘ ਲਾਡੀ,ਸੀਨੀਅਰ ਉਪ ਸੰਪਾਦਕ ਪੰਜਾਬੀ ਜਾਗਰਣ ਦੇ ਸਦੀਵੀ ਵਿਛੋੜੇ ਤੇ ਵਿਸ਼ੇਸ਼-

ਅਸ਼ੋਕ ਕੁਮਾਰ-

ਇਹ ਪਹਿਲੀ ਵਾਰ ਨਹੀਂ ਸੀ| ਇਸ ਤੋਂ ਪਹਿਲਾਂ ਵੀ ਉਹ ਬਿਮਾਰ ਹੁੰਦਾ ਸੀ| ਇਕ-ਦੋ ਦਿਨ, ਚਾਰ ਦਿਨ ਜਾਂ ਹਫ਼ਤੇ ਬਾਅਦ ਸਿਹਤਯਾਬ ਹੋ ਕੇ ਪਰਤ ਆਉਂਦਾ| ਫਿਰ ਦੋ-ਤਿੰਨ ਮਹੀਨੇ ਠੀਕ-ਠਾਕ ਲੰਘ ਜਾਂਦੇ| ਪਰ ਪਿਛਲੇ ਛੇ ਕੁ ਮਹੀਨਿਆਂ ਤੋਂ ਉਸਦੀਆਂ ਬਿਮਾਰੀ ਦੀਆਂ ਛੁੱਟੀਆਂ ਲੰਬੀਆਂ ਹੋਣ ਲੱਗ ਪਈਆਂ ਸਨ| 15 ਦਿਨਾਂ ਤੋਂ ਗੱਲ ਟੱਪ ਕੇ ਮਹੀਨੇ-ਡੇਢ ਮਹੀਨੇ ਤੱਕ ਜਾ ਪੁੱਜੀ ਸੀ| ਇਸ ਦੌਰਾਨ ਉਹ ਕੁਝ ਦਿਨ ਪੀਜੀਆਈ ਤੇ ਕੁਝ ਦਿਨ ਜਲੰਧਰ ਦੇ ਇਕ ਹਸਪਤਾਲ ’ਚ ਵੀ ਰਹਿ ਆਇਆ| ਉਸ ਨੂੰ ਸਾਹ ਬਹੁਤ ਚੜ੍ਹਣ ਲੱਗ ਗਿਆ ਸੀ| ਪਹਿਲਾਂ ਡਾਕਟਰਾਂ ਨੇ ਸਰੀਰ ’ਚ ਕਾਰਬਨਡਾਈਆਕਸਾਈਡ ਦੀ ਮਾਤਰਾ ਜ਼ਿਆਦਾ ਦੱਸੀ| ਫਿਰ ਪੇਟ ’ਚ ਪਾਣੀ ਭਰਨ ਲੱਗ ਗਿਆ| ਪੀਜੀਆਈ ਤੋਂ ਇਲਾਜ ਕਰਵਾਇਆ| ਠੀਕ ਹੋਣ ਲੱਗ ਪਿਆ ਸੀ ਕਿ ਪੈਰ ਦੀ ਇਕ ਉਂਗਲ ਖ਼ਰਾਬ ਹੋ ਗਈ| ਸ਼ੂਗਰ ਕਰਕੇ ਉਹ ਵੱਢਣੀ ਪੈ ਗਈ| ਚੱਲਣ ਜੋਗਾ ਹੋਇਆ ਤਾਂ ਇਕ-ਦੋ ਦਿਨ ਦਫ਼ਤਰ| ਮਹੀਨੇ ਕੁ ਤੋਂ ਉਹ ਛੁੱਟੀ ’ਤੇ ਸੀ| ਕਦੀ ਹਸਪਤਾਲ ਤੇ ਕਦੀ ਘਰ| ਪਿਛਲੇ ਹਫ਼ਤੇ ਮਿਲਣ ਗਿਆ ਤਾਂ ਕਹਿੰਦਾ, ‘ਭਾਜੀ, ਘਰ ਦਿਲ ਨਹੀਂ ਲੱਗਦਾ| ਡਿਪ੍ਰੈਸ਼ਨ ਹੋ ਜਾਂਦੈ, ਮੈਂ ਇਕ ਦੋ ਦਿਨਾਂ ’ਚ ਦਫ਼ਤਰ ਆ ਜਾਣੈ, ਬਸ ਥੋੜ੍ਹਾ ਤੁਰਨ ਜੋਗਾ ਹੋ ਜਾਵਾਂ…|’

‘ਡਾਕਟਰ ਸਾਬ੍ਹ, ਕਾਹਲੀ ਨਾ ਕਰਿਓ, ਪਹਿਲਾਂ ਚੰਗੀ ਤਰ੍ਹਾਂ ਠੀਕ ਹੋ ਜਾਓ|’ ਕਹਿ ਕੇ ਮੈਂ ਉਸ ਦੇ ਛੇਤੀ ਦਫ਼ਤਰ ਆਉਣ ਦੀ ਆਸ ਲਾ ਕੇ ਪਰਤ ਆਇਆ|

26 ਅਪ੍ਰੈਲ ਨੂੰ ਦਫ਼ਤਰ ਜਾਣ ਤੋਂ ਪਹਿਲਾਂ ਉਸ ਨੂੰ ਮਿਲਣ ਜਾਣ ਲਈ ਤਿਆਰ ਹੋ ਰਿਹਾ ਸੀ ਕਿ ਇਕ ਸਹਿਕਰਮੀ ਦਾ ਫੋਨ ਆ ਗਿਆ| ਚੁੱਕਿਆ… ‘ਭਾਜੀ, ਭਲਾ ਡਾਕਟਰ ਲਾਡੀ ਦੀ ਡੈਥ ਹੋ ਗਈ ਏ ?’ ਮੇਰੇ ਹੈਲੋ ਕਹਿਣ ਤੋਂ ਵੀ ਪਹਿਲਾਂ ਉਸ ਦਾ ਇਹ ਸਵਾਲ ਠਾਹ ਕਰ ਕੇ ਵੱਜਾ| ਕੁਝ ਸਕਿੰਟਾਂ ਦੀ ਚੁੱਪ ਮਗਰੋਂ ਮੇਰੇ ਮੂਹੋਂ ਸਿਰਫ਼ ਏਨਾ ਨਿਕਿਲਆ, ‘ਪਤਾ ਕਰਦਾਂ’| ਨਿਊਜ਼ ਐਡੀਟਰ ਸੁਸ਼ੀਲ ਖੰਨਾ ਜੀ ਨੂੰ ਫੋਨ ਕੀਤਾ| ਭਾਣਾ ਵਰਤ ਚੁੱਕਾ ਸੀ| ਸਾਡਾ ਸਹਿਕਰਮੀ, ਡਾ. ਗੁਰਪ੍ਰੀਤ ਸਿੰਘ ਲਾਡੀ ਜਹਾਨੋਂ ਕੂਚ ਕਰ ਗਿਆ ਸੀ| ਮੈਂ ਉਸੇ ਵੇਲੇ ਘਰ ਗਿਆ ਤਾਂ ਉਸ ਨੂੰ ਜ਼ਮੀਨ ’ਤੇ ਪਿਆ ਦੇਖ ਕੇ ਯਕੀਨ ਨਹੀਂ ਸੀ ਹੋ ਰਿਹਾ| ਪਹਿਲਾਂ ਹੀ ਰੋ-ਰੋ ਕੇ ਬੇਹਾਲ ਉਸ ਦੀ ਪਤਨੀ ਨੇ ਮੇਰੇ ਵੱਲ ਦੇਖ ਕੇ, ਜ਼ਮੀਨ ’ਤੇ ਪਏ ਲਾਡੀ ਦਾ ਸਿਰ ਹਿਲਾ ਕੇ ਕਿਹਾ, ‘ਅਸ਼ੋਕ ਭਾਜੀ ਆਏ ਨੇ, ਤੁਹਾਨੂੰ ਦਫ਼ਤਰ ਲਿਜਾਣ| ਉਠੋ, ਜਾਓ ਦਫ਼ਤਰ| ਭਾਜੀ ਏਨਾ ਨੂੰ ਉਠਾਓ, ਦਫ਼ਤਰ ਲੈ ਕੇ ਜਾਓ|’ ਪਰ ਹੁਣ ਕੌਣ ਜਾ ਸਕਦਾ ਸੀ ਤੇ ਕੌਣ ਲਿਜਾ ਸਕਦਾ ਸੀ!

ਲਾਡੀ ਨਾਲ ਮੇਰੀ ਪਹਿਲੀ ਮੁਲਾਕਾਤ ਜੂੂਨ 2011 ’ਚ ਪੰਜਾਬੀ ਜਾਗਰਣ ਦੇ ਸ਼ੁਰੂ ਹੋਣ ’ਤੇ ਹੋਈ| ਮੇਰੇ ਜੁਆਇਨ ਕਰਨ ਤੋਂ ਕੋਈ ਵੀਹ ਕੁ ਦਿਨ ਬਾਅਦ ਉਸ ਨੇ ਜੁਆਇਨ ਕੀਤਾ ਸੀ| ਪਹਿਲੇ ਦਿਨ ਤੋਂ ਹੀ ਉਸ ਦੀ ਸੀਟ ਹਮੇਸ਼ਾ ਮੇਰੇ ਨਾਲ ਰਹੀ| ਕਦੀ ਸੱਜੇ ਤੇ ਕਦੀ ਖੱਬੇ| ਮੈਂ ਉਸ ਨਾਲ ਰੋਜ਼ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨਾਲੋਂ ਵੱਧ ਸਮਾਂ ਬਤਾਇਆ| ਰੋਜ਼ਾਨਾ ਕਰੀਬ 8-9 ਘੰਟੇ| ਖ਼ਬਰਾਂ ਦਾ ਸੰਪਾਦਨ, ਅਨੁਵਾਦ ਕਰਦਿਆਂ, ਪੇਜ ਤਿਆਰ ਕਰਵਾਉਂਦਿਆਂ ਭਾਸ਼ਾ, ਕੰਟੈਂਟ, ਸ਼ਬਦਾਂ ਦੇ ਅਰਥਾਂ ਤੇ ਜੋੜਾਂ ’ਤੇ ਕਈ ਵਾਰ ਬਹਿਸ ਹੋ ਜਾਂਦੀ| ਕੰਮ ਦੀ ਵੰਡ ਨੂੰ ਲੈ ਕੇ ਵੀ ਇਕ ਦੂਜੇ ਨਾਲ ਤਲਖ਼ ਹੋ ਜਾਂਦੇ ਪਰ ਇਸ ਸਭ ਦਾ ਅਖ਼ਬਾਰ ਦੇ ਆਖ਼ਰੀ ਐਡੀਸ਼ਨ ਜਾਣ ਦੇ ਨਾਲ ਹੀ ਭੋਗ ਪੈ ਜਾਂਦਾ| ਦੂਜੇ ਦਿਨ ਸ਼ਾਮ ਨੂੰ ਦਫ਼ਤਰ ਪੁੱਜਦੇ ਹੀ ‘ਸਾਸਰੀਕਾਲ ਡਾਕਟਰ ਸਾਬ੍ਹ’, ‘ਸਾਸਰੀਕਾਲ ਅਸ਼ੋਕ ਭਾਜੀ’ ਕਹਿ ਕੇ ਸੀਟਾਂ ’ਤੇ ਬੈਠ ਜਾਂਦੇ| ਰਾਤ ਦੋ ਵਜੇ ਇਕੱਠੇ ਦਫ਼ਤਰੋਂ ਨਿਕਲਦੇ| ਉਹ ਮੇਰੇ ਘਰ ਤੋਂ ਕੋਈ ਡੇਢ-ਦੋ ਕਿਲੋਮੀਟਰ ਅੱਗੇ ਜਾਂਦਾ|

ਕੰਮ ਤੋਂ ਇਲਾਵਾ ਵੀ ਸਾਡੇ ਕੋਲ ਗੱਲਾਂ ਕਰਨ ਲਈ ਬਹੁਤ ਕੁਝ ਸੀ| ਕਈ ਜਾਣੂੰ ਸਾਂਝੇ ਤੇ ਮਿੱਤਰ ਸਾਂਝੇ ਸਨ| ਸੂਫੀ ਕਾਵਿ ਸੀ, ਜਿਸ ’ਚ ਉਸ ਨੇ ਪੀ ਐਚ ਡੀ ਕੀਤੀ ਸੀ| ਅਚਾਰੀਆ ਰਜਨੀਸ਼, ਜਿਸ ਦਾ ਉਹ ਸੰਨਿਆਸੀ ਸੀ ਤੇ ਸ਼ਾਇਰੀ| ਉਹ ਆਪ ਵੀ ਗ਼ਜ਼ਲ ਲਿਖਦਾ ਸੀ| ਰਾਤ ਅਖ਼ਬਾਰ ਦੇ ਕੰਮ ਤੋਂ ਥੋੜ੍ਹੀ ਫੁਰਸਤ ਮਿਲਦੀ ਤਾਂ ਉਹ ਸ਼ੇਅਰ ਸੁਣਾਉਂਦਾ| ਰੂਹਾਨੀਅਤ, ਸੂਫ਼ੀਵਾਦ ਬਾਰੇ ਗੱਲਾਂ ਕਰਦਾ| ਤਰਨਤਾਰਨ ਦੀਆਂ ਅੱਤਵਾਦ ਦੇ ਦੌਰ ਦੀਆਂ ਘਟਨਾਵਾਂ ਸੁਣਾਉਂਦਾ| ਉਸ ਦੀਆਂ ਗੱਲਾਂ ਕਹਾਣੀਆਂ ਵਰਗੀਆਂ ਹੁੰਦੀਆਂ| ਗੱਲਾਂ ਕਰਦਾ-ਕਰਦਾ ਉਹ ਆਪ ਵੀ ਕਹਾਣੀ ਦਾ ਪਾਤਰ ਲੱਗਦਾ|

ਲਾਡੀ ਤਰਨ ਤਾਰਨ ਦਾ ਜੰਮਪਲ ਸੀ| ਉਸ ਦੇ ਪਿਤਾ ਨੇ ਏਅਰਫੋਰਸ ’ਚੋਂ ਸੇਵਾਮੁਕਤ ਹੋ ਕੇ ਸਪੇਅਰ ਪਾਰਟਸ ਦੀ ਦੁਕਾਨ ਖੋਲ੍ਹ ਲਈ ਤਾਂ ਸਕੂਲ ਤੋਂ ਬਾਅਦ ਲਾਡੀ ਨੂੰ ਦੁਕਾਨ ਨਾਲ ਬਿਠਾ ਲਿਆ| ਉਸ ਨੇ ਆਪਣੀ ਉਚੇਰੀ ਸਿਖਿਆ ਦੁਕਾਨ ’ਤੇ ਬੈਠ ਕੇ ਪੂਰੀ ਕੀਤੀ| ਜਦੋਂ ਮਨ ਦੁਕਾਨ ਤੋਂ ਉਕਤਾ ਗਿਆ ਤਾਂ ਜਲੰਧਰ ਆ ਗਿਆ| ਰੋਜ਼ਾਨਾ ਅਜੀਤ ਅਖ਼ਬਾਰ ’ਚ ਉਪ ਸੰਪਾਦਕ ਲੱਗ ਗਿਆ| ਉਥੇ ਕਰੀਬ ਦਸ ਸਾਲ ਨੌਕਰੀ ਮਗਰੋਂ ਪੰਜਾਬੀ ਜਾਗਰਣ ’ਚ ਆਇਆ ਸੀ| ਉਸ ਕੋਲ ਸਾਡੇ ਸਾਰੇ ਸਟਾਫ ਨਾਲੋਂ ਵੱਧ ਡਿਗਰੀਆਂ ਸਨ| ਉਸ ਨੇ ਐਮ ਏ ਪੰਜਾਬੀ, ਐਮ ਏ ਪੱਤਰਕਾਰੀ ਤੇ ਪੀ ਐਚ ਡੀ ਕੀਤੀ ਹੋਈ ਸੀ| ਉਰਦੂ ਉਸ ਨੇ ਇਕ ਮੌਲਵੀ ਕੋਲੋਂ ਸਿੱਖੀ ਸੀ| ਮੌਲਵੀ ਨੇ ਉਰਦੂ ਲਫ਼ਜ਼ਾਂ ਦੇ ਨੁਕਤੇ ਉਸ ਦੇ ਦਿਮਾਗ਼ ’ਚ ਫਿੱਟ ਕਰ ਦਿੱਤੇ ਸਨ| ਇਸ ਲਈ ਅਖ਼ਬਾਰ ’ਚ ਉਰਦੂ ਫ਼ਾਰਸੀ ਦਾ ਕੋਈ ਵੀ ਨੁਕਤੇ ਵਾਲਾ ਹਰਫ਼ ਬਗ਼ੈਰ ਨੁਕਤੇ ਤੋਂ ਨਹੀਂ ਸੀ ਜਾਣ ਦਿੰਦਾ| ਉਸ ਦੀ ਨਜ਼ਰ ਸਟੀਕ ਉਥੇ ਹੀ ਪੈਂਦੀ ਜਿੱਥੇ ਨੁਕਤੇ ਦੀ ਲੋੜ ਹੁੰਦੀ ਪਰ ਉਹ ਨਾ ਪਿਆ ਹੁੰਦਾ| ਉਹ ਫੱਟ ਆਖ਼ਦਾ, ‘ਇਹ ਮਿਜ਼ਾਜ ’ਚ ਬਿੰਦੀ ਕਿਉਂ ਨਹੀਂ ਪਾਈ| ਮਿਜਾਜ ਨਹੀਂ ਮਿਜ਼ਾਜ ਹੁੰਦਾ ਏ. . .’| ਫਿਰ ਆਪਣੇ ਬਟੂਏ ’ਚੋਂ ਇਕ ਪਰਚੀ ਕੱਢ ਕੇ ਦਿਖਾਉਂਦਾ, ਜਿਸ ’ਤੇ ਸ਼ਾਹਮੁਖੀ ਤੇ ਗੁਰਮੁਖੀ ’ਚ ਕਈ ਲਫ਼ਜ਼ ਲਿਖੇ ਹੁੰਦੇ| ਦਫ਼ਤਰ ਦੇ ਸਾਰੇ ਸਾਥੀ ਲਾਡੀ ਨੂੰ ਹਾਸੇ ਨਾਲ ‘ਬਿੰਦੀਆਂ ਦਾ ਬਾਦਸ਼ਾਹ’ ਆਖ਼ਦੇ| ਪਰ ਉਹ ਇਕ ਅੱਧੀ ਵਾਰ ਨੂੰ ਛੱਡ ਕੇ ਆਪਣਾ ਇਹ ਨਾਂ ਸੁਣ ਕੇ ਖ਼ੁਸ਼ ਹੀ ਹੁੰਦਾ| ਉਹ ਹਰੇਕ ਸ਼ਬਦ ਦਾ ਪੰਜਾਬੀਕਰਨ ਕਰਨਾ ਚਾਹੁੰਦਾ| ਮੈਂ ਨਿੱਜੀ ਤੌਰ ’ਤੇ ਇਸ ਦਾ ਵਿਰੋਧੀ ਸੀ| ਕਈ ਵਾਰ ਬਹਿਸ ਹੰਦੀ| ਪਰ ਉਹ ਅੜਿਆ ਰਹਿੰਦਾ ਤੇ ਮੈਂ ਹਥਿਆਰ ਸੁੱਟ ਦਿੰਦਾ|

ਡਾ. ਲਾਡੀ ਦੀ ਉਮਰ ਪੰਜਾਹ ਸਾਲ ਦੀ ਹੋ ਚੁੱਕੀ ਸੀ ਪਰ ਉਸ ਦੇ ਅੰਦਰ ਇਕ ਬੱਚਾ ਸੀ| ਕੋਈ ਨਵਾਂ ਕੱਪੜਾ ਖ਼ਰੀਦਦਾ,ਜੁੱਤੀ, ਚਸ਼ਮਾ ਜਾਂ ਕੋਈ ਪੈੱਨ ਨਵਾਂ ਲੈਂਦਾ ਤਾਂ ਆ ਕੇ ਬੜੇ ਚਾਅ ਨਾਲ ਦੱਸਦਾ| ਇੰਟਰਨੈਟ ’ਤੇ ਦੇਖੀ ਫਿਲਮ, ਡਾਕੂਮੈਂਟਰੀ ਜਾਂ ਇੰਟਰਵਿਊ ਦੀ ਸਾਰੀ ਕਥਾ ਦੂਜੇ ਦਿਨ ਆ ਕੇ ਸੁਣਾਉਂਦਾ| ਛੁੱਟੀ ਕੱਟ ਕੇ ਆਉਣ ਤੋਂ ਬਾਅਦ ਉਸ ਕੋਲ ਕਹਿਣ ਨੂੰ ਬਹੁਤ ਕੁਝ ਹੁੰਦਾ ਸੀ| ਮੈਂ ਬੇਸ਼ੱਕ ਮੂੰਹ ਮੋਨੀਟਰ ਵੱਲ ਕਰ ਕੇ ਕੀਬੋਰਡ ਕੁੱਟ ਰਿਹਾ ਹੋਵਾਂ ਪਰ ਉਹ ਮੇਰੇ ਵੱਲ ਕੁਰਸੀ ਘੁਮਾ ਕੇ ਆਪਣੀ ਕਥਾ-ਵਾਰਤਾ ਜਾਰੀ ਰੱਖਦਾ| ਵਿਚ-ਵਿਚ ਮੇਰੇ ਸਿਰ ਹਿਲਾਉਣ ਜਾਂ ਹੁੰਗਾਰਾ ਭਰ ਦੇਣ ਨਾਲ ਉਸ ਦਾ ਗੱਲ ਕਰਨ ਦਾ ਜੋਸ਼ ਠੰਢਾ ਨਾ ਪੈਂਦਾ| ਇਹ ਸਭ ਉਦੋਂ ਤੱਕ ਚੱਲਦਾ ਰਹਿੰਦਾ ਜਦੋਂ ਖੰਨਾ ਜੀ ਕਿਸੇ ਖ਼ਬਰ ਦਾ ਜ਼ਿਕਰ ਕਰ ਕੇ ਉਸ ਨੂੰ ਗੱਲਬਾਤ ਦੇ ਟਰੈਕ ਤੋਂ ਡੀਰੇਲ ਨਾ ਕਰ ਦਿੰਦੇ| ‘ਹਾਂਜੀ ਖੰਨਾ ਜੀ, ਹਾਂਜੀ ਸਰ ਜੀ|’ ਕਹਿ ਕੇ ਉਹ ਕੁਰਸੀ ਕੰਪਿਊਟਰ ਵੱਲ ਕਰ ਲੈਂਦਾ, ਜਿਵੇਂ ਕੋਈ ਗੱਲ ਚੱਲ ਹੀ ਨਾ ਰਹੀ ਹੋਵੇ| ਕਦੀ-ਕਦੀ ਉਹ ਬੜਾ ਗੰਭੀਰ ਨਜ਼ਰ ਆਉਂਦਾ ਤੇ ਕਦੀ-ਕਦੀ ਪੂਰਾ ਖਿੜਿਆ ਰਹਿੰਦਾ|

ਉਹ ਅੰਤਾਂ ਦਾ ਭਾਵੁਕ ਵੀ ਸੀ| ਕਦੀ-ਕਦੀ ਉਹ ਬਹੁਤ ਉਦਾਸ ਨਜ਼ਰ ਆਉਂਦਾ| ਉਹ ਦੱਸਦਾ ਸੀ ਕਿ ਜਵਾਨੀ ਵੇਲੇ ਉਸ ਨੂੰ ਉਦਾਸੀ ਦੇ ਦੌਰੇ ਪੈਂਦੇ ਸਨ| ਉਹ ਕਿੰਨੇ-ਕਿੰਨੇ ਦਿਨ ਚੁਬਾਰੇ ’ਚ ਬੈਠਾ ਨੁਸਰਤ ਦੀਆਂ ਕਵਾਲੀਆਂ ਸੁਣਦਾ ਰਹਿੰਦਾ| ਓਸ਼ੋ ਦੇ ਪ੍ਰਵਚਨ ਦੀਆਂ ਟੇਪਾਂ ਸੁਣਦਾ ਰਹਿੰਦਾ| ਉਸ ਦੀਆਂ ਕਿਤਾਬਾਂ ਪੜ੍ਹਦਾ ਰਹਿੰਦਾ| ਅਖ਼ੀਰ ਜਦੋਂ ਉਸ ਨੇ ਓਸ਼ੋ ਦਾ ਸੰਨਿਆਸ ਲੈ ਲਿਆ ਤਾਂ ਕੁਝ ਸਕੂਨ ਮਿਲਿਆ| ਇਕ ਵਾਰ ਇਬਲੀਸ ਤੇ ਉਹ ਦੋਵੇਂ ਕਿਸੇ ਗਲ ਤੋਂ ਲੜ ਪਏ| ਪਰ ਇਕ ਵਿਆਹ ਸਮਾਗਮ ਦੌਰਾਨ ਇਕੱਠੇ ਹੋਏ ਤਾਂ ਉਥੇ ਇਕ ਦੂਜੇ ਦੇ ਗਲ਼ ਲੱਗ ਕੇ ਰੋਏ|

ਉਹ ਉਲਫ਼ਤ ਬਾਜਵਾ ਦਾ ਸ਼ੇਅਰ, ‘ਸਾਰਾ ਆਲਮ ਪਰਾਇਆ ਲੱਗਦਾ ਹੈ , ਜਾਣ ਦਾ ਵਕਤ ਆਇਆ ਲੱਗਦਾ ਹੈ  ਅਕਸਰ ਸੁਣਾਉਂਦਾ| ਪਰ ‘ਜਾਣ ਦਾ ਵਕਤ’ ਉਸ ਤੋਂ ਸਹਿਣ ਨਹੀਂ ਸੀ ਹੁੰਦਾ| ਉਹ ਕਹਿੰਦਾ ਸੀ ਕਿ ਉਹ ਕਿਸੇ ਦੀ ਮੌਤ ਨਹੀਂ ਦੇਖ ਸਕਦਾ| ਇਸੇ ਕਾਰਨ ਕਿਸੇ ਦੇ ਅੰਤਿਮ ਸੰਸਕਾਰ ’ਚ ਨਹੀਂ ਸੀ ਜਾਂਦਾ| ਦੱਸਦਾ ਸੀ ਕਿ ਜਦੋਂ ਉਸ ਦੀ ਮਾਂ ਮਰ ਗਈ ਤਾਂ ਉਹ ਕਈ ਮਹੀਨੇ ਡਿਪ੍ਰੈਸ਼ਨ ’ਚ ਰਿਹਾ| ਪਰ ਉਸ ਦਿਨ ਆਪਣੀ ਚਿਖਾ ਨੂੰ ਅਗਨੀ ਦੇ ਹਵਾਲੇ ਹੁੰਦਾ ਪਤਾ ਨਹੀਂ ਉਸ ਨੇ ਕਿਵੇਂ ਦੇਖ ਲਿਆ|

ਪਿਛਲੇ ਛੇ ਕੁ ਮਹੀਨੇ ਤੋਂ ਉਹ ਆਪਣੇ ਸਰੀਰ ਕੋਲੋਂ ਤੰਗ ਦਿਸਦਾ ਸੀ| ਸਰੀਰ ਦਾ ਜ਼ਿਆਦਾ ਭਾਰ, ਵੱਢੀ ਉਂਗਲ ਦੇ ਜ਼ਖ਼ਮ ਕਾਰਨ ਉਹ ਪਰੇਸ਼ਾਨ ਰਹਿਣ ਲੱਗ ਪਿਆ ਸੀ| ਅਸੀਂ ਸਾਰਿਆਂ ਨੇ ਉਸ ਨੂੰ ਆਰਾਮ ਕਰਨ ਤੇ ਠੀਕ ਹੋ ਕੇ ਆਉਣ ਦੀ ਸਲਾਹ ਦਿੱਤੀ| ਉਹ ਜਦੋਂ ਵੀ ਬਿਮਾਰੀ ਤੋਂ ਠੀਕ ਹੁੰਦਾ ਤਾਂ ਖੰਨਾ ਜੀ ਨੂੰ ਮੈਸੇਜ ਪਾ ਦਿੰਦਾ ਕਿ ਮੈਂ ਕੱਲ੍ਹ ਤੋਂ ਡਿਊਟੀ ’ਤੇ ਆ ਰਿਹਾਂ| ਪਿਛਲੇ ਇਕ ਮਹੀਨੇ ਤੋਂ ਅਸੀਂ ਰੋਜ਼ ਖੰਨਾ ਜੀ ਨੂੰ ਲਾਡੀ ਦੇ ਮੈਸੇਜ ਬਾਰੇ ਪੁੱਛਦੇ| ਜੇ ਨਾ ਆਇਆ ਹੁੰਦਾ ਤਾਂ ਅਗਲੇ ਦਿਨ ਦੀ ਉਡੀਕ ਕਰਦੇ| ਉਸ ਦੀ ਵੀਕਲੀ ਦੇ ਹਿਸਾਬ ਨਾਲ ਅੰਦਾਜ਼ੇ ਲਗਾਉਂਦੇ ਕਿ ਕਿਸ ਦਿਨ ਆਵੇਗਾ| ਬਹੁਤੀ ਵਾਰੀ ਅੰਦਾਜ਼ੇ ਮੁਤਾਬਕ ਆ ਜਾਂਦਾ ਸੀ| ਪਰ ਐਤਕੀਂ ਸਾਡੇ ਸਾਰੇ ਅੰਦਾਜ਼ੇ ਗ਼ਲਤ ਸਾਬਿਤ ਹੋਏ| ਉਹ ਸ਼ਾਇਦ ਵਾਪਸ ਆਉਣ ਲਈ ਨਹੀਂ ਸੀ ਗਿਆ| ਇਸੇ ਲਈ ਐਤਕੀਂ ਉਹ ਨਹੀਂ ਆਇਆ…|

ਅਸ਼ੋਕ ਕੁਮਾਰ, ਪੰਜਾਬੀ ਜਾਗਰਣ ਜਲੰਧਰ।