Headlines

ਲੋਕ ਸਭਾ ਚੋਣਾਂ -ਪਟਿਆਲਾ ਹਲਕੇ ਦੇ ਲੋਕ ਮੰਨ ਰਹੇ ਨੇ “ਦੋ ਡਾਕਟਰਾਂ ਵਿਚਾਲੇ ਮੁਕਾਬਲਾ”

ਦਲ ਬਦਲੀ ਕਾਰਨ ਮਹਾਰਾਣੀ ਪ੍ਰਨੀਤ ਕੌਰ ਤੋਂ ਨਾਰਾਜ਼ ਨੇ ਹਲਕੇ ਦੇ ਵੋਟਰ –
ਪਟਿਆਲਾ, 4 ਮਈ (ਪਰਮਜੀਤ ਸਿੰਘ ਪਰਵਾਨਾ) -ਭਾਵੇਂ ਲੋਕ ਸਭਾ ਸੀਟ ਲਈ ਜਿੱਤ-ਹਾਰ ਦੀਆਂ ਗੱਲਾਂ ਕਰਨੀਆਂ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਪਰ ਇਸ ਹਲਕੇ ਦੇ ਕੁਝ ਲੋਕਾਂ ਨਾਲ ਗੱਲਬਾਤ ਕਰਨ ਮਗਰੋਂ ਜੋ ਵੱਡੀ ਗੱਲ ਸਾਹਮਣੇ ਆ ਰਹੀ ਹੈ, ਉਹ ਇਹ ਹੈ ਕਿ ਭਾਵੇਂ “ਮੁੱਖ ਮੁਕਾਬਲਾ” ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਹੋਣ ਦੀ ਗੱਲ ਭਾਰੂ ਹੈ ਪਰ ਸ਼ਾਹੀ ਪਰਿਵਾਰ ਦੀ ਨੂੰਹ ਤੇ ਇਸ ਹਲਕੇ ਤੋਂ ਚਾਰ ਵਾਰ ਬਤੌਰ ਐਮ ਪੀ ਪ੍ਰਤੀਨਿਧਤਾ ਕਰ ਚੁੱਕੀ ਪ੍ਰਨੀਤ ਕੌਰ ਇਸ ਵਾਰ ਦੀ ਚੋਣ ਨੂੰ ਕਾਫੀ ਹੱਦ ਤਕ “ਪ੍ਰਭਾਵਿਤ” ਕਰ ਸਕਦੇ ਹਨ। ਲੋਕ ਪ੍ਰਨੀਤ ਕੌਰ ਵੱਲੋਂ ਕਾਂਗਰਸ ਨੂੰ ਛੱਡਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਨ ਕਰਕੇ ਨਾਰਾਜ਼ ਦੱਸੇ ਜਾਂਦੇ ਹਨ ਪਰ ਇਹ ਤਾਂ ਪਹਿਲਾਂ ਹੀ ਤੈਅ ਸੀ, ਜਦੋਂ ਉਨ੍ਹਾਂ ਦੇ ਪਤੀ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ‘ਚ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਰਲੇਵੇਂ ਸਣੇ ਸ਼ਾਮਲ ਹੋ ਗਏ ਸਨ ਤਾਂ ਪ੍ਰਨੀਤ ਕੌਰ ਕਿਵੇਂ ਨਾ ਭਾਜਪਾ ਵਿੱਚ ਸ਼ਾਮਲ ਹੁੰਦੇ ! ਕਿਸਾਨ ਅੰਦੋਲਨ ਨੂੰ ਲੈ ਕੇ ਪ੍ਰਨੀਤ ਕੌਰ ਦਾ ਕਈ ਥਾਈਂ ਕਿਸਾਨ ਆਗੂਆਂ ਤੇ ਕਿਸਾਨ ਯੂਨੀਅਨ ਦੇ ਵਰਕਰਾਂ ਵੱਲੋਂ ਵਿਰੋਧ ਹੋ ਰਿਹਾ ਹੈ। ਪਿਛਲੀਆਂ 3 ਚੋਣਾਂ ਵਿੱਚ ਇੱਥੇ ਕਾਂਗਰਸ ਦੋ ਵਾਰ ਅਤੇ ਆਮ ਆਦਮੀ ਪਾਰਟੀ (ਆਪ) ਇੱਕ ਵਾਰ ਜਿੱਤੀ ਹੈ। ਇਸ ਵਾਰ ਦੀ ਚੋਣ ਵਿੱਚ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ। ‘ਆਪ’ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਮੈਦਾਨ ‘ਚ ਉਤਾਰਿਆ ਹੈ।  ਕਾਂਗਰਸ ਨੇ ‘ਆਪ’ ਛੱਡ ਕੇ ਆਏ ਡਾ. ਧਰਮਵੀਰ ਗਾਂਧੀ ਨੂੰ ਟਿਕਟ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਐਨ ਕੇ ਸ਼ਰਮਾ ਨੂੰ ਉਮੀਦਵਾਰ ਬਣਾ ਕੇ “ਹਿੰਦੂ ਪੱਤਾ” ਖੇਡਣ ਦੀ ਕੋਸ਼ਿਸ਼ ਕੀਤੀ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਮੰਨੇ ਜਾਂਦੇ ਐਨ ਕੇ ਸ਼ਰਮਾ, ਜੋ ਮੁੱਖ ਸੰਸਦੀ ਸਕੱਤਰ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਮੁਖੀ ਵੀ ਰਹੇ ਹਨ, ਦਾ ਕੈਰੀਅਰ ਵੀ ਇਸ ਚੋਣ ‘ਤੇ ਬਹੁਤ ਹੱਦ ਤਕ ਨਿਰਭਰ ਕਰੇਗਾ। ਉਨ੍ਹਾਂ ਦਾ ਡੇਰਾ ਬਸੀ ਹਲਕੇ ਵਿੱਚ ਪ੍ਰਭਾਵ ਜ਼ਿਆਦਾ ਹੈ ਪਰ ਹੁਣ ਉਨ੍ਹਾਂ ਵੱਲੋਂ ਲੋਕ ਸਭਾ ਹਲਕੇ ਦੇ ਸਾਰੇ ਖੇਤਰਾਂ ਵਿੱਚ ਰੈਲੀਆਂ ਤੇ ਮੀਟਿੰਗਾਂ ਦਾ ਨਿਯੋਜਿਤ ਸਿਲਸਿਲਾ ਲਗਾਤਾਰ ਜਾਰੀ ਹੈ। ਜੇ ਇਸ ਵਾਰ ਦੀ ਚੋਣ ਵਿੱਚ ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਮੁੱਖ ਤੌਰ ‘ਤੇ ਕਿਸਾਨ ਅੰਦੋਲਨ, ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਦਲ ਬਦਲੀ, ਸੱਤਾਧਾਰੀ ਪਾਰਟੀ ਵੱਲੋਂ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਾ ਕਰਨਾ, ਮਹਿੰਗਾਈ, ਬੇਰੁਜ਼ਗਾਰੀ, ਨਸ਼ਾਖੋਰੀ ਅਤੇ ਅਪਰਾਧ ਵਰਗੇ ਮੁੱਦੇ ਸ਼ਾਮਲ ਹਨ। ਪੇਂਡੂ ਵੋਟਰਾਂ ਵਿੱਚ ਕਿਸਾਨਾਂ ਦਾ ਮੁੱਦਾ ਭਾਰੂ ਰਹੇਗਾ। ਕਿਸਾਨ ਕਰੀਬ ਦੋ ਮਹੀਨਿਆਂ ਤੋਂ ਸ਼ੰਭੂ ਬਾਰਡਰ ‘ਤੇ ਬੈਠੇ ਹਨ। ਇਹ ਇਲਾਕਾ ਪਟਿਆਲਾ ਲੋਕ ਸਭਾ ਹਲਕੇ ਵਿੱਚ ਆਉਂਦਾ ਹੈ। ਇਸ ਅੰਦੋਲਨ ਨੂੰ ਲੈ ਕੇ ਪੇਂਡੂ ਖੇਤਰਾਂ ਵਿੱਚ ਭਾਜਪਾ ਦਾ ਵਿਰੋਧ ਹੋ ਰਿਹਾ ਹੈ। ਆਮ ਆਦਮੀ ਪਾਰਟੀ ਸਰਕਾਰ ਦੀ ਮੁਫਤ ਬਿਜਲੀ, ਸਰਕਾਰੀ ਦਫਤਰਾਂ ਵਿਚ ਲੋਕਾਂ ਦੀ ਗੱਲ ਨਾ ਸੁਣਨ ਅਤੇ ਮੁਫਤ ਰਾਸ਼ਨ ਦੀ ਸਹੂਲਤ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ। ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਚਿਹਰੇ ਨੂੰ ਪਸੰਦ ਕਰ ਰਹੇ ਹਨ। ਉਨ੍ਹਾਂ ਦਾ ਅਕਸ ਇੱਕ ਇਮਾਨਦਾਰ ਆਗੂ ਤੇ ਸਮਾਜ ਸੇਵਕ ਵਜੋਂ ਵੀ ਬਣਿਆ ਹੋਇਆ ਹੈ। ਪਹਿਲਾਂ ਪਹਿਲ ਜ਼ਿਲ੍ਹੇ ਦੇ ਕੁਝ ਸੀਨੀਅਰ ਕਾਂਗਰਸੀ ਆਗੂਆਂ ਨੇ ਡਾ. ਗਾਂਧੀ ਨੂੰ ਪਾਰਟੀ ਟਿਕਟ ਦੇਣ ਦਾ ਵਿਰੋਧ ਕੀਤਾ ਸੀ ਪਰ ਰਾਹੁਲ ਗਾਂਧੀ ਵੱਲੋਂ ਵਿਰੋਧ ਕਰ ਰਹੇ ਆਗੂਆਂ ਨਾਲ ਗੱਲਬਾਤ ਕਰਨ ਮਗਰੋਂ ਇਸ ਮਸਲੇ ਨੂੰ ਹੱਲ ਕਰ ਲਿਆ ਗਿਆ ਤੇ ਨਾਰਾਜ਼ ਆਗੂ ਧਰਮਵੀਰ ਗਾਂਧੀ ਨਾਲ ਚੱਲਣ ਲਈ ਸਹਿਮਤ ਹੋ ਗਏ। ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਕੈਬਨਿਟ ਮੰਤਰੀ ਹਨ, ਮੰਤਰੀ ਵਜੋਂ ਉਨ੍ਹਾਂ ਦੀ ਕਾਰਕਰਦਗੀ ਵਧੀਆ ਰਹੀ ਹੈ। ਲੋਕਾਂ ‘ਚ ਵਿਚਰਦੇ ਹਨ। ਸਾਫ਼ ਸੁਥਰੇ ਅਕਸ ਵਾਲੇ ਹਨ। ਹੜ੍ਹਾਂ ਦੌਰਾਨ ਉਨ੍ਹਾਂ ਚੰਗਾ ਕੰਮ ਕੀਤਾ ਹੈ।
  ਡਾ. ਧਰਮਵੀਰ ਗਾਂਧੀ  ,  ਡਾ. ਬਲਬੀਰ ਸਿੰਘ