ਵੈਨਕੂਵਰ ( ਦੇ ਪ੍ਰ ਬਿ)- ਬੀ.ਸੀ. ਸੁਪਰੀਮ ਕੋਰਟ ਦੇ ਜੱਜ ਕੇਵਿਨ ਲੂ ਨੇ ਸਿਟੀ ਆਫ ਸਰੀ ਵਲੋਂ ਜਨਤਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਦੇ 19 ਜੁਲਾਈ 2023 ਨੂੰ ਸਰੀ ਪੁਲਿਸ ਸਬੰਧੀ ਜਾਰੀ ਕੀਤੇ ਗਏ ਆਦੇਸ਼ ਨੂੰ ਰੱਦ ਕਰਵਾਉਣ ਲਈ ਕੀਤੀ ਗਈ ਰੀਵਿਊ ਪਟੀਸ਼ਨ ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ।
ਜਸਟਿਸ ਕੇਵਿਨ ਲੂ ਨੇ ਵੈਨਕੂਵਰ ਵਿੱਚ 29 ਅਪਰੈਲ ਨੂੰ ਸ਼ੁਰੂ ਹੋਈ ਪੰਜ ਦਿਨਾਂ ਸੁਣਵਾਈ ਉਪਰੰਤ 3 ਮਈ ਨੂੰ ਅੰਤਿਮ ਦਲੀਲਾਂ ਸੁਣਨ ਉਪਰੰਤ ਆਪਣਾ ਫੈਸਲਾ ਰਾਖਵਾਂ ਰੱਖਦਿਆਂ ਕਿਹਾ ਕਿ “ਮੈਂ ਇਸ ਮਾਮਲੇ ਦੀ ਗੰਭੀਰਤਾ ਤੋਂ ਜਾਣੂ ਹਾਂ। “ਮੈਂ ਇਹ ਕਹਿਣ ਤੋਂ ਇਲਾਵਾ ਕੋਈ ਖਾਸ ਵਾਅਦਾ ਨਹੀਂ ਕਰਾਂਗਾ ਕਿ ਮੈਂ ਜਿੰਨੀ ਜਲਦੀ ਸੰਭਵ ਹੋ ਸਕੇ ਤੁਹਾਨੂੰ ਫੈਸਲਾ ਸੁਣਾਉਣ ਦਾ ਯਤਨ ਕਰਾਂਗਾ।
ਅੰਤਿਮ ਦਲੀਲਾਂ ਦੌਰਾਨ, ਸਿਟੀ ਆਫ ਸਰੀ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ, ਕਰੇਗ ਡੇਨਿਸ ਨੇ ਕਿਹਾ ਕਿ ਫਾਰਨਵਰਥ ਨੇ ਆਪਣੇ ਆਦੇਸ਼ ਜਾਰੀ ਕਰਨ ਤੋਂ ਪਹਿਲਾਂ ਇਸਦੇ ਪ੍ਰਭਾਵਾਂ ਦਾ ਕੋਈ ਮੁਲਾਂਕਣ ਨਹੀ ਕੀਤਾ। ਉਹਨਾਂ ਸੂਬੇ ਦੀ ਇਕ ਕਾਰਵਾਈ ਨੂੰ ਸਿਟੀ ਦੇ ਅਧਿਕਾਰਾਂ ਤੇ ਖੁਦਮੁਖਤਾਰੀ ਉਪਰ ਵੀ ਇਕ ਹਮਲਾ ਕਿਹਾ।