Headlines

ਇਟਲੀ ਵਿੱਚ ਸਸਤੀਆਂ ਗੱਡੀਆਂ ਵੇਚਣ ਦੇ ਨਾਮ ਉਪੱਰ ਠੱਗਾਂ ਨੇ ਲਗਾਇਆ 5 ਲੱਖ ਯੂਰੋ ਦਾ ਚੂਨਾ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)-ਇਟਲੀ ਵਿੱਚ ਆਏ ਦਿਨ ਆਵਾਮ ਨਾਲ ਨਵੇਂ-ਨਵੇਂ ਢੰਗ ਤਰੀਕਿਆਂ ਨਾਲ ਠੱਗਾਂ ਵੱਲੋਂ ਠੱਗੀ ਮਾਰਨ ਦੀਆਂ ਘਟਨਾਵਾਂ ਪੁਲਸ ਪ੍ਰਸ਼ਾਸ਼ਨ ਦੀ ਨੀਂਦ ਨੂੰ ਹਰਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀਆਂ ਤੇ ਪੁਲਸ ਬਾਜ਼ ਅੱਖ ਨਾਲ ਅਜਿਹੇ ਸ਼ਾਤਰ ਠੱਗਾਂ ਨੂੰ ਲੱਭਣ ਵਿੱਚ ਬੇਸ਼ੱਕ ਦਿਨ ਰਾਤ ਇੱਕ ਕਰ ਰਹੀ ਹੈ ਪਰ ਕਈ ਅਜਿਹੀਆਂ ਘਟਨਾਵਾਂ ਹਨ ਜਿਹੜੀਆਂ ਕਿ ਲੋਕਾਂ ਦੇ ਨਾਲ ਪੁਲਸ ਨੂੰ ਵੀ ਸੋਚਣ ਲਈ ਮਜ਼ਬੂਰ ਕਰਦੀਆਂ ਹਨ ਕਿ ਘਟਨਾ ਆਖਿ਼ਰ ਹੋ ਕਿਵੇ ਗਈ।ਇੱਕ ਅਜਿਹੀ ਹੀ ਘਟਨਾ ਇਟਲੀ ਦੇ ਸਭ ਤੋਂ ਅਮੀਰ ਸੂਬੇ ਇਮਿਲੀਆ ਰੋਮਾਨਾ ਦੇ ਸ਼ਹਿਰ ਬਲੋਨੀਆਂ ਵਿਖੇ ਦੇਖਣ ਨੂੰ ਮਿਲੀ ਜਿੱਥੇ ਸੈਤਾਨ ਠੱਗਾਂ ਨੇ ਲੋਕਾਂ ਨੂੰ ਗੱਡੀਆਂ ਵੇਚਣ ਦੇ ਨਾਮ ਉਪੱਰ 5 ਲੱਖਾਂ ਯੂਰੋ ਦਾ ਚੂਨਾ ਲਗਾ ਦਿੱਤਾ।ਮਿਲੀ ਜਾਣਕਾਰੀ ਠੱਗਾਂ ਨੇ ਠੱਗੀ ਮਾਰਨ ਲਈ ਇੱਕ ਵੈੱਬ ਸਾਈੲ ਬਣਾਈ ਜਿਸ ਵਿੱਚ ਇਹ ਜਾਣਕਾਰੀ ਨਸ਼ਰ ਕੀਤੀ ਉਹ ਸਸਤੇ ਭਾਅ ਦੀਆਂ ਨਵੀਆਂ ਗੱਡੀਆਂ ਵੇਚਦੇ ਹਨ ।ਗੱਡੀ ਖਰੀਦਣ ਦੇ ਚਾਹਵਾਨ ਗੱਡੀ ਦੀ ਕੀਮਤ ਅਨੁਸਾਰ ਪੇਸ਼ਗੀ ਆਨਲਾਈਨ ਕੰਪਨੀ ਦੇ ਖਾਤੇ ਵਿੱਚ ਜਮ੍ਹਾਂ ਕਰਵਾਉ ਤੇ ਆਪਣੀ ਮਨਪਸੰਦ ਗੱਡੀ ਦੇ ਆਉਣ ਦੀ ਉਡੀਕ ਕਰਨ।ਬਸ ਫਿਰ ਕੀ ਸੀ ਅਜਿਹੇ ਇਸ਼ਤਿਹਾਰ ਨੂੰ ਪੜ੍ਹਦੇ ਹੀ ਨਵੀਆਂ ਗੱਡੀਆਂ ਦੇ ਸੌ਼ਕੀਨ ਲੋਕ ਟੁੱਟ ਕੇ ਪੈ ਗਏ ਤੇ ਲਗਭਗ 30 ਲੋਕਾਂ ਨੇ ਇਸ ਠੱਗਾਂ ਦੇ ਟੋਲੇ ਨੂੰ 5 ਲੱਖ ਯੂਰੋ ਦੀ ਅਦਾਇਗੀ ਆਨਲਾਈਨ ਕਰ ਦਿੱਤੀ ।ਕਈ ਦਿਨਾਂ ਦੀ ਉਡੀਕ ਦੇ ਬਾਅਦ ਵੀ ਜਦੋਂ ਲੋਕਾਂ ਨੂੰ ਕੰਪਨੀ ਵੱਲੋਂ ਗੱਡੀ ਆਉਣ ਦਾ ਕੋਈ ਫੋਨ ਨਾ ਗਿਆ ਤਾਂ ਲੋਕ ਕਾਫ਼ੀ ਪ੍ਰੇਸ਼ਾਨ ਹੋ ਗਏ।ਕੰਪਨੀ ਨੇ ਕਈ ਲੋਕਾਂ ਨੂੰ ਉਹਨਾਂ ਦੇ ਅੰਦਰਲੇ ਲਾਲਚ ਕਾਰਨ ਅਜਿਹਾ ਫਸਾਇਆ ਕਿ ਬੰਦਾ ਆਪ ਮੁਹਾਰੇ ਹੀ ਲੁੱਟ ਹੋ ਜਾਂਦਾ ।ਲੋਕ ਜਦੋਂ ਇਸ ਆਨਲਾਈਨ ਕਪੰਨੀ ਦੇ ਨੰਬਰ ਉਪੱਰ ਫੋਨ ਲਗਾ ਗੱਡੀ ਲੈਣ ਦੀ ਗੱਲ ਕਰਦੇ ਤਾਂ ਅੱਗੋ ਕੁੜੀ ਉਹਨਾਂ ਤੋਂ ਕਿਸ ਮਾਰਕੇ ਦੀ ਗੱਡੀ ਚਾਹੁੰਦੇ ਹੋ ਪੁੱਛਦੀ ,ਲੋਕ ਜਦੋਂ ਆਪਣੇ ਮਾਰਕੇ ਵਾਲੀ ਨਵੇਂ ਮਾਡਲ ਦੀ ਗੱਡੀ ਦੀ ਕੀਮਤ ਬਹੁਤ ਘੱਟ ਦੇਖਦੇ ਤਾਂ ਗੱਡੀ ਖਰੀਦਣ ਦੀ ਕਾਹਲ ਕਰਦੇ ਪਰ ਅੱਗੋਂ ਬੀਬੀ ਆਖ ਦਿੰਦੀ ਕਿ ਇਹ ਇੱਕੋ ਗੱਡੀ ਆਈ ਸੀ ਉਹ ਵਿੱਕ ਚੁੱਕੀ ਹੈ ਤੁਸੀ ਜੇਕਰ ਲੈਣੀ ਤਾਂ ਪੇਮੈਂਟ ਆਨਲਾਈਨ ਜਲਦੀ ਕਰੋ । ਇਸ ਦੌੜ ਵਿੱਚ ਹੀ 30 ਲੋਕਾਂ ਨੇ ਆਪਣੀ ਲੁੱਟ ਕਰਵਾ ਲਈ ਤੇ ਜਦੋਂ ਕਈ ਦਿਨ ਲੰਘ ਗਏ ਤਾਂ ਕੁਝ ਨਹੀਂ ਮਿਲਿਆ।ਕਈ ਲੋਕ ਕਪੰਨੀ ਦੀ ਵੈਬਸਾਈਟ ਤੋਂ ਪਤਾ ਪੜ੍ਹ ਜਦੋਂ ਬਲੋਨੀਆਂ ਪਹੁੰਚੇ ਤਾਂ ਉਸ ਪਤੇ ਉਪੱਰ ਕੋਈ ਅਜਿਹੀ ਗੱਡੀਆਂ ਵੇਚਣ ਵਾਲੀ ਏਜੰਸੀ ਨਹੀਂ ਸੀ।ਆਪਣੇ ਨਾਲ ਹੋਈ ਠੱਗੀ ਦਾ ਇਹਨਾਂ ਲੋਕਾਂ ਨੇ ਬੇਸ਼ੱਕ ਪੁਲਸ ਨੂੰ ਦੱਸ ਦਿੱਤਾ ਹੈ ਪਰ ਲੁੱਟ ਹੋ ਚੁੱਕੇ ਲੋਕਾਂ ਨੂੰ ਆਸ ਨਹੀਂ ਲੱਗਦੀ ਕਿ ਉਹਨਾਂ ਦਾ ਲੁੱਟ ਹੋਇਆ ਪੈਸਾ ਵਾਪਸ ਮਿਲ ਸਕੇਗਾ ਕਿਉਂਕਿ ਇਟਲੀ ਵਿੱਚ ਇਹ ਕੋਈ ਪਹਿਲੀ ਘੱਟ ਨਹੀਂ ਜਿਸ ਦੁਆਰਾ ਠੱਗਾਂ ਨੇ ਲੋਕਾਂ ਨਾਲ ਆਨਲਾਈਨ ਠੱਗੀ ਮਾਰੀ ਹੋਵੇ ਇਸ ਤੋਂ ਪਹਿਲਾਂ ਵੀ ਲੱਖਾਂ ਯੂਰੋ ਲੁੱਟ ਲੋਕਾਂ ਨਾਲ ਆਨ ਲਾਈਨ ਹੋ ਚੁੱਕੀ ਹੈ।