Headlines

ਭਾਈ ਨਿੱਝਰ ਦੇ ਕਥਿਤ ਕਾਤਲਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ

ਦੋ ਦੋਸ਼ੀਆਂ ਦੀ ਅਗਲੀ ਪੇਸ਼ੀ 21 ਮਈ ਨੂੰ-ਸਰੀ ਅਦਾਲਤ ਦੇ ਬਾਹਰ ਸਿੱਖ ਸੰਗਤਾਂ ਭਾਰੀ ਇਕੱਠ ਜੁੜਿਆ-

ਸਰੀ ( ਡਾ ਧਾਲੀਵਾਲ, ਦੇ ਪ੍ਰ ਬਿ )- ਅੱਜ ਸਵੇਰੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਕੋਰਟ ਸਰੀ ਵਿੱਚ  ਕੈਨੇਡੀਅਨ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਵਿੱਚ ਕਥਿਤ ਦੋਸ਼ੀਆਂ ਕਰਨਪ੍ਰੀਤ, ਕਰਨ ਬਰਾੜ ਅਤੇ ਕਮਲਪ੍ਰੀਤ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ। ਇਸ ਮੌਕੇ  ਮਾਨਯੋਗ ਜੱਜ  ਨੇ ਕਥਿਤ ਦੋਸ਼ੀਆਂ ਕਰਨ ਬਰਾੜ ਅਤੇ ਕਰਨਪ੍ਰੀਤ ਦੀ ਅਗਲੀ ਪੇਸ਼ੀ 21 ਮਈ ਨੂੰ ਤੈਅ ਕੀਤੀ ਹੈ ਜਦੋਂਕਿ ਤੀਜੇ ਦੋਸ਼ੀ ਕਮਲਪ੍ਰੀਤ ਦੀ ਅਗਲੀ ਪੇਸ਼ੀ ਤੋਂ ਪਹਿਲਾਂ ਉਸ ਦਾ ਵਕੀਲ ਮੁਕੱਰਰ ਹੋਵੇਗਾ, ਜਿਸ ਨਾਲ ਅਜੇ ਤੱਕ ਉਸਦਾ ਕੋਈ ਸੰਪਰਕ ਨਹੀਂ ਹੋਇਆ।ਦੋਸ਼ੀਆਂ ਨੂੰ ਪੇਸ਼ੀ ਦੌਰਾਨ ਪੰਜਾਬੀ  ਟਰਾਂਸਲੇਟਰ ਮੁਹਈਆ ਕਰਵਾਇਆ ਗਿਆ। ਵੀਡੀਓ ਕਾਨਫਰਸਿੰਗ ਰਾਹੀਂ ਹਾਜ਼ਰ ਹੋਏ ਇਹ ਦੋਸ਼ੀ ਜੱਜ ਦੇ ਸਾਹਮਣੇ ਆਉਣ ਤੋਂ ਝਿਜਕਦੇ ਦਿਖਾਈ ਦਿੱਤੇ ਜਿਸ ਕਾਰਨ ਜੱਜ ਨੂੰ ਕਹਿਣਾ ਪਿਆ ਕਿ ਕੈਮਰੇ ਦੇ ਸਾਹਮਣੇ ਆਓ। ਤਿੰਨਾਂ ਦੇ ਮੂੰਹ ਥੱਲੇ ਝੁਕੇ ਹੋਏ ਸਨ।
ਇਸ ਦੌਰਾਨ ਸੰਗਤਾਂ ਦੀ ਵੱਡੀ ਗਿਣਤੀ ਕੋਰਟ ਵਿੱਚ ਹਾਜ਼ਰ ਸੀ। ਸਵੇਰੇ ਕਰੀਬ 7 ਵਜੇ ਤੋਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸਿੱਖ ਸੰਗਤਾਂ ਸ਼ਾਂਤਮਈ ਢੰਗ ਨਾਲ ਸਰੀ ਪ੍ਰੋਵਿੰਸ਼ੀਅਲ ਕੋਰਟ ਦੇ ਬਾਹਰ ਮੌਜੂਦ ਸਨ।  ਕਮਰਾ ਨੰਬਰ 108 ਵਿੱਚ ਸੁਣਵਾਈ ਦੌਰਾਨ ਸੀਟਾਂ ਘੱਟ ਹੋਣ ਕਾਰਨ, 111 ਨੰਬਰ ਕਮਰਾ ਵੀ ਖੋਲਿਆ ਗਿਆ, ਪਰ ਇਸ ਦੇ ਬਾਵਜੂਦ ਵੱਡੀ ਤਾਦਾਦ ਵਿੱਚ ਸੰਗਤਾਂ ਕਮਰਿਆਂ ਦੇ ਬਾਹਰ ਮੌਜੂਦ ਰਹੀਆਂ।
ਪੀੜਤ ਪਰਿਵਾਰ ਅਤੇ ਸਿੱਖ ਸੰਗਤਾਂ ਨੇ ਮੰਗ ਕੀਤੀ ਹੈ ਕਿ ਅਗਲੀ ਸੁਣਵਾਈ ਵੱਡੇ ਹਾਲ ਵਿੱਚ ਤਬਦੀਲ ਕੀਤੀ ਜਾਵੇ।
ਇਸ ਮੌਕੇ ਬੀਸੀ ਗੁਰਦੁਆਰਾ ਕੌਂਸਲ ਦੇ ਬੁਲਾਰੇ ਭਾਈ ਮਨਿੰਦਰ ਸਿੰਘ ਬੋਇਲ ਨੇ ਕਿਹਾ ਕਿ ਇਸ ਮਾਮਲੇ ਬਾਰੇ ਕੋਈ ਸ਼ੱਕ ਨਹੀਂ ਕਿ ਇਹ ਸਾਰੀ ਸਾਜਿਸ਼ ਰਚਣ ਵਿੱਚ ਇੰਡੀਅਨ ਸਟੇਟ ਮੁੱਖ ਜਿੰਮੇਵਾਰ ਹੈ। ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ ਨੇ ਕਿਹਾ ਕਿ ਉਹ ਸੰਗਤਾਂ ਦਾ ਧੰਨਵਾਦ ਕਰਦੇ ਹਨ ਅਤੇ ਕੈਨੇਡਾ ਦੇ ਕਾਨੂੰਨ ਪ੍ਰਸ਼ਾਸਨ ਅਤੇ ਸਰਕਾਰ ਦਾ ਧੰਨਵਾਦ ਕਰਦਿਆਂ ਹੋਇਆਂ, ਇਹ ਮੰਗ ਕਰਦੇ ਹਨ ਕਿ ਕਥਿਤ ਦੋਸ਼ੀਆਂ ਦੇ ਨਾਲ ਨਾਲ ਕੈਨੇਡਾ ਵਿੱਚ ਭਾਰਤੀ ਕੌਂਸਲੇਟ, ਅੰਬੈਸਡਰ ਨੂੰ ਵੀ ਇਸ ਮਾਮਲੇ ਵਿੱਚ ਚਾਰਜ ਕੀਤਾ ਜਾਏ। ਅਗਲੀ ਪੇਸ਼ੀ 21 ਮਈ ਸਰੀ ਪ੍ਰੋਵਿੰਸ਼ੀਅਲ ਕੋਰਟ ਦੇ ਕਮਰਾ ਨੰਬਰ 108 ਵਿੱਚ ਤੈਅ ਕੀਤੀ ਗਈ ਹੈ।

ਤਸਵੀਰ-ਸਰੀ ਅਦਾਲਤ ਤੇ ਬਾਹਰ ਸਿੱਖ ਸੰਗਤਾਂ ਦਾ ਇਕੱਠ।-ਤਸਵੀਰ-ਸੁਖਵੰਤ ਢਿੱਲੋਂ।