ਓਟਵਾ ( ਡਾ ਗੁਰਵਿੰਦਰ ਸਿੰਘ)-ਓਟਵਾ ਸਿੱਖ ਸੁਸਾਇਟੀ ਵੱਲੋਂ 25 ਸਾਲਾਂ ਬਾਅਦ, ਓਟਵਾ ਵਿੱਚ ਨਗਰ ਕੀਰਤਨ ਸਜਾਏ ਗਏ ਤੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਨਜ਼ਰ ਆਇਆ। ਗੁਰੂ ਗ੍ਰੰਥ ਸਾਹਿਬ ਦੇ ਫਲੋਟ ਤੋਂ ਇਲਾਵਾ ਸ਼ਹੀਦਾਂ ਦੇ ਫਲੋਟ ਸਜੇ ਹੋਏ ਸਨ, ਜਿਨਾਂ ‘ਚ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਓਕੇ, ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਵੱਖ-ਵੱਖ ਸ਼ਖਸੀਅਤਾਂ ਸ਼ਾਮਿਲ ਹਨ। ਓਟਵਾ ਦੀ ਸਿੱਖ ਸੰਗਤਾਂ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ। ਚੜ੍ਹਦੀ ਕਲਾ ਦੇ ਪ੍ਰਤੀਕ ਸਿੱਖੀ ਸਰੂਪ ਵਿੱਚ ਸਜੇ ਬੱਚੇ ਅਤੇ ਨੌਜਵਾਨ ਸ਼ਹੀਦ ਬਾਬਾ ਜੋਰਾਵਰ ਸਿੰਘ ਗੱਤਕਾ ਅਖਾੜੇ ਦੀ ਅਗਵਾਈ ਵਿੱਚ ਗੱਤਕੇ ਦੇ ਜੌਹਰ ਦਿਖਾ ਰਹੇ ਸਨ। ਨਾਲੋ ਨਾਲ ਗੁਰਬਾਣੀ ਦਾ ਰਸਭਿੰਨਾ ਕੀਰਤਨ ਵੀ ਹੋ ਰਿਹਾ ਸੀ। ਕੈਨੇਡਾ ਦੀ ਰਾਜਧਾਨੀ ਵਿਖੇ ਖਾਲਸਾ ਦਿਹਾੜੇ ਦੇ ਇਹ ਨਗਰ ਕੀਰਤਨ ਅਮਿਟ ਪ੍ਰਭਾਵ ਛੱਡਣ ਵਿੱਚ ਸਫਲ ਰਹੇ।