Headlines

ਜੀਵੇ ਪੰਜਾਬ ਅਦਬੀ ਸੰਗਤ ਵਲੋਂ ਚੌਥੀ ਵਿਸ਼ਵ ਪੰਜਾਬੀ ਕਾਨਫਰੰਸ 2,3,4 ਅਗਸਤ ਨੂੰ ਸਰੀ ਵਿਚ ਕਰਵਾਉਣ ਦਾ ਐਲਾਨ

ਵੈਨਕੂਵਰ ( ਦੇ ਪ੍ਰ ਬਿ) ਅਦਾਰਾ *’ਜੀਵੇ ਪੰਜਾਬ ਅਦਬੀ ਸੰਗਤ’* ਅਤੇ *ਅਦਾਰਾ ‘ਸਾਊਥ ਏਸ਼ੀਅਨ ਰੀਵੀਊ’* ਹੋਰ ਸਹਿਯੋਗੀ  ਜਥੇਬੰਦੀਆਂ ਵਲੋਂ  ਮਿਤੀ 2, 3 ਅਤੇ 4 ਅਗਸਤ ਨੂੰ ਸਰੀ, ਬ੍ਰਿਟਿਸ਼ ਕੁਲੰਬੀਆ ( ਕੈਨੇਡਾ) ਵਿਖੇ ,ਚੌਥੀ ਵਿਸ਼ਵ ਪੰਜਾਬੀ ਕਾਨਫ਼ਰੰਸ ਅਯੋਜਿਤ ਕਰਵਾਈ ਜਾ ਰਹੀ ਹੈ।
ਇਸਤੋਂ ਪਹਿਲਾਂ ਸੰਸਥਾ ਵਲੋਂ ਤਿੰਨ ਬਹੁਤ ਹੀ ਕਾਮਯਾਬ  ਕਾਨਫਰੰਸਾਂ ਕਰਵਾਉਣ ਦਾ ਮਾਣ ਹਾਸਲ ਹੈ। ਪਹਿਲੀ ਕਾਨਫਰੰਸ ਸਾਲ 2000 ਵਿੱਚ (ਯੂਨੀਵਰਸਿਟੀ ਆਫ ਨਾਰਦਰਨ ਬ੍ਰਿਟਿਸ਼ ਕੁਲੰਬੀਆ, ਪ੍ਰਿੰਸ ਜਾਰਜ ਵਿਖੇ) ਤੇ ਦੂਜੀ ਕਾਨਫਰੰਸ 2003 ‘ਚ (ਯੂਨੀਵਰਸਿਟੀ ਆਫ ਨਾਰਦਰਨ ਬ੍ਰਿਟਿਸ਼ ਕੁਲੰਬੀਆ, ਪ੍ਰਿੰਸ ਜਾਰਜ ਵਿਖੇ) ਡਾ. ਕਰਨੈਲ ਸਿੰਘ ਥਿੰਦ  ਅਤੇ ਡਾ. ਪ੍ਰੇਮ ਪ੍ਰਕਾਸ਼ ਸਿੰਘ ਜੀ ਦੀ  ਰਹਿਨੁਮਾਈ ਵਿਚ ਕਰਵਾਈ ਗਈ ਸੀ।

ਪੰਜਾਬੀ ਕੌਮ ਅਤੇ ਇਸ ਦੇ ਦਰਸ਼ਨ ਸੰਬੰਧੀ, ਪ੍ਰਿੰਸ ਜਾਰਜ, ਬੀ. ਸੀ. ਵਿਚ ਹੋਈ ਪਹਿਲੀ ਤੇ ਦੂਸਰੀ ਵਿਸ਼ਵ ਪੰਜਾਬੀ ਕਾਨਫਰੰਸ ‘ਚ ਇਹਨਾਂ ਵਿਸ਼ਿਆਂ ਉੱਪਰ ਚਰਚਾ ਛਿੜੀ ਸੀ। ਇਸ ਤੋਂ ਪਹਿਲਾਂ ਪੰਜਾਬੀ ਭਾਸ਼ਾ ਤੇ ਭਾਵੇਂ ਅਕਸਰ ਗੋਸ਼ਟੀਆਂ ਹੁੰਦੀਆਂ ਰਹੀਆਂ ਹਨ ਪਰ ਕਦੇ ਵੀ ਪੰਜਾਬੀ ਕੌਮ ਦੇ ਇਨ੍ਹਾ ਮਸਲਿਆਂ ਨੂੰ ਉਭਾਰਿਆ ਨਹੀਂ ਗਿਆ ਸੀ।

ਸਾਲ 2007 ਵਿਚ ਚਾਰ ਰੋਜ਼ਾ ਕਾਨਫਰੰਸ ” *ਇੱਕੀਵੀਂ ਸਦੀ ਵਿਚ  ਕੌਮਾਂ ਦੀ ਉਸਾਰੀ, ਪੰਜਾਬੀ ਕੌਮ ਤੇ ਪੰਜਾਬੀ ਕੌਮ  ਦਾ ਦਰਸ਼ਨ”* (ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ) ਡਾ. ਕਰਨੈਲ ਸਿੰਘ ਥਿੰਦ ਅਤੇ ਪ੍ਰੋ. ਪ੍ਰੀਤਮ ਸਿੰਘ ਜੀ ਦੀ ਰਹਿਨੁਮਾਈ ਵਿਚ ਹੋਈ ਜਿਸ ਵਿਚ ਹਜ਼ਾਰਾਂ ਲੋਕਾਂ ਨੇ ਭਾਗ ਲਿਆ।
ਪਹਿਲੀ ਕਾਨਫਰੰਸ ਚੌਵੀ ਵਰ੍ਹੇ ਪਹਿਲਾਂ ਹੋਈ ਸੀ। ਤਦ ਤੋਂ ਅੱਜ ਤੱਕ ਅਸੀਂ ਕਿੱਥੇ ਪਹੁੰਚੇ ਹਾਂ ? ਪੰਜਾਬੀ ਕੌਮ ਦੇ ਵਿਕਾਸ ਸੰਬੰਧੀ ਕੀ ਤਬਦੀਲੀਆਂ ਆਈਆਂ ਹਨ ? ਅੱਗੇ ਕੀ ਸੰਭਾਵਨਾਵਾਂ ਮੌਜੂਦ ਹਨ ? ਇਹ ਸਾਰੇ ਵਿਸ਼ੇ ਗੰਭੀਰ ਚਿੰਤਨ ਦੀ ਮੰਗ ਕਰਦੇ ਹਨ। ਸਮੇਂ ਦੀ ਲੋੜ ਹੈ, ਇਕੱਠੇ ਹੋ ਕੇ ਵਿਚਾਰ ਕਰਨ ਦੀ। ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਇਨ੍ਹਾਂ ਮੁੱਦਿਆਂ ਨੂੰ ਹੀ ਸੰਬੋਧਿਤ ਹੋਵੇਗੀ।
ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਭਾਰਤ, ਪਾਕਿਸਤਾਨ, ਕੈਨੇਡਾ ਸਮੇਤ ਦੁਨੀਆ ਭਰ ਵਿਚੋੰ ਸਰਗਰਮ ਕਰਮੀ, ਮਾਹਿਰ ਅਤੇ ਵਿਦਵਾਨਾਂ ਨੂੰ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਵੇਗਾ। ਸਮੇਂ ਦੀ ਲੋੜ ਨੂੰ ਸਮਝਦੇ ਹੋਏ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਤੋਂ ਪੰਜਾਬੀ ਕਰਮੀਆਂ ਨੂੰ ਇਕੱਠੇ ਕਰਕੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਾਂਗੇ। ਇਹ ਕਾਨਫ਼ਰੰਸ, *ਇੱਕੀਵੀਂ ਸਦੀ ‘ਚ ਕੌਮਾਂ ਦੀ ਉਸਾਰੀ, ਪੰਜਾਬੀ ਕੌਮ ਅਤੇ ਇਸ ਦੀਆਂ ਚਣੌਤੀਆਂ’  ਨੂੰ ਸੰਬੋਧਿਤ ਹੋਵੇਗੀ।

ਇਸ ਕਾਨਫਰੰਸ ਦੀ ਸਫ਼ਲਤਾ ਲਈ ਸਾਰੇ ਭਾਈਚਾਰੇ ਦੇ ਸਹਿਯੋਗ ਦੀ ਜ਼ਰੂਰਤ ਹੈ। ਇਸ ਲਈ ਸਤਿਕਾਰ ਸਹਿਤ ਆਪ ਸਭ ਨੂੰ ਖੁੱਲ੍ਹ ਦਿਲੀ ਨਾਲ ਸਹਿਯੋਗ ਤੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ, ਤਾਂ ਜੋ ਪੰਜਾਬੀ ਭਾਈਚਾਰੇ ਦੇ ਗੰਭੀਰ ਮੁੱਦਿਆਂ ਤੇ ਅਰਥ-ਭਰਪੂਰ ਸੰਵਾਦ ਹੋ ਸਕੇ।
ਵਧੇਰੇ ਜਾਣਕਾਰੀ ਲਈ:
ਭੁਪਿੰਦਰ ਸਿੰਘ ਮੱਲ੍ਹੀ   604 765 3063, ਸੁੱਚਾ ਸਿੰਘ ਦੀਪਕ   250 960 8626, ਲਵਪ੍ਰੀਤ ਸਿੰਘ ਸੰਧੂ   778 839 1530, ਨਵਰੂਪ ਸਿੰਘ   778 961 0094
ਨਵਦੀਪ ਸਿੰਘ ਬਾਜਵਾ ਨਾਲ ਫੋਨ ਨੰਬਰ  604 306 5266 ਸੰਪਰਕ ਕੀਤਾ ਜਾ ਸਕਦਾ ਹੈ।