ਜਲੰਧਰ ( ਦੇ ਪ੍ਰ ਬਿ)-ਪੰਜਾਬੀ ਦੇ ਨਾਮਵਰ ਕਵੀ ਸੁਰਜੀਤ ਪਾਤਰ ਦੇ ਦੁਖਦਾਈ ਵਿਛੋੜੇ ਦੀ ਖਬਰ ਹੈ। ਉਹ ਚੰਗੇ ਭਲੇ ਰਾਤ ਨੂੰ ਲੁਧਿਆਣਾ ਵਿਖੇ ਆਪਣੇ ਘਰ ਸੁੱਤੇ ਸਨ ਪਰ ਸਵੇਰ ਨੂੰ ਉਠੇ ਨਹੀਂ ਸਕੇ। ਉਹ 79 ਸਾਲ ਦੇ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਉਨ੍ਹਾਂ ਦੀ ਪਤਨੀ ਭੁਪਿੰਦਰ ਕੌਰ ਨੇ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪਾਤਰ ਦੇ ਪਰਿਵਾਰ ’ਚ ਪਤਨੀ ਅਤੇ ਦੋ ਪੁੱਤਰ ਹਨ। ਇੱਕ ਪੁੱਤਰ ਆਸਟਰੇਲੀਆ ਵਿੱਚ ਰਹਿੰਦਾ ਹੈ। ਪਾਤਰ ਨੇ ਸੱਠਵੇਂ ਦਹਾਕੇ ਦੇ ਅੱਧ ਵਿੱਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ ਅਤੇ ਉਨ੍ਹਾਂ ਦੀਆਂ ਪ੍ਰਸਿੱਧ ਕਾਵਿ ਰਚਨਾਵਾਂ ਵਿੱਚ ਹਵਾ ਵਿਚ ਲਿਖੇ ਹਰਫ਼, ਬਿਰਖ ਅਰਜ਼ ਕਰੇ, ਹਨੇਰੇ ਵਿਚ ਸੁਲਗਦੀ ਵਰਨਮਾਲਾ, ਲਫ਼ਜ਼ਾਂ ਦੀ ਦਰਗਾਹ, ਪਤਝੜ ਦੀ ਪਜ਼ੇਬ ਅਤੇ ਸਰਜ਼ਮੀਨ ਸ਼ਾਮਲ ਹਨ। ਉਹ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਵੀ ਸਨ। ਭਾਰਤ ਸਰਕਾਰ ਵਲੋਂ ਉਹਨਾਂ ਨੂੰ 2012 ਵਿੱਚ ਪਦਮਸ੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪੰਜਾਬੀ ਦੇ ਪ੍ਰੋਫੈਸਰ ਵਜੋਂ ਸੇਵਾਮੁਕਤ ਹੋਏ ਸਨ। ਡਾ. ਸੁਰਜੀਤ ਪਾਤਰ ਦੀ ਮ੍ਰਿਤਕ ਦੇਹ ਦਾ ਸਸਕਾਰ 13 ਮਈ ਨੂੰ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਦੇ ਸ਼ਮਸ਼ਾਨਘਾਟ ਵਿਚ ਸਵੇਰੇ 11 ਵਜੇ ਸਰਕਾਰੀ ਸਨਮਾਨ ਨਾਲ ਕੀਤਾ ਜਾਵੇਗਾ।