Headlines

ਕੇਜਰੀਵਾਲ ਅੰਤਰਿਮ ਜ਼ਮਾਨਤ ਤੇ ਰਿਹਾਅ

ਜੇ ਮੋਦੀ ਜਿੱਤੇ ਤਾਂ ਸਭ ਵਿਰੋਧੀ ਨੇਤਾ ਜੇਲ ਜਾਣਗੇ-

ਨਵੀਂ ਦਿੱਲੀ ( ਦਿਓਲ)- ਸੁਪਰੀਮ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦੀ ਜ਼ਮਾਨਤ ਦੀ ਅਰਜੀ ਤੇ ਸੁਣਵਾਈ ਕਰਦਿਆਂ ਉਹਨਾਂ ਦੀ ਜਮਾਨਤ ਮਨਜੂਰ ਕਰ ਲਈ ਹੈ। ਤਿਹਾੜ ਜੇਲ ਤੋਂ ਅੰਤਰਿਮ ਜਮਾਨਤ ਤੇ ਰਿਹਾਅ ਹੋਣ ਤੋਂ ਤੁਰੰਤ ਬਾਦ ਕੇਜਰੀਵਾਲ ਆਪਣੀ ਪਤਨੀ ਨਾਲ ਕਨੇਟ ਪਲੇਸ ਸਥਿਤ ਹਨੂੰਮਾਨ ਮੰਦਿਰ ਵਿਚ ਮੱਥਾ ਟੇਕਣ ਪੁੱਜੇ। ਉਹਨਾਂ ਨਾਲ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਵੀ ਸਨ। 

39 ਦਿਨਾਂ ਬਾਅਦ ਤਿਹਾੜ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਏ ਅਰਵਿੰਦ ਕੇਜਰੀਵਾਲ ਨੇ ਇਥੇ ਆਮ ਆਦਮੀ ਪਾਰਟੀ ਦਫ਼ਤਰ ‘ਚ ਆਪਣਾ ਪਹਿਲਾ ਚੋਣ ਭਾਸ਼ਨ ਦਿੱਤਾ। ਉਨ੍ਹਾਂ ਆਪਣਾ 21 ਮਿੰਟ ਦਾ ਭਾਸ਼ਨ ਹਨੂੰਮਾਨ ਜੀ ਤੋਂ ਸ਼ੁਰੂ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਤਾਨਾਸ਼ਾਹੀ, ਭ੍ਰਿਸ਼ਟਾਚਾਰ, ਦੇਸ਼, ਵਿਰੋਧੀ ਗਠਜੋੜ ਅਤੇ ਰੱਬ ’ਤੇ ਸਮਾਪਤ ਹੋਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਸਾਲ 17 ਸਤੰਬਰ ਨੂੰ 75 ਸਾਲ ਦੇ ਹੋ ਜਾਣਗੇ। ਕੀ ਭਾਜਪਾ ਉਨ੍ਹਾਂ ਨੂੰ ਲਾਲ ਕ੍ਰਿਸ਼ਨ ਅਡਵਾਨੀ ਵਾਂਗ ਰਿਟਾਇਰ ਕਰੇਗੀ? ਜੇ ਭਾਜਪਾ ਇਹ ਚੋਣ ਜਿੱਤ ਜਾਂਦੀ ਹੈ ਤਾਂ ਮੋਦੀ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਬਣਾ ਦੇਣਗੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਸਰਕਾਰ ਬਣਨ ਦੇ ਦੋ ਮਹੀਨਿਆਂ ਦੇ ਅੰਦਰ ਹੀ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਇਕ ਮਿਸ਼ਨ ਸ਼ੁਰੂ ਕੀਤਾ ਹੈ,‘ਇਕ ਦੇਸ਼-ਇਕ ਨੇਤਾ।’ ਮੋਦੀ ਦੇਸ਼ ਦੇ ਸਾਰੇ ਨੇਤਾਵਾਂ ਨੂੰ ਖਤਮ ਕਰਨਾ ਚਾਹੁੰਦੇ ਹਨ। ਸਾਰੇ ਵਿਰੋਧੀ ਨੇਤਾਵਾਂ ਨੂੰ ਜੇਲ੍ਹ ਭੇਜਿਆ ਜਾਵੇਗਾ। ਸਾਰੇ ਭਾਜਪਾ ਨੇਤਾਵਾਂ ਨੂੰ ਲਾਂਭੇ ਕਰ ਦਿੱਤਾ ਜਾਵੇਗਾ, ਜੇ ਉਹ ਚੋਣ ਜਿੱਤ ਗਏ ਤਾਂ ਇਹ ਲਿਖ ਲਵੋ ਕਿ ਕੁਝ ਦਿਨਾਂ ਬਾਅਦ ਮਮਤਾ, ਤੇਜਸਵੀ, ਸਟਾਲਿਨ, ਵਿਜਯਨ, ਊਧਵ ਅਤੇ ਸਾਰੇ ਵਿਰੋਧੀ ਨੇਤਾ ਜੇਲ੍ਹ ਵਿੱਚ ਹੋਣਗੇ।