ਵਰਿਆਮ ਸਿੰਘ ਸੰਧੂ—-
ਹਮਾਰੇ ਬਾਅਦ ਅੰਧੇਰਾ ਰਹੇਗਾ ਮਹਿਫਲ ਮੇਂ, ਬਹੁਤ ਚਿਰਾਗ਼ ਜਲਾਓਗੇ ਰੋਸ਼ਨੀ ਕਿ ਲੀਏ!
ਸੁਰਜੀਤ ਪਾਤਰ ਇਹਨਾਂ ਸਮਿਆਂ ਵਿਚ ਸਭ ਤੋਂ ਵੱਧ ਪੜ੍ਹੇ–ਸੁਣੇ ਜਾਣ ਵਾਲਾ ਪੰਜਾਬੀ ਦਾ ਸਰਵ–ਸਨਮਾਨਤ ਸ਼ਾਇਰ ਸੀ। ਉਹਨੂੰ ਮਿਲਣਾ, ਸੁਣਨਾ ਹਮੇਸ਼ਾ ਬੜਾ ਅਨੋਖਾ ਤੇ ਮਾਣ–ਮੱਤਾ ਅਨੁਭਵ ਹੁੰਦਾ ਸੀ। ਸੰਤ ਸਿੰਘ ਸੇਖੋਂ ਹੁਰਾਂ ਨੇ ਕਦੀ ਕਿਹਾ ਸੀ ਕਿ ਵੀਹਵੀਂ ਸਦੀ ਦੀ ਪੰਜਾਬੀ ਸ਼ਾਇਰੀ ਦੀਆਂ ਸੱਤ ਚੋਟੀਆਂ ਹਨ: ਭਾਈ ਵੀਰ ਸਿੰਘ, ਪੂਰਨ ਸਿੰਘ, ਅੰਮਿ੍ਤਾ ਪ੍ਰੀਤਮ, ਮੋਹਨ ਸਿੰਘ, ਸ਼ਿਵ ਕੁਮਾਰ, ਪਾਸ਼ ਤੇ ਪਾਤਰ। ਇਕੀਵੀਂ ਸਦੀ ਵਿਚ ਇਕੱਲ੍ਹੇ ਪਾਤਰ ਹੁਰੀਂ ਪੰਜਾਬੀ ਸ਼ਾਇਰੀ ਦੀ ਮਾਊਂਟ–ਐਵਰੈਸਟ ਸਨ। ਅੱਜ ਉਹ ਚੋਟੀ ਵੀ ਢਹਿ ਪਈ।
ਪੰਜਾਬੀ ਅਦਬ ਦਾ ਉੱਚਾ ਸ਼ਮਲ੍ਹਾ ਢਹਿ ਪਿਆ।
ਉਸ ਬਾਰੇ ਮੈਂ ਕਦੀ ਲਿਖਿਆ ਸੀ:
ਕਿਹੜਾ ਪੰਜਾਬੀ ਏ ਜੋ ਸੁਰਜੀਤ ਪਾਤਰ ਦਾ ਨਾਂ ਨਹੀਂ ਜਾਣਦਾ।
ਸੁਰਜੀਤ ਪਾਤਰ ਪੰਜਾਬੀ ਜ਼ਬਾਨ ਦਾ ਅਜ਼ੀਮ ਸ਼ਾਇਰ।
ਵਾਰਸਸ਼ਾਹ ਵਾਂਗ ਜਿਸਦੇ ਬੋਲ ਪੰਜਾਬੀਆਂ ਦੇ ਦਿਲਾਂ ਦੀ ਆਵਾਜ਼ ਬਣ ਕੇ ਧੜਕਦੇ ਨੇ।
ਉਹਦੀ ਆਵਾਜ਼ ਵਿਚ ਕੋਇਲ ਦੀ ਕੂਕ ਦੀ ਮਿਠਾਸ ਏ।
ਉਹਦੇ ਸ਼ਬਦਾਂ ਵਿਚ ਅੰਗਿਆਰ ਮਘਦੇ ਤੇ ਅਨਾਰ ਚੱਲਦੇ ਨੇ।
ਉਹਨੂੰ ਸੁਣਨਾ ਤੇ ਪੜ੍ਹਨਾ ਪੰਜਾਬੀ ਲੋਕਾਂ ਤੇ ਪੰਜਾਬੀ ਕਵਿਤਾ ਦਾ ਧੰਨਭਾਗ।
ਅੱਜ ਤੱਕ ਭਾਸ਼ਨ ਕਰਨ ਵਾਲੇ ਨਾਮਵਰ ਬੁਲਾਰੇ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਤੇ ਗੱਲਬਾਤ ਨੂੰ ਪ੍ਰਭਾਵਸ਼ਾਲੀ ਬਨਾਉਣ ਲਈ ਉਰਦੂ ਦੇ ਸ਼ਿਅਰ ਬੋਲਿਆ ਕਰਦੇ ਸਨ; ਪਰ ਇਹ ਪਹਿਲੀ ਵਾਰ ਹੋਇਆ ਕਿ ਹੁਣ ਮਸ਼ਹੂਰ ਬੁਲਾਰਿਆਂ ਕੋਲ ‘ਕੋਟ‘ ਕਰਨ ਲਈ ਪਾਤਰ ਹੁਰਾਂ ਦੇ ਸ਼ਿਅਰ ਹੱਸਦੇ ਹੋਏ ਹਾਜ਼ਰ ਹੋ ਜਾਂਦੇ ਨੇ।। ਰਵੀਸ਼ ਕੁਮਾਰ ਵਰਗਾ ਭਾਰਤ ਦਾ ਨਾਮੀ ਪੱਤਰਕਾਰ ਵੀ ਇੱਕ ਵਾਰ ਪਾਤਰ ਦਾ ਸ਼ਿਅਰ ਕੋਟ ਕਰਦਾ ਸੁਣਿਆਂ ਮੈਂ। ਹੋਰ ਤਾਂ ਹੋਰ, ਗੁਰਦਿਆਲ ਸਿੰਘ ਵਰਗੇ ਨਾਮਵਰ ਨਾਵਲਕਾਰ ਦੇ ਪਾਤਰ ਵੀ ਕਈ ਥਾਈਂ ਪਾਤਰ ਦੇ ਸ਼ਿਅਰ ਬੋਲਦੇ ਹਨ।
ਅਜਿਹੀ ਲੋਕ ਪ੍ਰਿਅਤਾ ਵਾਰਿਸਸ਼ਾਹ ਤੇ ਸ਼ਿਵ ਤੋਂ ਬਾਅਦ ਪਾਤਰ ਨੂੰ ਹੀ ਹਾਸਲ ਹੋਈ ਹੈ।
ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ।
ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ।
ਲੋਕਾਂ ਦੇ ਕਾਲਜੇ ‘ਚ ਹਰ ਪਲ ਵੱਜਦੀਆਂ ਛੁਰੀਆਂ ਦੀ ਪੀੜ ਨੂੰ ਆਪਣੇ ਅੰਦਰ ਸਮੋਅ ਕੇ ਤੇ ਮੋਤੀਆਂ ਵਰਗੇ ਸ਼ਬਦਾਂ ਵਿਚ ਸੰਜੋਅ ਕੇ ਲੋਕਾਂ ਦੇ ਰੂਬਰੂ ਪੇਸ਼ ਕਰਨ ਵਾਲਾ ਪੰਜਾਬੀ ਦਾ ਅਜ਼ੀਮ ਸ਼ਾਇਰ ਸੀ ਸਾਡਾ ਸੁਰਜੀਤ ਪਾਤਰ।
ਵਾਰਿਸਸ਼ਾਹ ਵਾਂਗ ਜਿਸਦੇ ਸੰਗੀਤਕ ਬੋਲ ਪੰਜਾਬੀ ਅਵਾਮ ਦੇ ਦਿਲਾਂ ਦੀ ਆਵਾਜ਼ ਬਣ ਗਏ ਹਨ। ਪਾਤਰ ਹੁਰਾਂ ਨੂੰ ਸੁਣਨਾ ਆਪਣੇ ਆਪ ਨੂੰ ਤਲਾਸ਼ਣ ਤੇ ਜਾਨਣ-ਸਮਝਣ ਵਰਗਾ ਖ਼ੂਬਸੂਰਤ ਅਮਲ ਹੈ। ਇਸ ਵੇਲੇ ਪੰਜਾਬੀ ਸ਼ਾਇਰੀ ਵਿਚ ਪਾਤਰ ਹੁਰਾਂ ਦਾ ਕੋਈ ਸਾਨੀ ਨਹੀਂ।
ਸੁਰਜੀਤ ਪਾਤਰ ਜੀ ਦਾ ਜਨਮ ਜਨਵਰੀ 1945 ਵਿੱਚ ਪੰਜਾਬ ਵਿੱਚ ਜਲੰਧਰ ਜਿਲ੍ਹੇ ਦੇ ਪਿੰਡ ‘ ਪੱਤੜ ਕਲਾਂ ‘ ਵਿਖੇ ਹੋਇਆ| ‘ ਪੱਤੜ’ ਨਾਮ ਤੋਂ ਹੀ ਓਹਨਾ ਨੇ ਆਪਣਾ ਤਖੱਲਸ ਥੋੜਾ ਜਿਹਾ ਛਿੱਲ–ਤਰਾਸ਼ ਕੇ ਖੁਰਦਰੇ ਤੋਂ ਕੂਲ਼ਾ ਜਿਹਾ ਬਣਾ ਕੇ “ਪਾਤਰ” ਰੱਖ ਲਿਆ| ਪਾਤਰ ਨੇ M.A. ਪੰਜਾਬੀ ਯੂਨੀਵਰਿਸਟੀ ਪਟਿਆਲਾ ਤੋਂ ਕੀਤੀ ਅਤੇ ਓਸ ਤੋਂ ਬਾਦ Ph,d ਗੁਰੂ ਨਾਨਕ ਦੇਵ ਯੂਨੀਵਰਿਸਟੀ, ਅੰਮ੍ਰਿਤਸਰ ਤੋਂ ਕੀਤੀ।
ਇਸਤੋਂ ਬਾਦ ਓਹ ਅਧਿਆਪਨ ਦੇ ਕਿੱਤੇ ਵਿੱਚ ਆ ਗਿਆ। ਸ਼ੁਰੂਆਤੀ ਦੌਰ ਵਿਚ ਬੀੜ ਬਾਬਾ ਬੁੱਢਾ ਸਾਹਿਬ ਕਾਲਜ ਵਿੱਚ ਪੜ੍ਹਾਇਆ ਤੇ ਬਾਅਦ ਵਿਚ ਸਾਰੀ ਉਮਰ ਪੰਜਾਬ ਖੇਤੀਬਾੜੀ ਯੂਨੀਵਰਿਸਟੀ, ਲੁਧਿਆਣਾ ਵਿਚ। ਇਥੋਂ ਹੀ ਪੰਜਾਬੀ ਦੇ ਪ੍ਰੋਫ਼ੈਸਰ ਦੇ ਤੌਰ ’ਤੇ ਸੇਵਾਮੁਕਤ ਹੋਏ| ਅੱਜ ਕੱਲ੍ਹ ਉਹ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦੇ ਚੇਅਰਮੈਨ ਸਨ।
ਪਾਤਰ ਜੀ ਨੇ ਸੱਠਵੇਂ ਦਹਾਕੇ ਵਿੱਚ ਲਿਖਣਾ ਸ਼ੁਰੂ ਕੀਤਾ| ਸ਼ਾਇਰੀ ਵਿੱਚ ਓਹਨਾ ਦੀਆਂ ਮੁੱਖ ਕਿਤਾਬਾਂ “ਹਵਾ ਵਿੱਚ ਲਿਖੇ ਹਰਫ਼”, “ਬਿਰਖ ਅਰਜ਼ ਕਰੇ”, “ਹਨੇਰੇ ਵਿੱਚ ਸੁਲਗਦੀ ਵਰਨਮਾਲਾ”, “ਲਫ਼ਜ਼ਾਂ ਦੀ ਦਰਗਾਹ”, “ਪਤਝੜ ਦੀ ਪਾਜ਼ੇਬ” ਅਤੇ “ਸੁਰ-ਜ਼ਮੀਨ” ਆਦਿ ਹਨ| ‘ਹਵਾ ਵਿਚ ਲਿਖੇ ਹਰਫ਼‘ ਦੇ ਛਪਦੇ ਸਾਰ ਪੰਜਾਬੀ ਗ਼ਜ਼ਲ ਦੇ ਖੇਤਰ ਵਿਚ ਉਹਨਾਂ ਅਜਿਹੇ ਝੰਡੇ ਗੱਡੇ ਕਿ ਚਾਰ ਪਾਸੇ ‘ਪਾਤਰ, ਪਾਤਰ ਹੋ ਉਠੀ‘ । ‘ਹਵਾ ਵਿਚ ਲਿਖੇ ਹਰਫ਼‘ ਦੇ ਛਪਣ ਵੇਲੇ ਮੈਂ ਲਿਖਿਆ ਸੀ ਕਿ ਜਿੱਥੇ ਉਰਦੂ ਵਾਲਿਆਂ ਕੋਲ, ਗ਼ਾਲਿਬ, ਮੀਰ ਤੇ ਫ਼ੈਜ਼ ਹਨ ਤੇ ਹਿੰਦੀ ਵਾਲਿਆਂ ਕੋਲ ਦੁਸ਼ਿਅੰਤ ਕੁਮਾਰ ਹੈ, ਹੁਣ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਸਾਡੇ ਕੋਲ ਵੀ ਸੁਰਜੀਤ ਪਾਤਰ ਹੈ।
ਪਾਤਰ ਨੂੰ 1993 ਵਿੱਚ “ਹਨੇਰੇ ਵਿੱਚ ਸੁਲਗਦੀ ਵਰਨਮਾਲਾ” ਲਈ ਸਾਹਿਤ ਅਕਾਦਮੀ ਸਨਮਾਨ ਮਿਲਿਆ ਅਤੇ 1999 ਵਿੱਚ “ਭਾਰਤੀ ਭਾਸ਼ਾ ਪਰਿਸ਼ਦ ਕਲਕੱਤਾ” ਵਲੋਂ “ਪੰਚਨਾਦ ਪੁਰਸਕਾਰ” ਦਿੱਤਾ ਗਿਆ| ਭਾਰਤ ਸਰਕਾਰ ਵੱਲੋਂ ਉਹਨੂੰ ‘ਪਦਮ ਸ਼੍ਰੀ‘ ਦੀ ਉਪਾਧੀ ਨਾਲ ਸਨਮਨਾਤ ਕੀਤਾ ਜਾ ਚੁੱਕਾ ਹੈ। ਪਰ ਉਹਦਾ ਸਭ ਤੋਂ ਵੱਡਾ ਸਨਮਾਨ ਲੋਕਾਂ ਵੱਲੋਂ ਮਿਲਿਆ ਬੇਪਨਾਹ ਪਿਆਰ ਹੈ।
ਪਾਤਰ ਨੇ ‘ਸ਼ਹੀਦ ਉੱਧਮ ਸਿੰਘ’ ਫ਼ਿਲਮ ਦੇ ਯਾਦਗਾਰੀ ਸੰਵਾਦ ਲਿਖੇ ਸਨ ਤੇ ਉਹਨੇ ਆਪਣੀ ਸ਼ਾਇਰੀ ਦੀ, ਆਪਣੀ ਅਵਾਜ਼ ਵਿੱਚ, “ਬਿਰਖ ਜੋ ਸਾਜ਼ ਹੈ” ਨਾਮ ਹੇਠ ਇੱਕ ਟੇਪ ਵੀ ਕੀਤੀ ਸੀ| ਸ਼ਾਇਰੀ ਦੇ ਸ਼ੌਕੀ ਲੋਕਾਂ ਦੀਆਂ ਕਾਰਾਂ ਵਿਚ ਕਈ ਸਾਲ ਉਹ ਟੇਪ ਚੱਲਦੀ ਰਹੀ। ਲੋਕ ਗੁਣਗੁਣਾਉਂਦੇ ਰਹੇ:
ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ
ਅਸੀਂ ਰਹਿ ਗਏ ਬਿਰਖ਼ ਵਾਲੀ ਆਹ ਬਣ ਕੇ
ਪਾਤਰ ਦੱਸਦਾ ਸੀ ਕਿ ਉਹਨਾਂ ਦੇ ਪਰਿਵਾਰ ਵਿਚ ਅੱਖਰਾਂ ਦਾ ਪ੍ਰਵੇਸ਼ ਉਹਨਾਂ ਦੇ ਪਿਤਾ ਜੀ ਗਿਆਨੀ ਹਰਭਜਨ ਸਿੰਘ ਹੋਰਾਂ ਨਾਲ ਹੋਇਆ। ਇਹ ਅੱਖਰ ਸਿੱਖੀ ਦੇ ਰੰਗ ਵਿਚ ਗੂੜ੍ਹੇ ਰੰਗੇ ਹੋਏ ਸਨ। ਗੁਰਬਾਣੀ ਪਾਠ ,ਕੀਰਤਨ ਤੇ ਸਿੱਖ ਇਤਿਹਾਸ ਨਾਲ ਇਹਨਾਂ ਸ਼ਬਦਾਂ ਨੇ ਹੀ ਪਾਤਰ ਹੁਰਾਂ ਨੂੰ ਜੋੜਿਆ। ਪਾਤਰ ਦੇ ਚਾਚਾ ਜੀ ਦਾ ਬੇਟਾ ਦੀਦਾਰ ਸਿੰਘ ਪਰਦੇਸੀ ਕਹਿੰਦਾ ਹੁੰਦਾ ਸੀ :ਤਾਇਆ ਜੀ, ਪਾਤਰ ਦੇ ਪਿਤਾ ਜੀ ਦੀ ਆਵਾਜ਼ ਭਾਰੀ ਸੀ , ਸਹਿਗਲ ਵਰਗੀ ।
ਪਾਤਰ ਦੇ ਪਿਤਾ ਜੀ ਉਤੇ ਸਿੰਘ ਸਭਾ ਲਹਿਰ ਦਾ ਗੂੜ੍ਹਾ ਪ੍ਰਭਾਵ ਸੀ । ਉਨ੍ਹਾਂ ਨੇ ਧੀਆਂ ਨੂੰ ਕਦੀ ਨੱਕ ਕੰਨ ਨਾ ਵਿੰਨ੍ਹਾਉਣ ਦਿਤੇ ,ਨਾ ਹੀ ਵੰਙਾਂ ਪਾਉਣ ਦਿੱਤੀਆਂ । ਉਹਨਾਂ ਦੇ ਘਰ ਵਿਚ ਸਿਰਫ਼ ਧਾਰਮਿਕ ਕਿਤਾਬਾਂ ਹੀ ਸਨ । ਪਾਤਰ ਛੋਟਾ ਜਿਹਾ ਸੀ । ਰਾਤ ਦੇ ਰੋਟੀ ਟੁੱਕ ਤੋ ਵਿਹਲੇ ਹੋ ਕੇ ਸਾਰਾ ਟੱਬਰ ਦਲਾਨ ਵਿਚ ਬੈਠਾ ਸੀ । ਚੱਕੀ ਦੇ ਕੋਲ ਪੀੜ੍ਹੀ ਉਤੇ ਪਿਤਾ ਜੀ ਬੈਠੇ ਸਨ । ਬਾਲ ਪਾਤਰ ਨੇ ਪਿਤਾ ਜੀ ਨੂੰ ਕਿਹਾ , “ਮੈਨੂੰ ਗੀਤ ਸੁਣਾਓ ,ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ।“ ਉਹਦੇ ਪਿਤਾ ਜੀ ਹੱਸ ਪਏ ਤੇ ‘ਨੁਣ ਨੁਣ’ ਕਰਕੇ ਗੀਤ ਦੀ ਤਰਜ਼ ਗੁਣਗੁਣਾਉਦੇ ਰਹੇ ਪਰ ਗੀਤ ਦੇ ਬੋਲ ਉਨ੍ਹਾਂ ਨੇ ਲਬਾਂ ਤੇ ਨਾ ਲਿਆਂਦੇ ।
ਭੀੜੀ ਜਿਹੀ ਗਲੀ ਦੇ ਸਿਰੇ ’ਤੇ ਉਹਨਾਂ ਦਾ ਘਰ ਸੀ ਜਿੱਥੇ ਦੋ ਪਰਿਵਾਰ ਰਹਿੰਦੇ ਸਨ। ਇਕ ਪਾਤਰ ਹੁਰਾਂ ਦੇ ਚਾਚੇ ਮੱਘਰ ਸਿੰਘ ਦਾ ਤੇ ਦੂਜਾ ਉਹਨਾਂ ਦੇ ਪਿਤਾ ਦਾ। ਉਹਨਾਂ ਦੇ ਪਿਤਾ ਤੇ ਉਹਨਾਂ ਦੇ ਚਾਚਾ ਜੀ ਦੇ ਪੁੱਤਰ ਦੀਦਾਰ ਸਿੰਘ ਪਰਦੇਸੀ ਦਾ ਜਨਮ ਇਕ ਹੀ ਛੱਤ ਹੇਠ ਹੋਇਆ। ਘਰਾਂ ਤੋ ਥੋੜੀ ਦੂਰ ਉਹਨਾਂ ਦੀ ਹਵੇਲੀ ਸੀ ਜਿੱਥੇ ਉਹਦੇ ਤਾਇਆ ਜੀ ਮੂਲ ਸਿੰਘ ‘ਸੇਪੀ’ ਕਰਦੇ ਸਨ । ਹਲ ਪੰਜਾਲੀਆਂ ਠੀਕ ਕਰਵਾਉਣ ਆਏ ਜੱਟ ਉਨ੍ਹਾਂ ਕੋਲ ਬੈਠੇ ਰਹਿੰਦੇ । ਬਾਲ ਪਾਤਰ ਉਹਨਾਂ ਦੀਆਂ ਗੱਲਾਂ ਸੁਣਨ ਦਾ ਮਾਰਾ ਓਥੇ ਬੈਠਾ ਰਹਿੰਦਾ । ਤਾਇਆ ਮੂਲ ਸਿੰਘ ਦੀ ਆਵਾਜ਼ ਇਹੋ ਜਿਹੀ ਸੀ ਜਿਵੇ ਸਖ਼ਤ ਲੱਕੜੀ ਵਾਲਾ ਰੁੱਖ ਬੋਲਦਾ ਹੋਵੇ ।
ਓਸੇ ਹਵੇਲੀ ਵਿਚ ਨਾਲ ਦੇ ਬਰਾਂਡੇ ਵਿਚ ਪਾਤਰ ਦੇ ਪਿਤਾ ਜੀ ਕੁਰਸੀਆਂ ਬਣਾਉਦੇ ।
ਪਾਤਰ ਦੇ ਪਿਤਾ ਜੀ ਹਵੇਲੀ ਵਿਚ ਪਿੰਡ ਦੀਆਂ ਬੱਚੀਆਂ ਨੂੰ ਗੁਰਮੁਖੀ ਵੀ ਪੜ੍ਹਾਂਉਦੇ ਸਨ । ਪਾਤਰ ਹੁਰੀ ਦੱਸਦੇ ਨੇ ਕਿ ਉਹਨਾਂ ਨੂੰ ਕਈ ਵਾਰ ਐਸੀਆਂ ਸੁਆਣੀਆਂ ਮਿਲਦੀਆਂ ਹਨ ਜੋ ਉਹਨਾਂ ਨੂੰ ਦੱਸਦੀਆਂ ਕਿ ਅਸੀਂ ਗਿਆਨੀ ਜੀ ਕੋਲੋਂ ਪੰਜ ਗ੍ਰੰਥੀ ਦਾ ਪਾਠ ਕਰਨਾ ਸਿੱਖਿਆ ,ਚਿੱਠੀ ਲਿਖਣੀ ਸਿੱਖੀ ।
ਸਕੂਲ ਦਾਖ਼ਲ ਹੋਣ ਤੋਂ ਪਹਿਲਾਂ ਪਾਤਰ ਵੀ ਕਦੀ ਕਦੀ ਪੜ੍ਹਨ ਆਈਆਂ ਕੁੜੀਆਂ ਦੀ ਕਤਾਰ ਵਿਚ ਜਾ ਬੈਠਦਾ । ਪਿਤਾ ਜੀ ਬਹੁਤ ਸਖ਼ਤ ਸੁਭਾਅ ਦੇ ਅਧਿਆਪਕ ਸਨ । ਉਹ ਉਚਾਰਣ ਜਾਂ ਸ਼ਬਦ ਜੋੜਾਂ ਦੀ ਅਸ਼ੁੱਧਤਾ ਨੂੰ ਬਿਲਕੁਲ ਸਹਿਨ ਨਹੀਂ ਕਰਦੇ ਸਨ । ਉਨ੍ਹਾਂ ਨੇ ‘ਪਿੰਡ ਸੁਧਾਰ’ ਨਾਮ ਦਾ ਇਕ ਕਿਤਾਬਚਾ ਵੀ ਲਿਖਿਆ ਤੇ ਇਕ ਕਿੱਸਾ ਵੀ ਛਪਵਾਇਆ ਜਿਸ ਵਿਚ ਇਕ ਸਚਿਆਰੀ ਨੂੰਹ ਆਪਣੀ ਸੱਸ ਤੋਂ ਨਸਵਾਰ ਛੁਡਾਉਦੀ ਤੇ ਉਸ ਨੂੰ ਗੁਰਮੁਖੀ ਸਿਖਾਉਦੀ ਹੈ। ਗੁਰਪੁਰਬਾਂ ਦੇ ਮੌਕੇ ਤੇ ਉਹਦੇ ਪਿਤਾ ਜੀ ਬਹੁਤ ਉਮਾਹ ਵਿਚ ਹੁੰਦੇ । ਉਹ ਗੁਰਪੁਰਬਾਂ ਦੇ ਮੌਕੇ ਪੜ੍ਹਨ ਲਈ ਬੱਚਿਆਂ ਨੂੰ ਕਵਿਤਾਵਾਂ ਲੱਭ ਕੇ ਦਿੰਦੇ ਜਾਂ ਆਪ ਲਿਖ ਦਿੰਦੇ ।
ਅਜੇ ਪਾਤਰ ਦੂਜੀ ਵਿਚ ਹੀ ਪੜ੍ਹਦਾ ਸੀ ਕਿ ਉਹਦੇ ਪਿਤਾ ਜੀ ਘਰ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਆਪਣੀ ਪਹਿਲੀ ਮੁਸਾਫ਼ਰੀ ਤੇ ਜੰਜੀਬਾਰ (ਅਫ਼ਰੀਕਾ) ਚਲੇ ਗਏ । ਓਥੋਂ ਉਹ ਘਰ ਵੱਲ ਬਹੁਤ ਸੁਹਣੇ ਤੇ ਬਰੀਕ ਅੱਖਰਾਂ ਵਾਲੀਆਂ, ਗੁਰਬਾਣੀ ਦੇ ਮਹਾਵਾਕਾਂ ਨਾਲ ਜੜੀਆਂ ਚਿੱਠੀਆਂ ਲਿਖਦੇ । ਕਦੀ ਕਦੀ ਉਨ੍ਹਾਂ ਚਿੱਠੀਆਂ ਵਿਚ ਉਨ੍ਹਾਂ ਦੀਆਂ ਆਪਣੀਆਂ ਲਿਖੀਆਂ ਕਾਵਿ-ਸਤਰਾਂ ਵੀ ਹੁੰਦੀਆਂ । ਪਾਤਰ ਨੂੰ ਉਨ੍ਹਾਂ ਦੀਆਂ ਇਹ ਦੋ ਸਤਰਾਂ ਅਜੇ ਵੀ ਯਾਦ ਹਨ :
‘ਮਾਓ ਜੀ’ ਦਾ ਮਜ਼ਦੂਰ ਸਦਾ ਕੇ। ਰਹਿੰਦਾ ਹਾਂ ਹੁਣ ‘ਪੇਬਾ ਚਾਕੇ’
‘ਮਾਓ ਜੀ’ ਸ਼ਾਇਦ ਉਨ੍ਹਾਂ ਦੇ ਠੇਕੇਦਾਰ ਦਾ ਨਾਮ ਸੀ ਤੇ ਉਹ ‘ਪੇਬਾ ਚਾਕੇ’ ਨਾਮ ਦੇ ਕਿਸੇ ਸ਼ਹਿਰ ਵਿਚ ਕੰਮ ਕਰਦੇ ਸਨ। ਉਦੋ ਅਫ਼ਰੀਕਾ ਵਿਚ ਰੇਲਵੇ ਲਾਈਨਾਂ ਵਿਛ ਰਹੀਆਂ ਸਨ। ਪਾਤਰ ਚੌਥੀ ਜਮਾਤ ਵਿਚ ਪੜ੍ਹਦਾ ਸੀ ਜਦ ਉਹਨਾਂ ਦੇ ਪਿਤਾ ਜੀ ਨੇ ਆਪਣੀ ਇਕ ਚਿੱਠੀ ਵਿਚ ਪਾਤਰ ਨੂੰ ਆਪਣੀ ਲਿਖੀ ਹੋਈ ਚਾਰ ਸਤਰਾਂ ਦੀ ਇਕ ਕਵਿਤਾ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ਤੇ ਪੜ੍ਹਨ ਲਈ ਭੇਜੀ ਜੋ ਪਾਤਰ ਨੇ ਯਾਦ ਕਰ ਲਈ ।
ਪ੍ਰਬੰਧਕਾਂ ਨੇ ਛੋਟੇ ਜਿਹੇ ਪਾਤਰ ਨੂੰ ਮੇਜ਼ ’ਤੇ ਖੜਾ ਕਰ ਦਿੱਤਾ ਤੇ ਉਹਨੇ ਜੈਕਾਰਿਆਂ ਦੀ ਗੂੰਜ ਵਿਚ ਉਹ ਕਵਿਤਾ ਸੁਣਾਈ :
ਧੰਨ ਗੁਰੂ ਨਾਨਕ ਤੇਰੀ ਸਾਧ ਸੰਗਤ
ਕਲਾ ਚੜ੍ਹਦੀ ਤੇ ਦੂਣ ਸਵਾਈ ਹੋਵੇ
ਪਾਤਰ ਦੇ ਤਾਇਆ ਜੀ ਸ ਮੂਲ ਸਿੰਘ ਦੇ ਪੁੱਤਰ ਸੁਰੈਣ ਸਿਘ ਸੋਫ਼ੀ ਬਹੁਤ ਪ੍ਰਤਿਭਾਸ਼ੀਲ ਵਿਅਕਤੀ ਸਨ। ਉਹ ਹਵੇਲੀ ਵਿਚ ਕੁਰਸੀਆਂ ਬਣਾਉਦੇ ਪਰ ਗੁਰਦੁਆਰੇ ਦੇ ਸਮਾਗਮਾਂ ਵਿਚ ਪੂਰੀ ਤਨਦੇਹੀ ਨਾਲ ਹਿੱਸਾ ਲੈਦੇ । ਉਹ ਬਹੁਤ ਮਿੱਠਾ ਕੀਰਤਨ ਵੀ ਕਰਦੇ ਤੇ ਧਾਰਮਿਕ ਕਵਿਤਾਵਾਂ ਵੀ ਲਿਖਦੇ ਸਨ। ਉਨ੍ਹੀਂ ਦਿਨੀਂ ਫਿਲਮੀ ਗੀਤਾਂ ਦੀਆਂ ਤਰਜ਼ਾਂ ’ਤੇ ਧਾਰਮਿਕ ਗੀਤ ਲਿਖਣ ਦਾ ਬਹੁਤ ਰਿਵਾਜ ਸੀ ਜਿਵੇਂ ਅੱਜ ਵੀ ਮਾਤਾ ਦੀਆਂ ਭੇਟਾਂ ਲਿਖੀਆਂ ਤੇ ਗਾਈਆਂ ਜਾਂਦੀਆਂ ਹਨ । ਉਹ ਅਜਿਹੇ ਗੀਤ ਲਿਖਦੇ ਤੇ ਸਮਾਗਮਾਂ ਵਿਚ ਬੜੀ ਮਧੁਰ ਆਵਾਜ਼ ਵਿਚ ਸੁਣਾਉਂਦੇ।
ਪਾਤਰ ਦੇ ਚਾਚਾ ਜੀ ਦਾ ਪੁੱਤਰ ਦੀਦਾਰ ਸੱਤਵੀ ਅੱਠਵੀ ਤੱਕ ‘ਪਰਦੇਸੀ’ ਨਹੀਂ ਸੀ ਹੋਇਆ । ਪਾਤਰ ਨੇ ਉਹਨੂੰ ਵੀ ਬਚਪਨ ਵਿਚ ਗਾਉਦਿਆਂ ਸੁਣਿਆ । ਕੁਝ ਸਾਲਾਂ ਬਾਅਦ ਤਾਂ ਖ਼ੈਰ ਉਹ ਬਹੁਤ ਮਸ਼ਹੂਰ ਗਾਇਕ ਬਣ ਗਿਆ ਤੇ ਉਸ ਨੂੰ ਲੋਕ ਅਫ਼ਰੀਕਾ ਦਾ ‘ਮੁਹੰਮਦ ਰਫ਼ੀ’ ਕਹਿਣ ਲੱਗੇ ।
ਸੋ ਕਿਹਾ ਜਾ ਸਕਦਾ ਏ ਕਿ ਸੰਗੀਤ ਤੇ ਕਵਿਤਾ ਵਰਗੀ ਰਹਿਮਤ ਕਿਸੇ ਨਾ ਕਿਸੇ ਰੂਪ ਵਿਚ ਪਾਤਰ ਹੁਰਾਂ ਤੋਂ ਪਹਿਲਾਂ ਵੀ ਉਹਨਾਂ ਦੇ ਪਰਿਵਾਰ ਉਤੇ ਮੌਜੂਦ ਸੀ ਅਤੇ ਪਰਿਵਾਰ ਵਿਚੋਂ ਸ਼ਾਇਰੀ ਤੇ ਸੰਗੀਤ ਦੇ ਬੀਜ ਅਛੋਪਲੇ ਜਿਹੇ ਉਹਦੇ ਮਨ ਦੀ ਧਰਤੀ ਵਿਚ ਬੀਜੇ ਗਏ, ਜਿਨ੍ਹਾਂ ਨੇ ਉਹਨਾਂ ਦੇ ਕਵੀ ਬਣਨ ਵਿਚ ਹਿੱਸਾ ਪਾਇਆ ।
ਦਾਦਕੇ ਪਰਿਵਾਰ ਦੇ ਪਾਤਰ ਹੁਰਾਂ ਦੇ ਜੀਵਨ ‘ਤੇ ਪਏ ਮੁਢਲੇ ਪ੍ਰਭਾਵ ਤੋਂ ਬਾਅਦ ਆਪਾਂ ਉਹਦੀ ਮਾਤਾ ਜੀ ਬਾਰੇ ਵੀ ਕੁਝ ਗੱਲਾਂ ਸਾਂਝੀਆਂ ਕਰ ਲਈਏ।
ਸੁਰਜੀਤ ਪਾਤਰ ਦੇ ਬੀ ਜੀ ਦੇ ਪੇਕਿਆਂ ਦਾ ਨਾਂ ਹਰ ਕੌਰ ਸੀ ਤੇ ਸਹੁਰਿਆਂ ਦਾ ਗੁਰਬਖ਼ਸ਼ ਕੌਰ । ਪਾਤਰ ਨੇ ਉਨ੍ਹਾਂ ਨੂੰ ਕਦੀ ਕੋਈ ਗੀਤ ਗਾਉਦਿਆਂ ਨਹੀਂ ਸੀ ਸੁਣਿਆ ਪਰ ਉਨ੍ਹਾਂ ਦਾ ਚਿਹਰਾ, ਉਨ੍ਹਾਂ ਦਾ ਵਜੂਦ , ਉਨ੍ਹਾਂ ਦੀ ਉਦਾਸੀ , ਉਨ੍ਹਾਂ ਦੀ ਸਹਿਣਸ਼ੀਲਤਾ ਹੀ ਪਾਤਰ ਲਈ ਕਵਿਤਾ ਸੀ। ਸੋ ਪਾਤਰ ਅਨੁਸਾਰ ਉਹਦੀ ਕਵਿਤਾ ਤੇ ਉਹਨਾਂ ਦੇ ਪਰਿਵਾਰ ਦਾ ਦੂਜਾ ਰਿਸ਼ਤਾ ਇਹ ਹੈ ਕਿ ਉਹਨਾਂ ਦੀ ਕਵਿਤਾ ਦੇ ਤਾਣੇ ਬਾਣੇ ਵਿਚ ਉਹਨਾਂ ਦੀਆਂ ਪਰਿਵਾਰਕ ਯਾਦਾਂ ਬੁਣੀਆਂ ਹੋਈਆਂ ਹਨ। ਪਰਿਵਾਰ ਦੇ ਸਾਰੇ ਜੀਆਂ ਦੇ ਝਉਲੇ ਹਨ । ਮਾਤਾ ਪਿਤਾ, ਭੈਣ ਭਰਾ, ਪਤਨੀ ਤੇ ਸੰਤਾਨ । ਇਹ ਠੀਕ ਹੈ ਕਿ ਉਹਨਾਂ ਦੀ ਕਵਿਤਾ ਵਿਚ ਹਰ ਥਾਂ ਉਹਨਾਂ ਦੀ ਮਾਂ ਨਹੀਂ ਹੈ ਪਰ ਫਿਰ ਵੀ ਬਹੁਤ ਕੁਝ ਹੈ ਜੋ ਅਸਲੀ ਵੇਰਵਿਆਂ ਨਾਲ ਹੂਬਹੂ ਨਹੀਂ ਤਾਂ ਕਾਫ਼ੀ ਹੱਦ ਤੱਕ ਮਿਲਦਾ ਹੈ। ਪਾਤਰ ਦਾ ਕਹਿਣਾ ਸੀ ਕਿ ਮੈਂ ਜਦੋਂ ਆਪਣੇ ਬੀ ਜੀ ਬਾਰੇ ਸੋਚਦਾ ਹਾਂ ਤਾਂ ਮਮਤਾ ਤੇ ਕਰੁਣਾ ਨਾਲ ਭਰ ਜਾਂਦਾ ਹਾਂ । ਚਾਰ ਧੀਆਂ ਤੇ ਦੋ ਪੁੱਤਰਾਂ ਦੀ ਮਾਂ ਸੀ ਉਹ, ਜਦੋਂ ਪਾਤਰ ਦੇ ਪਿਤਾ ਜੀ ਪਰਦੇਸੀ ਹੋਏ । ਦੋ ਧੀਆਂ ਵਿਆਹੀਆਂ ਤੇ ਦੋ ਕੁਆਰੀਆਂ ਸਨ । ਪੁੱਤਰ ਅਜੇ ਛੋਟੇ ਛੋਟੇ ਸਨ । ਪਾਤਰ ਅਜੇ ਅੱਠ ਸਾਲ ਦਾ ਸੀ ਤੇ ਉਪਕਾਰ ਚਾਰ ਸਾਲ ਦਾ। ਪਾਤਰ ਨੇ ਪਿਤਾ ਜੀ ਨੂੰ ਪਰਦੇਸ ਨੂੰ ਵਿਦਾ ਹੁੰਦਿਆਂ ਦੇਖਿਆ। ਆਪਣੀ ਮਾਂ ਦੀਆਂ ਸਿੱਲ੍ਹੀਆਂ ਅੱਖਾਂ ਦੇਖੀਆਂ । ਬਹੁਤ ਸਾਲਾਂ ਬਾਅਦ ਉਹਨੇ ਇਸ ਵਿਦਾ ਬਾਰੇ ਗੀਤ ਲਿਖਿਆ ਸੀ :
ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ
ਦੂਰ ਇਕ ਪਿੰਡ ਵਿਚ ਛੋਟਾ ਜਿਹਾ ਘਰ ਸੀ
ਕੱਚੀਆਂ ਸੀ ਕੰਧਾਂ ਉਹਦਾ ਬੋੜਾ ਜਿਹਾ ਦਰ ਸੀ
ਅੰਮੀ ਮੇਰੀ ਚਿੰਤਾ ਤੇ ਬਾਪੂ ਮੇਰਾ ਡਰ ਸੀ
ਓਦੋਂ ਮੇਰੀ ਅਉਧ ਯਾਰੋ ਮਸਾਂ ਫੁੱਲ ਭਰ ਸੀ
ਜਦੋਂ ਦਾ ਅਸਾਡੇ ਨਾਲ ਖੁਸ਼ੀਆਂ ਨੂੰ ਵੈਰ ਏ
ਮੈਲੀ ਜਿਹੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ
ਸੂਰਜ ਦੇ ਚੜ੍ਹਨ ਚ ਹਾਲੇ ਬੜੀ ਦੇਰ ਸੀ
ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵੇਰ ਸੀ
ਮੇਰੀ ਮਾਂ ਦੇ ਨੈਣਾਂ ਵਿਚ ਹੰਝੂ ਤੇ ਹਨ੍ਹੇਰ ਸੀ
ਹਾਲੇ ਤੀਕ ਨੈਣਾਂ ਵਿਚ ਮਾੜੀ ਮਾੜੀ ਗਹਿਰ ਏ
ਕਿੱਥੋਂ ਦਿਆਂ ਪੰਛੀਆਂ ਨੂੰ ਕਿੱਥੋਂ ਚੋਗਾ ਲੱਭਿਆ
ਧੀਆਂ ਦੇ ਵਸੇਬੇ ਲਈ ਬਾਪੂ ਦੇਸ ਛੱਡਿਆ
ਕਿੰਨਾ ਹੈ ਮਹਾਨ ਦੇਸ ਓਦੋਂ ਪਤਾ ਲੱਗਿਆ
ਡੂੰਘਾ ਮੇਰੀ ਹਿੱਕ ਚ ਤਰੰਗਾ ਗਿਆ ਗੱਡਿਆ
ਝੁੱਲ ਓ ਤਰੰਗਿਆ! ਤੂੰ ਝੁੱਲ ਸਾਡੀ ਖ਼ੈਰ ਏ
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ
ਓਦੋਂ ਪਰਦੇਸ ਕੁਝ ਜ਼ਿਆਦਾ ਹੀ ਪਰਦੇਸ ਹੁੰਦਾ ਸੀ । ਪਿਤਾ ਜੀ ਸਮੁੰਦਰੀ ਜਹਾਜ਼ ਤੇ ਜਾਂਦੇ । ਲਗਭਗ ਦੋ ਹਫ਼ਤੇ ਸਮੁੰਦਰ ਵਿਚ ਹੀ ਲੱਗ ਜਾਂਦੇ । ਕਈ ਦਿਨਾਂ ਬਾਅਦ ਪਹੁੰਚਣ ਦੀ ਚਿੱਠੀ ਆਉਦੀ ।
ਪਰਦੇਸੀ ਗਏ ਪਿਤਾ ਦੇ ਵਿਛੋੜੇ ਦਾ ਦੁੱਖ ਕਿੰਨੇ ਲੋਕਾਂ ਨੇ ਝੱਲਿਆ ਹੈ, ਪਾਤਰ ਹੁਰਾਂ ਦਾ ਇਹ ਗੀਤ ਓਸੇ ਪੀੜ ਨੂੰ ਜ਼ਬਾਨ ਦਿੰਦਾ ਹੈ।
ਪਾਤਰ ਦੇ ਪਿਤਾ ਜੀ ਤਿੰਨ ਮੁਸਾਫ਼ਰੀਆਂ ਲਾ ਚੁੱਕੇ ਸਨ। ਪਾਤਰ ਐਮ ਏ ਦੇ ਪਹਿਲੇ ਸਾਲ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲੇ ਸੀ। ਉਹਦੇ ਬੀ ਜੀ ਬਹੁਤ ਬੀਮਾਰ ਹੋ ਗਏ । ਬਹੁਤ ਸਾਲ ਪਹਿਲਾਂ ਪਾਤਰ ਦੇ ਮਾਮਾ ਜੀ ਦੇ ਦੇਹਾਂਤ ਤੇ ਬੀ ਜੀ ਨੂੰ ਅਰਧੰਗ ਦਾ ਦੌਰਾ ਪਿਆ ਸੀ । ਉਹ ਕਾਫ਼ੀ ਠੀਕ ਹੋ ਗਏ ਸਨ ਪਰ ਪੂਰੀ ਤਰਾਂ ਨਹੀਂ । ਇਸ ਵਾਰ ਉਨ੍ਹਾਂ ਦੀ ਬੀਮਾਰੀ ਆ ਕੇ ਗਈ ਹੀ ਨਹੀਂ। ਉਹ ਪਿਆਰੀ ਮਿੱਠਬੋਲੜੀ ਜਾਨ, ਪਤੀ ਦੀ ਗ਼ੈਰਹਾਜ਼ਰੀ ਵਿਚ ਮਾਸੂਮ ਧੀਆਂ ਪੁੱਤਰਾਂ ਨੂੰ ਪਾਲਣ ਵਾਲੀ, ਨੀਲੇ ਰੰਗ ਦੇ ਲਫ਼ਾਫ਼ਿਆਂ ਦੇ ਆਸਰੇ ਜੀਊੰਦੀ ਰਹਿਣ ਵਾਲੀ ਉਦਾਸ ਮਾਂ ਉਹਨਾਂ ਤੋਂ ਸਦਾ ਲਈ ਵਿਛੜ ਗਈ । ਉਸਦਾ ਪਰਦੇਸੀ ਪਤੀ ਉਸ ਪਲ ਉਸ ਤੋਂ ਕੋਹਾਂ ਦੂਰ ਸਮੁੰਦਰੋਂ ਪਾਰ ਸੀ । ਉਸ ਨੂੰ ਤਾਂ ਖ਼ਬਰ ਵੀ ਸੱਤ ਦਿਨਾਂ ਬਾਅਦ ਮਿਲੀ ਜਦੋਂ ਉਸ ਨੇ ਪਤਾ ਨਹੀਂ ਕੀ ਸੋਚਦਿਆਂ ਲਫਾਫ਼ਾ ਖੋਲ੍ਹਿਆ ਹੋਵੇਗਾ । ਉਸ ਨੂੰ ਕੀ ਪਤਾ ਸੀ ਇਸ ਚਿੱਠੀ ਵਿਚ ਕੀ ਹੈ? ਤਦ ਤੱਕ ਤਾਂ ਫੁੱਲ ਵੀ ਪਾਏ ਜਾ ਚੁੱਕੇ ਸਨ ।
ਪਿਤਾ ਜੀ ਤੇ ਦੀਦਾਰ ਇਸ ਤੋਂ ਬਾਅਦ ਜਦੋਂ ਪਿੰਡ ਆਏ ਤਾਂ ਦੀਦਾਰ ਨੇ ਦੱਸਿਆ ਪਿੰਡ ਵੜਦਿਆਂ ਤਾਇਆ ਜੀ ਮਤਲਬ, ਪਾਤਰ ਦੇ ਪਿਤਾ ਦੀ ਭੁੱਬ ਨਿਕਲ ਗਈ । ਕਹਿਣ ਲੱਗੇ , “ਉਸ ਦੇਵੀਆਂ ਜਿਹੀ ਔਰਤ ਨੂੰ ਕਿੰਨੇ ਦੁੱਖ ਦੇਖਣੇ ਪਏ । ਮੈਂ ਉਹਦੀਆਂ ਆਖ਼ਰੀ ਘੜੀਆਂ ਵਿਚ ਉਹਦੇ ਕੋਲ ਨਹੀਂ ਸਾਂ।“
ਸ਼ਾਇਦ ਰੂਪ ਬਦਲ ਕੇ ਏਹੀ ਭਾਵ ਕਈ ਸਾਲਾਂ ਬਾਅਦ ਪਾਤਰ ਦੇ ਇਸ ਸ਼ੇਅਰ ਵਿਚ ਆਇਆ :
ਜੋ ਬਦੇਸਾਂ ਚ ਰੁਲਦੇ ਨੇ ਰੋਜ਼ੀ ਲਈ
ਉਹ ਜਦੋਂ ਦੇਸ਼ ਪਰਤਣਗੇ ਅਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ ।
ਹੁਣ ਤਾਂ ਪਰਦੇਸਾਂ ਵਿਚੋਂ ਆਉਣਾ-ਜਾਣਾ ਸੌਖਾ ਹੋ ਗਿਆ। ਪਰ ਉਹਨਾਂ ਸਮਿਆਂ ਵਿਚ ਤਾਂ ਵਿਛੜੇ ਪਰਿਵਾਰਾਂ ਨੂੰ ਮਿਲਦਿਆਂ ਸਾਲਾਂ ਦੇ ਸਾਲ ਲੱਗ ਜਾਂਦੇ ਸਨ । ਕਹਿੰਦੇ ਨੇ ਪਹਿਲੀਆਂ ਵਿਚ ਗਏ ਪਰਵਾਸੀ ਜਦੋਂ ਸੁਰਜੀਤ ਪਾਤਰ ਹੁਰਾਂ ਦੀਆਂ ਇਹ ਸਤਰਾਂ ਪੜ੍ਹਦੇ ਤਾਂ ਭੁੱਬਾਂ ਮਾਰ ਕੇ ਰੋਣ ਲੱਗ ਪੈਂਦੇ। ਇਹ ਉਹਨਾਂ ਸਭਨਾਂ ਦੇ ਦਿਲ ਦਾ ਸਾਂਝਾ ਦੁੱਖ ਸੀ।
ਐਮ ਐਸ ਸੀ ਕਰਕੇ ਪਾਤਰ ਦਾ ਛੋਟਾ ਵੀਰ ਉਪਕਾਰ ਵੀ ਪਿਤਾ ਜੀ ਕੋਲ ਅਫ਼ਰੀਕਾ ਚਲਾ ਗਿਆ ਤੇ ਕਨਿਆਟਾ ਯੂਨੀਵਰਸਿਟੀ ਵਿਚ ਫਿਜ਼ਿਕਸ ਪੜ੍ਹਾਉਣ ਲੱਗ ਪਿਆ। ਪਿਤਾ ਜੀ ਇਕਿਆਸੀ ਸਾਲ ਦੀ ਉਮਰ ਵਿਚ ਪਾਤਰ ਕੋਲ ਲੁਧਿਆਣੇ ਆ ਗਏ ਤੇ ਆਪਣੀ ਉਮਰ ਦੇ ਆਖ਼ਰੀ ਦਸ ਸਾਲ ਏਥੇ ਗੁਜ਼ਾਰੇ । ਨੱਬੇ ਸਾਲ ਦੇ ਸਨ ਜਦੋਂ 1991 ਵਿਚ ਉਨ੍ਹਾਂ ਦਾ ਅਕਾਲ ਚਲਾਣਾ ਹੋਇਆ। ਪਾਤਰ ਦੇ ਬੀ ਜੀ ਉਨ੍ਹਾਂ ਤੋ ਚੌਵੀ ਸਾਲ ਪਹਿਲਾਂ 1967 ਵਿਚ ਗੁਜ਼ਰ ਗਏ ਸਨ। ਉਹ ਕਦੀ ਕਦੀ ਕਹਿੰਦੇ, “ਰੱਬ ਨੇ ਮੈਨੂੰ ਏਨੀ ਲੰਮੀ ਉਮਰ ਦੇ ਦਿੱਤੀ ਤੇ ਤੁਹਾਡੀ ਬੀ ਜੀ ਨੂੰ ਏਨੀ ਥੋੜ੍ਹੀ!”
ਪਾਤਰ ਹੁਰਾਂ ਦਾ ਵਿਆਹ ਭੁਪਿੰਦਰ ਕੌਰ ਹੁਰਾਂ ਨਾਲ ਹੋਇਆ। ਏਥੇ ਵੀ ਸਾਂਝ ਦਾ ਕਾਰਨ ਸੰਗੀਤ ਹੀ ਬਣਿਆਂ। ਉਹਨਾਂ ਦੇ ਵਿਆਹ ਦੀ ਗੱਲ ਚੱਲ ਰਹੀ ਸੀ ਤਾਂ ਭੁਪਿੰਦਰ ਦੀ ਭੈਣ ਨੇ ਪਾਤਰ ਨੂੰ ਭੁਪਿੰਦਰ ਦੇ ਗਾਏ ਹੋਏ ਇਕ ਸ਼ਬਦ ਦੀ ਰਿਕਾਰਡਿੰਗ ਭੇਜੀ : ਮਿਹਰਬਾਨ ਮਿਹਰਬਾਨ ,ਸਾਹਿਬ ਮੇਰੇ ਮਿਹਰਬਾਨ ।
ਪਾਤਰ ਨੂੰ ਭੁਪਿੰਦਰ ਦੀ ਆਵਾਜ਼ ਦਾ ਚਿਹਰਾ ਸੁਹਣਾ ਲੱਗਾ । ਵਿਆਹ ਹੋ ਗਿਆ। ਦੋ ਪਿਆਰੇ ਬੱਚੇ ਹਨ, ਅੰਕੁਰ ਤੇ ਮਨਰਾਜ। ਮਨਰਾਜ ਵੀ ਪਾਤਰ ਹੁਰਾਂ ਵਾਂਗ ਬਹੁਤ ਸੋਹਣਾ ਗਾਉਂਦਾ ਵੀ ਹੈ।
ਭੁਪਿੰਦਰ ਹੁਰਾਂ ਨੂੰ ਵੀ ਗਾਉਣ ਦਾ ਬਹੁਤ ਸ਼ੌਕ ਹੈ । ਪਾਤਰ ਹੁਰਾਂ ਦਾ ਕਹਿਣਾ ਹੈ ਕਿ ਉਹ ਹੁਣ ਮੇਰੀਆਂ ਗ਼ਜ਼ਲਾਂ ਮੇਰੇ ਨਾਲੋਂ ਵੀ ਸੁਹਣੀ ਤਰਾਂ ਗਾਉਦੀ ਹੈ ।
ਪਾਤਰ ਹੁਰੀਂ ਇਕ ਹੋਰ ਸਚਾਈ ਕੁਝ ਇੰਜ ਬਿਆਨ ਕਰਦੇ ਨੇ। ਇਕ ਦਿਨ ਅੱਠਵੀਂ ਵਿਚ ਪੜ੍ਹਦੇ ਬੇਟੇ ਨੇ ਆਪਣੀ ਕਲਾਸ ਨਾਲ ਕੁਝ ਦਿਨਾਂ ਲਈ ਟੂਰ ਤੇ ਜਾਣਾ ਸੀ, ਭੁਪਿੰਦਰ ਉਹਨੂੰ ਗੇਟ ਤੱਕ ਤੋਰਨ ਗਈ । ਉਹ ਬੱਸ ਤੇ ਚੜ੍ਹਨ ਲੱਗਾ ਕਾਹਲ ਵਿਚ ‘ਬਾਏ! ਬਾਏ!’ ਨਾ ਕਰ ਸਕਿਆ। ਭੁਪਿੰਦਰ ਗੇਟ ਤੋਂ ਵਾਪਸ ਆਈ ਤਾਂ ਇਹਦੀਆਂ ਅੱਖਾਂ ਨਮ ਸਨ। ਇਹ ਕਹਿਣ ਲੱਗੀ , “ਬੇਟੇ ਮਾਂਵਾਂ ਦੇ ਦਿਲਾਂ ਨੂੰ ਨਹੀਂ ਸਮਝਦੇ!”
ਪਾਤਰ ਨੇ ਕਿਹਾ , “ਜਦੋਂ ਇਹ ਆਪ ਮਾਪੇ ਬਣਨਗੇ ਓਦੋਂ ਸਮਝ ਜਾਣਗੇ, ਪਿਆਰ ਦਾ ਵਹਿਣ ਅਗਾਂਹ ਵੱਲ ਨੂੰ ਹੀ ਜਾਂਦਾ ਹੈ, ਪਿਛਾਂਹ ਵੱਲ ਨੂੰ ਤਾਂ ਜ਼ਿੰਮੇਵਾਰੀ ਦਾ ਅਹਿਸਾਸ ਹੀ ਮੁੜਦਾ ਹੈ। ਧੀਆਂ ਪੁੱਤਰਾਂ ਨੂੰ ਪਿਆਰ ਦੇ ਕੇ ਉਸ ਦੇ ਬਦਲੇ ਉਨ੍ਹਾ ਕੋਲੋਂ ਓਨਾ ਪਿਆਰ ਨਹੀਂ ਮੰਗੀਦਾ। ਇਹ ਪਿਆਰ ਉਨ੍ਹਾਂ ਅੱਗੇ ਆਪਣੇ ਪੁੱਤਰਾਂ ਧੀਆਂ ਨੂੰ ਦੇਣਾ ਹੁੰਦਾ ਹੈ ।“
ਇਹ ਮੇਰਾ ਪਿਆਰ ਦਈਂ ਆਪਣੇ ਜਾਇਆਂ ਨੂੰ ਪੁੱਤਰਾ
ਇਹ ਮੇਰਾ ਕਰਜ਼ ਤੂੰ ਮੈਨੂੰ ਕਦੇ ਅਦਾ ਨਾ ਕਰੀਂ
ਇਹ ਪਿਆਰ ਮਿਲਿਆ ਸੀ ਮੈਨੂੰ ਵੀ ਮੁਫ਼ਤ ਪਿੱਛਿਓਂ ਹੀ
ਜੇ ਮੈਨੂੰ ਮੋੜ ਨ ਸਕਿਆ ਤਾਂ ਦਿਲ ਬੁਰਾ ਨ ਕਰੀਂ
ਪਾਤਰ ਹੁਰਾਂ ਦੀ ਕਵਿਤਾ ਦਾ ਉਹਨਾਂ ਦੇ ਪਰਿਵਾਰ ਨਾਲ ਤੀਜਾ ਰਿਸ਼ਤਾ ਸੰਚਾਰ ਦਾ ਹੈ ਕਿ ਉਹਨਾਂ ਦਾ ਪਰਿਵਾਰ ਉਹਨਾਂ ਦੀ ਕਵਿਤਾ ਨੂੰ ਕਿਸਤਰਾਂ ਸਮਝਦਾ ਹੈ । ਉਹਨਾਂ ਦੀ ਬੜੀ ਪ੍ਰਸਿਧ ਕਵਿਤਾ ਹੈ।
ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨ ਆਈ
ਭਾਵੇਂ ਮੇਰੀ ਮਾਂ-ਬੋਲੀ ਵਿਚ ਲਿਖੀ ਹੋਈ ਸੀ
ਉਹ ਤਾਂ ਕੇਵਲ ਏਨਾ ਸਮਝੀ
ਪੁੱਤ ਦੀ ਰੂਹ ਨੂੰ ਦੁਖ ਹੈ ਕੋਈ
ਪਰ ਇਸ ਦਾ ਦੁਖ ਮੇਰੇ ਹੁੰਦਿਆਂ
ਆਇਆ ਕਿੱਥੋਂ
ਨੀਝ ਲਗਾ ਕੇ ਦੇਖੀ
ਮੇਰੀ ਅਨਪੜ੍ਹ ਮਾਂ ਨੇ ਮੇਰੀ ਕਵਿਤਾ
ਦੇਖੋ ਲੋਕੋ
ਕੁੱਖੋਂ ਜਾਏ
ਮਾਂ ਨੂੰ ਛੱਡ ਕੇ ਦੁੱਖ ਕਾਗਤਾਂ ਨੂੰ ਦੱਸਦੇ ਨੇ
ਮੇਰੀ ਮਾਂ ਨੇ ਕਾਗਜ਼ ਚੁਕ ਸੀਨੇ ਨੂੰ ਲਾਇਆ
ਖ਼ਬਰੇ ਏਦਾਂ ਹੀ ਕੁਝ ਮੇਰੇ ਨੇੜੇ ਹੋਵੇ
ਮੇਰਾ ਜਾਇਆ
ਪਾਤਰ ਹੁਰੀਂ ਕਹਿੰਦੇ ਨੇ ਕਿ ਇਸ ਕਵਿਤਾ ਵਿਚਲੀ ਮਾਂ ਸ਼ਾਇਦ ਹਰ ਕਵੀ ਦੀ ਮਾਂ ਹੈ, ਸਿਰਫ਼ ਮੇਰੀ ਮਾਂ ਨਹੀਂ ।
ਸਾਰਾ ਪੰਜਾਬੀ ਜਗਤ ਸੁਰਜੀਤ ਪਾਤਰ ਦੀ ਸ਼ਾਇਰੀ ਦਾ ਕਦਰਦਾਨ ਹੈ। ਪਰ ਕੁਝ ਕੁ ਨਿੰਦਕ ਸੁਰਜੀਤ ਪਾਤਰ ਦੀ ਪ੍ਰਸਿੱਧੀ ਤੋਂ ਸੜ ਬਲ ਕੇ ਉਹਨਾਂ ਖ਼ਿਲਾਫ਼ ਲਿਖਦੇ ਬੋਲਦੇ ਵੀ ਰਹਿੰਦੇ ਨੇ। ਭਾਵੇਂ ਇਹਨਾਂ ਦੀ ਗਿਣਤੀ ਮੂਲੋਂ ਹੀ ਨਾ-ਗਿਣੌਨੀ ਹੈ, ਪਰ ਕਿਸੇ ਦਾ ਮੂੰਹ ਨਹੀਂ ਫੜਿਆ ਜਾ ਸਕਦਾ। ਅਜਿਹੇ ਨਿੰਦਕਾਂ ਬਾਰੇ ਗੁਰੂ ਸਾਹਿਬ ਨੇ ਬਹੁਤ ਕੁਝ ਲਿਖਿਆ ਏ। ਪਾਤਰ ਹੁਰੀਂ ਵੀ ਅਜਿਹੇ ਨਿੰਦਕਾਂ ਬਾਰੇ ਲਿਖਦੇ ਨੇ:
“ਸੱਜਣ ਨਾ ਯਾਰ ਆਉਂਦੇ,
ਭੈਣਾਂ ਨਾ ਵੀਰ ਆਉਂਦੇ।
ਹੁਣ ਤਾਂ ਕਲੇਜੇ ਲੱਗਣ ਨੂੰ ਸਿਰਫ਼ ਤੀਰ ਆਉਂਦੇ।”
ਅਜਿਹੀ ਵਿਰੋਧਤਾ ਬਾਰੇ ਪਾਤਰ ਹੁਰਾਂ ਨੇ ਕਿਹਾ ਹੈ ਕਿ: ਕਈ ਵਾਰ ਮੈਨੂੰ ਇਹੋ ਜਿਹੇ ਮੌਕਿਆਂ ਦਾ ਸਾਹਮਣਾ ਕਰਨਾ ਪਿਆ ਹੈ ਜਦੋਂ ਮੈਂ ਜ਼ਖਮੀ ਜਾਂ ਆਹਤ ਮਹਿਸੂਸ ਕੀਤਾ, ਜਿਵੇਂ ਪੂਰਨ ਨੂੰ ਟੁੱਕ ਕੇ ਖੂਹ ਵਿੱਚ ਸੁੱਟ ਦਿੱਤਾ ਸੀ ਤੇ ਫਿਰ ਗੋਰਖ ਆਇਆ, ਉਹਨੇ ਉਹਨੂੰ ਕੱਢਿਆ। ਇੰਜ ਹੀ ਮੈਨੂੰ ਕੋਈ ਨਾ ਕੋਈ ਸ਼ਬਦ, ਕੋਈ ਵਾਕ ਮੁੜਕੇ ਖੂਹ ਵਿੱਚੋਂ ਸਾਬਤ ਬਾਹਰ ਕੱਢ ਲੈਂਦਾ ਹੈ। ਮੈਂ ਕਿਤੇ ਕਿਹਾ ਸੀ,
“ਜੋ ਤੂੰ ਮੈਨੂੰ ਪੱਥਰ ਮਾਰੇ ਸੀ,
ਜੋ ਤੂੰ ਮੈਨੂੰ ਕੰਢੇ ਚੋਭੇ ਸੀ,
ਮੈਂ ਤਾਂ ਉਹ ਹਜ਼ਮ ਵੀ ਕਰ ਲਏ,
ਉਹ ਤਾਂ ਹੁਣ ਰਹੇ ਹੀ ਨਹੀਂ,
ਮੈਂ ਤਾਂ ਉਹ ਨਜ਼ਮ ਵੀ ਕਰ ਲਏ।”
ਇੰਜ ਪਾਤਰ ਨੇ ਪੱਥਰਾਂ ਅਤੇ ਕੰਡਿਆਂ ਨੂੰ ਵੀ ਨਜ਼ਮਾਂ ‘ਚ ਬਦਲ ਲਿਆ। ਪਾਤਰ ਹੁਰਾਂ ਦਾ ਕਹਿਣਾ ਏਂ ਕਿ ਉਹਨਾਂ ਬੰਦਿਆਂ ਨੇ, ਉਹਨਾਂ ਦੀ ਨਿੰਦਿਆ ਨੇ ਵੀ ਮੇਰੀ ਕਿਸੇ ਨਾ ਕਿਸੇ ਰੂਪ ‘ਚ ਮਦਦ ਹੀ ਕੀਤੀ। ਨਹੀਂ ਤਾਂ ਮੈਂ ਸੌਂ ਜਾਂਦਾ ਜਾਂ ਢੈਲਾ ਪੈ ਜਾਂਦਾ। ਸੋ, ਮੈਂ ਉਹਨਾਂ ਲੋਕਾਂ ਦਾ ਵੀ ਧੰਨਵਾਦੀ ਹਾਂ ਜਿੰਨਾਂ ਕਿ ਆਪਣੇ ਉਹਨਾਂ ਦੋਸਤਾਂ ਦਾ, ਜਿਨ੍ਹਾਂ ਨੇ ਮੇਰੇ ਦੁਆਲੇ ਇੱਕ ਤਰ੍ਹਾਂ ਦੀ ਰਾਮਕਾਰ ਰੱਖੀ ਤੇ ਮੈਨੂੰ ਤੱਤੀ ਵਾ ਤੱਕ ਨਹੀਂ ਲੱਗਣ ਦਿੱਤੀ। ਜਦ ਕਿ ਦੂਜਿਆਂ ਨੇ ਮੈਨੂੰ ਦੱਸਿਆ ਕਿ ਬਾਹਰ ਤੱਤੀ ਹਵਾ ਵਗ ਰਹੀ ਹੈ। ਇੰਜ ਉਹ ਲੋਕ ਜੋ ਦੂਜਿਆਂ ਦੇ ਪ੍ਰਛਾਵੇਂ ਵੱਢਣ ‘ਚ ਯਕੀਨ ਰੱਖਦੇ ਨੇ, ਜਿਨ੍ਹਾਂ ਬਾਰੇ ਮੈਂ ਕਦੀ ਲਿਖਿਆ ਸੀ,
“ਜਿੱਥੇ ਵੀ ਦੋ ਬੰਦੇ ਰਲ ਕੇ ਬਹਿੰਦੇ ਨੇ,
ਤੀਜੇ ਦਾ ਪ੍ਰਛਾਵਾਂ ਵੱਢਦੇ ਰਹਿੰਦੇ ਨੇ।”
ਇਹ ਵੱਢਣ ਤੇ ਟੁੱਕਣ ਵਾਲੇ ਵੀ ਇੱਕ ਰੋਲ ਨਿਭਾਉਂਦੇ ਹਨ ਤੇ ਵੱਢੇ-ਟੁੱਕਿਆਂ ਨੂੰ ਜੋੜਨ ਵਾਲੇ ਵੀ ਇੱਕ ਰੋਲ ਨਿਭਾਉਂਦੇ ਹਨ। ਇਨ੍ਹਾਂ ਦੋਹਾਂ ਦੇ ਕੰਮ ਅਤੇ ਪ੍ਰਭਾਵ ਬੰਦੇ ਦੀ ਸ਼ਖਸ਼ੀਅਤ ਦੀ ਉਸਾਰੀ ‘ਚ ਆਪਣਾ ਯੋਗਦਾਨ ਪਾਉਂਦੇ ਹਨ। ਸੋ, ਪਾਤਰ ਹੁਰਾਂ ਦਾ ਨਜ਼ਰੀਆ ਹੈ,
“ਹੋਇਆ ਕੀ ਜੇ ਆਈ ਪਤਝੜ,
ਤੂੰ ਅਗਲੀ ਰੁੱਤ ‘ਚ ਯਕੀਨ ਰੱਖੀਂ।
ਮੈਂ ਲੱਭ ਕੇ ਕਿਤੋਂ ਲਿਆਉਂਦਾ ਕਲਮਾਂ,
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ।”
ਸਾਡੇ ਪਰਚੇ ‘ਸੀਰਤ’ ਵਿਚ ਪਾਤਰ ਦੇ ਅਜਿਹੇ ਵਿਚਾਰ ਪੜ੍ਹ ਕੇ ‘ਸੀਰਤ’ ਵਿਚ ਹੀ ਪੰਜਾਬੀ ਦੇ ਪ੍ਰਸਿਧ ਨਾਵਲਕਾਰ ਗੁਰਦਿਆਲ ਸਿੰਘ ਨੇ ਪ੍ਰੋ ਪ੍ਰੀਤਮ ਸਿੰਘ ਦੇ ਗੁਰਦਿਆਲ ਸਿੰਘ ਨੂੰ ਲਿਖੇ ਸ਼ਬਦ ਪਾਤਰ ਨਾਲ ਸਾਂਝੇ ਕਰਦਿਆਂ ਉਸਨੂੰ ਇਸ਼ਾਰੇ ਨਾਲ ਸਮਝਾਇਆ ਸੀ:
” ਪਾਤਰ! ਕਦੀ ਕਿਸੇ ਨੇ ਬੁਝੇ ਦੀਵੇ ‘ਤੇ ਫੂਕ ਮਾਰੀ ਹੈ? ਸਭ ਜਗਦੇ ਦੀਵੇ ਨੂੰ ਹੀ ਫੂਕ ਮਾਰ ਕੇ ਬੁਝਾਉਣਾ ਚਾਹੁੰਦੇ ਨੇ। ਪਰ ਜਿਸ ਦੀਵੇ ਵਿਚ ਚੋਖਾ ਤੇਲ ਤੇ ਨਰੋਈ ਬੱਤੀ ਹੋਵੇ, ਉਹ ਦੂਰ ਖਲੋਤੇ ਤੇ ਪਿੱਠ ਪਿੱਛੇ ਫੂਕਾਂ ਮਾਰਨ ਵਾਲਿਆਂ ਤੋਂ ਨਹੀਂ ਬੁਝਦਾ। ਇਹ ਮੇਰੀ ਗੱਲ ਪੱਲੇ ਬੰਨ੍ਹ ਲੈ ਕਿ ਤੂੰ ਛੇਤੀ ਕੀਤਿਆਂ ਬੁਝਣ ਵਾਲਾ ਦੀਵਾ ਨਹੀਂ।”
ਸੁਰਜੀਤ ਪਾਤਰ ਪੰਜਾਬ ਸ਼ਾਇਰੀ ਦਾ ਲਟ ਲਟ ਬਲਦਾ ਚਿਰਾਗ਼ ਸੀ, ਜਿਸਦੀ ਰੌਸ਼ਨੀ ਅਨੇਕਾਂ ਸਮਿਆਂ ਤੱਕ ਪੰਜਾਬੀ ਰੂਹਾਂ ਨੂੰ ਰੌਸ਼ਨ ਕਰਦੀ ਰਹੇਗੀ।
ਹਮਾਰੇ ਬਾਅਦ ਮਹਿਫਿਲ ਮੇਂ ਅਫਸਾਨੇ ਬਿਆਂ ਹੋਂਗੇ। ਬਹਾਰੇਂ ਹਮ ਕੋ ਢੂੰਡੇਂਗੀ ਨਾ ਜਾਨੇ ਹਮ ਕਹਾ ਹੋਂਗੇ ……
-0-