Headlines

ਨਿੱਝਰ ਕਤਲ ਕੇਸ ਵਿੱਚ ਇਕ ਹੋਰ ਪੰਜਾਬੀ ਨੌਜਵਾਨ ਗ੍ਰਿਫਤਾਰ

ਸਰੀ, 11 ਮਈ (ਹਰਦਮ ਮਾਨ)-ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਵਿੱਚ ਪੁਲਿਸ ਵੱਲੋਂ ਇੱਕ ਚੌਥੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਉੱਪਰ ਫਸਟ ਡਿਗਰੀ ਕਤਲ ਦੇ ਚਾਰਜ ਲਾਏ ਗਏ ਹਨ। ਇਸ ਸਬੰਧ ਵਿੱਚ ਪੁਲਿਸ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਇਹ 22 ਸਾਲਾ ਨੌਜਵਾਨ ਅਮਨਦੀਪ ਸਿੰਘ ਹੈ ਜੋ ਪਹਿਲਾਂ ਹੀ ਓਂਟਾਰੀਓ ਵਿੱਚ ਪੀਲ ਰੀਜਨਲ ਪੁਲਿਸ ਦੀ ਹਿਰਾਸਤ ਵਿੱਚ ਹੈ।

ਬੀ ਸੀ ਦੀ ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ (IHIT) ਟੀਮ ਵੱਲੋਂ ਅੱਜ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਮਨਦੀਪ ਸਿੰਘ ਨੂੰ ਸਬੂਤਾਂ ਦੇ ਆਧਾਰ ਤੇ ਫੜਿਆ ਗਿਆ ਹੈ ਅਤੇ ਉਸ ਉੱਪਰ ਫਸਟ ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਚਾਰਜ ਲਾਏ ਗਏ ਹਨ। ਪੁਲਿਸ ਅਨੁਸਾਰ ਅਮਨਦੀਪ ਸਿੰਘ ਭਾਰਤੀ ਨਾਗਰਿਕ ਹੈ ਅਤੇ ਉਹ ਕਨੇਡਾ ਵਿੱਚ ਬਰੈਂਪਟਨ, ਸਰੀ ਅਤੇ ਐਬਸਫੋਰਡ ਵਿੱਚ ਰਹਿੰਦਾ ਰਿਹਾ ਹੈ। ਚੱਲ ਰਹੀ ਜਾਂਚ ਅਤੇ ਅਦਾਲਤੀ ਪ੍ਰਕਿਰਿਆ ਕਾਰਨ ਅਮਨਦੀਪ ਸਿੰਘ ਸਬੰਧੀ ਪੁਲਿਸ ਵੱਲੋਂ ਹੋਰ ਵੇਰਵੇ ਜਾਰੀ ਨਹੀਂ ਕੀਤੇ ਗਏ। ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਹੀ ਅਡਮਿੰਟਨ ਤੋਂ ਤਿੰਨ ਭਾਰਤੀ ਨੌਜਵਾਨਾਂ ਕਰਨ ਬਰਾੜ, ਕਮਲਪ੍ਰੀਤ ਅਤੇ ਕਰਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹਨਾਂ ਉੱਪਰ ਹਰਦੀਪ ਸਿੰਘ ਨਿੱਝਰ ਦੇ ਕਤਲ ਸਬੰਧੀ ਫਸਟ ਡਿਗਰੀ ਕਤਲ ਅਤੇ ਕਤਲ ਦੀ ਸਾਜਿਸ਼ ਦੇ ਚਾਰਜ ਲਾਏ ਗਏ ਸਨ।