ਚੰਡੀਗੜ੍ਹ (ਚਰਨਜੀਤ ਭੁੱਲਰ)- ਪੰਜਾਬ ਸਰਕਾਰ ਵੱਲੋਂ ਨੋਟਿਸ ਜਾਰੀ ਕੀਤੇ ਜਾਣ ਮਗਰੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਆਈਏਐੱਸ ਨੂੰਹ ਪਰਮਪਾਲ ਕੌਰ ਸਿੱਧੂ ਨੂੰ ਆਖ਼ਰ ਹੱਥ ਪਿਛਾਂਹ ਖਿੱਚਣਾ ਪਿਆ ਹੈ। ਬਠਿੰਡਾ ਹਲਕੇ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜ ਰਹੀ ਪਰਮਪਾਲ ਕੌਰ ਸਿੱਧੂ ਨੇ ਯੂ-ਟਰਨ ਲੈਂਦਿਆਂ ਸਵੈ-ਇੱਛੁਕ ਸੇਵਾ ਮੁਕਤੀ (ਵੀਆਰਐੱਸ) ਲੈਣ ਦੀ ਥਾਂ 9 ਮਈ ਨੂੰ ਆਈਏਐੱਸ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਵੱਲੋਂ ਐਨਓਸੀ ਦੇਣ ਤੋਂ ਬਾਅਦ ਪਰਮਪਾਲ ਕੌਰ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ, ਜਿਸ ਕਰਕੇ ਉਨ੍ਹਾਂ ਲਈ ਬਠਿੰਡਾ ਹਲਕੇ ਤੋਂ ਨਾਮਜ਼ਦਗੀ ਭਰਨ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਤੋਂ ਪਹਿਲਾਂ ਪਰਮਪਾਲ ਕੌਰ ਸਿੱਧੂ ਨੇ ਪਹਿਲੀ ਅਪਰੈਲ ਨੂੰ ਵੀਆਰਐੱਸ ਲਈ ਅਪਲਾਈ ਕੀਤਾ ਸੀ। ਬੇਸ਼ੱਕ ਕੇਂਦਰ ਸਰਕਾਰ ਵੀਆਰਐੱਸ ਨੂੰ ਲੈ ਕੇ ਪਰਮਪਾਲ ਕੌਰ ਦੀ ਪਿੱਠ ’ਤੇ ਸੀ ਪਰ ਪੰਜਾਬ ਸਰਕਾਰ ਨੇ ਇਸ ਨੂੰ ਸੰਘੀ ਢਾਂਚੇ ਵਿਚ ਸਿੱਧਾ ਦਖਲ ਦੱਸਦਿਆਂ ਬੀਬੀ ਸਿੱਧੂ ਖ਼ਿਲਾਫ਼ ਪੈਂਤੜਾ ਲੈ ਲਿਆ। ਕੇਂਦਰ ਸਰਕਾਰ ਦੇ ਸਿੱਧੇ ਦਖਲ ਕਾਰਨ ਸੂਬਾ ਸਰਕਾਰ ਤਲਖ਼ ਰੌਂਅ ਵਿਚ ਆ ਗਈ ਸੀ। ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੂੰ 7 ਮਈ ਨੂੰ ਪੰਜਾਬ ਸਰਕਾਰ ਨੇ ਨੋਟਿਸ ਜਾਰੀ ਕਰਕੇ ਡਿਊਟੀ ਜੁਆਇਨ ਕਰਨ ਜਾਂ ਅਨੁਸ਼ਾਸਨੀ ਕਾਰਵਾਈ ਲਈ ਤਿਆਰ ਰਹਿਣ ਲਈ ਕਿਹਾ ਸੀ। ਦੂਸਰੇ ਦਿਨ ਹੀ ਪਰਮਪਾਲ ਕੌਰ ਸਿੱਧੂ ਨੇ ਜੁਆਬੀ ਹਮਲੇ ਵਿਚ ਕਿਹਾ ਸੀ ਕਿ ਪੰਜਾਬ ਸਰਕਾਰ ਜੋ ਮਰਜ਼ੀ ਕਰ ਲਵੇ, ਉਹ ਚੋਣ ਲੜਨਗੇ। ਸੂਤਰ ਦੱਸਦੇ ਹਨ ਕਿ ਇਸ ਮਾਮਲੇ ਵਿਚ ਕੇਂਦਰ ਸਰਕਾਰ ਵੀ ਕਸੂਤੀ ਫਸਦੀ ਨਜ਼ਰ ਆਈ ਜਿਸ ਦੇ ਨਤੀਜੇ ਵਜੋਂ ਪਰਮਪਾਲ ਕੌਰ ਸਿੱਧੂ ਨੇ ਵੀ ਵੀਆਰਐੱਸ ਰੂਟ ਨੂੰ ਤਿਆਗ ਕੇ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ। ਦੋ ਦਿਨ ਪਹਿਲਾਂ ਹੀ ਮੁੱਖ ਸਕੱਤਰ ਪੰਜਾਬ ਰਾਹੀਂ ਪਰਮਪਾਲ ਕੌਰ ਨੇ ਕੇਂਦਰੀ ਪ੍ਰਸੋਨਲ ਵਿਭਾਗ ਨੂੰ ਆਪਣਾ ਅਸਤੀਫ਼ਾ ਭੇਜਿਆ ਸੀ। ਕੇਂਦਰੀ ਪਰਸੋਨਲ ਮੰਤਰਾਲੇ ਨੇ ਉਸੇ ਦਿਨ 9 ਮਈ ਨੂੰ ਹੀ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਭੇਜ ਕੇ ਪਰਮਪਾਲ ਕੌਰ ਸਿੱਧੂ ਵੱਲੋਂ ਦਿੱਤੇ ਅਸਤੀਫ਼ੇ ’ਤੇ ਟਿੱਪਣੀ ਮੰਗ ਲਈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਸ ਸਾਰੇ ਮਾਮਲੇ ’ਤੇ ਵਿਚਾਰ ਵਟਾਂਦਰਾ ਕੀਤਾ। ਸੂਬਾ ਸਰਕਾਰ ਨੇ ਕੇਂਦਰ ਦੀ ਬਦਲੀ ਸੁਰ ਮਗਰੋਂ ਅਸਤੀਫ਼ੇ ਨੂੰ ਅੱਜ ਰਸਮੀ ਪ੍ਰਵਾਨਗੀ ਦੇ ਦਿੱਤੀ। ਪਰਮਪਾਲ ਕੌਰ ਸਿੱਧੂ ਨੇ 10 ਅਪਰੈਲ ਤੋਂ ਹੀ ਅਸਤੀਫ਼ਾ ਮੰਨੇ ਜਾਣ ਦੀ ਗੱਲ ਆਖੀ ਹੈ। ਮੁੱਖ ਮੰਤਰੀ ਦੀ ਸਹਿਮਤੀ ਮਗਰੋਂ ਹੁਣ ਪਰਮਪਾਲ ਕੌਰ ਲਈ ਨਾਮਜ਼ਦਗੀ ਦਾਖਲ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ। ਪਰਮਪਾਲ ਕੌਰ ਸਿੱਧੂ ਪੰਜਾਬ ਕਾਡਰ ਦੇ 2011 ਬੈਚ ਦੀ ਆਈਏਐੱਸ ਅਧਿਕਾਰੀ ਹੈ, ਜਿਨ੍ਹਾਂ ਨੇ ਸੇਵਾ ਮੁਕਤੀ ਤੋਂ ਸੱਤ ਮਹੀਨੇ ਪਹਿਲਾਂ ਹੀ ਵੀਆਰਐੱਸ ਲਈ ਅਪਲਾਈ ਕੀਤਾ ਸੀ। ਉਹ ਇਸ ਵੇਲੇ ਪੰਜਾਬ ਸਟੇਟ ਸਨਅਤੀ ਵਿਕਾਸ ਕਾਰਪੋਰੇਸ਼ਨ ਦੇ ਐੱਮ.ਡੀ ਸਨ।
ਪਰਮਪਾਲ ਕੌਰ ਨੂੰ ਨਹੀਂ ਮਿਲੇਗੀ ਪੈਨਸ਼ਨ
ਆਈਏਐੱਸ ਅਧਿਕਾਰੀ ਪਰਮਪਾਲ ਕੌਰ ਸਿੱਧੂ ਨੂੰ ਹੁਣ ਅਸਤੀਫ਼ਾ ਦੇਣ ਮਗਰੋਂ ਸਰਕਾਰ ਤਰਫ਼ੋਂ ਕੋਈ ਪੈਨਸ਼ਨ ਅਤੇ ਲਾਭ ਭੱਤੇ ਆਦਿ ਨਹੀਂ ਮਿਲਣਗੇ। ਸਰਕਾਰ ਜੇਕਰ ਵੀਆਰਐੱਸ ਨੂੰ ਪ੍ਰਵਾਨ ਕਰ ਲੈਂਦੀ ਤਾਂ ਬੀਬੀ ਸਿੱਧੂ ਨੇ ਪੈਨਸ਼ਨ ਅਤੇ ਬਾਕੀ ਭੱਤਿਆਂ ਦੀ ਹੱਕਦਾਰ ਹੋਣਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਟਵੀਟ ਕਰਕੇ ਲਿਖਿਆ ਸੀ ਕਿ ਅਸਤੀਫ਼ਾ ਦੇਣ ਦਾ ਵੀ ਕੋਈ ਵਿਧੀ ਵਿਧਾਨ ਹੁੰਦਾ ਹੈ ਅਤੇ ਕਈ ਵਾਰੀ ਜ਼ਿੰਦਗੀ ਭਰ ਦੀ ਕਮਾਈ ਤੋਂ ਹੱਥ ਵੀ ਧੋਣੇ ਪੈ ਸਕਦੇ ਹਨ।