ਸ੍ਰੀਨਗਰ, 11 ਮਈ
ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਅੱਜ ਜੰਮੂ ਕਸ਼ਮੀਰ ਪ੍ਰਸ਼ਾਸਨ ’ਤੇ ਉਨ੍ਹਾਂ ਦੀ ਪਾਰਟੀ ਅਤੇ ਸਮਰਥਕਾਂ ਨੂੰ ‘ਚੋਣਵੇਂ ਤੌਰ ’ਤੇ ਨਿਸ਼ਾਨਾ ਬਣਾ ਕੇ ਅਤੇ ਪ੍ਰੇਸ਼ਾਨ ਕਰ ਕੇ’ ਲੋਕ ਸਭਾ ਚੋਣਾਂ ਵਿੱਚ ਧਾਂਦਲੀ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਹਨ। ਸਥਾਨਕ ਪੀਡੀਪੀ ਹੈੱਡਕੁਆਰਟਰ ਵਿੱਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁਫਤੀ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਨੇ ਪੁਲਵਾਮਾ ਵਿੱਚ ਧਾਰਾ 144 ਲਗਾ ਕੇ ਅੱਜ ਸ਼ਾਮ 6.30 ਵਜੇ ਤੋਂ ਲੋਕਾਂ ਦੇ ਇਕੱਠਾ ਹੋਣ ’ਤੇ 48 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ ਜਦਕਿ ਪੁਲਵਾਮਾ ਸ੍ਰੀਨਗਰ ਲੋਕ ਸਭਾ ਸੀਟ ਦਾ ਹਿੱਸਾ ਹੈ ਅਤੇ ਇੱਥੇ ਸੋਮਵਾਰ ਨੂੰ ਵੋਟਾਂ ਪੈਣੀਆਂ ਹਨ। ਉਨ੍ਹਾਂ ਕਿਹਾ, ‘‘ਅੱਜ ਸ਼ਾਮ 6.30 ਵਜੇ ਤੋਂ ਪੁਲਵਾਮਾ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਕਿ ਜਿੱਥੇ ਚੋਣਾਂ ਹੋਣੀਆਂ ਹੋਣ ਉੱਥੇ ਪਾਬੰਦੀਆਂ ਲਗਾਈਆਂ ਗਈਆਂ ਹੋਣ ਅਤੇ ਉਹ ਵੀ ਚੋਣਾਂ ਖ਼ਤਮ ਹੋਣ ਤੱਕ।’’
ਪੀਡੀਪੀ ਪ੍ਰਧਾਨ ਨੇ ਕਿਹਾ ਕਿ ਉਹ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਉਹ ਵੋਟਾਂ ਪਾਉਣ ਲਈ ਬਾਹਰ ਨਾ ਆਉਣ। ਉਨ੍ਹਾਂ ਕਿਹਾ, ‘‘ਚੋਣਾਂ ਵਿੱਚ ਫ਼ਰਜ਼ੀਵਾੜਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਚੋਣ ਨਤੀਜੇ ਪਹਿਲਾਂ ਹੀ ਤੈਅ ਕੀਤੇ ਜਾ ਰਹੇ ਹਨ।’’ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਇਹ ਦੋਸ਼ ਵੀ ਲਾਇਆ ਕਿ ਉਨ੍ਹਾਂ ਦੀ ਪਾਰਟੀ ਦੇ ਸਰਗਰਮ ਕਾਰਕੁਨਾਂ ਨੂੰ ਵੋਟਾਂ ਤੋਂ ਪਹਿਲਾਂ ਹਿਰਾਸਤ ਵਿੱਚ ਲਿਆ ਗਿਆ। ਮੁਫਤੀ ਨੇ ਕਿਹਾ, ‘‘ਇਹ ਗੱਲ ਸਿਰਫ਼ ਪੁਲਵਾਮਾ ਤੱਕ ਹੀ ਸੀਮਿਤ ਨਹੀਂ ਹੈ। ਕੁਝ ਦਿਨ ਪਹਿਲਾਂ ਸੂਰਨਕੋਟ (ਜੰਮੂ ਦੇ ਪੁਣਛ ਜ਼ਿਲ੍ਹੇ) ਵਿੱਚ ਵੀ ਨਿਸ਼ਾਨਾ ਬਣਾਇਆ ਗਿਆ। ਉਸ ਮਗਰੋਂ 50-60 ਕਾਰਕੁਨਾਂ ਨੂੰ ਹਿਰਾਸਤ ’ਚ ਲਿਆ ਗਿਆ। ਇਕ ਅਜੀਬ ਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ।’