ਸਰੀ ( ਦੇ ਪ੍ਰ ਬਿ)- ਬੀਤੇ ਦਿਨ ਡੈਲਟਾ ਨਾਰਥ ਤੋਂ ਬੀ ਸੀ ਯੁਨਾਈਟਡ ਦੇ ਉਮੀਦਵਾਰ ਅੰਮ੍ਰਿਤਪਾਲ ਸਿੰਘ ਢੋਟ ਵਲੋਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੀਤਾ ਗਿਆ। ਇਸ ਮੌਕੇ ਕੰਪੇਨ ਮੈਨੇਜਰ ਮੈਡੀਸਨ ਨੇ ਬੀ ਸੀ ਐਨ ਡੀ ਪੀ ਸਰਕਾਰ ਵਲੋਂ ਸੂਬੇ ਦੀ ਆਰਥਿਕਤਾ ਨੂੰ ਭਾਰੀ ਸੱਟ ਮਾਰਨ ਅਤੇ ਮਹਿੰਗਾਈ ਕਾਰਣ ਲੋਕਾਂ ਦੀਆਂ ਪ੍ਰੇਸ਼ਾਨੀਆਂ ਦੀ ਗੱਲ ਕਰਦਿਆਂ ਸੂਬੇ ਦੇ ਲੋਕਾਂ ਨੂੰ ਬੀ ਸੀ ਯੁਨਾਈ਼ਟਡ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਡੈਲਟਾ ਨਾਰਥ ਤੋਂ ਉਮੀਦਵਾਰ ਅੰਮ੍ਰਿਤਪਾਲ ਸਿੰਘ ਢੋਟ ਨੇ ਹਾਜ਼ਰੀਨ ਨਾਲ ਸੂਬੇ ਦੀਆਂ ਸਮੱਸਿਆਵਾਂ ਅਤੇ ਕੇਵਿਨ ਫਾਲਕਨ ਦੀ ਅਗਵਾਈ ਹੇਠ ਬੀ ਸੀ ਯੂਨਾਈਟਡ ਦੀਆਂ ਠੋਸ ਤੇ ਸ਼ਾਨਦਾਰ ਨੀਤੀਆਂ ਦਾ ਜਿ਼ਕਰ ਕਰਦਿਆਂ , ਉਹਨਾਂ ਦੀ ਚੋਣ ਮੁਹਿੰਮ ਵਿਚ ਸਾਥ ਦੇ ਨਾਲ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸਰੀ ਨਿਊਟਨ ਤੋਂ ਉਮੀਦਵਾਰ ਜਪਰੀਤ ਲੇਹਲ ਅਤੇ ਵੈਨਕੂਵਰ ਕਿੰਗਸਟਨ ਤੋਂ ਅਰੁਣਜੀਤ ਲਗੇਰੀ, ਸਾਬਕਾ ਐਮ ਐਲ ਏ ਸਕੌਟ ਹੈਮਿਲਟਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਘੇ ਟੀਵੀ ਹੋਸਟ ਪ੍ਰੋ ਸੀ ਜੇ ਸਿੱਧੂ ਨੇ ਬੀ ਸੀ ਯੁਨਾਈਟਡ ਦੀਆਂ ਨੀਤੀਆਂ ਦੀ ਸ਼ਲਾਘਾ ਕਰਦਿਆਂ ਅੰਮ੍ਰਿਤਪਾਲ ਸਿੰਘ ਢੋਟ ਜਿਹੇ ਇਮਾਨਦਾਰ ਤੇ ਸਮਰਪਿਤ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਵੱਡ਼ੀ ਗਿਣਤੀ ਵਿਚ ਲੋਕ ਅਤੇ ਸਮਰਥਕ ਹਾਜ਼ਰ ਸਨ ਜਿਹਨਾਂ ਨੇ ਅੰਮ੍ਰਿਤਪਾਲ ਸਿੰਘ ਢੋਟ ਦੀ ਚੋਣ ਮੁਹਿੰਮ ਦੇ ਆਗਾਜ਼ ਲਈ ਸ਼ੁਭਕਾਮਨਾਵਾਂ ਦਿੱਤੀਆਂ।