Headlines

ਗਜ਼ਲ ਮੰਚ ਸਰੀ ਵੱਲੋਂ ਮਹਾਨ ਸ਼ਾਇਰ ਸੁਰਜੀਤ ਪਾਤਰ ਦੀ ਯਾਦ ਵਿਚ ਸ਼ੋਕ ਸਭਾ

ਸਰੀ,  (ਹਰਦਮ ਮਾਨ)-ਗਜ਼ਲ ਮੰਚ ਸਰੀ ਵੱਲੋਂ ਪੰਜਾਬੀ ਦੇ ਮਹਾਨ ਸ਼ਾਇਰ ਸੁਰਜੀਤ ਪਾਤਰ ਦੇ ਅਚਾਨਕ ਸਦੀਵੀ ਵਿਛੋੜੇ ਉੱਪਰ ਦੁੱਖ ਪ੍ਰਗਟ ਕਰਨ ਲਈ ਬੀਤੇ ਦਿਨ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੰਚ ਦੇ ਪ੍ਰਧਾਨ ਜਸਵਿੰਦਰ ਦੀ ਪ੍ਰਧਾਨਗੀ ਵਿੱਚ ਹੋਈ ਇਸ ਮੀਟਿੰਗ ਵਿੱਚ ਮੰਚ ਦੇ ਮੈਂਬਰਾਂ ਨੇ ਸੁਰਜੀਤ ਪਾਤਰ ਦੀ ਸ਼ਾਇਰੀ, ਉਹਨਾਂ ਦੇ ਜੀਵਨ, ਉਨ੍ਹਾਂ ਦੀ ਨਿਮਰ ਇਨਸਾਨੀ ਸ਼ਖ਼ਸੀਅਤ ਅਤੇ ਉਹਨਾਂ ਨਾਲ ਆਪੋ ਆਪਣੀ ਸਾਂਝ ਦੀ ਗੱਲਬਾਤ ਕੀਤੀ।

 ਸਾਇਰ ਜਸਵਿੰਦਰ ਨੇ ਮਰਹੂਮ ਸੁਰਜੀਤ ਪਾਤਰ ਨਾਲ ਆਪਣੀ ਲੰਮੇ ਸਮੇਂ ਦੀ ਸਾਂਝ ਬਾਰੇ ਦੱਸਦਿਆਂ ਕਿਹਾ ਕਿ ਉਹਨਾਂ ਦੀ ਪੁਸਤਕ ‘ਹਵਾ ‘ਚ ਲਿਖੇ ਹਰਫ਼’ ਪੜ੍ਹ ਕੇ ਹੀ ਅਸਲ ਵਿੱਚ ਸ਼ਾਇਰੀ ਦੀ ਸੋਝੀ ਹੋਈ। ਉਹਨਾਂ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਸੁਰਜੀਤ ਪਾਤਰ ਨੂੰ ਮਿਲੇ ਅਤੇ ਪਾਤਰ ਸਾਹਿਬ ਨੇ ਕਿਹਾ ਕਿ ‘ਜਸਵਿੰਦਰ ਤੇਰੇ ਅੰਦਰ ਕਵਿਤਾ ਹੈ’ ਤਾਂ ਏਨੇ ਵੱਡੇ ਸ਼ਾਇਰ ਦੇ ਇਹ ਸ਼ਬਦ ਉਨ੍ਹਾਂ ਦੀ ਸ਼ਾਇਰੀ ਲਈ ਵਰਦਾਨ ਬਣੇ ਅਤੇ ਉਸ ਦਿਨ ਤੋਂ ਉਨ੍ਹਾਂ ਆਪਣੇ ਆਪ ਨੂੰ ਕਵੀ ਮੰਨ ਲਿਆ ਸੀ। ਉਨਾਂ ਦੱਸਿਆ ਕਿ ਸੁਰਜੀਤ ਪਾਤਰ ਨਾਲ ਉਨਾਂ ਨੇ ਅਨੇਕਾਂ ਕਵੀ ਦਰਬਾਰਾਂ ਵਿੱਚ ਸ਼ਮੂਲੀਅਤ ਕੀਤੀ ਅਤੇ ਪਾਤਰ ਸਾਹਿਬ ਵੱਲੋਂ ਉਹਨਾਂ ਨੂੰ ਬੇਹਦ ਪਿਆਰ ਮਿਲਦਾ ਰਿਹਾ। ਜਸਵਿੰਦਰ ਨੇ ਕਿਹਾ ਕਿ ‘ਮੈਂ ਇਕੱਲਾ ਨਹੀਂ ਸਗੋਂ ਉਸ ਮਹਾਨ ਸ਼ਾਇਰ ਦੀ ਰਚਨਾ ਤੋਂ ਸਾਡੀ ਪੀੜੀ ਦੇ ਸਾਰੇ ਸ਼ਾਇਰ ਹੀ ਬੇਹੱਦ ਪ੍ਰਭਾਵਿਤ ਹੋਏ ਹਨ। ਸਭ ਤੋਂ ਵੱਡੀ ਗੱਲ ਕਿ ਉਹ ਜਿੰਨੇ ਮਹਾਨ ਕਵੀ ਸਨ ਓਨੇ ਹੀ ਮਹਾਨ ਇਨਸਾਨ ਵੀ ਸਨ। ਹਰ ਇੱਕ ਨੂੰ ਉਹ ਪਿਆਰ, ਸਤਿਕਾਰ ਦਿੰਦੇ ਸਨ ਅਤੇ ਇਸੇ ਕਰਕੇ ਉਹਨਾਂ ਨੂੰ ਮਿਲਣ ਵਾਲਾ ਹਰ ਕੋਈ ਇਉਂ ਮਹਿਸੂਸ ਕਰਦਾ ਸੀ ਜਿਵੇਂ ਪਾਤਰ ਸਾਹਿਬ ਉਸ ਦੇ ਬਹੁਤ ਕਰੀਬ ਹਨ।

ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਨੇ ਕਿਹਾ ਕਿ ਪੰਜਾਬੀ ਵਿੱਚ ਚਾਰ ਸ਼ਾਇਰਾਂ (ਅੰਮ੍ਰਿਤਾ ਪ੍ਰੀਤਮ, ਪ੍ਰੋਫੈਸਰ ਮੋਹਨ ਸਿੰਘ, ਸ਼ਿਵ ਕੁਮਾਰ ਅਤੇ ਸੁਰਜੀਤ ਪਾਤਰ) ਨੂੰ ਬੇਹੱਦ ਮਾਣ ਅਤੇ ਮਕਬੂਲੀਅਤ ਮਿਲੀ ਹੈ ਅਤੇ ਸੁਰਜੀਤ ਪਾਤਰ ਦਾ ਇਨ੍ਹਾਂ ਚਾਰਾਂ ਵਿਚ ਉੱਘੜਵਾਂ ਨਾਮ ਹੈ। ਹਰਦਮ ਸਿੰਘ ਮਾਨ ਨੇ ਕਿਹਾ ਕਿ ਅੱਜ ਪੰਜਾਬੀ ਵਿੱਚ ਜੇ ਗਜ਼ਲ ਏਨੀ ਮਕਬੂਲ ਹੋਈ ਹੈ ਤਾਂ ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਸੁਰਜੀਤ ਪਾਤਰ ਹੋਰਾਂ ਦਾ ਹੈ। ਪਾਤਰ ਸਾਹਿਬ ਬਹੁਤ ਹੀ ਨਿਮਰ ਇਨਸਾਨ ਅਤੇ ਸਾਡੇ ਸਮਿਆਂ ਦੇ ਮਹਾਨ ਸ਼ਾਇਰ ਸਨ। ਰਾਜਵੰਤ ਰਾਜ ਨੇ ਕਿਹਾ ਕਿ ਮੈਨੂੰ ਆਪਣੇ ਆਪ ਵਿੱਚ ਏਨਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਕਪੂਰਥਲਾ ਵਿਖੇ ਜਿਸ ਕਾਲਜ ਵਿੱਚ ਸੁਰਜੀਤ ਪਾਤਰ ਹੋਰੀ ਪੜ੍ਹੇ ਸਨ ਉਸੇ ਕਾਲਜ ਵਿੱਚ ਮੈਂ ਵੀ ਪੜ੍ਹਿਆ ਹਾਂ। ਉਹਨਾਂ ਕਿਹਾ ਕਿ ਪਾਤਰ ਸਾਹਿਬ ਹਰ ਇੱਕ ਨੂੰ ਪਿਆਰ ਕਰਦੇ ਸਨ ਅਤੇ ਕਿਸੇ ਨੂੰ ਛੋਟਾ ਮਹਿਸੂਸ ਨਹੀਂ ਸਨ ਹੋਣ ਦਿੰਦੇ। ਉਹ ਸਾਹਿਤ ਪ੍ਰਤੀ ਬੇਹਦ ਸਮਰਪਿਤ ਸਨ ਕਿ 80 ਸਾਲ ਦੀ ਉਮਰ ਵਿੱਚ ਵੀ ਉਹ ਅਣਥੱਕ ਕਾਮੇ ਵਾਂਗ ਸਾਹਿਤਿਕ ਖੇਤਰ ਵਿੱਚ ਰੋਜ਼ਾਨਾ ਵਿਚਰਦੇ ਸਨ।

ਪ੍ਰੀਤ ਮਨਪ੍ਰੀਤ ਨੇ ਕਿਹਾ ਕਿ ਨਾਭਾ ਕਵਿਤਾ ਉਤਸਵ ਵਿੱਚ  ਸੁਰਜੀਤ ਪਾਤਰ ਨਾਲ ਉਸ ਦੀ ਮੁਲਾਕਾਤ ਹੋਈ ਸੀ ਅਤੇ ਉਹਨਾਂ ਦੀ ਸ਼ਖ਼ਸੀਅਤ ਨੇ ਬਹੁਤ ਪ੍ਰਭਾਵਿਤ ਕੀਤਾ। ਉਹਨਾਂ ਦੀ ਮਹਾਨ ਸ਼ਾਇਰੀ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ। ਗੁਰਮੀਤ ਸਿੱਧੂ ਨੇ ਪਾਤਰ ਸਾਹਿਬ ਦੀ ਕਵਿਤਾ ਦੀ ਮਹਾਨਤਾ ਬਾਰੇ ਗੱਲਬਾਤ ਕੀਤੀ ਅਤੇ ਕਨੇਡਾ ਵਿਖੇ ਉਹਨਾਂ ਨਾਲ ਹੋਈਆਂ ਮੁਲਾਕਾਤਾਂ ਦਾ ਜ਼ਿਕਰ ਕੀਤਾ। ਦਸ਼ਮੇਸ਼ ਗਿੱਲ ਫਿਰੋਜ਼ ਨੇ ਵੀ ਸੁਰਜੀਤ ਪਾਤਰ ਨੂੰ ਪੰਜਾਬੀ ਦਾ ਮਹਾਨ ਅਤੇ ਮਕਬੂਲ ਸ਼ਾਇਰ ਦੱਸਿਆ। ਦਵਿੰਦਰ ਗੌਤਮ ਨੇ ਕਿਹਾ ਕਿ ਜਦੋਂ ਉਹ ਰਣਧੀਰ ਕਾਲਜ ਕਪੂਰਥਲਾ ਵਿਖੇ ਪੜ੍ਹਨ ਸਮੇਂ ਬੈਸਟ ਕਵੀ ਚੁਣਿਆ ਗਿਆ ਤਾਂ ਉਸ ਨੂੰ ਇਨਾਮ ਵਿਚ ਮਿਲੀਆਂ ਚਾਰ ਕਿਤਾਬਾਂ ਵਿੱਚ ਦੋ ਕਿਤਾਬਾਂ ਸੁਰਜੀਤ ਪਾਤਰ ਦੀਆਂ ਸਨ ਅਤੇ ਉਨਾਂ ਦੀਆਂ ਇਹ ਕਿਤਾਬਾਂ ਪੜ੍ਹ ਕੇ ਹੀ ਉਸ ਨੂੰ ਪਤਾ ਲੱਗਿਆ ਕਿ ਸ਼ਾਇਰੀ ਕੀ ਹੁੰਦੀ ਹੈ। ਡਾ. ਰਣਦੀਪ ਮਲਹੋਤਰਾ ਅਤੇ ਪਰਖਜੀਤ ਸਿੰਘ ਨੇ ਪਾਤਰ ਸਾਹਿਬ ਦੀਆਂ ਰਚਨਾਵਾਂ ਨੂੰ ਆਪਣੀ ਸੁਰੀਲੀ ਆਵਾਜ਼ ਵਿੱਚ ਪੇਸ਼ ਕਰਕੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ।