ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਦਿਨ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਪ੍ਰਬੰਧਾਂ ਹੇਠ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਕੈਲਗਰੀ ਵਿੱਚ ਸਲਾਨਾ ਨਗਰ ਕੀਰਤਨ ਵਿੱਚ ਸਥਾਨਕ ਸੰਗਤਾਂ ਤੋਂ ਇਲਾਵਾ ਕੈਨੇਡਾ ਅਤੇ ਅਮਰੀਕਾ ਦੇ ਵੱਖ- ਵੱਖ ਸ਼ਹਿਰਾਂ ਤੋਂ ਵੀ ਭਾਰੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਹੋਈਆਂ। ਇਸ ਮੌਕੇ ਹਜ਼ਾਰਾਂ ਖਾਲਿਸਤਾਨੀ ਝੰਡਿਆਂ ਨਾਲ ਸ਼ਾਮਿਲ ਸੰਗਤ ਨੇ ਖਾਲਸਾ ਰਾਜ ਖਾਲਿਸਤਾਨ ਪ੍ਰਤੀ ਸੰਘਰਸ਼ਸ਼ੀਲ ਹੋਣ ਦਾ ਸੁਨੇਹਾ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰ ਸ਼ਾਇਆ ਹੇਠ ਪੰਜ ਸਿੰਘਾਂ ਦੀ ਅਗਵਾਈ ਵਿੱਚ ਗੁਰੂ ਕੇ ਬਾਣਿਆਂ ਵਿੱਚ ਸਜੇ ਗਤਕਈ ਬੱਚੇ ਬੱਚੀਆਂ ਦੀਆਂ ਭੁਚੰਗ ਫ਼ੌਜਾਂ ਗਤਕੇ ਦੇ ਜੌਹਰ ਦਿਖਾਉਂਦੇ ਖਾਲਸਾਈ ਸ਼ਾਨ ਨੂੰ ਚਾਰ ਚੰਨ ਲਗਾਉਂਦੇ ਫਲੋਟਾਂ ਨਾਲ ਗੁਰਦੁਆਰਾ ਦਸਮੇਸ਼ ਕਲਚਰ ਤੋ ਚੱਲ ਕੇ ਖੁੱਲੇ ਦੀਵਾਨ ਅਸਥਾਨ ਤੇ ਪਹੁੰਚੇ ।
ਸਰੀ ਤੋਂ ਅਕਾਲ ਖ਼ਾਲਸਾ ਗਤਕਾ ਅਖਾੜਾ , ਮਾਤਾ ਸਾਹਿਬ ਕੌਰ ਗਤਕਾ ਅਖਾੜਾ ,ਸ਼ਹੀਦ ਭਾਈ ਹਰਦੀਪ ਸਿੰਘ ਗੁਰਮਤਿ ਸਕੂਲ ਦੇ ਨੌਜੁਆਨ ਬੱਚੇ ਬੱਚੀਆਂ ਉਸਤਾਦ ਭਾਈ ਜਗਜੀਤ ਸਿੰਘ ਨਾਲ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਅਤੇ ਸ਼ਾਸਤਰਾਂ ਦੇ ਜੌਹਰ ਦਿਖਾਉਂਦੇ ਪੂਰੇ ਨਗਰ-ਕੀਰਤਨ ਰੂਟ ਵਿੱਚ ਗਤਕੇ ਦੇ ਪ੍ਰਦਰਸ਼ਨ ਕਰਦੇ ਸੋਭਾ ਪਾ ਰਹੇ ਸਨ ।
ਖੁੱਲੇ ਪੰਡਾਲ ਵਿੱਚ ਸਜੇ ਦੀਵਾਨ ਵਿੱਚ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਢਾਡੀ ਸਿੰਘ ਵਾਰਾਂ ਗਾਇਨ ਕਰਕੇ ਖ਼ਾਲਸੇ ਦੀ ਮਹਿਮਾ ਸਰਵਣ ਕਰਵਾ ਰਹੇ ਸਨ । ਕੈਨੇਡਾ ਦੀਆਂ ਵੱਖੋ ਵੱਖ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਵਿੱਚ ਲਿਬਰਲ ਐਮ ਪੀ ਜੌਰਜ ਚਾਹਲ ,ਕੰਸਰਵੇਟਿਵ ਐਮ ਪੀ ਜਸਰਾਜ ਸਿੰਘ ਹੱਲਣ, ਕੌਂਸਲਰ ਰਾਜ ਧਾਲੀਵਾਲ, ਐਮ ਐਲ ਏ ਪਰਮੀਤ ਬੋਪਾਰਾਏ, ਐਮ ਐਲ ਏ ਗੁਰਿੰਦਰ ਬਰਾੜ, ਐਮ ਐਲ ਏ ਇਰਫਾਨ ਸਾਬਿਰ, ਪ੍ਰੀਮੀਅਰ ਅਲਬਰਟਾ ਦੇ ਸੀਨੀਅਰ ਸਲਾਹਕਾਰ ਤੇ ਹੋਰ ਆਗੂਆਂ ਨੇ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ।
ਆਈਆਂ ਹੋਈਆਂ ਸੰਗਤਾਂ ਦੀ ਟਹਿਲ ਸੇਵਾ ਵਾਸਤੇ ਪ੍ਰਬੰਧਕਾਂ ਵੱਲੋ ਬਹੁਤ ਵੱਡੇ ਪੱਧਰ ਤੇ ਢੁੱਕਵੇ ਪ੍ਰਬੰਧ ਕੀਤੇ ਗਏ ਸਨ ਜਿਸ ਵਿੱਚ ਵੱਖੋ -ਵੱਖ ਤਰਾਂ ਦੇ ਪਕਵਾਨ ਤੇ ਮਠਿਆਈਆਂ ,ਪੀਜੇ ਬਰਗਰ , ਆਈਸਕ੍ਰੀਮ ਤੇ ਤਾਜ਼ੇ ਫਲਾਂ ਦੇ ਜੂਸ ਤੇ ਫਰੂਟ ਚਾਟ ਬਗੈਰਾ ਬੇਅੰਤ ਵਰਤਾਏ ਗਏ। ਕਾਰੋਬਾਰੀ ਲੋਕਾਂ ਵਲੋਂ ਵੀ ਖਾਣ-ਪੀਣ ਦੇ ਵਿਸ਼ੇਸ਼ ਸਟਾਲ ਲਗਾਏ ਗਏ। ਜਿਹਨਾਂ ਵਿਚ ਜਤਿੰਦਰ ਸਹੇੜੀ ਤੇ ਸਾਥੀਆਂ ਵਲੋਂ ਆਈਸ ਕਰੀਮ ਦਾ ਸਟਾਲ ਵਿਸ਼ੇਸ਼ ਸੀ। ਅੰਮ੍ਰਿਤਸਰੀ ਤੜਕਾ ਰੈਸਟੋਰੈਂਟ ਦੇ ਜੱਸੀ ਵਲੋਂ ਵਿਸ਼ੇਸ਼ ਸਟਾਲ ਲਗਾਇਆ ਗਿਆ। ਬੈਸਟ ਬਾਇ ਫਰਨੀਚਰ ਵਾਲੇ ਕਰਮਪਾਲ ਸਿੱਧੂ ਵਲੋਂ ਲਗਾਏ ਸਟਾਲ ਤੇ ਭਾਰੀ ਰੌਣਕਾਂ ਰਹੀਆਂ। ਰੀਐਲਟਰ ਮਨਬੀਰ ਕੌਰ ਨੇ ਸੰਗਤਾਂ ਲਈ ਪਾਣੀ ਦੀ ਸੇਵਾ ਕੀਤੀ।
ਇਸ ਮੌਕੇ ਸਿੱਖ ਫਾਰ ਜਸਟਿਸ ਦੀ ਟੀਮ ਦੇ ਬੁਲਾਰਿਆਂ ਵੱਲੋਂ 28 ਜੁਲਾਈ 2024 ਨੂੰ ਕੈਲਗਰੀ ਵਿਚ ਖਾਲਿਸਤਾਨ ਰੈਫ੍ਰੈਂਡਮ ਦੀਆਂ ਵੋਟਾਂ ਦਾ ਐਲਾਨ ਕੀਤਾ ਗਿਆ ।
ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਬਲਜਿੰਦਰ ਸਿੰਘ ਗਿੱਲ ਅਤੇ ਸਮੁੱਚੀ ਮਨੇਜਮੈਂਟ ਵੱਲੋ ਆਉਣ ਵਾਲੇ ਰੈਫ੍ਰੈਂਡਮ ਵੋਟਿੰਗ ਸੰਘਰਸ਼ ਵਿੱਚ ਹਰ ਤਰਾਂ ਦੀ ਸੇਵਾ ਕਰਨ ਦੀ ਬਚਨਵੱਧਤਾ ਦੁਹਰਾਈ ਗਈ ਅਤੇ ਕੈਲਗਰੀ ਦੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਭਰਪੂਰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ । ਸਰੀ ਤੋਂ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਟੀਮ ਵਲ਼ੋ ਆਉਣ ਵਾਲੀ 16 ਜੂਨ ਨੂੰ ਸ਼ਹੀਦ ਭਾਈ ਨਿੱਝਰ ਦੀ ਪਹਿਲੀ ਬਰਸੀ ਤੇ ਮਹਾਨ ਸ਼ਹੀਦੀ ਸਮਾਗਮਾਂ ਵਿੱਚ ਸਮੂਹ ਸੰਗਤਾਂ ਨੂੰ ਹਾਜ਼ਰੀ ਭਰਨ ਦੀ ਅਪੀਲ ਕੀਤੀ ਗਈ ।
ਮੁੱਖ ਸੇਵਾਦਾਰ ਭਾਈ ਬਲਜਿੰਦਰ ਸਿੰਘ ਗਿੱਲ ਤੇ ਚੇਅਰਮੈਨ ਗੁਰਜੀਤ ਸਿੰਘ ਸਿੱਧੂ ਵੱਲੋ ਆਈਆਂ ਸੰਗਤਾਂ ਤੇ ਗੁਰੂ ਮਹਾਰਾਜ ਜੀ ਦਾ ਕੋਟਿਨ ਕੋਟ ਧੰਨਵਾਦ ਕੀਤਾ ਜਿੰਨਾਂ ਦੀ ਅਪਾਰ ਕਿਰਪਾ ਨਾਲ ਏਡਾ ਵੱਡਾ ਸਮਾਗਮ ਬਹੁਤ ਚੜਦੀ ਕਲਾ ਵਿੱਚ ਸੰਪੂਰਨ ਹੋਇਆ। ਉਹਨਾਂ ਹੋਰ ਕਿਹਾ ਕਿ ਸੰਗਤਾਂ ਦੇ ਸਹਿਯੋਗ ਸਦਕਾ ਹੀ ਉਹ ਇਸ ਨਗਰ ਕੀਰਤਨ ਨੂੰ ਨਿਰੋਲ ਧਾਰਮਿਕ ਸਮਾਗਮ ਵਜੋਂ ਨੇਪਰੇ ਚਾੜਨ ਵਿਚ ਸਫਲ ਹੋਏ ਹਨ।