ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਵੱਲੋਂ ਅੱਠਵਾਂ ਛਿਮਾਹੀ ਸਾਹਿਤਕ ਸੰਮੇਲਨ –
——————
ਸਰੀ (ਦੇ ਪ੍ਰ ਬਿ, ਡਾ ਗੁਰਵਿੰਦਰ ਸਿੰਘ)- ਦੱਬੇ- ਕੁਚਲੇ ਲੋਕਾਂ ਦੀ ਗੱਲ ਕਰਨ ਵਾਲੇ ਅਤੇ ਮਨੁੱਖੀ ਬਰਾਬਰੀ ਦੇ ਹਾਮੀ ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਵੱਲੋਂ ਅੱਠਵਾਂ ਛਿਮਾਹੀ ਸਾਹਿਤਿਕ ਸੰਮੇਲਨ ਅਤੇ ਪੁਸਤਕ ਲੋਕ ਅਰਪਣ ਸਮਾਗਮ, ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਸਥਿਤ ਸੀਨੀਅਰ ਸੈਂਟਰ ਵਿਖੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸਾਹਿਤ ਸਭਾ ਵੱਲੋਂ ਹਰ ਸਾਲ ਮਈ ਮਹੀਨੇ ਅਤੇ ਅਕਤੂਬਰ ਮਹੀਨੇ ਦੇ ਦੂਜੇ ਐਤਵਾਰਾਂ ਨੂੰ ‘ਲੋਕ ਕਵੀ ਗੁਰਦਾਸ ਰਾਮ ਆਲਮ’ ਅਤੇ ‘ਉੱਘੇ ਗਜ਼ਲਗੋ ਉਲਫਤ ਬਾਜਵਾ’ ਦੀ ਯਾਦ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਏ ਜਾਂਦੇ ਹਨ। ਇਸ ਵਾਰ ਸਾਹਿਤ ਸਭਾ ਕੈਨੇਡਾ ਵੱਲੋਂ, ਅੱਠਵੇਂ ਛਿਮਾਹੀ ਸਾਹਿਤਕ ਸੰਮੇਲਨ ਮੌਕੇ ਪ੍ਰਿੰਸੀਪਲ ਮਲੂਕ ਚੰਦ ਕਲੇਰ ਦੀ ਪੁਸਤਕ ‘ਸਕਾਈਟਰੇਨ ਟੂ ਵਾਟਰ ਫਰੰਟ’ ਲੋਕ ਅਰਪਿਤ ਕੀਤੀ ਗਈ। ਲੇਖਕ ਪ੍ਰਿੰਸੀਪਲ ਕਲੇਰ ਨੇ ਪ੍ਰੋਗਰਾਮ ਦੇ ਆਰੰਭ ਵਿੱਚ ਮਰਹੂਮ ਸ਼ਾਇਰ ਡਾ. ਸੁਰਜੀਤ ਪਾਤਰ ਨੂੰ ਇੱਕ ਮਿੰਟ ਦਾ ਮੌਨ ਰੱਖਦਿਆਂ ਹੋਇਆਂ ਸ਼ਰਧਾਂਜਲੀ ਭੇਟ ਕੀਤੀ ਅਤੇ ਮਗਰੋਂ ਆਪਣੀ ਕਿਤਾਬ ਸਮੇਤ, ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਦੇ ਮਨੋਰਥਾਂ ‘ਤੇ ਚਾਨਣਾ ਪਾਇਆ।
ਸਮਾਗਮ ਦੇ ਮੁੱਖ ਬੁਲਾਰੇ ਡਾ. ਗੁਰਵਿੰਦਰ ਸਿੰਘ ਨੇ ਲੋਕ ਕਵੀ ਗੁਰਦਾਸ ਰਾਮ ਆਲਮ ਅਤੇ ਕਿਤਾਬ ਬਾਰੇ ਬੋਲਦਿਆਂ ਕਿਹਾ ਕਿ ਮਹਾਨ ਸਾਹਿਤਕਾਰ ਸਮਾਜ ਦੇ ਵੱਖ- ਵੱਖ ਵਰਗਾਂ ‘ਚ ਸਾਂਝ ਸਥਾਪਿਤ ਕਰਦੇ ਹਨ ਅਤੇ ਸਮੇਂ ਦੀ ਹਕੂਮਤ ਨੂੰ ਚੁਣੌਤੀ ਦਿੰਦੇ ਹਨ, ਇਸੇ ਕਾਰਨ ਹੀ ਉਹ ‘ਲੋਕ ਲਿਖਾਰੀ’ ਬਣਦੇ ਹਨ, ਜਦਕਿ ਸਰਕਾਰਾਂ ਨਾਲ ਮਿਲਜੁਲ ਕੇ ਚਲਣ ਵਾਲੇ ‘ਸਰਕਾਰੀ ਲਿਖਾਰੀ’ ਹੀ ਹੋ ਸਕਦੇ ਹਨ, ‘ਲੋਕ ਲਿਖਾਰੀ’ ਨਹੀਂ। ਉਹਨਾਂ ਪ੍ਰਿੰਸੀਪਲ ਮਲੂਕ ਚੰਦ ਕਲੇਰ ਵੱਲੋਂ ਲਿਖੀ ਕਿਤਾਬ ਵਿਚਲੇ ਅਹਿਮ ਪਹਿਲੂਆਂ ‘ਤੇ ਖੁੱਲੀ ਚਰਚਾ ਕੀਤੀ ਅਤੇ ਕਿਤਾਬ ਦੀਆਂ ਵਿਲੱਖਣਤਾਵਾਂ ਬਿਆਨ ਕੀਤੀਆਂ। ਕਿਤਾਬ ਦੇ ਨਾਂ ‘ਸਕਾਈਟਰੇਨ ਟੂ ਵਾਟਰ ਫਰੰਟ’ ਬਾਰੇ ਉਸਤਾਦ ਗਜ਼ਲਗੋ ਨਦੀਮ ਪਰਮਾਰ ਨੇ ਵਿਚਾਰ ਸਾਂਝੇ ਕੀਤੇ। ਭੁਪਿੰਦਰ ਸਿੰਘ ਮੱਲੀ ਨੇ ‘ਲੇਖਕਾਂ ਨੂੰ ਆਪਣੀਆਂ ਲਿਖਤਾਂ ‘ਤੇ ਖਰੇ ਉਤਰਨ’ ਦਾ ਹਲੂਣਾ ਦਿੱਤਾ।
ਪੰਜਾਬੀ ਬੋਲੀ ‘ਤੇ ਮਾਣ ਮਹਿਸੂਸ ਕਰਦਿਆਂ ਰਮਨੀ ਕਲੇਰ ਨੇ ਪਿਤਾ ਜੀ ਦੀ ਕਿਤਾਬ ਵਿੱਚ ਆਪਣੇ ਲੇਖਾਂ ਦੇ ਸ਼ਾਮਲ ਹੋਣ ਨੂੰ ਵਡਭਾਗ ਦੱਸਿਆ। ਹੋਰਨਾਂ ਬੁਲਾਰਿਆਂ ਅਤੇ ਹਾਜ਼ਰ ਸ਼ਖਸੀਅਤਾਂ ਵਿੱਚ ਹਰਚੰਦ ਸਿੰਘ ਗਿੱਲ ਜਨਰਲ ਸਕੱਤਰ ਸੀਨੀਅਰ ਸੈਂਟਰ, ਪ੍ਰੋ. ਦੇਵਿੰਦਰ ਸਿੰਘ, ਮਨਜੀਤ ਸਿੰਘ ਮੱਲਾ, ਦਰਸ਼ਨ ਸਿੰਘ ਅਟਵਾਲ, ਗੁਰਮੀਤ ਸਿੰਘ ਕਲਕਟ, ਰੂਪ ਲਾਲ ਗਡੂ, ਸੁਰੀਲੇ ਗਾਇਕ ਚਮਕੌਰ ਸਿੰਘ ਸੇਖੋ, ਬਿਕਰਮ, ਕੈ ਜੀਤ ਮਹਿਰਾ, ਮੇਘਨਾਥ ਕੋਸ਼ਿਲ, ਬੀਬੀ ਮਾਇਆ ਰਾਣੀ, ਮਨਦੀਪ, ਹਰਜੀਤ ਕੌਰ, ਯੁਵਰਾਜ, ਜੈਸੀਕਾ, ਕਾਲਮ ਨਵੀਸ ਰਾਜਿੰਦਰ ਸਿੰਘ ਪੰਧੇਰ, ਵਣਜਾਰਾ ਨੋਮੈਡ ਕਲੈਕਸ਼ਨਜ਼ ਦੇ ਸੰਸਥਾਪਕ ਰਾਜ ਸਿੰਘ ਭੰਡਾਲ, ਦੇਸ ਪਰਦੇਸ ਟਾਈਮਜ਼ ਦੇ ਮੁੱਖ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ, ਤੇਜਵੀਰ ਸਿੰਘ ਸੰਧੂ ਸਿੱਖ ਚੈਨਲ, ਲੇਖਿਕਾ ਬੀਬੀ ਦੇਵਿੰਦਰ ਕੌਰ ਜੌਹਲ, ਦੇਵਿੰਦਰ ਕੌਰ ਕਲਸੀ, ਡਾ ਪਾਲ ਸਿੰਘ ਬਿਲਗਾ, ਸੁਰਜੀਤ ਸਿੰਘ ਗਿੱਲ, ਸੁਰਜੀਤ ਸਿੰਘ ਬਾਠ, ਕੈਮਰਨ ਗੁੜਾ, ਦਲੀਪ ਸਿੰਘ ਗਿੱਲ, ਮਾ ਮਲਕੀਤ ਸਿੰਘ, ਗ਼ਜ਼ਲਗੋ ਨਰਿੰਦਰ ਸਿੰਘ ਬਾਹੀਆ , ਸ਼ਿੰਗਾਰਾ ਸਿੰਘ ਸੰਧੂ ਅਤੇ ਜੋਗਿੰਦਰ ਕੌਰ ਸੰਧੂ ਸਮੇਤ ਭਰਵੀਂ ਗਿਣਤੀ ਵਿੱਚ ਸਰੋਤੇ ਸ਼ਾਮਿਲ ਸਨ। ਅਖੀਰ ਵਿੱਚ, ਸੀਨੀਅਰ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ। ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਦਾ ਇਹ ਪੁਸਤਕ ਰਿਲੀਜ਼ ਸਾਹਿਤਕ ਸਮਾਗਮ ਯਾਦਗਾਰੀ ਹੋ ਨਿਬੜਿਆ।