Headlines

ਦੂਸਰੀ ਪਾਤਸ਼ਾਹੀ ਗੁਰੂ ਅੰਗਦ ਸਾਹਿਬ ਦਾ ਪ੍ਰਕਾਸ਼ ਦਿਹਾੜਾ ਗੁਰਮੁਖੀ ਲਿਪੀ ਦਿਹਾੜੇ ਵਜੋਂ ਮਨਾਇਆ

ਐਬਟਸਫੋਰਡ ( ਡਾ ਗੁਰਵਿੰਦਰ ਸਿੰਘ)- ਕੈਨੇਡਾ ਦੀ ਧਰਤੀ ‘ਤੇ ਪੰਜਾਬੀ ਬੋਲੀ ਪਹਿਲੀਆਂ ਪੰਜ ਮੁੱਖ ਬੋਲੀਆਂ ਵਿੱਚ ਬੋਲੀ ਜਾਣ ਵਾਲੀ ਜ਼ਬਾਨ ਬਣ ਚੁੱਕੀ ਹੈ। ਇਸ ਦੌਰਾਨ ਕੈਨੇਡਾ ਵਸਦੇ ਪੰਜਾਬੀਆਂ ਨੇ ਭਰਪੂਰ ਉਤਸ਼ਾਹ ਦਿਖਾਉਂਦਿਆਂ, ਗੁਰਮੁਖੀ ਲਿਪੀ ਦੇ ਰੂਪ ਵਿੱਚ ਗੁਰੂ ਅੰਗਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ। ਇਸ ਸਬੰਧ ਵਿੱਚ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਐਬਟਸਫੋਰਡ ਵਿਖੇ ਸਮਾਗਮ ਹੋਏ, ਜਿੱਥੇ ਪੰਜਾਬੀ ਸਾਹਿਤ ਸਭਾ ਮੁਢਲੀ ਐਬਟਸਫਰਡ ਦੇ ਕੋਆਰਡੀਨੇਟਰ ਡਾ. ਗੁਰਵਿੰਦਰ ਸਿੰਘ ਨੇ ‘ਗੁਰੂ ਅੰਗਦ ਸਾਹਿਬ ਜੀ ਦੀ ਗੁਰਮੁਖੀ ਲਿਪੀ ਦੀ ਦੇਣ’ ਵਿਸ਼ੇ ‘ਤੇ ਵਿਚਾਰ ਸਾਂਝੇ ਕੀਤੇ। ਉਨਾਂ ਦੱਸਿਆ ਕਿ ਜਿੱਥੇ ਪੰਜਾਬੀ ਬੋਲੀ ਬਹੁਤ ਪੁਰਾਣੀ ਹੈ, ਉੱਥੇ ਲਿਪੀ ਦੇ ਰੂਪ ਵਿੱਚ ਗੁਰਮੁਖੀ ਦੇ ਅੱਖਰਾਂ ਦੀ ਤਰਤੀਬ ਅਤੇ ਸਰੂਪ ਨੂੰ ਗੁਰੂ ਅੰਗਦ ਸਾਹਿਬ ਜੀ ਨੇ ਸੰਪੂਰਨ ਰੂਪ ਵਿੱਚ ਇੱਕਸਾਰ ਕੀਤਾ।
      ਉਹਨਾਂ ਮੌਜੂਦਾ ਹਾਲਤਾਂ ਵਿੱਚ ਚਿੰਤਾ ਪ੍ਰਗਟਾਉਂਦਿਆਂ ਵਿਚਾਰ ਦਿੱਤੇ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਪੰਜਾਬੀ ਦੂਜੀ ਭਾਸ਼ਾ ਦਾ ਦਰਜਾ ਹਾਸਲ ਹੈ, ਪਰ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਦਾਖਲ ਕਰਾਉਂਦਿਆਂ ਹੋਇਆਂ, ਉਹਨਾਂ ਲਈ ਪੰਜਾਬੀ ਵਿਸ਼ੇ ਵਜੋਂ ਚੋਣ ਵਿੱਚ, ਬੀਸੀ ਚ ਵਸਦੇ ਪੰਜਾਬੀ ਅਵੇਸਲੇ ਰਹਿੰਦੇ ਹਨ, ਜਿਸ ਕਾਰਨ ਬੱਚੇ ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ ਤੋਂ ਦੂਰ ਜਾ ਰਹੇ ਹਨ। ਉਨਾਂ ਅਪੀਲ ਕੀਤੀ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਦਾਖਲ ਕਰਵਾਉਣ ਸਮੇਂ, ਪੰਜਾਬੀ ਵਿਸ਼ਾ ਪੜਾਉਣ ਲਈ ਜ਼ਰੂਰ ਪਹੁੰਚ ਕੀਤੀ ਜਾਵੇ।
    ਇਸ ਦੌਰਾਨ ਡਾ. ਗੁਰਵਿੰਦਰ ਸਿੰਘ  ਨੇ ਕਿਹਾ ਕਿ ਮਰਦਮਸ਼ੁਮਾਰੀ ਮੌਕੇ ਆਪਣੀ ਜ਼ਬਾਨ ਪੰਜਾਬੀ ਲਿਖਵਾਉਣੀ ਜ਼ਰੂਰੀ ਹੈ ਅਤੇ ਇਹੀ ਗੁਰੂ ਅੰਗਦ ਸਾਹਿਬ ਦਾ ਪ੍ਰਕਾਸ਼ ਦਿਹਾੜਾ ਸਹੀ ਰੂਪ ਵਿੱਚ ਮਨਾਏ ਜਾਣ ਦਾ ਸੁਚੱਜਾ ਕਾਰਜ ਹੋ ਸਕਦਾ ਹੈ। ਇਸ ਮੌਕੇ ਤੇ ਸੰਗਤਾਂ ਅਤੇ ਪ੍ਰਬੰਧਕਾਂ ਨੇ ਗੁਰੂ ਸਾਹਿਬ ਦੀ ਬਾਣੀ ਅਤੇ ਉਪਦੇਸ਼ਾਂ ਸਬੰਧੀ ਵਿਚਾਰ ਕੀਰਤਨੀ ਜਥੇ, ਕਥਾ ਵਾਚਕ ਅਤੇ ਢਾਡੀ ਜਥੇ ਪਾਸੋਂ ਸਰਵਣ ਕੀਤੇ।
ਤਸਵੀਰ : ਗੁਰਮੁਖੀ ਲਿਪੀ ਪੋਸਟਰ ਅਤੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਡਾ. ਗੁਰਵਿੰਦਰ ਸਿੰਘ