Headlines

ਸੰਪਾਦਕੀ- ਭਾਰਤ-ਕੈਨੇਡਾ ਸਬੰਧਾਂ ਵਿਚਾਲੇ ਮੁੜ ਤਣਾਅ ਵਧਣ ਦੇ ਆਸਾਰ…

-ਸੁਖਵਿੰਦਰ ਸਿੰਘ ਚੋਹਲਾ–

ਕੈਨੇਡੀਅਨ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਸਬੰਧ ਵਿਚ ਗ੍ਰਿਫਤਾਰ ਕੀਤੇ ਗਏ ਤਿੰਨ ਭਾਰਤੀ ਨਾਗਰਿਕਾਂ ਖਿਲਾਫ ਕੈਨੇਡਾ ਪੁਲਿਸ ਵਲੋਂ ਹੱਤਿਆ ਅਤੇ ਸਾਜਿਸ਼ ਦੇ ਦੋਸ਼ ਆਇਦ ਕੀਤੇ ਗਏ ਹਨ। ਇਹਨਾਂ ਤਿੰਨ ਕਥਿਤ ਦੋਸ਼ੀਆਂ ਦੀ ਪਹਿਲੀ ਵੀਡੀਓ ਕਾਨਫਰੰਸਿੰਗ ਪੇਸ਼ੀ ਤੋ ਬਾਦ ਹੁਣ 21 ਮਈ ਨੂੰ ਅਗਲੇਰੀ ਪੇਸ਼ੀ ਤੈਅ ਹੋਈ ਹੈ। ਕਤਲ ਕੇਸ ਦੀ ਜਾਂਚ ਟੀਮ ਵਲੋਂ ਭਾਵੇਂਕਿ ਤਿੰਨਾਂ ਕਥਿਤ ਦੋਸ਼ੀਆਂ ਖਿਲਾਫ ਸਬੂਤ ਪੇਸ਼ ਕੀਤੇ ਜਾਣੇ ਬਾਕੀ ਹਨ ਪਰ ਅਦਾਲਤੀ ਕਾਰਵਾਈ ਦੌਰਾਨ ਕੀ ਕੁਝ ਸਾਹਮਣੇ ਆਉਂਦਾ ਹੈ, ਉਸ ਸਬੰਧੀ ਅਜੇ ਕੁਝ ਵੀ ਕਹਿਣਾ ਸੰਭਵ ਨਹੀ। ਪਹਿਲੀ ਪੇਸ਼ੀ ਦੌਰਾਨ ਕਥਿਤ ਦੋਸ਼ੀਆਂ ਨੇ ਜੱਜ ਸਾਹਮਣੇ ਕੇਵਲ ਆਪਣੇ ਖਿਲਾਫ ਲਗਾਏ ਗਏ ਦੋਸ਼ਾਂ ਤੋਂ ਜਾਣੂ ਹੋਣ ਬਾਰੇ ਹੀ ਮੰਨਿਆ ਹੈ। ਉਹ ਆਪਣੇ ਜੁਰਮ ਦਾ ਇਕਬਾਲ ਕਰਦੇ ਹਨ ਜਾਂ ਨਹੀਂ ਤੇ ਜਮਾਨਤ ਮਿਲਣ ਦੀ ਸੂਰਤ ਵਿਚ ਕੀ ਹੋਵੇਗਾ… ਸਭ ਅਣਕਿਆਸਿਆ ਹੈ।

ਪਰ ਇਸੇ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਇਹਨਾਂ ਗ੍ਰਿਫਤਾਰੀਆਂ ਬਾਰੇ ਪ੍ਰਤੀਕਰਮ ਦਿੰਦਿਆਂ ਕਿਹਾ ਗਿਆ ਹੈ ਕਿ ਕੈਨੇਡਾ ਸਰਕਾਰ ਨੇ ਉਹਨਾਂ ਨੂੰ ਵਿਧੀਵਤ ਢੰਗ ਨਾਲ ਕੋਈ ਜਾਣਕਾਰੀ ਮੁਹੱਈਆ ਨਹੀ ਕਰਵਾਈ ਤੇ ਨਾਹੀ  ਇਸ ਕਤਲ ਵਿਚ ਹੱਥ ਹੋਣ ਦੇ ਕੋਈ ਸਬੂਤ ਪੇਸ਼ ਕੀਤੇ ਹਨ। ਅਖਬਾਰੀ ਰਿਪੋਰਟਾਂ ਮੁਤਾਬਿਕ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੈਸਵਾਨ ਨੇ ਇਕ ਪ੍ਰੈਸ ਵਾਰਤਾ ਦੌਰਾਨ ਕਿਹਾ ਹੈ ਕਿ ਕੈਨੇਡਾ ਨੇ ਉਨ੍ਹਾਂ ਨੂੰ ਸਿਰਫ਼ ਉਪਰੋਕਤ ਗ੍ਰਿਫ਼ਤਾਰੀਆਂ ਬਾਰੇ ਸੂਚਿਤ ਕੀਤਾ ਹੈ, ਪਰ ਇਸ ਵਿਸ਼ੇ ’ਤੇ ਕੋਈ ਰਸਮੀ ਕੂਟਨੀਤਕ ਚਿੱਠੀ ਪੱਤਰ ਨਹੀਂ ਭੇਜਿਆ। ਉਹਨਾਂ ਪੱਤਰਕਾਰਾਂ ਨੂੰ ਸਪੱਸ਼ਟ ਕੀਤਾ ਹੈ ਕਿ ਕੈਨੇਡੀਅਨ ਅਧਿਕਾਰੀਆਂ ਵਲੋਂ ਨਿੱਝਰ ਹੱਤਿਆ ਮਾਮਲੇ ਵਿਚ ਕੋਈ ਵਿਸ਼ੇਸ਼ ਜਾਂ ਸਬੰਧਤ ਸਬੂਤ ਜਾਂ ਜਾਣਕਾਰੀ ਸਾਂਝੀ ਨਹੀਂ ਕੀਤੀ ਜਿਸਤੋਂ ਸਮਝਿਆ ਜਾ ਸਕਦਾ ਹੈ ਕਿ ਭਾਰਤ ਖਿਲਾਫ ਕੇਵਲ ਪਹਿਲਾਂ ਬਣਾਈ ਰਾਇ ਨੂੰ ਹੀ ਮਜਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਉਨ੍ਹਾਂ ਦੋਸ਼ ਲਾਇਆ ਹੈ ਕਿ ‘ਜ਼ਾਹਿਰਾ ਤੌਰ ’ਤੇ ਕੈਨੇਡਾ ਵਲੋਂ ਆਪਣੇ ਸਿਆਸੀ ਹਿੱਤਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਹਨਾਂ ਉਲਟਾ ਦੋਸ਼ ਲਗਾਏ ਹਨ ਕਿ ਅਸੀਂ ਲੰਮੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ ਕਿ ਕੈਨੇਡਾ ਵਲੋਂ ਹਿੰਸਾ ਦੀ ਵਕਾਲਤ ਕਰਨ ਵਾਲੇ, ਵੱਖਵਾਦੀਆਂ ਤੇ ਕੱਟੜਪੰਥੀਆਂ ਨੂੰ ਸਿਆਸੀ ਜ਼ਮੀਨ ਮੁਹੱਈਆ ਕਰਵਾਈ ਜਾ ਰਹੀ ਹੈ। ਭਾਰਤੀ ਡਿਪਲੋਮੈਟਾਂ ਨੂੰ ਧਮਕਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਕੰਮ ਕਰਨ ਤੋਂ ਰੋਕਣ ਲਈ ਅੜਿੱਕੇ ਡਾਹੇ ਜਾ ਰਹੇ ਹਨ। ਉਹਨਾਂ ਹੋਰ ਕਿਹਾ ਕਿ ਭਾਰਤ ਸਰਕਾਰ ਪਹਿਲਾਂ ਹੀ ਕੈਨੇਡਾ ਸਰਕਾਰ ਨੂੰ ਅਪਰਾਧੀਆਂ ਦੀ ਸੂਚੀ ਭੇਜ ਕੇ ਇਹ ਦੱਸ ਚੁੱਕੀ ਹੈ ਕਿ ਉਥੇ ਸੰਗਠਿਤ ਅਪਰਾਧ ਨਾਲ ਜੁੜੇ ਲੋਕਾਂ ਨੂੰ ਦਾਖਲਾ ਦਿੱਤਾ ਜਾ ਰਿਹਾ ਹੈ ਜਿਸਦੇ ਨਤੀਜੇ ਹੁਣ ਕੈਨੇਡਾ ਨੂੰ ਭੁਗਤਣੇ ਪੈ ਰਹੇ ਹਨ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਬਿਆਨ ਦੇ ਦਰਮਿਆਨ ਕੈਨੇਡੀਅਨ ਵਿਦੇਸ਼ ਮੰਤਰੀ ਜੌਲੀ ਨੇ ਕਿਹਾ ਹੈ ਕਿ ਸਰਕਾਰ ਆਪਣੇ ਵਲੋਂ ਲਗਾਏ ਪਹਿਲੇ ਦੋਸ਼ਾਂ ਉਪਰ ਕਾਇਮ ਹੈ। ਉਨ੍ਹਾਂ ਹੋਰ ਕਿਹਾ ਹੈ ਕਿ ਕੈਨੇਡਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨ ਲਈ ਕੋਈ ਕਸਰ ਨਹੀਂ ਛੱਡੇਗਾ। ਅਸੀਂ ਉਨ੍ਹਾਂ ਦੋਸ਼ਾਂ ’ਤੇ ਕਾਇਮ ਹਾਂ ਕਿ ਕੈਨੇਡੀਅਨ ਜ਼ਮੀਨ ’ਤੇ ਭਾਰਤੀ ਏਜੰਟਾਂ ਵੱਲੋਂ ਕੈਨੇਡੀਅਨ ਦੀ ਹੱਤਿਆ ਕੀਤੀ ਗਈ ਸੀ। ਇਸ ਦੀ ਆਰ ਸੀ ਐੱਮ ਪੀ ਜਾਂਚ ਕਰ ਰਹੀ ਹੈ। ਭਾਰਤੀ ਵਿਦੇਸ ਮੰਤਰਾਲੇ ਦੇ ਬੁਲਾਰੇ ਅਤੇ ਕੈਨੇਡੀਅਨ ਵਿਦੇਸ਼ ਮੰਤਰੀ ਦੇ ਪਰਸਪਰ ਬਿਆਨਾਂ ਦੇ ਦਰਮਿਆਨ ਕੈਨੇਡਾ ਵਿਚ ਤਾਇਨਾਤ ਭਾਰਤੀ ਹਾਈ ਕਮਿਸ਼ਨਰ ਨੇ ਪਹਿਲੀ ਵਾਰ ਸਖਤ ਰੁਖ ਦਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕੈਨੇਡਾ ਸਰਕਾਰ ਆਪਣੀ ਧਰਤੀ ਉਪਰ ਭਾਰਤ ਵਿਰੋਧੀ ਵੱਖਵਾਦੀ ਗਰੁੱਪਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਨਵੀਂ ਦਿੱਲੀ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹ ਭਾਰਤ ਦੀ ਖੇਤਰੀ ਅਖੰਡਤਾ ਅਤੇ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਹੈ।

ਇਹਨਾਂ ਬਿਆਨਾਂ ਤੋਂ ਸਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਟਰੂਡੋ ਵਲੋਂ ਪਾਰਲੀਮੈਂਟ ਵਿਚ ਦਿੱਤੇ ਗਏ ਬਿਆਨ ਤੋ ਬਾਦ ਦੋਵਾਂ ਮੁਲਕਾਂ ਵਿਚਾਲੇ ਸਬੰਧਾਂ ਵਿਚ ਜੋ ਤਣਾਅ ਬਣੇ ਸਨ, ਉਹ ਤਣਾਅ ਹੁਣ ਮੁੜ ਵਧਣ ਦੇ ਸੰਕੇਤ ਹਨ। ਇਹਨਾਂ ਤਲਖ ਹੋ ਰਹੇ ਸਬੰਧਾਂ ਦਰਮਿਆਨ ਰੂਸ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਵਲੋਂ ਦਿੱਤਾ ਗਿਆ ਬਿਆਨ ਵੀ ਬਹੁਤ ਅਹਿਮ ਹੈ। ਰੂਸ ਨੇ ਅਮਰੀਕਾ ਉਪਰ ਭਾਰਤ ਨਾਲ ਬਸਤੀਵਾਦੀ ਵਿਵਹਾਰ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਉਹ ਭਾਰਤ ਨੂੰ ਇਕ ਜਮਹੂਰੀ ਮੁਲਕ ਵਜੋਂ ਨਹੀ ਬਲਕਿ ਇਕ ਬਸਤੀ ਵਜੋਂ ਵੇਖ ਰਿਹਾ ਹੈ। ਰੂਸ ਨੇ ਅਮਰੀਕਾ ਉਪਰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇਣ ਦਾ ਦੋਸ਼ ਲਗਉਂਦਿਆਂ ਕਿਹਾ ਹੈ ਕਿ ਉਸਨੇ ਵੱਖਵਾਦੀ ਆਗੂ ਗੁਰਪਤਵੰਤ ਪੰਨੂ ਖਿਲਾਫ ਘੜੀ ਗਈ ਸਾਜਿਸ਼ ਵਿਚ ਭਾਰਤ ਦਾ ਹੱਥ ਹੋਣ ਦੇ ਦੋਸ਼ ਤਾਂ ਲਗਾਏ ਹਨ ਪਰ ਅਜੇ ਤੱਕ ਕੋਈ ਸਬੂਤ ਪੇਸ਼ ਨਹੀ ਕੀਤੇ। ਭਾਵੇਂਕਿ ਅਮਰੀਕਾ ਨੇ ਰੂਸੀ ਬੁਲਾਰਨ ਮਾਰੀਆ ਦੇ ਦੋਸ਼ਾਂ ਨੂੰ ਨਕਾਰਿਆ ਹੈ ਪਰ ਸਮਝਿਆ ਜਾ ਸਕਦਾ ਹੈ ਕਿ ਭਾਰਤ ਕੈਨੇਡਾ ਤਣਾਅ ਦਰਮਿਆਨ ਰੂਸ ਵਰਗੀ ਮਹਾਂਸ਼ਕਤੀ ਅਮਰੀਕਾ ਖਿਲਾਫ ਬਿਆਨਬਾਜੀ ਕਰਦਿਆਂ ਭਾਰਤ ਦਾ ਪੱਖ ਪੂਰ ਰਹੀ ਹੈ। ਇਸ ਬਿਆਨਾਬਾਜੀ ਤੋਂ ਯੂਕਰੇਨ ਜੰਗ ਅਤੇ ਇਜਰਾਈਲ-ਫਲਸਤੀਨ ਵਿਵਾਦ ਦਰਮਿਆਨ ਭਾਰਤੀ ਪਹੁੰਚ ਨੂੰ ਲੈਕੇ ਦੋ ਮਹਾਂਸ਼ਕਤੀਆਂ ਵਿਚਾਲੇ ਖਿਚੋਤਾਣ ਦੀ ਤੀਬਰਤਾ ਨੂੰ ਵੀ ਮਾਪਿਆ ਜਾ ਸਕਦਾ ਹੈ। ਕੌਮਾਂਤਰੀ ਸਿਆਸਤ ਵਿਚ ਮਹਾਂਸ਼ਕਤੀਆਂ ਵਲੋਂ ਅਸੰਤੁਸ਼ਟ ਤੇ ਹਿੰਸਾਵਾਦੀ ਧਿਰਾਂ ਨੂੰ ਵਰਤਣ ਤੇ ਉਤਸ਼ਾਹਿਤ ਕਰਨ ਦੀ ਨੀਤੀ ਦੇ ਨਤੀਜੇ ਹਮੇਸ਼ਾਂ ਤਬਾਹਕੁੰਨ ਹੀ ਰਹੇ ਹਨ। ਰੱਬ ਖੈਰ ਕਰੇ…