Headlines

ਸਰੀ ਵਿਚ ਮਦਰਜ਼ ਡੇਅ ਮੌਕੇ “ਮਾਵਾਂ ਧੀਆਂ ਰਲ਼ ਬੈਠੀਆਂ” ਮੇਲਾ ਧੂਮਧਾਮ ਨਾਲ ਕਰਵਾਇਆ

ਬਲਵੀਰ ਕੌਰ ਢਿੱਲੋਂ-
ਸਰੀ- ਇਸ 12 ਮਈ ਦਿਨ ਐਤਵਾਰ ਨੂੰ ਤਾਜ ਪਾਰਕ ਕਨਵੈਨਸ਼ਨ ਸੈਂਟਰ ਵਿਖੇ ਬੀ ਕੌਰ ਮੀਡੀਆ ਐਂਡ ਐਂਟਰਟੇਨਮੈਂਟ ਦੇ ਬੀਬਾ ਬਲਜਿੰਦਰ ਕੌਰ ਦੀ ਅਗਵਾਈ ਹੇਠ  “ਮਾਵਾਂ ਧੀਆਂ ਰਲ਼ ਬੈਠੀਆਂ” ਮਦਰਜ਼ ਡੇਅ  ਮੇਲਾ ਧੂਮਧਾਮ ਨਾਲ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਬੀਬਾ ਬਲਜਿੰਦਰ ਕੌਰ ਨੇ ਮ ਆਈਆਂ ਹੋਈਆਂ ਭੈਣਾਂ, ਮਾਤਾਵਾਂ ਤੇ ਬੱਚੀਆਂ ਨੂੰ ਜੀ ਆਇਆਂ ਕਹਿੰਦਿਆਂ ਕੀਤੀ।
ਸਟੇਜ ਦਾ ਸੰਚਾਲਨ ਇਨਹੈਂਸ ਡਰਾਇਵਿੰਗ ਸਕੂਲ ਤੋਂ ਬਲਵੀਰ ਕੌਰ ਢਿੱਲੋਂ ਅਤੇ ਪ੍ਰੀਤ ਗੋਸਵਾਮੀ ਵਲੋਂ ਬਾਖੂਬੀ ਕੀਤਾ ਗਿਆ ਅਤੇ ਬੀ ਕੌਰ ਮੀਡੀਏ ਦੀ ਸਾਰੀ ਟੀਮ ਜਿਸ ਵਿੱਚ ਜਸਵੀਰ ਪਨੇਸਰ (ਡੌਲੀ) ਅਤੇ  ਸੈਂਡੀ ਕੌਰ ਸਾਰਿਆਂ ਦੀ ਅੱਣਥੱਕ ਮਿਹਨਤ ਸਦਕਾ ਇਹ ਪ੍ਰੋਗਰਾਮ ਬਹੁਤ ਹੀ ਸ਼ਾਨਦਾਰ ਢੰਗ ਨਾਲ ਨੇਪਰੇ ਚੜਿਆ।
ਡੈਲਟਾ ਵੈਡਿੰਗ ਸੈਂਟਰ ਵਾਲ਼ਿਆਂ ਵਲੋਂ ਹਾਲ ਬਹੁਤ ਹੀ ਖੂਬਸੂਰਤ ਤਰੀਕੇ ਨਾਲ਼ ਸਜਾਇਆ ਗਿਆ। ਇਸ ਮੇਲੇ ਵਿੱਚ ਚਾਰ ਸੌ ਦੇ ਕਰੀਬ ਮਾਵਾਂ, ਧੀਆਂ, ਭੈਣਾਂ ਅਤੇ ਬੱਚੀਆਂ ਨੇ ਹਿੱਸਾ ਲਿਆ। ਸ਼ਾਨੇ ਪੰਜਾਬ ਅਕੈਡਮੀ ਦੀ ਟੀਮ ਵੱਲੋਂ ਗਿੱਧੇ ਅਤੇ ਭੰਗੜੇ  ਦੀ ਬਹੁਤ ਵਧੀਆ ਪੇਸ਼ਕਾਰੀ ਕੀਤੀ ਗਈ। ਮੇਲਾ ਦੇਖਣ ਆਈਆਂ ਮਾਤਾਵਾਂ ਭੈਣਾਂ ਨੇ ਗੀਤ ਗਾ ਕੇ ਅਤੇ ਬੋਲੀਆਂ ਪਾ ਕੇ ਸਾਰਿਆਂ ਦਾ ਮਨੋਰੰਜਨ ਕੀਤਾ। ਜਿੱਥੇ ਮੀਤ ਐਸ ਆਰ ਨੇ ਗੀਤ ਗਾ ਕੇ ਅਤੇ ਬੋਲੀਆਂ ਪਾ ਕੇ ਭੈਣਾਂ ਦਾ ਮਨੋਰੰਜਨ ਕੀਤਾ, ਉੱਥੇ ਹੀ ਲੁਧਿਆਣੇ ਤੋਂ ਆਏ ਹੈਰੀ ਢੋਲੀ ਨੇ ਢੋਲ ਨਾਲ਼ ਬੋਲੀਆਂ ਪਾ ਕੇ ਸਭ ਦਾ ਮਨੋਰੰਜਨ ਕੀਤਾ।
ਵਿਰਸਾ ਫਾਊਂਡੇਸ਼ਨ ਤੋਂ ਧਰਮਵੀਰ ਕੌਰ ਧਾਲ਼ੀਵਾਲ ਆਪਣੀ ਟੀਮ ਨਾਲ਼ ਪਹੁੰਚੇ। ਨਾਲ਼ ਹੀ 10 ਅਗਸਤ ਨੂੰ ਐਬਟਸਫੋਰਡ ਵਿੱਚ ਖੁੱਲੇ ਅਸਮਾਨ ਹੇਠ ਖੇਤਾਂ ਵਿੱਚ ਦਰੱਖਤਾਂ ਦੀ ਛਾਂ ਹੇਠ ਮੇਲੇ ਤੇ ਆਉਣ ਦਾ ਸੱਦਾ ਦੇ ਕੇ ਗਏ। ਸੀਨੀਅਰ ਸੈਂਟਰ ਤੋਂ ਦਵਿੰਦਰ ਬਚਰਾ, ਸਿਆਟਲ ਤੋਂ ਮਨਜੀਤ ਕੌਰ ਗਿੱਲ ਅਤੇ ਕਮਲ ਬੁੱਟਰ ਵਿਸ਼ੇਸ਼ ਤੌਰ ਤੇ ਪੁੱਜੇ।
ਇਸ ਤੋਂ ਇਲਾਵਾ ਮੀਡੀਏ ਦੀਆਂ ਬਹੁਤ ਸਾਰੀਆਂ ਸਖਸ਼ੀਅਤਾਂ ਨੇ ਇਸ ਮੇਲੇ ਵਿੱਚ ਸ਼ਿਰਕਤ ਕੀਤੀ।
ਬੀ ਸੀ ਯੂਨਾਈਟਡ ਦੀ ਸਰੀ ਸੈਪਰਟਾਈਨ ਰਿਵਰ ਤੋਂ ਉਮੀਦਵਾਰ ਪੁਨੀਤ ਸੰਧਰ, ਨਾਰਥ ਡੈਲਟਾ ਤੋਂ ਉਮੀਦਵਾਰ  ਅੰਮ੍ਰਿਤ ਢੋਟ , ਸਰੀ ਨਿਊਟਨ ਤੋਂ ਉਮੀਦਵਾਰ ਜਪਰੀਤ ਲੇਹਲ,  ਬੀ ਸੀ ਯੂਨਾਈਟਡ ਦੇ ਆਊਟਰੀਚ ਡਾਇਰੈਕਟਰ  ਨਵ ਚਾਹਲ ਅਤੇ ਨਾਓਮੀ ਵਿਕਟੋਰੀਨੋ ਨੇ ਸ਼ਿਰਕਿਤ ਕੀਤੀ। ਪੁਨੀਤ ਸੰਧਰ ਆਪਣੀਆਂ ਬੇਟੀਆਂ ਨੂੰ ਨਾਲ਼ ਲੈ ਕੇ ਪਹੁੰਚੇ ਅਤੇ ਉਹਨਾਂ ਨੇ ਮਾਵਾਂ ਨੂੰ ਸੰਬੋਧਨ ਕਰਕੇ ਇੱਕ ਗੀਤ ਸੁਣਾਇਆ। ਜਪਰੀਤ ਲੇਹਲ ਹੁਣਾਂ ਸਵ: ਪਦਮ ਸ਼੍ਰੀ ਸੁਰਜੀਤ ਪਾਤਰ ਸਾਹਬ ਨੂੰ ਸਮਰਪਿਤ ਇੱਕ ਕਵਿਤਾ ਸੁਣਾਈ।
ਮਾਵਾਂ ਨੂੰ ਬਹੁਤ ਸਾਰੇ ਤੋਹਫੇ ਦਿੱਤੇ ਗਏ ਜਿਹਨਾਂ ਵਿੱਚ ਸੂਟ, ਦੁਪੱਟੇ, ਫੁਲਕਾਰੀਆਂ, ਬਹੁਤ ਸਾਰੇ ਗਹਿਣੇ ਦਿੱਤੇ ਗਏ। ਲੱਖੇ ਵਾਲ਼ੇ ਜਿਊਲਰ ਵੱਲੋਂ ਸੋਨੇ ਅਤੇ ਚਾਂਦੀ ਦੇ ਤੋਹਫੇ ਡਰਾਅ ਵਿੱਚ ਕੱਢੇ ਗਏ।
ਬੀ ਕੌਰ ਮੀਡੀਆ ਅਤੇ ਪਲੱਸ ਟੀ ਵੀ ਵਲ਼ੋਂ ਵੇਗਸ ਦਾ ਇੱਕ ਟਰਿੱਪ ਅਤੇ ਆਈ ਪੀ ਟੀ ਵੀ ਦੀ ਇੱਕ ਡੱਬੀ ਕੱਢੀ ਗਈ ਜੋ ਕਿ ਬੀ ਫਾਰ ਯੂ ਵੱਲੋਂ ਦਿੱਤਾ ਗਿਆ ਸੀ। ਹਾਈ ਐਂਡ ਫੈਸ਼ਨ ਵਲ਼ੋਂ ਸਾਰੀ ਟੀਮ ਦੇ ਸੂਟ ਅਤੇ ਗਹਿਣੇ ਸਪੌਂਸਰ ਕੀਤੇ ਗਏ ਅਤੇ ਹਾਈ ਐਂਡ ਫੈਸ਼ਨ ਵੱਲੋਂ ਹੋਰ ਅਣਗਿਣਤ ਸੂਟ, ਦੁਪੱਟੇ ਅਤੇ ਗਿਫਟ ਪੈਕ ਆਈਆਂ ਹੋਈਆਂ ਮਾਤਾਂਵਾਂ ਤੇ ਭੈਣਾਂ ਨੂੰ ਤੋਹਫੇ ਵਜੋਂ ਡਰਾਅ ਵਿੱਚ ਕੱਢਣ ਲਈ ਦਿੱਤੇ ਗਏ।
ਇਸ ਮੇਲੇ ਦਾ ਇੱਕ ਖਾਸ ਸਰਪਰਾਈਜ ਮੇਲੇ ਵਿੱਚ ਆਈਆਂ ਭੈਣਾਂ ਜਿਹਨਾਂ ਦਾ ਜਨਮ ਦਿਨ ਮਈ ਮਹੀਨੇ ਵਿੱਚ ਸੀ ਉਹਨਾਂ ਲਈ ਕੇਕ ਕੱਟਿਆ ਗਿਆ ਅਤੇ ਭੈਣਾਂ ਨੂੰ ਤੋਹਫੇ ਦਿੱਤੇ ਗਏ। ਪੰਦਰਾਂ ਤੋਂ ਉੱਪਰ ਘਰਾਂ ਤੋਂ ਬਿਜਨੈਸ ਕਰ ਰਹੀਆਂ ਭੈਣਾਂ ਨੇ ਇਸ ਮੇਲੇ ਵਿੱਚ ਸਟਾਲ ਲਗਾਏ।
ਬੀ ਕੌਰ ਮੀਡੀਏ ਅਤੇ ਪਲੱਸ ਟੀਵੀ ਦੀ ਟੀਮ ਵੱਲੋਂ ਇਸ ਪ੍ਰੋਗਰਾਮ ਦੀ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕੀਤੀ ਗਈ। ਕੁਲ ਮਿਲ਼ਾ ਕੇ ਇਹ ਮਾਵਾਂ ਧੀਆਂ ਰਲ਼ ਬੈਠੀਆਂ ਮੇਲਾ ਬਹੁਤ ਹੀ ਸਫਲ ਰਿਹਾ। ਬੀਬਾ ਬਲਜਿੰਦਰ ਕੌਰ ਵਲ਼ੋਂ ਵੱਖ ਵੱਖ ਸ਼ਹਿਰਾਂ ਤੋਂ ਆਈਆਂ ਸਾਰੀਆਂ ਭੈਣਾਂ, ਮਾਤਾਵਾਂ ਦਾ ਅਤੇ ਸਾਰੇ ਹੀ ਸਪੌਂਸਰਾਂ ਦਾ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।