ਮੁਖ ਮੰਤਰੀ ਰਿਹਾਇਸ਼ ਤੇ ਕੁਟਮਾਰ ਕਰਨ ਦੇ ਦੋਸ਼ ਲਗਾਏ-
ਨਵੀਂ ਦਿੱਲੀ ( ਦਿਓਲ)-ਰਾਜ ਸਭਾ ਮੈਂਬਰ ਸਵਾਤੀ ਮਾਲੀਮਾਲ ਵਲੋਂ ਕਰਵਾਈ ਗਈ ਪੁਲੀਸ ਐੱਫ ਆਈ ਆਰ ਕਿਹਾ ਗਿਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀ ਏ ਵਿਭਵ ਕੁਮਾਰ ਨੇ ਉਸਨੂੰ ਕਥਿਤ ਤੌਰ ’ਤੇ ਕਈ ਵਾਰ ਲੱਤ ਮਾਰੀ ਅਤੇ ਥੱਪੜ ਮਾਰਿਆ। ਉਹ ਕਈ ਵਾਰ ਮਦਦ ਲਈ ਲਗਾਤਾਰ ਰੌਲਾ ਪਾਉਂਦੀ ਰਹੀ। ਮਾਲੀਵਾਲ ‘ਤੇ ਹੋਏ ਕਥਿਤ ਹਮਲੇ ਦੇ ਵੇਰਵੇ ਅੱਜ ਉਦੋਂ ਸਾਹਮਣੇ ਆਏ ਜਦੋਂ ਰਾਜ ਸਭਾ ਮੈਂਬਰ ਇਸ ਮਾਮਲੇ ‘ਚ ਆਪਣਾ ਬਿਆਨ ਦਰਜ ਕਰਵਾਉਣ ਲਈ ਮੈਜਿਸਟ੍ਰੇਟ ਸਾਹਮਣੇ ਪੇਸ਼ ਹੋਈ।
ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪੁਲੀਸ ਨੇ ਵੀਰਵਾਰ ਨੂੰ ਐੱਫਆਈਆਰ ਦਰਜ ਕੀਤੀ ਅਤੇ ਵਿਭਵ ਕੁਮਾਰ ਨੂੰ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ। ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਮਾਲੀਵਾਲ ਮਦਦ ਲਈ ਲਗਾਤਾਰ ਚੀਕ ਰਹੀ ਸੀ ਪਰ ਬਿਭਵ ਕੁਮਾਰ ਉਸ ਦੀ ਛਾਤੀ, ਪੇਟ ਅਤੇ ਉਸ ਦੇ ਸਰੀਰ ਦੇ ਹੇਠਲੇ ਹਿੱਸਿਆਂ ਵਿੱਚ ਲੱਤਾਂ ਮਾਰਦਾ ਰਿਹਾ। ਆਪਣੀ ਸ਼ਿਕਾਇਤ ਵਿਚ ਮਾਲੀਵਾਲ ਨੇ ਕਿਹਾ ਕਿ ਮੁਲਜ਼ਮ ਨੇ ਉਸ ‘ਤੇ ਪੂਰੀ ਤਾਕਤ ਨਾਲ ਵਾਰ-ਵਾਰ ਹਮਲਾ ਕੀਤਾ ਅਤੇ ਕਥਿਤ ਤੌਰ ‘ਤੇ ਉਸ ਦੇ ਸੱਤ-ਅੱਠ ਥੱਪੜ ਮਾਰੇ।
ਦੂਸਰੇ ਪਾਸੇ ਵਿਭਵ ਕੁਮਾਰ ਨੇ ਸਵਾਤੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਨੇ ਮੁੱਖ ਮੰਤਰੀ ਰਿਹਾਇਸ਼ ਤੇ ਸੁਰੱਖਿਆ ਦਾਇਰ ਤੋੜਕੇ ਅੰਦਰ ਘੁਸਣ ਦੀ ਕੋਸ਼ਿਸ਼ ਕੀਤੀ ਤੇ ਬਵਾਲ ਖੜਾ ਕੀਤਾ। ਇਸੇ ਦੌਰਾਨ ਕੇਜਰੀਵਾਲ ਵਲੋਂ ਆਪਣੇ ਪੀਏ ਖਿਲਾਫ ਕੋਈ ਕਾਰਵਾਈ ਨਾ ਕਰਨ ਤੇ ਭਾਜਪਾ ਮਹਿਲਾ ਵਿੰਗ ਨੇ ਰੋਸ ਮੁਜ਼ਾਹਰਾ ਕੀਤਾ ਤੇ ਚੂੜੀਆਂ ਵਿਖਾਈਆਂ।