Headlines

ਸੰਪਾਦਕੀ-ਹਾਥੀ ਦੇ ਦੰਦਾਂ ਵਾਲੀ ਨੈਤਿਕਤਾ….

 ਮੁੱਖ ਮੰਤਰੀ ਦਫਤਰ ਵਿਚ ਰਾਜ ਸਭਾ ਮੈਂਬਰ ਨਾਲ ਕੁੱਟਮਾਰ ਦਾ ਮਾਮਲਾ-

-ਸੁਖਵਿੰਦਰ ਸਿੰਘ ਚੋਹਲਾ-

ਪਿਛਲੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਉਪਰ ਇਕ ਮਹਿਲਾ ਆਗੂ ਦੀ ਕੁੱਟਮਾਰ ਅਤੇ ਬੇਇਜਤ ਕਰਨ ਦਾ ਮੁੱਦਾ ਬਹੁਤ ਹੀ ਗੰਭੀਰ ਹੈ। ਹੈਰਾਨੀਜਨਕ ਹੈ ਕਿ ਕਿਸੇ ਮੁੱਖ ਮੰਤਰੀ ਦੇ ਦਫਤਰ ਵਿਚ ਵੀ ਅਜਿਹਾ ਵਾਪਰ ਸਕਦਾ ਹੈ। ਉਹ ਮੁੱਖ ਮੰਤਰੀ ਜੋ ਦੇਸ਼ ਦੀ ਰਾਜਨੀਤੀ ਨੂੰ ਬਦਲਣ ਅਤੇ ਔਰਤਾਂ ਨੂੰ ਬਰਾਬਰ ਦੇ ਮੌਕਿਆਂ ਦੇ ਦਾਅਵਾ ਕਰਦਾ ਹੋਵੇ। ਦੋਸ਼ ਹਨ ਕਿ ਮੁੱਖ ਮੰਤਰੀ ਦੇ ਨਿੱਜੀ ਸਹਾਇਕ ਨੇ ਮਹਿਲਾ ਆਗੂ ਸਵਾਤੀ ਮਾਲੀਵਾਲ ਜੋ ਕਿ ਉਹਨਾਂ ਦੀ ਆਪਣੀ ਪਾਰਟੀ ਦੀ ਹੀ ਰਾਜ ਸਭਾ ਮੈਂਬਰ ਹੈ, ਨੂੰ ਮੁੱਖ ਮੰਤਰੀ ਦੇ ਦਫਤਰ ਵਿਚ ਜਾਣ ਤੋ ਰੋਕਿਆ ਗਿਆ। ਜਦੋ ਉਸਨੇ ਆਪਣੇ ਰੁਤਬੇ ਅਤੇ ਹੱਕ ਦਾ ਦਾਅਵਾ ਜਿਤਾਉਂਦਿਆਂ ਮੁੱਖ ਮੰਤਰੀ ਦੇ ਦਫਤਰ ਵਿਚ ਘੁੱਸਣ ਦੀ ਕੋਸ਼ਿਸ਼ ਕੀਤੀ ਤਾਂ ਪੀਏ ਵਲੋਂ ਉਸ ਨਾਲ ਹੱਥੋਪਾਈ ਕੀਤੀ। ਸਵਾਤੀ ਮਾਲੀਵਾਲ ਨੇ ਦੋਸ਼ ਲਗਾਏ ਹਨ ਕਿ ਮੁੱਖ ਮੰਤਰੀ ਦੇ ਪੀਏ ਵਿਭਵ ਕੁਮਾਰ ਨੇ ਉਸ ਨਾਲ ਹੱਥਪਾਈ ਦੌਰਾਨ ਉਸਦੇ ਠੁੱਡੇ ਮਾਰੇ ਤੇ ਮੂੰਹ ਤੇ ਚਪੇੜਾਂ ਵੀ ਜੜੀਆਂ। ਉਸਨੇ ਇਹ ਦੋਸ਼ ਪੁਲਿਸ ਕੋਲ ਲਿਖਾਈ ਰਿਪੋਰਟ ਵਿਚ ਵੀ ਲਗਾਏ ਹਨ। ਪੁਲਿਸ ਵਲੋਂ ਇਹਨਾਂ ਦੋਸ਼ਾਂ ਨੂੰ ਲੈਕੇ ਉਸਦਾ ਮੈਡੀਕਲ ਕਰਵਾਇਆ ਗਿਆ। ਦੱਸਿਆ ਗਿਆ ਹੈ ਕਿ ਮੈਡੀਕਲ ਰਿਪੋਰਟ ਵਿਚ ਉਸ ਨਾਲ ਹੋਈ ਕੁੱਟਮਾਰ ਦੀ ਪੁਸ਼ਟੀ ਹੋਈ ਹੈ। ਉਸਦੀ ਇਕ ਲੱਤ ਅਤੇ ਗੱਲ ਉਪਰ ਸੱਟ ਦੇ ਨਿਸ਼ਾਨ ਪਾਏ ਗਏ ਹਨ। ਬੀਤੇ ਦਿਨ ਜਦੋਂ ਸਵਾਤੀ ਮਾਲੀਵਾਲ ਪੁਲਿਸ ਕੋਲ ਰਿਪੋਰਟ ਦਰਜ ਕਰਵਾਉਣ ਗਈ ਤਾਂ ਉਸਦੀਆਂ ਤਸਵੀਰਾਂ ਤੋਂ ਹੀ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਉਸ ਨਾਲ ਕੀ ਬੀਤੀ ਹੋਵੇਗੀ। ਹੈਰਾਨੀਜਨਕ ਹੈ ਕਿ ਕਿ ਕਿਸੇ ਮੁੱਖ ਮੰਤਰੀ ਦੇ ਦਫਤਰ ਵਿਚ ਇਕ ਚੁਣੇ ਹੋਏ ਨੁਮਾਇਂਦੇ ਨਾਲ ਇੰਜ ਵੀ ਵਾਪਰ ਸਕਦਾ ਹੈ। ਇਕ ਮੁੱਖ ਮੰਤਰੀ ਦੇ ਨਿੱਜੀ ਸਹਾਇਕ ਕੋਲ ਇਤਨੇ ਅਧਿਕਾਰ ਹੁੰਦੇ ਹਨ ਕਿ ਉਹ ਬਿਨਾਂ ਇਜਾਜ਼ਤ ਤੇ ਮਿਲਣ ਦਾ ਸਮਾਂ ਲਏ ਬਗੈਰ ਆਉਣ ਵਾਲੇ ਕਿਸੇ ਵਿਅਕਤੀ ਵਿਸ਼ੇਸ਼ ਦੀ ਕੁੱਟਮਾਰ ਕਰ ਸਕਦਾ ਹੈ, ਉਸਦੀ ਬੇਇਜਤੀ ਕਰ ਸਕਦਾ ਹੈ। ਪੁਲਿਸ ਵਲੋਂ ਸਵਾਤੀ ਮਾਲੀਵਾਲ ਦੀ ਸ਼ਿਕਾਇਤ ਉਪਰੰਤ ਮੁੱਖ ਮੰਤਰੀ ਦੇ ਪੀਏ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁੱਖ ਮੰਤਰੀ ਕੇਜਰੀਵਾਲ ਖਿਲਾਫ ਈਡੀ ਦੀ ਕਾਰਵਾਈ ਉਪਰੰਤ ਉਹਨਾਂ ਦੇ ਦਫਤਰ ਤੋਂ ਉਹਨਾਂ ਦੇ ਪੀਏ ਨੂੰ ਪੁਲਿਸ ਵਲੋਂ ਉਠਾਕੇ ਲੈ ਜਾਣਾ ਵੀ ਪਾਰਟੀ ਤੇ ਮੁੱਖ ਮੰਤਰੀ ਦਫਤਰ ਲਈ ਸ਼ਰਮਨਾਕ ਹੈ। ਪਰ ਕਮਾਲ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਵਲੋਂ ਇਸ ਸਬੰਧ ਵਿਚ ਕੋਈ ਸਫਾਈ ਪੇਸ਼ ਕਰਨ ਦੀ ਬਿਜਾਏ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। । ਉਹਨਾਂ ਵਲੋਂ ਆਪਣੀ ਪਾਰਟੀ ਦੀ ਐਮ ਪੀ ਵਲੋਂ ਲਗਾਏ ਗਏ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਅਤੇ ਭਾਜਪਾ ਦੀ ਸਾਜਿਸ਼ ਕਰਾਰ ਦਿੱਤਾ ਜਾ ਰਿਹਾ ਹੈ। ਆਪ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਤਾਂ ਇਸ ਮਾਮਲੇ ਵਿਚ ਮੁਖ ਮੰਤਰੀ ਦੇ ਪੀਏ ਖਿਲਾਫ ਕਾਰਵਾਈ ਦਾ ਭਰੋਸਾ ਦੇ ਰਹੇ ਹਨ ਜਦੋਂ ਕੈਬਨਿਟ ਮੰਤਰੀ ਆਤਿਸ਼ੀ, ਮਾਲੀਵਾਲ ਦੇ ਦੋਸ਼ਾਂ ਨੂੰ ਮੁੱਖ ਮੰਤਰੀ ਕੇਜਰੀਵਾਲ ਖਿਲਾਫ ਸਾਜਿਸ਼ ਕਰਾਰ ਦੇ ਰਹੀ ਹੈ। ਉਸਦਾ ਕਹਿਣਾ ਹੈ ਕਿ ਸਵਾਤੀ ਨੂੰ ਇਕ ਘੁਟਾਲੇ ਵਿਚ ਸ਼ਾਮਲ ਹੋਣ ਤੇ ਕਾਰਵਾਈ ਦਾ ਡਰ ਵਿਖਾਕੇ ਭਾਜਪਾ ਨੇ ਕੇਜਰੀਵਾਲ ਖਿਲਾਫ ਸਾਜਿਸ਼ ਰਚੀ ਹੈ। ਉਹਨਾਂ ਇਥੋ ਤੱਕ ਕਿਹਾ ਹੈ ਕਿ ਅਗਰ ਉਸ ਦਿਨ ਮੁੱਖ ਮੰਤਰੀ ਦਾ ਪੀਏ ਵਿਭਵ ਕੁਮਾਰ ਸਵਾਤੀ ਦੇ ਸਾਹਮਣੇ ਨਾ ਆਉਂਦਾ ਤਾਂ ਹੋ ਸਕਦਾ ਸੀ ਇਹ ਦੋਸ਼ ਕੇਜਰੀਵਾਲ ਖਿਲਾਫ ਲਗਾ ਦਿੱਤੇ ਜਾਂਦੇ। ਇਕ ਕੈਬਨਿਟ ਮੰਤਰੀ ਵਲੋਂ ਆਪਣੀ ਹੀ ਪਾਰਟੀ ਦੀ ਇਕ ਐਮ ਪੀ ਖਿਲਾਫ ਅਜਿਹੇ ਦੋਸ਼ ਲਗਾਉਣੇ ਬਹੁਤ ਹੀ ਗੰਭੀਰ ਮਾਮਲਾ ਹੈ। ਜਦੋਂਕਿ ਮੈਡੀਕਲ ਰਿਪੋਰਟ ਵਿਚ ਉਸ ਨਾਲ ਕੁੱਟਮਾਰ ਹੋਣ ਦੀ ਪੁਸ਼ਟੀ ਹੋਈ ਮਿਲਦੀ ਹੈ।

ਇਸ ਸਮੇਂ ਜਦੋਂ ਲੋਕ ਸਭਾ ਚੋਣਾਂ ਦਾ ਪ੍ਰਚਾਰ ਜੋਰਾਂ ਤੇ ਹੈ ਤੇ ਸੁਪਰੀਮ ਕੋਰਟ ਵਲੋਂ ਮੁੱਖ ਮੰਤਰੀ ਕੇਜਰੀਵਾਲ ਨੂੰ ਇਸ ਪ੍ਰਚਾਰ ਮੁਹਿੰਮ ਵਿਚ ਸ਼ਾਮਿਲ ਹੋਣ ਲਈ ਵਿਸ਼ੇਸ਼ ਰਾਹਤ ਦਿੰਦਿਆਂ ਜਮਾਨਤ ਦਿੱਤੀ ਗਈ ਹੈ, ਤਾਂ ਇਸ ਦੌਰਾਨ ਪਾਰਟੀ ਅਤੇ ਖਾਸਕਰ ਉਹਨਾਂ ਦੇ ਆਪਣੇ ਦਫਤਰ ਉਪਰ ਅਜਿਹੇ ਦੋਸ਼ਾਂ ਦਾ ਸਾਹਮਣੇ ਆਉਣਾ ਉਹਨਾਂ ਦਾ ਨੈਤਿਕਤਾ ਉਪਰ ਵੀ ਪ੍ਰਸ਼ਨ ਚਿੰਨ ਲਗਾਉਂਦਾ ਹੈ। ਚਾਹੀਦਾ ਤਾਂ ਸੀ ਕਿ ਮੁੱਖ ਮੰਤਰੀ ਆਪਣੇ ਦਫਤਰ ਵਿਚ ਪੈਦਾ ਹੋਏ ਅਜਿਹੇ ਮਾਹੌਲ ਬਾਰੇ ਸਪੱਸ਼ਟ ਕਰਦੇ ਪਰ ਉਹਨਾਂ ਦੀ ਚੁੱਪੀ ਅਤੇ ਉਲਟਾ ਵਿਰੋਧੀਆਂ ਉਪਰ ਦੂਸ਼ਣਬਾਜੀ ਦਾਲ ਵਿਚ ਕੁਝ ਕਾਲਾ ਹੋਣ ਦਾ ਸੰਕੇਤ ਹਨ। ਉਹਨਾਂ ਦੀ ਇਹ ਚੁੱਪੀ ਇਹ ਦੱਸਣ ਲਈ ਕਾਫੀ ਹੈ ਕਿ ਉਹਨਾਂ ਦੀ ਰਿਹਾਇਸ਼ ਅਤੇ ਦਫਤਰ ਵਿਚ ਤਾਨਾਸ਼ਾਹੀ ਵਾਲੇ ਮਾਹੌਲ ਦੀ ਨਿਗਰਾਨੀ ਉਹ ਖੁਦ ਹੀ ਕਰ ਰਹੇ ਹਨ। ਭਾਰਤੀ ਰਾਜਨੀਤੀ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਵੱਡੇ ਸਿਆਸੀ ਆਗੂਆਂ ਦੇ ਨਿੱਜੀ ਸਹਾਇਕਾਂ ਦਾ ਕਾਰ ਵਿਹਾਰ ਜਾਂ ਰੁਤਬਾ ਇਵੇਂ ਦਾ ਰਿਹਾ ਹੈ ਕਿ ਉਹਨਾਂ ਦੀ ਇੱਛਾ ਜਾਂ ਜੀ ਹਜੂਰੀ ਤੋਂ ਬਿਨਾਂ ਕਿਸੇ ਵਿਅਕਤੀ ਵਿਸ਼ੇਸ਼ ਦਾ ਵੀ ਸਕੱਤਰੇਤ ਜਾਂ ਪਾਰਟੀ ਹੈਡਕੁਆਰਟਰ ਦੀਆਂ ਵਿਰਲਾਂ ਚੋਂ ਝਾਕਣ ਦਾ ਹੀਆ ਨਹੀ ਸੀ ਹੁੰਦਾ। ਸ਼ਾਇਦ ਇਸੇ ਲਈ ਸਵਾਤੀ ਮਾਲੀਵਾਲ ਨੇ ਆਪਣੀ ਇਕ ਪੋਸਟ ਵਿਚ ਮੁੱਖ ਮੰਤਰੀ ਨੂੰ ਸਿਆਸੀ ਹਿਟਮੈਨ ਦਾ ਨਾਮ ਦਿੰਦਿਆਂ ਗਹਿਰਾ ਇਸ਼ਾਰਾ ਕੀਤਾ ਹੈ। ਮੁੱਖ ਮੰਤਰੀ ਕੇਜਰੀਵਾਲ, ਉਹਨਾਂ ਦਾ ਸਟਾਫ ਜਾਂ ਕੈਬਨਿਟ ਸਾਥੀ ਆਪਣੇ ਹੀ ਇਕ ਸਾਥੀ ਵਲੋਂ ਲਗਾਏ ਗਏ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਜਾਂ ਵਿਰੋਧੀਆਂ ਦੀ ਸਾਜਿਸ਼ ਕਰਾਰ ਦੇ ਸਕਦੇ ਹਨ ਪਰ ਮੁੱਖ ਮੰਤਰੀ ਦਫਤਰ ਵਿਚ ਬਿਨਾਂ ਇਜਾਜਤ ਦੇ ਪ੍ਰਵੇਸ਼ ਕਰਨ ਤੇ ਕਿਸੇ ਵਿਅਕਤੀ ਵਿਸ਼ੇਸ਼ ਨਾਲ ਇਸ ਤਰਾਂ ਦੀ ਬਦਤਮੀਜੀ ਵਾਲੇ ਵਿਹਾਰ ਬਾਰੇ ਉਹਨਾਂ ਪਾਸ ਕੋਈ ਜਵਾਬ ਨਹੀਂ ਹੈ। ਆਪਣੇ ਇਕ ਸਾਥੀ ਨਾਲ ਅਜਿਹੇ ਵਿਹਾਰ ਉਪਰ ਪਸ਼ੇਮਾਨੀ ਜ਼ਾਹਰ ਕਰਨ ਜਾਂ ਉਸ ਨਾਲ ਹਮਦਰਦੀ ਦੀ ਬਿਜਾਏ ਸਾਰੇ ਕਾਂਡ ਨੂੰ ਇਕ ਸਾਜਿਸ਼ ਕਰਾਰ ਦੇਣਾ, ਨੈਤਿਕ ਗਿਰਾਵਟ ਦੀ  ਸਿਖਰ ਹੈ। ਆਪ ਆਗੂਆਂ ਵਲੋਂ ਆਪਣੇ ਹੀ ਇਕ ਸਾਥੀ ਨਾਲ ਅਜਿਹੇ ਵਿਹਾਰ ਨੇ ਉਸ ਕਹਾਵਤ ਨੂੰ ਸੱਚ ਕਰ ਵਿਖਾਇਆ ਹੈ– ਹਾਥੀ ਦੇ ਦੰਦ, ਖਾਣ ਲਈ ਹੋਰ, ਵਿਖਾਉਣ ਲਈ ਹੋਰ….