ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ-
ਸਰੀ (ਸੁਰਜੀਤ ਸਿੰਘ ਮਾਧੋਪੁਰੀ)-ਬੀਤੇ ਦਿਨੀਂ ਰੂਟਸ ਐਂਡ ਰਿਦਮ ਡਾਂਸ ਅਕੈਡਮੀ ਸਰੀ ਦੇ ਪ੍ਰੈਜ਼ੀਡੈਂਟ ਕਮਲਜੀਤ ਸਿੰਘ ਜੌਹਲ ,ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਜੌਹਲ ਅਤੇ ਪਰਿਵਾਰ ਦੇ ਸਹਿਯੋਗ ਨਾਲ ਸਰੀ ਵਿਖੇ ਸਲਾਨਾ ਸਨਮਾਨ ਵਿਸਾਖੀ ਮੇਲਾ ਮਨਾਇਆ ਗਿਆ। ਜਿਸ ਵਿਚ ਬੱਚਿਆਂ ਅਤੇ ਨੌਜਵਾਨ ਲੜਕੇ ਲੜਕੀਆਂ ਨੇ ਆਪਣੀ ਕਲਾਕਾਰੀ ਦਾ ਖ਼ੂਬਸੂਰਤ ਪ੍ਰਦਰਸ਼ਨ ਕੀਤਾ । ਪ੍ਰੋਗਰਾਮ ਦੌਰਾਨ ਬ੍ਰਿਟਿਸ਼ ਕੋਲੰਬੀਆ ਦੀਆਂ ਕਲਾ ਨਾਲ ਸਬੰਧਿਤ ਮਾਣਯੋਗ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ।
ਇਹਨਾਂ ਸ਼ਖਸ਼ੀਅਤਾਂ ਨੇ ਵੈਨਕੂਵਰ ਬੀ.ਸੀ ਵਿੱਚ ਪੰਜਾਬੀਆਂ ਦੀ ਜਿੰਦ ਜਾਨ ਭੰਗੜੇ ਦੀ ਕਲਾ ਨੂੰ ਕੈਨੇਡਾ ਦੀ ਧਰਤੀ ਉੱਤੇ ਜਿਊਂਦਾ ਰੱਖਣ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ। ਭੰਗੜੇ ਅਤੇ ਗਿੱਧੇ ਦੀਆਂ ਟੀਮਾਂ ਤਿਆਰ ਕਰਕੇ ਕੈਨੇਡਾ ਅਤੇ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਤ ਕੀਤਾ ਹੈ । ਆਪਣੀ ਰੋਜ਼ੀ ਰੋਟੀ ਦੇ ਨਾਲ-ਨਾਲ ਇਸ ਕਲਾ ਨੂੰ ਜਿਉਂਦਾ ਰੱਖਿਆ ਅਤੇ ਲੋਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਮਾਣ ਸਨਮਾਨ ਵੀ ਹਾਸਲ ਕੀਤੇ। ਭੰਗੜੇ ਦੇ ਮੋਢੀ ਰਿਚਮੰਡ ਤੋਂ ਪਾਲ (ਭੋਲੂ) ਬਿਨਿੰਗ, ਉਹਨਾਂ ਦੀ ਪਤਨੀ ਜਸਵੀਰ ਕੌਰ ਬਿਨਿੰਗ ਅਤੇ ਸਰੀ ਤੋਂ ਸਵ: ਸ. ਸਵਰਨ ਸਿੰਘ ਮੱਲੀ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਦਰਸ਼ਕਾਂ ਨੇ ਇਸ ਪ੍ਰੋਗਰਾਮ ਦੀ ਖੂਬ ਸ਼ਲਾਘਾ ਕੀਤੀ। ਪ੍ਰੋਗਰਾਮ ਵਿਚ ਕਮਿਊਨਿਟੀ ਦੀਆਂ ਜਾਣੀਆਂ ਪਹਿਚਾਣੀਆਂ ਹੋਰ ਸ਼ਖਸ਼ੀਅਤਾਂ ਦੇ ਨਾਲ-ਨਾਲ ਪ੍ਰਿਤਪਾਲ ਸਿੰਘ ਗਿੱਲ, ਬਲਦੇਵ ਸਿੰਘ ਬਾਠ, ਸੁਰਜੀਤ ਸਿੰਘ ਮਾਧੋਪੁਰੀ ਅਤੇ ਉੱਘੇ ਲੇਖਕ ਦਵਿੰਦਰ ਸਿੰਘ ਮਾਂਗਟ ਨੇ ਵੀ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਢੱਡ ਸਾਰੰਗੀ ਦੇ ਨਾਲ ਬਿੱਲਾ ਤੱਖਰ, ਗੁਰਨਾਮ ਥਾਂਦੀ ਅਤੇ ਨੈਵ ਖੁਨਖੁਨ ਨੇ ਸਭਿਆਚਾਰਕ ਗੀਤਾਂ ਨਾਲ ਕੀਤੀ। ਸਟੇਜ ਦੀ ਕਾਰਵਾਈ ਨੂੰ ਸੈਂਡੀ ਜੌਹਲ ਅਤੇ ਰੇਡੀਓ ਹੋਸਟ ਗੁਰਪ੍ਰੀਤ ਗਰੇਵਾਲ ਨੇ ਬਾਖੂਬੀ ਨਿਭਾਈ। ਰਾਜੂ ਜੌਹਲ ਨੇ ਢੋਲ ਦੇ ਨਾਲ-ਨਾਲ ਵੱਖਰੇ-ਵੱਖਰੇ ਰੰਗਾਂ ਨਾਲ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ।
ਰੂਟਸ ਐਂਡ ਰਿਦਮ ਡਾਂਸ ਅਕੈਡਮੀ ਦੇ ਪ੍ਰਬੰਧਕ ਕਮਲਜੀਤ ਜੌਹਲ ਅਤੇ ਸਟਾਫ਼ ਵੱਲੋਂ ਆਏ ਮਹਿਮਾਨਾਂ ਲਈ ਚਾਹ -ਪਾਣੀ, ਪਕੌੜੇ ਤੇ ਮਠਿਆਈ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ। ਸਮਾਗਮ ਦੀ ਸਮਾਪਤੀ ਸਮੇਂ ਕਮਲਜੀਤ ਜੌਹਲ ਨੇ ਦਰਸ਼ਕਾਂ ਅਤੇ ਆਏ ਸੱਜਣਾ ਦਾ ਦਿਲੋਂ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਪਿਆਰ ਸਤਿਕਾਰ ਦੀ ਆਸ ਉਮੀਦ ਦੀ ਮੰਗ ਨਾਲ ਪ੍ਰੋਗਰਾਮ ਸਮਾਪਤ ਕੀਤਾ।