* ਬਾਰਿਸ਼ ਦੇ ਬਾਵਜੂਦ ਸੰਗਤਾਂ ਹੁੰਮਹੁਮਾਕੇ ਪੁੱਜੀਆਂ-
ਐਡਮਿੰਟਨ (ਗੁਰਪ੍ਰੀਤ ਸਿੰਘ, ਦਵਿੰਦਰ ਦੀਪਤੀ)-ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ 24ਵਾਂ ਵਿਸ਼ਾਲ ਨਗਰ ਕੀਰਤਨ ਐਡਮਿੰਟਨ ਸ਼ਹਿਰ ਦੇ ਗੁਰਦੁਆਰਾ ਮਿਲਵੁੱਡ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛੱਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ। ਗੁਰੂ ਗਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੀ ਪਾਲਕੀ ਸਾਹਿਬ ਦੇ ਪੋਲਾਰਡ ਮੈਡੋਜ਼ ਪਾਰਕ (ਟੀ ਡੀ ਬੇਕਰ ਸਕੂਲ) ਚ ਲਗਭਗ 4 ਘੰਟੇ ਦੇ ਠਹਿਰਾਅ ਤੋਂ ਬਾਅਦ ਗੁਰਦੁਆਰਾ ਸਿੰਘ ਸਭਾ ਵਿਖੇ ਹੈਡ ਗ੍ਰੰਥੀ ਭਾਈ ਹਰਬੰਸ ਸਿੰਘ ਵੱਲੋਂ ਕੀਤੀ ਅਰਦਾਸ ਤੋਂ ਬਾਅਦ ਨਗਰ ਕੀਰਤਨ ਸੰਪੂਰਨ ਹੋਇਆ।
ਵਰਦੇ ਮੀਂਹ ਦੇ ਬਾਵਜੂਦ ਨਗਰ ਕੀਰਤਨ ਵਿੱਚ ਹਜ਼ਾਰਾਂ ਦੀ ਤਦਾਦ ਚ ਸੰਗਤਾਂ ਨੇ ਭਾਰੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਟੀ ਡੀ ਬੇਕਰ ਸਕੂਲ ਦੀ ਗਰਾਊਂਡ ਵਿਚ ਲੱਗੀ ਧਾਰਮਿਕ ਸਟੇਜ ਤੋਂ ਜਿਥੇ ਵੱਖ ਵੱਖ ਬੁਲਾਰਿਆਂ ਨੇ ਸੰਗਤਾਂ ਨੂੰ ਨਗਰ ਕੀਰਤਨ ਦੀਆਂ ਵਧਾਈਆਂ ਦਿੱਤੀਆਂ ਉਥੇ ਢਾਡੀ, ਕਵੀਸ਼ਰ, ਬੱਚਿਆਂ ਦੇ ਕੀਰਤਨੀ ਜੱਥਿਆਂ ਨੇ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ। ਵੱਖ ਵੱਖ ਸੰਸਥਾਵਾਂ, ਕਾਰੋਬਾਰੀ ਅਦਾਰਿਆਂ ਵੱਲੋਂ ਆਪਣੇ ਪ੍ਰਚਾਰ ਦੇ ਨਾਲ ਨਾਲ ਸੰਗਤਾਂ ਲਈ ਵੱਖ ਵੱਖ ਤਰਾਂ ਦੇ ਜੂਸ, ਕੋਲਡ ਡਰਿੰਕਸ, ਜਲ, ਪੂਰੀ ਛੋਲੇ ਤੇ ਹੋਰ ਕਈ ਪ੍ਰਕਾਰ ਦੇ ਪਕਵਾਨਾਂ ਦੇ ਲੰਗਰ ਲਗਾਏ ਗਏ। ਨਗਰ ਕੀਰਤਨ ਦੌਰਾਨ ਸਿੱਖ ਯੂਥ ਐਡਮਿੰਟਨ ਵੱਲੋਂ ਵਿਸ਼ੇਸ਼ ਮੁਫ਼ਤ ਦਸਤਾਰ ਸਜਾਓ ਕੈਂਪ ਲਗਾਇਆ ਗਿਆ। ਇਸ ਮੌਕੇ ਐਡਮਿੰਟਨ ਪੁਲਿਸ, ਪੈਰਾਮੈਡੀਕਲ ਸੇਵਾਵਾਂ ਵਿਭਾਗ ਦੇ ਕਰਮਚਾਰੀਆਂ ਨੇ ਵੀ ਬਾਖੂਬੀ ਸੇਵਾ ਨਿਭਾਈ। ਨਗਰ ਕੀਰਤਨ ਕਮੇਟੀ ਦੇ ਵਲੰਟੀਅਰਾਂ ਵੱਲੋਂ ਮੌਕੇ ਤੇ ਹੀ ਸਫਾਈ ਅਤੇ ਹੋਰ ਗਾਰਬੇਜ ਨੂੰ ਤੁਰੰਤ ਗਰਾਊਂਡ ਅਤੇ ਹੋਰ ਰਸਤਿਆਂ ਤੋਂ ਸਾਫ ਕੀਤਾ ਗਿਆ।
ਵਿਸਾਖੀ ਨਗਰ ਕੀਰਤਨ ਕਮੇਟੀ, ਗੁਰਦੁਆਰਾ ਸ਼੍ਰੀ ਗੂਰੁ ਸਿੰਘ ਸਭਾ ਪ੍ਰਬੰਧਕ ਕਮੇਟੀ, ਗੁਰਦੁਆਰਾ ਮਿਲਵੁਡ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਨਗਰ ਕੀਰਤਨ ਵਿੱਚ ਪਹੁੰਚਣ ਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ।