Headlines

ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਗ਼ਦਰੀ ਬਾਬਿਆਂ ਦੀ ਯਾਦ ਵਿਚ 56ਵਾਂ ਟੂਰਨਾਮੈਂਟ ਯਾਦਗਾਰੀ ਹੋ ਨਿੱਬੜਿਆ

ਬੱਚਿਆਂ ਦੀਆਂ ਦੌੜਾਂ, ਸੋਕਰ, ਕੁਸ਼ਤੀ ਤੇ ਕਬੱਡੀ ਮੁਕਾਬਲੇ ਰੌਚਕ ਰਹੇ- ਜ਼ੋਰਾਵਾਰ ਢੀਂਡਸਾ ਨੇ ਪਟਕੇ ਦੀ ਕੁਸ਼ਤੀ ਜਿੱਤੀ- ਰੁਪਿੰਦਰ ਕੌਰ ਜੌਹਲ ਬਣੀ ਕੈਨੇਡਾ ਕੇਸਰੀ –

ਅੰਬਾ ਸੁਰਸਿੰਘ ਵਾਲਾ ਸਰਬੋਤਮ ਧਾਵੀ ਤੇ ਸੱਤੂ ਖਡੂਰ ਸਾਹਿਬ ਵਾਲਾ ਸਰਬੋਤਮ ਜਾਫੀ ਚੁਣੇ ਗਏ-

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)– ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਹਰ ਸਾਲ ਗ਼ਦਰੀ ਬਾਬਿਆਂ ਤੇ ਬੱਬਰ ਅਕਾਲੀਆਂ ਦੀ ਯਾਦ ਵਿਚ ਮਈ ਮਹੀਨੇ ਦੇ ਲੌਂਗ ਵੀਕਐਂਡ ਖੇਡ ਮੇਲਾ ਕਰਵਾਇਆ ਜਾਂਦਾ ਹੈ। ਇਸ ਮੌਕੇ ਉਹਨਾਂ  ਗ਼ਦਰੀ ਬਾਬਿਆਂ ਨੂੰ ਯਾਦ ਕੀਤਾ ਜਾਂਦਾ ਹੈ , ਜਿਨ੍ਹਾਂ ਨੇ ਆਪਣੇ ਸੁੱਖ ਆਰਾਮ ਤਿਆਗ ਕੇ ਹਿੰਦੁਸਤਾਨ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਵਿਚੋਂ ਬਹੁਤ ਸਾਰਿਆਂ ਨੂੰ ਕਾਲੇ ਪਾਣੀਆਂ ਦੀ ਸਜ਼ਾ , ਫਾਂਸੀਆਂ ਲੱਗੀਆਂ ਤੇ ਲੰਬੀਆਂ ਕੈਦਾਂ ਹੋਈਆਂ। ਉਹਨਾਂ ਗਦਰੀ ਬਾਬਿਆਂ ਵਿਚੋਂ  ਬਹੁਤ ਸਾਰੇ ਖ਼ਾਲਸਾ ਦੀਵਾਨ ਸੁਸਾਇਟੀ ਨਾਲ ਹੀ ਸੰਬੰਧਿਤ ਸਨ।
ਇਸ ਸਾਲ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਤੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਵੱਲੋਂ ਟੂਰਨਾਮੈਂਟ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਜੋ ਬਹੁਤ ਸਫਲ ਰਿਹਾ। ਇਸ ਵਿਚ ਬਹੁਤ ਵੱਡੀ ਸੰਖਿਆ ਵਿਚ ਮਾਇਆ ਦੀ ਜ਼ਰੂਰਤ ਹੁੰਦੀ ਹੈ, ਜੋ ਕਮੇਟੀ ਮੈਂਬਰਾਂ ਕਸ਼ਮੀਰ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਗਿੱਲ, ਕੁਲਦੀਪ ਸਿੰਘ ਥਾਂਦੀ ਨੇ ਸੰਗਤਾਂ ਤੋਂ ਇਕੱਤਰ ਕੀਤੀ।
ਟੂਰਨਾਮੈਂਟ ਦੀ ਸ਼ੁਰੂਆਤ ਗਿਆਨੀ ਜੀ ਵਲੋਂ ਅਰਦਾਸ ਬੇਨਤੀ ਉਪਰੰਤ ਹੋਈ ਤੇ ਸੋਕਰ ਦਾ ਟੂਰਨਾਮੈਂਟ ਆਰੰਭ ਕੀਤਾ ਗਿਆ। ਸੋਕਰ ਦੀਆਂ 80 ਟੀਮਾਂ ਨੇ ਭਾਗ ਲਿਆ। ਇਸ ਦੇ ਕੋਆਰਡੀਨੇਟਰ ਸੋਹਣ ਸਿੰਘ ਦਿਓ ਤੇ ਰੈਫ਼ਰੀ ਤੱਖਰ ਨੇ ਸ਼ਾਨਦਾਰ ਸੇਵਾਵਾਂ ਨਿਭਾਈਆਂ। ਗੋਲਡ ਦੇ ਡਵੀਜ਼ਨ ਇੱਕ ਵਿਚ ਸਿੱਖ ਟੈਂਪਲ ਨੇ ਬੀ.ਸੀ  ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ।
ਡਵੀਜ਼ਨ ਦੋ ਸਿਲਵਰ ਵਿਚ ਸਿੱਖ ਟੈਂਪਲ ਨੇ ਵੈਨਕੂਵਰ ਸਿਟੀ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ।

18 ਮਈ ਨੂੰ ਸ਼ੁਰੂ ਹੋਏ ਕੁਸ਼ਤੀ ਮੁਕਾਬਲੇ ਦੌਰਾਨ ਲਗਭਗ 200 ਪਹਿਲਵਾਨਾਂ ਨੇ ਭਾਗ ਲਿਆ। ਵੱਡੀ ਤਾਦਾਦ ਵਿਚ ਉਨ੍ਹਾਂ ਬੱਚਿਆਂ ਦੇ ਮਾਪੇ ਵੀ ਪਹੁੰਚੇ ਹੋਏ ਸਨ। 19 ਮਈ ਨੂੰ ਪਟਕੇ ਦੀ ਕੁਸ਼ਤੀ ਕਰਵਾਈ ਗਈ, ਜਿਸ ਵਿਚ ਜ਼ੋਰਾਵਰ ਢੀਂਡਸਾ ਜੋ ਗੁਰੂ ਗੋਬਿੰਦ ਸਿੰਘ ਐਬਸਫੋਰਡ ਕਲੱਬ ਨਾਲ ਸਬੰਧਿਤ ਹੈ ਨੇ ਬਲਤੇਜ ਮੁੰਡੀ ਨੂੰ ਹਰਾ ਕੇ ਪਟਕਾ ਜਿੱਤਿਆ। ਬਲਤੇਜ ਮੁੰਡੀ ਰੁਸਤਮ ਕਲੱਬ ਸਰੀ ਨਾਲ ਸਬੰਧਿਤ ਹੈ।
ਇਸ ਮੌਕੇ ਕੁਮਾਰ ਜਗਰੂਪ ਢੀਂਡਸਾ ਐਬਸਫੋਰਡ ਨੇ ਵੀ ਸ਼ਿਰਕਤ ਕੀਤੀ। ਲੜਕੀਆਂ ਦੇ ਕੈਨੇਡਾ ਕੇਸਰੀ ਵਿਚੋਂ ਐਬਸਫੋਰਡ ਦੀ ਰੁਪਿੰਦਰ ਕੌਰ ਜੌਹਲ ਪਹਿਲੇ ਸਥਾਨ ਤੇ ਰਹੀ ਤੇ ਅੰਬਿਕਾ ਸ਼ੇਖਾਵਤ ਬਾਲਾਜੀ ਰੈਸਲਿੰਗ ਕਲੱਬ ਵੱਲੋਂ ਦੂਜੇ ਸਥਾਨ ਤੇ ਰਹੀ।
ਬਾਲ ਕੇਸਰੀ ਵਿਚ ਗੁਰਲੀਨ ਪਹਿਲੇ ਸਥਾਨ ਤੇ ਪਾਰੀ ਰੁਸਤਮ ਕਲੱਬ ਵੱਲੋਂ ਦੂਜੇ ਸਥਾਨ ਤੇ ਰਹੀ। ਘੋਲਾਂ ਦਾ ਦਰਸ਼ਕਾਂ ਨੇ ਖ਼ੂਬ ਅਨੰਦ ਮਾਣਿਆ।
ਰਣਜੀਤ ਸਿੰਘ ਹੇਅਰ ਵੱਲੋਂ ਬੱਚਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਜਿੰਨਾ ਵਿਚ ਬੱਚਿਆਂ ਨੇ ਵਧ ਚੜ੍ਹ ਕੇ ਭਾਗ ਲਿਆ।
ਕਬੱਡੀ ਦੇ ਮੈਚਾਂ ਵਿਚ 18 ਤਰੀਕ ਨੂੰ ਕੈਨੇਡਾ ਦੇ ਜੰਮਪਲ ਬੱਚਿਆਂ ਦੇ ਤਿੰਨ ਮੈਚ ਕਰਵਾਏ ਗਏ। 19 ਤਰੀਕ ਨੂੰ 6 ਮੈਚ ਕਬੱਡੀ ਦੇ ਕਰਵਾਏ ਗਏ ਅਤੇ ਫਾਈਨਲ ਮੈਚ ਕੈਨੇਡਾ ਦੇ ਜੰਮਪਲ ਬੱਚਿਆਂ ਦਾ ਕਰਵਾਇਆ ਗਿਆ।

19 ਤਰੀਕ ਨੂੰ ਸਵੇਰ ਤੋਂ ਸ਼ਾਮ  8 ਵਜੇ ਤੱਕ ਮੈਚ ਹੋਏ ਜਿਹਨਾਂ ਨੂੰ  ਹਜ਼ਾਰਾਂ ਦਰਸ਼ਕਾਂ ਨੇ ਦਿਲ ਥਾਮ ਕੇ ਦੇਖਿਆ। ਇਹ ਪਹਿਲੀ ਵਾਰ ਹੋਇਆ ਕਿ ਗਰਾਊਡ ਇੱਕ ਮਿੰਟ ਵੀ ਖ਼ਾਲੀ ਨਹੀਂ ਹੋਇਆ, ਲਗਾਤਾਰ ਮੈਚ ਚਲਦੇ ਰਹੇ। ਸਾਰੇ ਮੈਚ ਕਬੱਡੀ ਫੈਡਰੇਸ਼ਨ ਆਫ਼ ਬੀ.ਸੀ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਜਿਸ ਦੀ ਜ਼ਿੰਮੇਵਾਰੀ ਲਾਲੀ ਢੇਸੀ ਤੇ ਭੋਲਾ ਸੰਧੂ ਨੇ ਖ਼ੂਬ ਨਿਭਾਈ। ਫਾਈਨਲ ਮੈਚ ਵਿਚ ਪੰਜਾਬ ਕੇਸਰੀ ਆਜ਼ਾਦ ਨੇ ਸ਼ਹੀਦ ਭਗਤ ਸਿੰਘ ਸਰਹਾਲਾ ਰਣੂੰਆ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਅੰਬਾ ਸੁਰਸਿੰਘ ਵਾਲਾ ਵਧੀਆ ਰੇਡਰ (ਧਾਵੀ) ਤੇ ਸੱਤੂ ਖਡੂਰ ਸਾਹਿਬ ਵਾਲਾ ਸਰਬੋਤਮ ਸਟਾਪਰ (ਜਾਫੀ) ਚੁਣਿਆ ਗਿਆ। ਟੂਰਨਾਮੈਂਟ ਦੌਰਾਨ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ, ਬੀ ਸੀ ਯੁਨਾਈਟਡ ਆਗੂ ਕੇਵਿਨ ਫਾਲਕਨ ਤੇ ਬੀ ਸੀ ਕੰਸਰਵੇਟਿਵ ਆਗੂ ਜੌਹਨ ਰਸਟਡ ਵੀ  ਪੁੱਜੇ, ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਖੇਡ ਪ੍ਰੇਮੀਆਂ ਨੂੰ ਮੇਲੇ ਦੀਆਂ ਵਧਾਈਆਂ ਦਿੱਤੀਆਂ।

ਗੁਰੂਘਰ ਦੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਥਾਂਦੀ ਨੇ ਸਮੂਹ ਖਿਡਾਰੀਆਂ, ਸਪਾਸਰਾਂ, ਵਲੰਟੀਅਰ ਦਾ ਧੰਨਵਾਦ ਕੀਤਾ। ਸਾਰੇ ਵਲੰਟੀਅਰ ਸਪੌਂਸਰਾਂ ਦਾ ਵੀ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਟੂਰਨਾਮੈਂਟ ਸਫਲ ਬਣਾਇਆ। ਲੰਗਰ ਕਮੇਟੀ ਨੇ ਬਹੁਤ ਹੀ ਸ਼ਾਨਦਾਰ ਸੇਵਾਵਾਂ ਨਿਭਾਈਆਂ। ਜਲੇਬੀਆਂ, ਖੀਰ ਤੇ ਹਰ ਤਰ੍ਹਾਂ ਦੇ ਲੰਗਰ ਵਰਤਾਏ ਗਏ। ਵੈਨਕੂਵਰ ਦਾ 56ਵਾਂ ਖੇਡ ਮੇਲਾ ਯਾਦਗਾਰੀ ਹੋ ਨਿੱਬੜਿਆ।

ਤਸਵੀਰਾਂ-ਸੰਤੋਖ ਸਿੰਘ ਮੰਡੇਰ