Headlines

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਸਵਰਗੀ ਸ਼ਾਇਰ ਸੁਰਜੀਤ ਪਾਤਰ ਨੂੰ ਰਹੀ ਸਮਰਪਿਤ

ਭੁਪਿੰਦਰ ਸਿੰਘ ਭਾਗੋਮਾਜਰਾ ਦਾ ਸਫਰਨਾਮਾ  ਰਿਲੀਜ਼ –
ਕੈਲਗਰੀ ( ਦਲਵੀਰ ਜੱਲੋਵਾਲੀਆ)-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ 18 ਮਈ ਨੂੰ ਕੋਸੋ ਦੇ ਹਾਲ ਵਿੱਚ ਹੋਈ ਸਾਹਿਤ ਜਗਤ ਦੇ ਮਹਾਨ ਕਵੀ  ਸੁਰਜੀਤ ਪਾਤਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਜਨਰਲ ਸਕੱਤਰ ਮੰਗਲ ਚੱਠਾ ਨੇ ਪ੍ਰਧਾਨ ਬਲਵੀਰ ਗੋਰਾ ਮੋਹਨ ਸਿੰਘ ਭਾਗੋਮਾਜਰਾ ਅਤੇ ਬਲਜਿੰਦਰ ਸੰਘਾ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ। ਰਚਨਾਵਾਂ ਦਾ ਆਗਾਜ਼ ਕਵੀਸ਼ਰ ਭਗਵੰਤ ਸਿੰਘ ਸੂਰਵਿੰਡ ਦੇ ਜਥੇ ਨੇ ਕਵੀਸ਼ਰੀ ‘ਭਰ ਦੇ ਮਿਠਾਸ ਸ਼ਾਇਰਾਂ ਦੀ ਜ਼ੁਬਾਨ ‘ਚ ਤੇ ‘ਜ਼ਿੰਦਗੀ ਜਿਉਣ ਦਾ ਵੱਲ ਚਾਹੀਦਾ ‘ਗਾ ਕੇ ਕੀਤਾ ।
ਸੁਰਜੀਤ ਪਾਤਰ ਦੇ ਜੀਵਨ ਤੇ ਚਰਚਾ ਸ਼ੁਰੂ ਕਰਦਿਆਂ ਉਹਨਾਂ ਦਾ ਹੀ ਇੱਕ ਸ਼ੇਅਰ ਸੁਣਾਇਆ ਗਿਆ ਜਿਸ ਦੇ ਬੋਲ ਸਨ ‘ਮੈਂ ਰਾਹਾਂ ਤੇ ਨਹੀਂ ਤੁਰਦਾ ,ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ‘ ਉਸ ਤੋਂ ਬਾਅਦ ਪਰਮਜੀਤ ਸਿੰਘ ਭੰਗੂ ਨੇ ‘ਸਾਡੀ ਤੁਹਾਡੀ ਮੁਲਾਕਾਤ ਹੋਈ ,ਜਿਵੇਂ ਬਲਦੇ ਜੰਗਲ ਤੇ ਬਰਸਾਤ ਹੋਈ ‘ਇਸ ਦੇ ਨਾਲ ਹੀ ਸੁਖਵਿੰਦਰ ਤੂਰ ਨੇ ਪਾਤਰ ਦੀ ਹੀ ਕਿਸਾਨੀ ਬਾਰੇ ਲਿਖੀ ਕਵਿਤਾ ‘ਇਹ ਬਾਤ ਨਿਰੀ ਇਨੀ ਹੀ ਨਹੀਂ ‘ ਬਹੁਤ ਪਿਆਰੀ ਆਵਾਜ਼ ਵਿੱਚ ਸੁਣਾਈ ਇਸ ਤੋਂ ਮਗਰੋਂ ਡਾਕਟਰ ਪਰਮਜੀਤ ਕੌਰ ਨੇ ਸੁਰਜੀਤ ਪਾਤਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਜਗਦੀਸ਼ ਚੋਹਕਾ ਨੇ ਪਾਤਰ ਜੀ ਦੀ ਜੀਵਨੀ ਤੇ ਸੰਖੇਪ ਵਿੱਚ ਚਾਨਣਾ ਪਾਇਆ ਇਸ ਮਗਰੋਂ ਪਰਮਿੰਦਰ ਰਮਨ ਨੇ ਆਪਣੀ ਲਿਖੀ ਕਵਿਤਾ ‘ਪਾਤਰ ਕਦੇ ਨਹੀਂ ਮਰਦੇ ‘ਸੁਣਾਈ ਅਤੇ ਜਰਨੈਲ ਤੱਗੜ ਨੇ ਪਾਤਰ ਹੁਰਾਂ ਦੇ ਸ਼ੇਅਰ ਸੁਣਾ ਕੇ ਉਹਨਾਂ ਨੂੰ ਯਾਦ ਕੀਤਾ ਇਸ ਤੋਂ ਮਗਰੋਂ ਜੋਰਾਵਰ  ਬਾਂਸਲ  ਨੇ ਕਵਿਤਾ ਅਤੇ ਬੱਚੀ ਅਸੀਂਸ ਕੌਰ ਨੇ ਧਾਰਮਿਕ ਸ਼ਬਦ ਪੇਸ਼ ਕੀਤਾ । ਇਸ ਤੋਂ ਬਾਅਦ ਭੁਪਿੰਦਰ ਸਿੰਘ ਭਾਗੋਮਾਜਰਾ ਦੀ ਕਿਤਾਬ ‘ਮੇਰੀ ਪਹਿਲੀ ਕਨੇਡਾ ਯਾਤਰਾ ‘ਤੇ ਬਲਜਿੰਦਰ ਸੰਘਾ ਨੇ ਕਿਤਾਬ ਦੀ ਪੜਚੋਲ ਕਰਦਾ ਪੇਪਰ ਪੜਦਿਆਂ ਕਿਹਾ ਕਿ ਜਿੱਥੇ ਲੇਖਕ ਅਨੁਸਾਰ ਇਹ ਨਵੇਂ ਕੈਨੇਡਾ ਆਉਣ ਦੇ ਚਾਹਵਾਨ ਨੂੰ ਸਫ਼ਰ ਤੋਂ ਲੈਕੇ ਘਰ, ਕੈਨੇਡਾ ਦਾ ਵਰਕ ਕਲਚਰ, ਰਹਿਣ ਸਹਿਣ ਅਤੇ ਸੈਰਗਾਹਾਂ ਬਾਰੇ ਜਾਣਕਾਰੀ ਦਿੰਦੀ ਹੈ ਉੱਥੇ ਹੀ ਭਾਰਤ ਅਤੇ ਕੈਨੇਡਾ ਦੇ ਕਈ ਸਰੋਕਾਰਾਂ ਦੀ ਤੁਲਨਾ ਵੀ ਕਰਦੀ ਹੈ।ਲੇਖਕ ਦੇ ਸਪੁੱਤਰ ਗੁਰਤੇਜ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ ਇਸ ਦੇ ਨਾਲ ਹੀ ਕਿਤਾਬ ਦੀ ਘੁੰਡ ਚੁਕਾਈ ਕਰ ਦਿੱਤੀ ਗਈ ।
ਚਾਹ ਦੀ ਬਰੇਕ ਤੋਂ ਬਾਅਦ ਸਰਦੂਲ ਲੱਖਾ ਨੇ ਪੰਜਾਬ ਦਾ ਦੁਖਾਂਤ ਬਿਆਨ ਕਰਦੀ ਕਵਿਤਾ ਸੁਣਾਈ ਅਤੇ ਸੁਭੇਦੂ ਸ਼ਰਮਾ ਨੇ ਬਾਬਾ ਨਜ਼ਮੀ ਦੀ ਕਵਿਤਾ ਪੇਸ਼ ਕੀਤੀ ਰਚਨਾਵਾਂ ਦੇ ਹੋਰ ਦੌਰ ਵਿੱਚ ਸੁਖਜੀਤ ਸਿਮਰਨ ਸੈਣੀ, ਹੈੱਡ ਮਾਸਟਰ ਬਲਜੀਤ ਸਿੰਘ ਬੈਨੀਪਾਲ ਤੇਜਾ ਸਿੰਘ ਪ੍ਰੇਮੀ ,ਹਰਪ੍ਰੀਤ ਸਿੰਘ ਗਿੱਲ ,ਪਾਰਸ ,ਤਰਲੋਚਨ  ਸੈਂਬੀਂ  ਨੇ ਭਾਗ ਲਿਆ ਇਸ ਮੌਕੇ ਜਸਵੰਤ ਸਿੰਘ ਔਜਲਾ ,ਅਵਤਾਰ ਕੌਰ ਤੱਗੜ ,ਗਿਆਨ ਸਿੰਘ ਚੱਠਾ ,ਹਰਜਿੰਦਰ ਸਿੰਘ ਗਰੇਵਾਲ,ਹਰੀਪਾਲ,ਅਤੇ ਗਗਨਦੀਪ ਸਿੰਘ ਹਾਜ਼ਰ ਸਨ । ਤਸਵੀਰਾਂ ਦੀ ਡਿਊਟੀ ਰਣਜੀਤ ਸਿੰਘ ਤੇ ਚਾਹ ਪਾਣੀ ਦੀ ਭੈਣਜੀ

ਗੁਰਮੀਤ ਕੌਰ  ਕੁਲਾਰ ਨੇ ਬਖੂਬੀ ਨਿਭਾਈ ।ਅੰਤ ਵਿੱਚ ਪ੍ਰਧਾਨ ਬਲਵੀਰ ਗੋਰਾ ਨੇ ਸਭ ਹਾਜਰੀਨ ਦਾ ਧੰਨਵਾਦ ਕੀਤਾ ਤੇ 29 ਜੂਨ ਨੂੰ ਬੱਚਿਆਂ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ।