Headlines

ਨਿੱਝਰ ਕਤਲ ਕੇਸ ਵਿਚ ਤਿੰਨ ਮੁਲਜ਼ਮਾਂ ਦੀ ਨਿੱਜੀ ਪੇਸ਼ੀ ਹੋਈ- ਅਗਲੀ ਪੇਸ਼ੀ 25 ਜੂਨ ਨੂੰ

ਚੌਥੇ ਮੁਲਜ਼ਮ ਦੀ ਹੋਈ ਵੀਡੀਓ ਰਾਹੀਂ ਪੇਸ਼ੀ-

ਸਰੀ ( ਦੇ ਪ੍ਰ ਬਿ)-  ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੀ 18 ਜੂਨ, 2023 ਨੂੰ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਅੱਜ ਸਵੇਰੇ ਸਰੀ ਦੀ ਪ੍ਰੋਵਿੰਸ਼ੀਅਲ ਅਦਾਲਤ ਵਿਚ ਕਥਿਤ ਚਾਰ ਦੋਸ਼ੀਆਂ ਵਿੱਚੋਂ ਤਿੰਨ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਨਿੱਜੀ ਰੂਪ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਪੇਸ਼ੀ ਸਮੇਂ ਤਿੰਨਾਂ ਨੇ ਜੇਲ ਵਾਲੇ ਲਾਲ ਰੰਗ ਦੇ ਕੱਪੜੇ ਪਾਏ ਹੋਏ ਸਨ ਜਦੋਂਕਿ ਚੌਥੇ ਕਥਿਤ ਦੋਸ਼ੀ ਦੀ ਵੀਡੀਓ ਰਾਹੀਂ ਪੇਸ਼ੀ ਹੋਈ ਜੋ ਕਿ ਇਸ ਸਮੇਂ ਓਨਟਾਰੀਓ ਜੇਲ ਵਿਚ ਬੰਦ ਹੈ।  ਪੇਸ਼ੀ ਸਮੇਂ ਅਦਾਲਤ ਦੇ ਬਾਹਰ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਅਦਾਲਤ ਅੰਦਰ ਜਾਣ ਵਾਲੇ ਲੋਕਾਂ ਦੀ ਤਲਾਸ਼ੀ ਲਈ ਗਈ।
ਸਰਕਾਰੀ ਵਕੀਲ ਮਾਰਸੇਲ ਡੇਗਲ ਵਲੋਂ ਪੱਖ ਰੱਖਣ ਉਪਰੰਤ ਜੱਜ ਐਮਟ ਡੰਕਨ ਨੇ ਅਗਲੀ ਪੇਸ਼ੀ 25 ਜੂਨ ਤੈਅ ਕੀਤੀ।
ਇਸ ਮੌਕੇ ਜੱਜ ਡੰਕਨ ਨੇ ਕਥਿਤ ਦੋਸ਼ੀਆਂ ਦੀ ਪਹਿਲੀ ਪੇਸ਼ੀ 15 ਮਈ ਨੂੰ ਜੱਜ ਮਾਰਕ ਜੈਟ ਦੁਆਰਾ ਦਿੱਤੇ  ਗਏ ਅਦਾਲਤੀ ਆਦੇਸ਼ ਦੀ ਪੁਸ਼ਟੀ ਕੀਤੀ ਕਿ ਚਾਰਾਂ ਨੂੰ ਨਿੱਝਰ ਦੇ ਤਿੰਨ ਪਰਿਵਾਰਕ  ਮੈਂਬਰਾਂ ਅਤੇ ਚਾਰ ਹੋਰ ਲੋਕਾਂ ਨਾਲ ਸੰਪਰਕ ਤੋਂ ਦੂਰ ਰੱਖਿਆ ਜਾਵੇ।
ਕਥਿਤ ਦੋਸ਼ੀਆਂ ਅਮਨਦੀਪ ਸਿੰਘ (22), ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨਪ੍ਰੀਤ ਸਿੰਘ (28) ‘ਤੇ ਫਸਟ ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹਨ। ਅਮਨਦੀਪ ਸਿੰਘ ਜਿਸਨੂੰ ਬਾਦ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਸਮੇਂ ਓਨਟਾਰੀਓ ਜੇਲ ਵਿਚ ਹੈ, ਦੀ ਵੀਡੀਓ ਰਾਹੀਂ ਪੇਸ਼ੀ ਹੋਈ ਜਦੋਂਕਿ ਬਾਕੀ ਤਿੰਨ ਮੁਲਜ਼ਮ ਨਿੱਜੀ ਤੌਰ ’ਤੇ ਪੇਸ਼ ਹੋਏ।