ਸ਼ਿਪਰਾ ਗੋਇਲ ਤੇ ਹੈਪੀ ਰਾਏਕੋਟੀ ਨੇ ਲੁੱਟਿਆ ਮੇਲਾ-
ਵਿੰਨੀਪੈਗ (ਸੁਰਿੰਦਰ ਮਾਵੀ, ਸ਼ਰਮਾ)– ”ਜੇ ਧੀਆਂ ਨਾ ਹੁੰਦੀਆਂ ਤਾਂ ਫਿਰ ਜੱਗ ਵਿਚ ਤੀਆਂ ਨਾ ਹੁੰਦੀਆਂ, ਜੇ ਮਾਰੋਗੇ ਕੁੱਖ ਵਿਚ ਧੀਆਂ ਤੇ ਫਿਰ ਕੀਕਣ ਮਨਾਵਾਂਗੇ ਤੀਆਂ।” ਵਿੰਨੀਪੈਗ ਦੇ ਮੈਪਲ ਕਮਿਊਨਿਟੀ ਸੈਂਟਰ ਦੀਆਂ ਗਰਾਂਓਡਾਂ ਵਿਚ ”ਰੌਣਕ ਤੀਆਂ ਦੀ” ਨਾਮੀ ਮੇਲਾ ਔਰਤਾਂ ਲਈ ਔਰਤਾਂ ਵੱਲੋਂ ਕਰਵਾਇਆ ਗਿਆ । ਜਿਸ ਵਿਚ ਹਰ ਉਮਰ ਦੀਆਂ ਪੰਜਾਬਣਾਂ ਨੇ ਪੂਰੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਮੇਲੇ ਵਿਚ ਔਰਤਾਂ ਨੇ ਖੂਬ ਗਿੱਧਾ ਪਾਇਆ ਤੇ ਗੀਤ ਗਾਏ। ਔਰਤਾਂ ਨੂੰ ਇਸ ਮੇਲੇ ਦਾ ਵਿਸ਼ੇਸ਼ ਚਾਅ ਸੀ, ਇਸ ਮੌਕੇ ਉਨ੍ਹਾਂ ਨੇ ਨਵੇਂ ਸੂਟ ਪਾਏ ਹੋਏ ਸਨ ‘ਤੇ ਆਈਆਂ ਬੀਬੀਆਂ ਨੇ ਸੱਗੀ ਫੁਲ, ਮੋਰਨੀਆਂ, ਲੋਟਣ, ਬੁੰਦਿਆਂ, ਗਲ ਦੇ ਕੈਂਠਿਆਂ, ਵੰਗਾਂ, ਗਜਰਿਆਂ ਨਾਲ ਆਪਣੇ ਆਪ ਨੂੰ ਪੂਰਾ ਸ਼ਿੰਗਾਰਿਆ ਹੋਇਆ ਸੀ॥ ਇਸ ਮੇਲੇ ਦਾ ਪ੍ਰਬੰਧ ਕਰਨ ਲਈ ਵਿਸ਼ੇਸ਼ ਸਿਹਰਾ ਇੰਸ਼ੋਰੈਂਸ ਹੱਟ ਦੀ ਸੰਦੀਪ ਭੱਟੀ ‘ਤੇ ਉਨ੍ਹਾਂ ਦੀ ਟੀਮ ਨੂੰ ਜਾਂਦਾ ਹੈ। ਪ੍ਰੋਗਰਾਮ ਵਿਚ ਲਗਭਗ 1500 ਔਰਤਾਂ ਨੇ ਭਾਗ ਲਿਆ,
ਆਯੋਜਕ ਸੰਦੀਪ ਭੱਟੀ ਨੇ ਕਿਹਾ, ”ਇਹ ਸੱਚਮੁੱਚ ਮਹੱਤਵਪੂਰਨ ਹੈ ਕਿਉਂਕਿ ਜਸ਼ਨਾਂ ਰਾਹੀਂ ਅਸੀਂ ਸਾਰੇ ਇਕੱਠੇ ਹੁੰਦੇ ਹਾਂ। ”ਜਸ਼ਨਾਂ ਰਾਹੀਂ ਅਸੀਂ ਆਪਣੇ ਆਪ ਨੂੰ ਵਧੇਰੇ ਖ਼ੁਸ਼ ਕਰਦੇ ਹਾਂ, ਅਸੀਂ ਨੱਚਦੇ ਹਾਂ।ਜਿੱਥੇ ਭਾਈਚਾਰੇ ਦੇ ਮੈਂਬਰ ਆਪਣੇ ਰਵਾਇਤੀ ਪਹਿਰਾਵੇ ਪਹਿਨ ਕੇ ਡਾਂਸ, ਗਾਇਨ, ਭੰਗੜਾ ਅਤੇ ਗਿੱਧਾ ਨਾਲ ਮਜ਼ੇਦਾਰ ਜਸ਼ਨ ਮਨਾਉਂਦੇ ਸਨ।ਭੱਟੀ ਨੇ ਕਿਹਾ ਕਿ ਇਹ ਜਸ਼ਨ ਸਿਰਫ਼ ਮਨੋਰੰਜਨ ਲਈ ਨਹੀਂ ਸੀ, ਬਲਕਿ ਨੌਜਵਾਨ ਹਾਜ਼ਰੀਨ ਨੂੰ ਸਭਿਆਚਾਰ ਦੀ ਮਹੱਤਤਾ ਬਾਰੇ ਸਿਖਾਉਣ ਦਾ ਮੌਕਾ ਵੀ ਸੀ।”ਤੁਸੀਂ ਸਿਰਫ਼ ਆਪਣੇ ਸਭਿਆਚਾਰ ਕਾਰਨ ਜਿਉਂਦੇ ਹੋ,” ਉਸ ਨੇ ਕਿਹਾ. ਹਰ ਵਿਅਕਤੀ ਲਈ ਆਪਣੀਆਂ ਜੜ੍ਹਾਂ ਅਤੇ ਸਭਿਆਚਾਰ ਨਾਲ ਜੁੜੇ ਰਹਿਣਾ ਬਹੁਤ ਮਹੱਤਵਪੂਰਨ ਹੈ।ਇਹ ਵਿਚਾਰ 2018 ਵਿਚ ਸ਼ੁਰੂ ਹੋਇਆ ਜਦੋਂ ਭੱਟੀ ਅਤੇ ਭਾਈਚਾਰੇ ਦੀਆਂ ਹੋਰ ਔਰਤਾਂ ”ਔਰਤਾਂ, ਔਰਤਾਂ ਦੁਆਰਾ” ਕੁੱਝ ਪ੍ਰਬੰਧ ਕਰਨਾ ਚਾਹੁੰਦੀਆਂ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਦੁਪਹਿਰ 1 ਵਜੇ ਸਥਾਨਕ ਗਾਇਕਾਂ ਅਤੇ ਡਾਂਸਰਾਂ ਦੀ ਪੇਸ਼ਕਾਰੀ ਨਾਲ ਹੋਈ,ਇਸ ਤੋਂ ਬਾਅਦ ਗਾਇਕਾ ਸ਼ਿਪਰਾ ਗੋਇਲ ਵੱਲੋਂ ਆਪਣੀ ਗਾਇਕੀ ਨਾਲ ਇਸ ਮੇਲੇ ਨੂੰ ਚਾਰ ਚੰਨ ਲਾਏ। ਅੰਤ ਵਿਚ ਹੈਪੀ ਰਾਏਕੋਟੀ ਨੇ ਆਪਣੇ ਹਿੱਟ ਗੀਤਾਂ ਦੇ ਨਾਲ ਨਾਲ ਪੁਰਾਣੇ ਗੀਤ ਸੁਣਾ ਕੇ ਮੇਲੇ ਨੂੰ ਸਿਖ਼ਰਾਂ ਤੇ ਲੈ ਗਏ। ਇਸ ਤੋਂ ਬਾਅਦ ਡੀ ਜੇ ਦਾ ਵੀ ਵਿਸ਼ੇਸ਼ ਪ੍ਰਬੰਧ ਸੀ । ਇਸ ਮੌਕੇ ਖਾਣ ਲਈ ਵਿਸ਼ੇਸ਼ ਆਈਟਮਾਂ ਦੀਆਂ ਸਟਾਲਾਂ ਲਗਾਈਆਂ ਗਈਆਂ ਸਨ, ਜਿਸ ਵਿਚ ਟਿੱਕੀ, ਪਾਣੀ ਪੁਰੀ, ਸਮੋਸੇ ਅਤੇ ਚਾਟ ਆਦਿ ਦਾ ਪ੍ਰਬੰਧ ਸੀ।