ਮਨੁੱਖੀ ਹੱਕਾਂ ਲਈ ਘੋਲ ਦਾ ਸ਼ਾਨਦਾਰ ਇਤਿਹਾਸ—————
ਡਾ. ਗੁਰਵਿੰਦਰ ਸਿੰਘ__________
23 ਮਈ 2024 ਨੂੰ ਸ੍ਰੀ ਗੁਰੂ ਨਾਨਕ ਜਹਾਜ਼ ਦੇ, ਵੈਨਕੂਵਰ ਦੀ ਸਮੁੰਦਰੀ ਧਰਤੀ ‘ਤੇ ਪੁੱਜਣ ਦੇ ਇਤਿਹਾਸਿਕ ਵਰਤਾਰੇ ਨੂੰ 110 ਸਾਲ ਹੋ ਗਏ ਹਨ। ਮਹਾਨ ਲਿਖਾਰੀ ਜਾਰਜ ਓਰਵੈਲ ਦਾ ਕਹਿਣਾ ਹੈ ਕਿ ਲੋਕਾਂ ਨੂੰ ਤਬਾਹ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਕਿ ਲੋਕਾਂ ਦੀ ਆਪਣੇ ਇਤਿਹਾਸ ਬਾਰੇ ਸਮਝ ਨੂੰ ਨਕਾਰਨਾ ਅਤੇ ਮਿਟਾ ਦੇਣਾ। ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦਾ ਸੰਘਰਸ਼, ਮਨੁੱਖੀ ਹੱਕਾਂ ਲਈ ਘੋਲ ਦਾ ਸ਼ਾਨਦਾਰ ਇਤਿਹਾਸ ਅਤੇ ਚੇਤਨਾ ਦੀ ਪ੍ਰਤੀਕ ਹੈ। ਲੋਕਾਂ ਨੂੰ ਤਬਾਹੀ ਤੋਂ ਬਚਾਉਣ ਲਈ ਆਪਣੇ ਇਤਿਹਾਸ ਬਾਰੇ ਸਮਝਾਉਣ ਅਤੇ ਉਸ ਦੇ ਫ਼ਖਰ ਮਹਿਸੂਸ ਕਰਨ ਪ੍ਰਤੀ ਉਤਸ਼ਾਹਿਤ ਕਰਨ ਲਈ ਸ੍ਰੀ ਗੁਰੂ ਨਾਨਕ ਜਹਾਜ਼ ਦੇ ਇਤਿਹਾਸ ਅਤੇ ਪ੍ਰਸੰਗ ਨੂੰ ਸਮਝਣਾ ਲਾਹੇਬੰਦ ਹੋਏਗਾ।
ਵੀਹਵੀਂ ਸਦੀ ਦੇ ਆਰੰਭ ਵਿੱਚ ਕੈਨੇਡਾ ਵਿੱਚ ਨਸਲਵਾਦੀ ਗੋਰੀ ਸਰਕਾਰ ਸੀ, ਜਿਸ ਨੇ 1907 ਵਿੱਚ ਪਹਿਲਾਂ ਭਾਰਤੀਆਂ ਤੋਂ ਵੋਟ ਦਾ ਹੱਕ ਖੋਹਿਆ ਤੇ ਉਸ ਤੋਂ ਬਾਅਦ ਕੈਨੇਡਾ ਆਉਣ ਲਈ ਆਪਣੇ ਮੁਲਕ ਤੋਂ ਸਿੱਧੇ ਸਫ਼ਰ ਦੀ ਸ਼ਰਤ ਲਾ ਦਿੱਤੀ। ਸਿੱਧੇ ਸਫਰ ਰਾਹੀਂ ਕੈਨੇਡਾ ਦਾਖਲ ਹੋਣ ਤੋਂ ਰੋਕਣ ਦਾ ਇਹ ਕਾਲਾ ਕਾਨੂੰਨ ਸੀ, ਜਿਸ ਨੂੰ ਪ੍ਰਭਾਵਹੀਣ ਕਰਨ ਲਈ ਕੈਨੇਡਾ ਦੇ ਮੋਢੀ ਸਿੱਖਾਂ ਸ਼ਹੀਦ ਭਾਈ ਭਾਗ ਸਿੰਘ ਜੀ ਭਿਖੀਪਿੰਡ, ਪ੍ਰਧਾਨ ਅਤੇ ਸ਼ਹੀਦ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਮੁੱਖ ਗ੍ਰੰਥੀ, ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਸਲਾਹ ‘ਤੇ ਮਾਝੇ ਦੇ ਨਾਮਵਰ ਸਿੱਖ ਆਗੂ ਅਤੇ ਕਾਰੋਬਾਰੀ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਦੂਰ-ਅੰਦੇਸ਼ੀ ਨਾਲ ਵਿਉਂਤ ਸੋਚੀ।
ਕੈਨੇਡਾ ਸਰਕਾਰ ਦੇ ‘ਨਸਲੀ ਵਿਤਕਰੇ ਵਾਲੇ ਕਾਨੂੰਨ ਨਿਰੰਤਰ ਸਿੱਧੇ ਸਫਰ’ ਨੂੰ ਚੁਣੌਤੀ ਦੇਣ ਲਈ ਜਨਵਰੀ 1914 ਵਿੱਚ ਬਾਬਾ ਜੀ ਵੱਲੋਂ ਕਲਕੱਤੇ (ਬ੍ਰਿਟਿਸ਼ ਭਾਰਤ) ਜਾ ਕੇ ‘ਗੁਰੂ ਨਾਨਕ ਸਟੀਮਸ਼ਿਪ ਕੰਪਨੀ’ ਕਾਇਮ ਕੀਤੀ ਗਈ, ਜਿਸ ਅਧੀਨ ‘ਗੁਰੂ ਨਾਨਕ ਸਾਹਿਬ’ ਦੇ ਨਾਂ ਤੇ ਇੱਕ ਜਹਾਜ਼ ਕਿਰਾਏ ਤੇ ਲੈਣ ਦਾ ਫੈਸਲਾ ਕੀਤਾ ਗਿਆ। ਉਨਾਂ ਸਮੁੰਦਰੀ ਬੇੜੇ ਦੀ ਭਾਲ ਕਰਦਿਆਂ ਸਭ ਤੋਂ ਪਹਿਲਾਂ ‘ਸਿੰਗਾਪੁਰ ਸਟੀਮਸ਼ਿਪ ਕੰਪਨੀ’ ਦੇ ਮੈਨੇਜਰ ਰਾਹੀਂ ‘ਲਿਥੋ ਐਂਡ ਕੰਪਨੀ’ ਨੂੰ ਸੰਪਰਕ ਕੀਤਾ, ਪਰ ਉਹਨਾਂ ਦਾ ਜਹਾਜ਼ ਪੁਰਾਣਾ ਹੋਣ ਕਾਰਨ ਪੈਸੇਫ਼ਿਕ ਸਮੁੰਦਰ ਵਿੱਚ ਉਤਾਰੇ ਜਾਣ ਦੇ ਸਮਰੱਥ ਨਹੀਂ ਸੀ। ਇਉਂ ਹੀ ਕਈ ਹੋਰ ਬੇੜਿਆਂ ਦੀ ਭਾਲ ਕੀਤੀ ਗਈ। ਆਖ਼ਰਕਾਰ ਜਰਮਨ ਦੇ ਏਜੰਟ ਯੂਨੇ ਰਾਹੀਂ ਜਪਾਨੀ ਕੰਪਨੀ ‘ਕਾਮਾਗਾਟਾ’ ਨਾਲ ਸੰਪਰਕ ਕੀਤਾ ਅਤੇ ਉਹਨਾਂ ਦਾ ਜਹਾਜ਼ ਲੈਣ ਦਾ ਫੈਸਲਾ ਕੀਤਾ। ਕਾਮਾਗਾਟਾਮਾਰੂ ਨਾਂ ਦਾ ਸਮੁੰਦਰੀ ਬੇੜਾ, ਜਾਪਾਨ ਤੋਂ 11 ਹਜ਼ਾਰ ਡਾਲਰ ਪ੍ਰਤੀ ਮਹੀਨੇ ਦੇ ਹਿਸਾਬ ਨਾਲ, ਛੇ ਮਹੀਨਿਆਂ ਲਈ ਭਾੜੇ ‘ਤੇ ਲੈਆ । ਇਸ ਦਾ ਆਕਾਰ 392.2 ਫੁੱਟ ਸੀ ਅਤੇ 3 ਹਜ਼ਾਰ ਟਨ ਮਾਲ ਢੋਣ ਦੀ ਸਮਰੱਥਾ ਸੀ, ਜਦ ਕਿ ਇੱਕ ਘੰਟੇ ਵਿੱਚ 20 ਕਿਲੋਮੀਟਰ ਦਾ ਸਫਰ ਤੈਅ ਕਰ ਸਕਦਾ ਸੀ। ਮਾਰਚ 1914 ਨੂੰ ਬਾਬਾ ਗੁਰਦਿੱਤ ਸਿੰਘ ਨੇ ਜਪਾਨੀ ਕੰਪਨੀ ਤੋਂ ਇਹ ਜਹਾਜ਼ ਭਾੜੇ ‘ਤੇ ਲਿਆ। ਇਹ ਜਹਾਜ਼ ਕੋਲਾ ਢੋਣ ਵਾਲਾ ਸੀ ਤੇ ਯਾਤਰੂ ਜਹਾਜ਼ ਦੇ ਰੂਪ ਵਿੱਚ ਬਦਲਣ ਲਈ ਬਾਬਾ ਗੁਰਦਿੱਤ ਸਿੰਘ ਨੇ ਅੰਦਰੋਂ ਕਾਫੀ ਤਬਦੀਲੀ ਕੀਤੀ ਅਤੇ 2500 ਡਾਲਰ ਖਰਚੇ ਤੇ ਬੈਠਣ ਲਈ ਬੈਂਚ ਆਦਿ ਦਾ ਪ੍ਰਬੰਧ ਕੀਤਾ। ਭਾਰੀ ਖਰਚਾ ਕਰਕੇ ਜਹਾਜ਼ ਦੀ ਮੁਰੰਮਤ ਕਰਵਾਉਂਦਿਆਂ, ਪੂਰੀ ਤਿਆਰੀ ਨਾਲ ਜਹਾਜ਼ ਮੁਸਾਫਿਰ ਲਿਜਾਣ ਦੇ ਯੋਗ ਬਣਾਇਆ ਗਿਆ।
ਸ੍ਰੀ ਗੁਰੂ ਨਾਨਕ ਜਹਾਜ਼ ਦੇ ਨਾਮਕਰਨ ਦਾ ਇਤਿਹਾਸ :
ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਮਾਰਚ 1914 ਨੂੰ ਹਾਂਗਕਾਂਗ ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅਖੰਡ ਪਾਠ ਕਰਵਾਏ ਗਏ ਅਤੇ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਦਾ ਨਾਮਕਰਨ ‘ਸ੍ਰੀ ਗੁਰੂ ਨਾਨਕ ਜਹਾਜ਼’ ਕੀਤਾ ਗਿਆ। ਕਾਨੂੰਨੀ ਪਹਿਲੂ ਵਿਚਾਰਦਿਆਂ ਜਹਾਜ਼ ਦੀਆਂ ਟਿਕਟਾਂ ‘ਗੁਰੂ ਨਾਨਕ ਨੈਵੀਗੇਸ਼ਨ ਕੰਪਨੀ’ ਵੱਲੋਂ ਪ੍ਰਕਾਸ਼ਿਤ ਹੋਈਆਂ ਅਤੇ ਟਿਕਟਾਂ ਉੱਪਰ ਜਹਾਜ਼ ਦਾ ਨਾਂ ‘ਗੁਰੂ ਨਾਨਕ ਸਟੀਮਰ’ ਲਿਖਿਆ ਗਿਆ। ਸ੍ਰੀ ਗੁਰੂ ਨਾਨਕ ਜਹਾਜ਼ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ, ਜਿੱਥੇ ਦੀਵਾਨ ਜੁੜਦੇ, ਢਾਡੀ ਵਾਰਾਂ ਗਾਉਂਦੇ ਅਤੇ ਨਿਸ਼ਾਨ ਸਾਹਿਬ ਝੁਲਾਇਆ ਜਾਂਦਾ। ਸਾਂਝੇ ਪੰਜਾਬ (ਅਜੋਕੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼) ਦੇ ਸਭ ਯਾਤਰੂ ਜਾਣਦੇ ਸਨ ਕਿ ‘ਗੁਰੂ ਨਾਨਕ ਜਹਾਜ਼’ ਨਾਂ ਦੇ ਅਧੀਨ ਹੀ ਸਭ ਨੂੰ ‘ਸਾਂਝੀ ਗੋਦ’ ਵਿੱਚ ਲਿਆ ਜਾ ਸਕਦਾ ਸੀ। ਇਤਿਹਾਸਿਕ ਤੱਥਾਂ ‘ਤੇ ਅਧਾਰਤ ਇਸ ਜਾਣਕਾਰੀ ਤੋਂ ਬਾਅਦ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਇਸ ਸਮੁੰਦਰੀ ਬੇੜੇ ਦਾ ਨਾਂ ਸ੍ਰੀ ਗੁਰੂ ਨਾਨਕ ਜਹਾਜ਼ ਹੈ ਅਤੇ ਇਤਿਹਾਸਕਾਰਾਂ ਲਈ ਸ੍ਰੀ ਗੁਰੂ ਨਾਨਕ ਜਹਾਜ਼ ਸ਼ਬਦ ਹੀ ਵਰਤਣਾ ਉਚਿਤ ਹੈ। ਕਈ ਲੇਖਕਾਂ ਵੱਲੋਂ ਅੱਜ ਵੀ ਜਾਣੇ-ਅਣਜਾਣੇ ਵਿੱਚ ਸ੍ਰੀ ਗੁਰੂ ਨਾਨਕ ਜਹਾਜ਼ ਨੂੰ, ਜਾਪਾਨੀ ਨਾਂ ਕਾਮਾਗਾਟਾਮਾਰੂ ਨਾਲ ਹੀ ਬਿਆਨਿਆ ਜਾਂਦਾ ਹੈ, ਜੋ ਕਿ ਸਹੀ ਨਹੀਂ। ਜਹਾਜ਼ ਦੇ ਸਹੀ ਨਾਂ ਪ੍ਰਤੀ ਬੇਸਮਝੀ ਹੋਣ ਕਾਰਨ, ਕੈਨੇਡਾ ਵਿੱਚ ਕਈ ਸੰਸਥਾਵਾਂ ਦੇ ਨੁਮਾਇਦੇ ਕਾਹਲੀ ਨਾਲ ਸੜਕਾਂ, ਪਾਰਕਾਂ ਅਤੇ ਇਮਾਰਤਾਂ ਆਦਿ ਦੇ ਨਾਂ ‘ਕਾਮਾਗਾਟਾਮਾਰੂ’ ਰਖਵਾਈ ਜਾ ਰਹੇ ਹਨ, ਜੋ ਕਿ ਆਪਣੇ ਆਪ ਵਿੱਚ ਗਲਤ ਪਿਰਤ ਹੈ।ਅਜਿਹੀਆਂ ਸੰਸਥਾਵਾਂ ਦੇ ਆਗੂਆਂ ਲਈ ਸੁਚੇਤ ਹੋ ਕੇ, ਇਤਿਹਾਸਿਕ ਖੋਜ ਪ੍ਰਤੀ ਸੂਝ-ਬੂਝ ਰੱਖਣੀ ਜ਼ਰੂਰੀ ਹੈ।
ਕੌਮਾਂਤਰੀ ਮੰਚ ‘ਤੇ ਪੰਜਾਬੀ ਸ਼ਬਦ ‘ਜਹਾਜ਼’ ਨੂੰ ਮਾਨਤਾ:
ਨਿਰੰਤਰ ਸਿੱਧੇ ਸਫਰ ਦੇ ਕਾਨੂੰਨੀ ਪੱਖ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ, ਜਹਾਜ਼ ਨੂੰ ਹਰ ਬੰਦਰਗਾਹ ‘ਤੇ, ਭਾਰਤ ਵਿੱਚ ਰਜਿਸਟਰ ‘ਸ੍ਰੀ ਗੁਰੂ ਨਾਨਕ ਸਟੀਮਸ਼ਿਪ ਕੰਪਨੀ’ ਅਧੀਨ, ਸ੍ਰੀ ਗੁਰੂ ਨਾਨਕ ਜਹਾਜ਼ ਦੇ ਨਾਂ ਨਾਲ ਹੀ ਦਾਖਲ ਕੀਤਾ ਜਾਂਦਾ ਅਤੇ ਤੋਰਿਆ ਜਾਂਦਾ ਸੀ। ਆਪਣੇ ਮੂਲ ਬਿਰਤਾਂਤ ‘ਤੇ ਪਹਿਰਾ ਦਿੰਦੇ ਹੋਏ ਜਾਪਾਨੀ ਸ਼ਬਦ ‘ਮਾਰੂ’ ਜਾਂ ਅੰਗਰੇਜ਼ੀ ਸ਼ਬਦ ‘ਸ਼ਿਪ’ ਦੀ ਥਾਂ ਤੇ ‘ਜਹਾਜ਼’ ਸ਼ਬਦ ਵਰਤਣਾ, ਪੰਜਾਬੀ ਮਾਂ ਬੋਲੀ ਤੇ ਗੁਰਮੁਖੀ ਦਾ ਸਤਿਕਾਰ ਅਤੇ ਪੰਜਾਬੀ ਸੱਭਿਆਚਾਰ ਦਾ ਗਿਆਨ ਵਧਾਉਣਾ ਸੀ ਅਤੇ ਦੁਨੀਆ ਨੂੰ ਦੱਸਣਾ ਸੀ ਕਿ ‘ਪੰਜਾਬੀ ਸ਼ਬਦ ਜਹਾਜ਼’ ਦੀ ਕਿੰਨੀ ਅਹਿਮੀਅਤ ਰੱਖਦਾ ਹੈ। ਕਾਨੂੰਨੀ ਦਸਤਾਵੇਜ਼ਾਂ ਮੁਤਾਬਕ ਜਪਾਨੀ ਸਮੁੰਦਰੀ ਬੇੜੇ ਨੂੰ ਕਿਰਾਏ ‘ਤੇ ਲੈ ਕੇ, ਉਸ ਦੇ ਪੁਨਰ ਨਾਮਕਰਨ ਦੇ ਆਧਾਰ ‘ਤੇ ਉਸ ਨੂੰ ਸ੍ਰੀ ਗੁਰੂ ਨਾਨਕ ਜਹਾਜ਼ ਹੀ ਕਿਹਾ ਜਾ ਸਕਦਾ ਸੀ, ਨਾ ਕਿ ਕਿਸੇ ਵੀ ਹੋਰ ਪੁਰਾਣੇ ਨਾਂ ਨਾਲ ਸੰਬੋਧਨ ਕਰਨਾ ਠੀਕ ਸੀ। ਅਜਿਹੇ ਸੁਚੱਜੇ ਵਰਤਾਰੇ ਨੇ ਕੌਮਾਂਤਰੀ ਮੰਚ ‘ਤੇ ਪੰਜਾਬੀ ਸ਼ਬਦ ‘ਜਹਾਜ਼’ ਨੂੰ ਮਕਬੂਲ ਕੀਤਾ ਹੈ।
ਇਤਿਹਾਸ ਦੇ ਇਸ ਸ਼ਾਨਦਾਰ ਅਧਿਆਏ ਬਾਰੇ ਬਾਬਾ ਗੁਰਦਿੱਤ ਸਿੰਘ ਸਵੈ-ਜੀਵਨੀ ‘ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੀ ਦਰਦ ਭਰੀ ਕਹਾਣੀ’, ਸਭ ਤੋਂ ਮਹੱਤਵਪੂਰਨ ਹੈ, ਜਿਹੜੀ ਕਿ ਪੰਜਾਬੀ ਵਿੱਚ ਡਾ. ਗੁਰਦੇਵ ਸਿੰਘ ਸਿੱਧੂ ਵੱਲੋਂ ਸੰਪਾਦਿਤ ਕੀਤੀ ਗਈ ਹੈ। ਇਸ ਕਿਤਾਬ ਵਿੱਚੋਂ, ਇਸ ਲੇਖ ਵਿੱਚ ਕਈ ਸਰੋਤ ਸਾਂਝੇ ਕੀਤੇ ਗਏ ਹਨ। ਕੈਨੇਡਾ ਵਾਸੀ ਡਾ. ਪੂਰਨ ਸਿੰਘ ਦੀ ਕਿਤਾਬ ‘ਕਾਮਾਗਾਟਾਮਾਰੂ ਦਾ ਦੁਖਾਂਤ : ਕੈਨੇਡਾ ਦੇ ਸਿੱਖਾਂ ਵੱਲੋਂ ਮਨੁੱਖੀ ਹੱਕਾਂ ਲਈ ਘੋਲ’, ਗਿਆਨੀ ਕੇਸਰ ਸਿੰਘ ਨਾਵਲਿਸਟ ਦੀ ਕਿਤਾਬ ‘ਦਾ ਕਨੇਡੀਅਨ ਸਿੱਖਜ਼’ ਤੇ ਨਾਵਲ ‘ਕਾਮਾਗਾਟਾਮਾਰੂ’, ਇਤਿਹਾਸਕਾਰ ਡਾਕਟਰ ਗੰਡਾ ਸਿੰਘ ਦੀਆਂ ਲਿਖਤਾਂ, ਭਾਈ ਰਾਜਵਿੰਦਰ ਸਿੰਘ ਰਾਹੀ ਦੀ ‘ਕਾਮਾਗਾਟਾਮਾਰੂ ਜਹਾਜ਼ ਦਾ ਅਸਲੀ ਸੱਚ’, ਸ. ਅਜਮੇਰ ਸਿੰਘ ਦੀ ਕਿਤਾਬ ‘ਗਦਰੀ ਬਾਬੇ ਕੌਣ ਸਨ?’ ਆਦਿ ਕਿਤਾਬਾਂ ਵੀ ਗੌਰ ਕਰਨਯੋਗ ਹਨ। ਇਹਨਾਂ ਕਿਤਾਬਾਂ ਵਿੱਚ ਵਧੇਰੇ ਕਰਕੇ ‘ਗੁਰੂ ਨਾਨਕ ਜਹਾਜ਼’ ਸ਼ਬਦ ਵਰਤਿਆ ਗਿਆ ਹੈ। ਇਤਿਹਾਸ ਦਾ ਸਹੀ ਬਿਰਤਾਂਤ ਸਮਝਣ ‘ਤੇ ਗਿਆਨ ਹੁੰਦਾ ਹੈ ਕਿ ਜਹਾਜ਼ ਦਾ ਨਾਂ ਸ੍ਰੀ ਗੁਰੂ ਨਾਨਕ ਜਹਾਜ਼ ਰੱਖਣਾ, ਮਹਿਜ਼ ਖਾਨਾਪੂਰਤੀ ਨਹੀਂ ਸੀ, ਬਲਕਿ ਭਾਈਚਾਰਕ ਸਾਂਝੀਵਾਲਤਾ ਦੀ ਤਾਕਤ ਅਤੇ ਜਬਰ ਖਿਲਾਫ ਲੜਨ ਲਈ ਦੂਰਅੰਦੇਸ਼ੀ ਸੀ। ਸੱਚ ਤਾਂ ਇਹ ਹੈ ਕਿ ‘ਗੁਰੂ ਨਾਨਕ ਜਹਾਜ਼’ ਸ਼ਬਦ ਸਾਂਝੀਵਾਲਤਾ ਦਾ ਅਜਿਹਾ ਮੰਚ ਬਣਿਆ, ਗੁਰੂ ਨਾਨਕ ਵਿਚਾਰ ਤੇ ਸਰਬੱਤ ਨੂੰ ਕਲਾਵੇ ਵਿੱਚ ਲੈਣ ਵਾਲੀ ਸੋਚ ਉਜਾਗਰ ਹੋਈ। ਸਿੱਖਾਂ ਵੱਲੋਂ ਇੱਕ ਦੋਹਾ ਜੀਵਨ-ਸਫ਼ਰ ਸਫਲਾ ਕਰਨ ਲਈ ਗਾਇਆ ਜਾਂਦਾ ਹੈ :
”ਨਾਨਕ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ।
ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ।”
ਭਾਵ ‘ਨਾਨਕ ਨਾਮ’ ਜਹਾਜ਼ ਸਿੱਖ ਨੂੰ ਸੰਸਾਰ-ਸਾਗਰ ਤੋਂ ਪਾਰ ਕਰਦਾ ਹੈ। ਬਾਬਾ ਗੁਰਦਿੱਤ ਸਿੰਘ ਜੀ ਵੱਲੋਂ ਇਸ ਜਹਾਜ਼ ਦਾ ਨਾਮ ਸ੍ਰੀ ਗੁਰੂ ਨਾਨਕ ਜਹਾਜ਼ ਰੱਖਣ ਪਿੱਛੇ ਅਜਿਹੀ ਹੀ ਸੋਚ ਸੀ, ਪਰ ਅਫਸੋਸ ਇਹ ਹੈ ਕਿ ਅਜੋਕੇ ਕਈ ਲੇਖਕਾਂ, ਸਿਆਸਤਦਾਨਾਂ ਅਤੇ ਮੀਡੀਆਕਾਰਾਂ ਨੇ ਦੇਖੋ-ਦੇਖੀ ਕਾਮਾਗਾਟਾਮਾਰੂ ਨਾਂ ਨੂੰ ਪ੍ਰਚੱਲਤ ਕਰਕੇ, ਨਾ ਸਿਰਫ ਇਤਿਹਾਸ ਵਿਗਾੜਿਆ ਹੈ, ਬਲਕਿ ਗੁਰੂ ਨਾਨਕ ਸਾਹਿਬ ਦੇ ਬ੍ਰਹਿਮੰਡੀ ਫਲਸਫੇ ਨੂੰ ਵੀ ਨਜ਼ਰਅੰਦਾਜ਼ ਕੀਤਾ ਹੈ। ਇਸ ਵਰਤਾਰੇ ਵਿੱਚ ਸਿੱਖੀ ਪ੍ਰਤੀ ਸੰਕੀਰਣਤਾ ਵੀ ਝਲਕਦੀ ਹੈ। ਸੱਚੀ ਗੱਲ ਤਾਂ ਇਹ ਹੈ ਕਿ ਇੱਕ ਪਾਸੇ ਕਾਮਾਗਾਟਾਮਾਰੂ ਦੁਖਾਂਤ ਨਸਲਵਾਦ ਵਿਰੋਧੀ ਸੰਘਰਸ਼ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਪਰ ਦੂਜੇ ਪਾਸੇ ‘ਸ੍ਰੀ ਗੁਰੂ ਨਾਨਕ ਜਹਾਜ਼’ ਨਾਂ ਮਿਟਾ ਕੇ, ਆਪਣੇ ਆਪ ਵਿੱਚ ਉਲਟਾ ਨਸਲਵਾਦ ਪੈਦਾ ਕੀਤਾ ਜਾ ਰਿਹਾ ਹੈ।
ਕਾਮਾਗਾਟਾਮਾਰੂ ਤੋਂ ਪਹਿਲਾਂ ਤੇ ਮਗਰੋਂ ਬਦਲਦੇ ਰਹੇ ਨੇ ਜਹਾਜ਼ ਦੇ ਨਾਂ:
ਬਾਬਾ ਗੁਰਦਿੱਤ ਸਿੰਘ ਵੱਲੋਂ ਭਾੜੇ ‘ਤੇ ਲਏ ਗਏ ਸਮੁੰਦਰੀ ਜਹਾਜ਼ ਦੇ ਨਾਂ ਸਮੇਂ-ਸਮੇਂ ਬਦਲਦੇ ਰਹੇ ਹਨ। ‘ਕਾਮਾਗਾਟਾਮਾਰੂ ਨਾਂ ਦੀ ਕੰਪਨੀ ਵੱਲੋਂ ਖਰੀਦੇ ਜਾਣ ਤੋਂ ਪਹਿਲਾਂ, ਇਸ ਜਹਾਜ਼ ਦੇ ਕਈ ਹੋਰ ਨਾਂ ਸਨ। ਮੂਲ ਰੂਪ ਵਿੱਚ ਇਹ ਜਪਾਨੀ ਸਟੀਮ ਲਾਈਨਰ ਜਹਾਜ਼ ਕੋਲਾ ਢੋਣ ਵਾਲਾ ਸੀ, ਜਿਸ ਨੂੰ ‘ਚਾਰਲਸ ਕੋਨੇਲ ਐਂਡ ਕੰਪਨੀ’ ਨੇ 13 ਅਗਸਤ 1890 ਨੂੰ ਪਹਿਲੀ ਵਾਰ ਸਮੁੰਦਰ ਵਿੱਚ ਉਤਾਰਿਆ ਸੀ ਅਤੇ ਉਦੋਂ ਇਸ ਦਾ ਨਾਂ ਓਪਰੋਕਤ ਕੰਪਨੀ ਦੇ ਨਾਂ ‘ਤੇ ਹੀ ਆਧਾਰਿਤ ਸੀ। ਫਿਰ ਇਸ ਦੀ ਮਾਲਕੀ ‘ਸਿਨਿਆਈ ਕਾਈਸਨ ਗੋਸ਼ੀ ਕੈਸੀਆ’ ਜਪਾਨੀ ਕੰਪਨੀ ਕੋਲ ਆ ਗਈ ਅਤੇ ਇਸ ਨੂੰ ਇਸ ਕੰਪਨੀ ਦੇ ਨਾਂ ਨਾਲ ਜਾਣਿਆਂ ਜਾਂਦਾ ਰਿਹਾ। ਮਗਰੋਂ ਦੋ ਜਰਮਨ ਐਸ ਐਸ ਸਟੱਬਨਹਕ ਤੇ ਐਸ ਐਸ ਸਿਸੀਨੀਆ ਇਸਦੇ ਮਾਲਕ ਬਣੇ ਤੇ ਇਸਦਾ ਨਾਂ ‘ਸਿਸੀਨੀਆ ਜਹਾਜ਼’ ਹੋ ਗਿਆ। ਇਸ ਤੋਂ ਬਾਅਦ ਇਹ ਜਹਾਜ਼ ਕਾਫੀ ਸਮਾਂ ‘ਹੈਮਬਰਗ ਅਤੇ ਅਮਰੀਕਨ ਲਾਈਨ’ ਕੋਲ ਰਿਹਾ ਅਤੇ ਉਹਨਾਂ ਦੇ ਨਾਂ ਨਾਲ ਹੀ ਸੰਬੋਧਨ ਕੀਤਾ ਜਾਂਦਾ ਰਿਹਾ। ਜਨਵਰੀ 1914 ਵਿੱਚ ਜਪਾਨ ਦੀ ਕੰਪਨੀ ‘ਕਾਮਾਗਾਟਾ’ ਨੇ ਇਹ ਸਮੁੰਦਰੀ ਬੇੜੇ ਖਰੀਦ ਲਿਆ ਅਤੇ ਉਸ ਸਮੇਂ ਤੋਂ ਇਸ ਜਹਾਜ਼ ਦਾ ਨਾਂ ‘ਕਾਮਾਗਾਟਾ ਮਾਰੂ’ ਹੋ ਗਿਆ, ਕਿਉਂਕਿ ਜਪਾਨੀ ਵਿੱਚ ਸਮੁੰਦਰੀ ਜਹਾਜ਼ ਨੂੰ ‘ਮਾਰੂ’ ਕਿਹਾ ਜਾਂਦਾ ਹੈ। ਮਗਰੋਂ ਬਾਬਾ ਗੁਰਦਿੱਤ ਸਿੰਘ ਵੱਲੋਂ ਭਾੜੇ ਤੇ ਲੈਣ ‘ਤੇ ਇਸ ਦਾ ਕਾਨੂੰਨੀ ਨਾਂ ‘ਸ੍ਰੀ ਗੁਰੂ ਨਾਨਕ ਜਹਾਜ਼’ ਪੈ ਗਿਆ। 23 ਜੁਲਾਈ 1914 ਨੂੰ ਕੈਨੇਡਾ ਤੋਂ ਜਬਰੀ ਵਾਪਸ ਮੋੜਨ ‘ਤੇ, 29 ਸਤੰਬਰ 1914 ਨੂੰ ਕਲਕੱਤਾ ਵਿਖੇ ਬਜ-ਬਜ ਘਾਟ ‘ਤੇ ਪੁੱਜਣ ਮਗਰੋਂ, ਇਹ ਜਹਾਜ਼ ‘ਕਾਮਾਗਾਟਾਮਾਰੂ ਕੰਪਨੀ’ ਵਾਪਸ ਲੈ ਗਈ। 1924 ਵਿੱਚ ਇਹ ਜਹਾਜ਼ ਹੋਰ ਕੰਪਨੀ ਨੇ ਖਰੀਦ ਲਿਆ ਅਤੇ ਇਸ ਦਾ ਨਾਂ ‘ਹੀਆ ਮਾਰੂ’ ਰੱਖ ਦਿੱਤਾ। ਇਉਂ ਇਸ ਸਮੁੰਦਰੀ ਬੇੜੇ ਦੇ ਨਾਂ ਕਈ ਵਾਰ ਬਦਲੇ, ਪਰ ਇਸ ਗੱਲ ਨਾਲ ਆਪਣਾ ਕੋਈ ਲੈਣਾ-ਦੇਣਾ ਨਹੀਂ ਅਤੇ ਨਾ ਹੀ ਇਹ ਮੁੱਦਾ ਅਹਿਮ ਹੈ ਕਿ ਕਿ ਅੱਜ-ਕੱਲ ਇਸ ਜਹਾਜ਼ ਦਾ ਕੀ ਨਾਂ ਹੈ ਜਾਂ ਇਹ ਜਹਾਜ਼ ਕਿੱਥੇ ਹੈ। ਅਸਲ ਮਕਸਦ ਤਾਂ ਉਸ ਬਿਰਤਾਂਤ ਨੂੰ ਸਾਂਭਣਾ ਹੈ, ਜਿਹੜਾ ਗੁਰੂ ਨਾਨਕ ਸਾਹਿਬ ਦੀ ਸਾਜੀ-ਵਾਜੀ ਖਲਕਤ ਵੱਲੋਂ ਨਸਲਵਾਦ ਖਿਲਾਫ ਜਾਨ ਦੀ ਬਾਜ਼ੀ ਖੇਡ ਕੇ ਸੰਘਰਸ਼ ਕੀਤਾ ਗਿਆ।
ਕੈਨੇਡਾ ਦੀ ਚਿੱਟੀ ਸਰਕਾਰ ਦੇ ਨਸਲਵਾਦ ਨੂੰ ਚੁਣੌਤੀ :
ਦਰਅਸਲ ਸਾਡਾ ਸਬੰਧ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਨਾਲ ਨਹੀਂ, ਬਲਕਿ ਸਾਡਾ ਸਬੰਧ ਜਹਾਜ਼ ਦੇ ਮੁਸਾਫਿਰਾਂ ਦੇ ਉਸ ਬਿਰਤਾਂਤ ਨਾਲ ਹੈ, ਜਿਸ ਰਾਹੀਂ ਕੈਨੇਡਾ ਦੇ ਸਿੱਖਾਂ ਵੱਲੋਂ ਮਨੁੱਖੀ ਹੱਕਾਂ ਲਈ ਘੋਲ ਕੀਤਾ ਗਿਆ ਅਤੇ ਕੈਨੇਡਾ ਦੀ ਚਿੱਟੀ ਸਰਕਾਰ ਦੇ ਨਸਲਵਾਦ ਨੂੰ ਚੁਣੌਤੀ ਦਿੱਤੀ ਗਈ।ਬਾਬਾ ਗੁਰਦਿੱਤ ਸਿੰਘ ਨੇ ਜਪਾਨੀ ਕੰਪਨੀ ਤੋਂ ਇਹ ਜਹਾਜ਼ ਭਾੜੇ ਤੇ ਲੈ ਕੇ ਅਤੇ ਇਸਦਾ ਨਾਮਕਰਨ ‘ਗੁਰੂ ਨਾਨਕ ਜਹਾਜ਼’ ਰੱਖ ਕੇ ਇਸ ਦੇ ਕੈਨੇਡਾ ਰਵਾਨਾ ਹੋਣ ਲਈ ਅਖਬਾਰਾਂ ਚ ਇਸ਼ਤਿਹਾਰ ਦੇ ਦਿੱਤਾ। ਭਾਰੀ ਉਤਸ਼ਾਹ ਨਾਲ ਪੰਜ ਸੌ ਮੁਸਾਫਰ ਕੈਨੇਡਾ ਜਾਣ ਲਈ ਤਿਆਰ ਹੋ ਗਏ। 30 ਮਾਰਚ 1914 ਨੂੰ ਜਹਾਜ਼ ਹਾਂਗਕਾਂਗ ਤੋਂ ਰਵਾਨਾ ਹੋਣਾ ਸੀ, ਪਰ 25 ਮਾਰਚ ਨੂੰ ਬ੍ਰਿਟਿਸ਼ ਹਕੂਮਤ ਦੇ ਇਸ਼ਾਰੇ ਤੇ ਬਾਬਾ ਗੁਰਦਿੱਤ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਸ ਕਾਰਨ 500 ਮੁਸਾਫਰ ਸਹਿਮ ਦੇ ਮਾਰੇ ਖਿੰਡ-ਪੁੰਡ ਗਏ। ਕੁਝ ਦਿਨਾਂ ਬਾਅਦ ਬਾਬਾ ਜੀ ਦੀ ਰਿਹਾਈ ਮਗਰੋਂ, ਦੇਰੀ ਨਾਲ ਇਹ ਜਹਾਜ਼ 4 ਅਪ੍ਰੈਲ 1914 ਨੂੰ 135 ਮੁਸਾਫਰਾਂ ਨੂੰ ਲੈ ਕੇ ਹਾਂਗਕਾਂਗ ਤੋਂ ਰਵਾਨਾ ਹੋਇਆ। ਰਸਤੇ ਵਿੱਚ ਹੋਰ ਮੁਸਾਫਰ ਸਵਾਰ ਹੁੰਦੇ ਗਏ ਅਤੇ ਇਹ 21 ਮਈ 2014 ਨੂੰ ਵੈਨਕੂਵਰ ਪਹੁੰਚਿਆ। ਜਹਾਜ਼ ਵਿੱਚ 376 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸਨ, ਜੋ ਜ਼ਿਆਦਾਤਰ ਸਾਂਝੇ ਪੰਜਾਬ ਖੇਤਰ ਦੇ ਸਨ। ਉਹ ਇੱਥੇ ਕੈਨੇਡਾ ਵਿੱਚ ਚੰਗੇਰੀ ਮੌਕਿਆਂ ਨਾਲ ਭਰਪੂਰ ਜ਼ਿੰਦਗੀ ਦੀ ਉਮੀਦ ਵਿੱਚ ਆਏ ਸਨ।
ਕਾਲੇ ਕਾਨੂੰਨਾਂ ਤਹਿਤ ਕੈਨੇਡਾ ‘ਚ ਮੁਸਾਫਿਰਾਂ ਦੇ ਦਾਖਲੇ ‘ਤੇ ਰੋਕ :
ਨਿਰੰਤਰ ਸਿੱਧੇ ਸਫਰ ਰਾਹੀਂ ਆਉਣ ਅਤੇ ਬ੍ਰਿਟਿਸ਼ ਪਰਜਾ ਹੋਣ ਦੇ ਬਾਵਜੂਦ ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਨੂੰ ਭੇਦਭਾਵ ਅਤੇ ਨਸਲਵਾਦੀ ਕਾਨੂੰਨਾਂ ਦੇ ਅਧਾਰ ਤੇ ਕੈਨੇਡਾ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ। ਯਾਤਰੀਆਂ ਨੂੰ ਡਾਕਟਰੀ ਸਹਾਇਤਾ, ਭੋਜਨ ਅਤੇ ਪਾਣੀ ਦੀ ਲੋੜੀਂਦੀ ਪਹੁੰਚ ਤੋਂ ਬਿਨਾਂ ਹੀ ਜਹਾਜ਼ ਦੇ ਬੋਰਡ ‘ਤੇ ਰਹਿਣ ਲਈ ਮਜਬੂਰ ਕੀਤਾ ਗਿਆ। ਕਾਨੂੰਨੀ ਪੱਖੋਂ ਸਹੀ ਯਾਤਰਾ ਦਸਤਾਵੇਜ਼ ਰੱਖਣ ਅਤੇ ਭੇਦ-ਭਾਵ ਵਾਲੇ $200 ਹੈੱਡ ਟੈਕਸ ਦੀ ਵਧੀਕੀ ਦੀ ਪਾਲਣਾ ਕਰਨ ਦੇ ਬਾਵਜੂਦ, ਮੁਸਾਫਿਰਾਂ ਦੇ ਕੈਨੇਡਾ ‘ਚ ਦਾਖਲੇ ‘ਤੇ ਰੋਕ ਲਗਾ ਦਿੱਤੀ ਗਈ। ਡੋਮੇਨੀਅਨ ਕੈਨੇਡਾ ਦੀ ਹਕੂਮਤ ਦੇ ਵਿਤਕਰੇ ਦੇ ਰੂਪ ਵਿੱਚ ਵੈਨਕੂਵਰ ਦੇ ਮੇਅਰ ਬੈਕਸਟਰ ਵੱਲੋਂ 23 ਜੂਨ,1914 ਨੂੰ ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਖਿਲਾਫ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਹੈ ਕਿ ਵੈਨਕੂਵਰ ਸਿਟੀ ਕੌਂਸਲ ਇਸ ਦੇਸ਼ ਵਿੱਚ ‘ਹਿੰਦੂਆਂ’ ਅਤੇ ‘ਹੋਰ ਏਸ਼ੀਆਈ ਨਸਲਾਂ’ (ਨਸਲਵਾਦੀ ਸ਼ਬਦ) ਦੇ ਦਾਖਲੇ ਦੇ ਅਟੱਲ ਤੌਰ ‘ਤੇ ਵਿਰੋਧ ਵਜੋਂ ਰਿਕਾਰਡ ‘ਤੇ ਰੱਖਣਾ ਚਾਹੁੰਦੀ ਹੈ ਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਰੌਬਰਟ ਬੋਰਡਨ ਨੂੰ ਇੱਕ ਤਾਰ ਭੇਜਣ ਦਾ ਅਧਿਕਾਰ ਦਿੱਤਾ ਜਾਂਦਾ ਹੈ, ਤਾਂ ਕਿ ਮੁਸਾਫਰ ਕੈਨੇਡਾ ਦੀ ਧਰਤੀ ‘ਤੇ ਉਤਰ ਨਾ ਸਕਣ। ਇਹ ਮਤਾ ਸਰਬ ਸੰਮਤੀ ਨਾਲ ਪਾਸ ਹੋਇਆ ਅਤੇ ਬੀਸੀ ਅਤੇ ਕੈਨੇਡਾ ਦੀਆਂ ਸਰਕਾਰਾਂ ਨੇ ਇਸ ‘ਤੇ ਮੋਹਰ ਲਗਾਈ।
‘ਕਾਮਾਗਾਟਾਮਾਰੂ ਕੰਪਨੀ’ ਵੱਲੋਂ ਨਸਲਵਾਦੀ ਸਰਕਾਰ ਦਾ ਸਾਥ :
ਸ੍ਰੀ ਗੁਰੂ ਨਾਨਕ ਜਹਾਜ ਦੇ ਮੁਸਾਫਿਰਾਂ ਨੇ ਦੋਹਰਾ ਸੰਤਾਪ ਹੰਡਾਇਆ। ਇੱਕ ਸਮਾਂ ਅਜਿਹਾ ਵੀ ਆਇਆ, ਜਦੋਂ ਸ੍ਰੀ ਗੁਰੂ ਨਾਨਕ ਜਹਾਜ਼ ਲਈ ਕੰਮ ਕਰਨ ਵਾਲੇ, ‘ਕਾਮਾਗਾਟਾਮਾਰੂ ਕੰਪਨੀ’ ਦੇ ਇੰਸਪੈਕਟਰ ਰੀਡ ਐਚ ਐਸ ਸਟੀਵਨ ਅਤੇ ਕੈਪਟਨ ਵਾਲਟਰ ਹੇਜ਼ ਵੀ, ਨਸਲਵਾਦੀ ਗੋਰਿਆਂ ਦੀ ਡੋਮੀਨੀਅਨ’ ਕਨੇਡੀਅਨ ਸਰਕਾਰ ਨਾਲ ਮਿਲ’ ਗਏ ਅਤੇ ਮੁਸਾਫਰਾਂ ਦੇ ਵਿਰੁੱਧ ਭੁਗਤਣਾ ਸ਼ੁਰੂ ਕਰ ਦਿੱਤਾ। ਸਿਤਮਜ਼ਰੀਫੀ ਇਹ ਹੈ ਕਿ ਜਿਸ ਕਾਮਾਗਾਟਾਮਾਰੂ ਕੰਪਨੀ ਦਾ ਨਾਂ ਅੱਜਕੱਲ ‘ਨਸਲੀ ਵਿਤਕਰੇ ਦੀ ਪੀੜਤ’ ਵਜੋਂ ਚਮਕਾਇਆ ਜਾਂਦਾ ਹੈ, ਇਸ ਕਾਮਾਗਾਟਾਮਾਰੂ ਕੰਪਨੀ ਨੇ ਵੀ ‘ਮੁਸਾਫਿਰਾਂ ਨਾਲ ਵਿਤਕਰਾ’ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਕੈਨੇਡਾ ਦੇ ਮੋਢੀ ਸਿੱਖਾਂ ‘ਚੋਂ ਇੱਕ ਲਿਖਾਰੀ ਅਰਜਨ ਸਿੰਘ ‘ਚੰਦ ਨਵਾਂ’ ਆਪਣੀ ਕੈਨੇਡਾ ਦੀ ਮੁਖਤਸਰ ਡਾਇਰੀ ਦੇ ਪੰਨਾ 19 ‘ਤੇ ਲਿਖਦੇ ਹਨ ਕਿ 13 ਜੂਨ 1914 ਨੂੰ ‘ਕਾਮਾਗਾਟਾਮਾਰੂ ਕੰਪਨੀ’ ਦੀ ਤਾਰ ਆਈ ਕਿ ਚਾਰਟਰਡ ਦੀ ਮਾਇਆ ਕਿਸ਼ਤ ਦੇਵੋ, ਨਹੀਂ ਤਾਂ ਜਹਾਜ਼ ਵਾਪਸ ਕੀਤਾ ਜਾਵੇ। ਅਜਿਹੀ ਹਾਲਤ ਵਿੱਚ ਡੋਮੇਨੀਅਨ ਹਾਲ ਵਿੱਚ ਸੰਗਤਾਂ ਨੇ ਇਕੱਠਿਆਂ ਹੋ ਕੇ ਮਾਇਆ ਇਕੱਤਰ ਕੀਤੀ। ਇਤਿਹਾਸਿਕ ਤੱਥ ਜਾਨਣ ਮਗਰੋਂ ਸਾਡੀ ਹਮਦਰਦੀ ਕਾਮਾਗਾਟਾਮਾਰੂ ਜਹਾਜ਼ ਦੀ ਕੰਪਨੀ ਦੇ ਨਾਲ ਨਹੀਂ, ਬਲਕਿ ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਨਾਲ ਹੋਣੀ ਚਾਹੀਦੀ ਹੈ, ਜਿਹਨਾਂ ਵਿਤਕਰਾ ਅਤੇ ਧੱਕੇਸ਼ਾਹੀ ਹੱਡੀਂ ਹੰਢਾਏ।
ਸ੍ਰੀ ਗੁਰੂ ਨਾਨਕ ਜਹਾਜ਼ ਦੀ ਕੈਨੇਡਾ ਤੋਂ ਜਬਰੀ ਵਾਪਸੀ:
ਜਹਾਜ਼ ਦੇ ਮੁਸਾਫਿਰਾਂ ਖਿਲਾਫ ਕੈਨੇਡਾ ਵਿੱਚੋਂ ਦੇਸ਼ ਨਿਕਾਲੇ ਦੌਰਾਨ ਤਾਕਤ ਦੀ ਵਰਤੋਂ ਕੀਤੇ ਜਾਣ ‘ਤੇ 6 ਜੁਲਾਈ 1914 ਦੇ ਬੋਰਡ ਆਫ ਅਪੀਲ ਦੇ ਨਿਰਾਸ਼ਾਵਾਦੀ ਫੈਸਲੇ ਤੋਂ ਬਾਅਦ ਯਾਤਰੀਆਂ ਲੰਬੇ ਵਾਪਸੀ ਦੇ ਸਫਰ ਲਈ ਖਾਣ-ਪਾਣੀ ਦੇ ਪ੍ਰਬੰਧ ਕੀਤੇ ਜਾਣ ਤੋਂ ਬਾਅਦ ਹੀ ਰਵਾਨਾ ਹੋਣ ਲਈ ਸਹਿਮਤ ਹੋਏ। 19 ਜੁਲਾਈ,1914 ਨੂੰ ਤੜਕੇ, 35 ਡਿਪੂਟਾਈਜ਼ਡ ਅਫਸਰਾਂ ਅਤੇ 125 ਸਿਟੀ ਪੁਲਿਸ ਅਧਿਕਾਰੀਆਂ ਦੇ ਨਾਲ ਛੋਟਾ ਸਰਕਾਰੀ ਸਮੁੰਦਰੀ ਜਹਾਜ਼, ਸਾਰੇ ਹਥਿਆਰਬੰਦ ਹਮਲਾਵਰਾਂ ਨੂੰ ਨਾਲ ਲੈ ਕੇ ਸ੍ਰੀ ਗੁਰੂ ਨਾਨਕ ਜਹਾਜ਼ ਨੂੰ ਬੰਦਰਗਾਹ ਤੋਂ ਬਾਹਰ ਕੱਢਣ ਦੇ ਇਰਾਦੇ ਨਾਲ ਨੇੜੇ ਆਣ ਪਹੁੰਚਿਆ। ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰ ਜਾਗ ਰਹੇ ਸਨ ਅਤੇ ਧੱਕੇਸ਼ਾਹੀ ਦਾ ਵਿਰੋਧ ਕਰ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸੀ ਦੀ ਲੰਬੀ ਯਾਤਰਾ ਲਈ ਭੋਜਨ ਅਤੇ ਪਾਣੀ ਨਹੀਂ ਮਿਲਿਆ। ਸਰਕਾਰੀ ਹਮਲੇ ਦੇ ਜਵਾਬ ਵਿੱਚ ਮੁਸਾਫਿਰਾਂ ਨੇ ਜੈਕਾਰੇ ਲਾਉਂਦਿਆਂ ਹੋਇਆਂ ਮੋੜਵਾਂ ਪ੍ਰਤਿਕਰਮ ਦਿੱਤਾ ਤੇ ਲੜਾਈ ਸ਼ੁਰੂ ਹੋ ਗਈ। ਯਾਤਰੀਆਂ ਨੇ ਫੈਸਲਾ ਕੀਤਾ ਕਿ ਉਹ ‘ਜਬਰ ਦਾ ਮੁਕਾਬਲਾ ਚੜ੍ਹਦੀ ਕਲਾ’ ਨਾਲ ਕਰਨਗੇ। ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦਾ ਰੋਹ ਦੇਖਦਿਆਂ ਹੋਇਆਂ ਸਰਕਾਰ ਨੇ ਆਪਣਾ ਹਮਲਾਵਰ ਜਹਾਜ਼ ਵਾਪਸ ਮੋੜ ਲਿਆ। ਇਸ ਦੌਰਾਨ ਨਸਲਵਾਦੀ ਵੈਨਕੂਵਰ ਪੁਲਿਸ, ਮੇਅਰ ਬੈਕਸਟਰ ਅਤੇ ਸਿਟੀ ਕਾਉਂਸਲਰਾਂ ਤੋਂ ਇਲਾਵਾ ਸਾਰੀਆਂ ਹਾਕਮੀ ਤਾਕਤਾਂ ਨੇ ਜਹਾਜ਼ ਦੇ ਮੁਸਾਫਰਾਂ ਉੱਪਰ ਦੇਸ਼ ਨਿਕਾਲੇ ਦੇ ਹੁਕਮ ਲਾਗੂ ਕੀਤੇ।
ਵੈਨਕੂਵਰ ਵਾਸੀਆਂ ਵੱਲੋਂ ਮੁਸਾਫਿਰਾਂ ਲਈ ਹਾਅ ਦਾ ਨਾਅਰਾ :
ਡੋਮੀਨੀਅਨ ਕੈਨੇਡਾ ਦੀ ਨਸਲਵਾਦੀ ਸਰਕਾਰ ਦੀਆਂ ਪੱਖਪਾਤੀ ਕਾਰਵਾਈਆਂ ਦੇ ਬਾਵਜੂਦ, ਵੈਨਕੂਵਰ ਵਿੱਚ ਰਹਿ ਰਹੇ ਸਥਾਨਕ ਭਾਈਚਾਰਿਆਂ ਨੇ ਯਾਤਰੀਆਂ ਦੀ ਵਕਾਲਤ ਕੀਤੀ ਅਤੇ ਮੁਸਾਫਰਾਂ ਦੇ ਸਮਰਥਨ ਵਿੱਚ ਪ੍ਰਬੰਧਾਂ ਅਤੇ ਕਾਨੂੰਨੀ ਯਤਨਾਂ ਲਈ ਭੁਗਤਾਨ ਕਰਨ ਲਈ ਫੰਡ ਇਕੱਠੇ ਕੀਤੇ। ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਭਾਈ ਭਾਗ ਸਿੰਘ ਅਤੇ ਸਹਿਯੋਗੀ ਹਸਨ ਰਹੀਮ ਦੇ ਨਾਂ ‘ਤੇ ਜਹਾਜ਼ ਦੀ ਲੀਜ਼ ਤਬਦੀਲ ਕਰਨ ਮਗਰੋਂ, ਸਥਾਨਕ ਸਿੱਖ ਸੰਗਤਾਂ ਨੇ ਯਾਤਰੀਆਂ ਦੀਆਂ ਮਹਿੰਗੀਆਂ ਕਾਨੂੰਨੀ ਫੀਸਾਂ ਲਈ ਮਹਿੰਗੇ ਵਕੀਲਾਂ ਦੇ ਭੁਗਤਾਨ ਕਰਨ ਲਈ ਵੀ ਆਰਥਿਕ ਪ੍ਰਬੰਧ ਕੀਤੇ, ਜੋ ਉਨ੍ਹਾਂ ਦੇ ਦੇਸ਼ ਨਿਕਾਲੇ ਦੇ ਆਦੇਸ਼ਾਂ ਖਿਲਾਫ ਲੜ ਰਹੇ ਸਨ। ਭੋਜਨ, ਪਾਣੀ ਅਤੇ ਦਵਾਈਆਂ ਯਾਤਰੀਆਂ ਤੱਕ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਦੂਜੇ ਪਾਸੇ ਸਥਾਨਕ ਸਿੱਖ ਆਗੂ ਅਤੇ ਮੱਦਦਗਾਰ ਵੀ ਯਾਤਰੀਆਂ ਤੱਕ ਪਹੁੰਚਣ ‘ਚ ਅਸਫਲ ਰਹੇ, ਕਿਉਂਕਿ ਸਰਕਾਰ ਨੇ ਜਹਾਜ਼ ਤੱਕ ਪਹੁੰਚ ‘ਤੇ ਪਾਬੰਦੀ ਲਗਾ ਦਿੱਤੀ ਸੀ। ਦੇਸ਼ ਨਿਕਾਲੇ ਦੇ ਹੁਕਮ ਨੂੰ ਕਾਨੂੰਨੀ ਚੁਣੌਤੀ ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੇ ਵਕੀਲ ਜੋਸੇਫ ਐਡਵਰਡ ਬਰਡ ਨੇ ਦਿੱਤੀ, ਪਰ ਉਹ ਅਸਫਲ ਰਿਹਾ। ਆਖਿਰਕਾਰ 23 ਜੁਲਾਈ 1914 ਨੂੰ ਸ੍ਰੀ ਗੁਰੂ ਨਾਨਕ ਜਹਾਜ਼ ਨੂੰ ਕੈਨੇਡੀਅਨ ਫੌਜ ਅਤੇ ਹਕੂਮਤ ਵੱਲੋਂ ਕੈਨੇਡੀਅਨ ਪਾਣੀਆਂ ‘ਚੋਂ ਵਿਤਕਰਿਆਂ ਅਤੇ ਧੱਕੇਸ਼ਾਹੀਆਂ ਨਾਲ ਬਾਹਰ ਕਰ ਦਿੱਤਾ ਗਿਆ।
ਭਾਰਤ ਵਾਪਸੀ ‘ਤੇ ਬਜ-ਬਜ ਘਾਟ ਦਾ ਸ਼ਹੀਦੀ ਸਾਕਾ :
ਦੋ ਮਹੀਨੇ ਦੀ ਭਾਰੀ ਖੱਜਲ-ਖੁਆਰੀ ਤੋਂ ਬਾਅਦ 29 ਸਤੰਬਰ 1914 ਨੂੰ ਸ੍ਰੀ ਗੁਰੂ ਨਾਨਕ ਜਹਾਜ਼ ਕਲਕਤੇ, ਬ੍ਰਿਟਿਸ਼ ਭਾਰਤ ਵਾਪਸ ਪਰਤਿਆ, ਜਿੱਥੇ ਜਹਾਜ਼ ‘ਤੇ ਸਵਾਰ ਲੋਕਾਂ ਨੂੰ ਰਾਜਨੀਤਿਕ ਵਿਘਨ ਪਾਉਣ ਵਾਲੇ ‘ਅੱਜ ਦੇ ਅੰਦੋਲਨਜੀਵੀ’ ਵਾਂਗ ਲੇਬਲ ਕੀਤਾ ਗਿਆ। ਸਿੱਖ ਮੁਸਾਫਿਰ ਗ੍ਰਿਫਤਾਰੀ ਅਤੇ ਪੰਜਾਬ ਵਾਪਸੀ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਲਕੱਤੇ ਦੇ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਕਰਨਾ ਚਾਹੁੰਦੇ ਸਨ, ਪਰ ਇਸ ਦਾ ਵਿਰੋਧ ਕਰਦਿਆਂ ਹੋਇਆਂ, ਉਹਨਾਂ ਉੱਪਰ ਗੋਲੀਆਂ ਚਲਾਈਆਂ ਗਈਆਂ।ਇਸ ਦੁਖਦਾਈ ਘਟਨਾ ਦੀ ਅਗਵਾਈ ਬ੍ਰਿਟਿਸ਼ ਭਾਰਤੀ ਫੌਜਾਂ ਦੁਆਰਾ ਕੀਤੀ ਗਈ, ਜਿਸ ਦੇ ਨਤੀਜੇ ਵਜੋਂ 19 ਯਾਤਰੀ ਸ਼ਹੀਦ ਹੋ ਗਏ, ਬਹੁਤ ਸਾਰੇ ਜ਼ਖਮੀ ਹੋਏ ਅਤੇ ਬਹੁਤ ਸਾਰੇ ਹੋਰ ਕੈਦ ਹੋ ਗਏ। ਕਨੇਡਾ ਮਗਰੋਂ ਭਾਰਤ ਵਿੱਚ ਬ੍ਰਿਟਿਸ਼ ਭਾਰਤੀ ਨਸਲਵਾਦੀ ਸਰਕਾਰ ਦੇ ਖੂਨੀ ਸਾਕੇ ਦਾ ਇਹ ਦਿਲ-ਕੰਬਾਊ ਅਧਿਆਇ ਸੀ।
‘ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੀ ਦਰਦ ਭਰੀ ਕਹਾਣੀ’ ‘ਤੇ ਪਾਬੰਦੀ :
ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸੱਚਾ-ਸੁੱਚਾ ਇਤਿਹਾਸ ਲਿਖਣ ਦਾ ਫੈਸਲਾ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਕੀਤਾ। ਬਾਬਾ ਗੁਰਦਿੱਤ ਸਿੰਘ ਨੇ ਸਵੈ-ਜੀਵਨੀ ‘ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੀ ਦਰਦ ਭਰੀ ਕਹਾਣੀ’ ਦੋ ਭਾਗਾਂ ਵਿੱਚ ਲਿਖੀ। ਇਸ ਕਿਤਾਬ ਰਾਹੀਂ ਬਾਬਾ ਗੁਰਦਿੱਤ ਸਿੰਘ ਨੇ ਥਾਂ-ਥਾਂ ‘ਤੇ ਜਹਾਜ਼ ਦਾ ਨਾਂ ‘ਸ੍ਰੀ ਗੁਰੂ ਨਾਨਕ ਜਹਾਜ਼ ਹੀ ਲਿਖਿਆ ਹੈ, ਜਦਕਿ ਸਥਿਤੀ ਨੂੰ ਸਪਸ਼ਟ ਕਰਨ ਲਈ ਲੋੜ ਵੇਲੇ, ‘ਕਾਮਾਗਾਟਾਮਾਰੂ’ ਸ਼ਬਦ, ਸ੍ਰੀ ਗੁਰੂ ਨਾਨਕ ਜਹਾਜ਼ ਦੇ ਮਗਰੋਂ ਲਿਖਿਆ ਹੈ। ਇਹ ਕਿਤਾਬ ਸਮਕਾਲੀ ਪੰਜਾਬ ਸਰਕਾਰ ਵੱਲੋਂ ਜ਼ਬਤ ਕਰਨ ਲਈ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ। ਕਿਤਾਬ ਦੇ ਪਹਿਲੇ ਭਾਗ ਦਾ ਨਾਂ ‘ਸ੍ਰੀ ਗੁਰੂ ਨਾਨਕ ਜਹਾਜ਼’ ਅਤੇ ਦੂਜੇ ਭਾਗ ਦਾ ਨਾਂ ‘ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੀ ਦੁੱਖ ਭਰੀ ਕਹਾਣੀ’ ਦਰਜ ਲਾਉਂਦਿਆਂ ਹੋਇਆਂ, ਸਮਕਾਲੀ ਪੰਜਾਬ ਸਰਕਾਰ ਨੇ ਇਸ ‘ਤੇ ਪਾਬੰਦੀ ਲਗਾਈ। ਲੰਮਾ ਸਮਾਂ ਮਗਰੋਂ ਜਾ ਕੇ ਇਹ ਕਿਤਾਬ ਪਾਠਕਾਂ ਤੱਕ ਪਹੁੰਚਣ ਵਿੱਚ ਸੰਭਵ ਹੋ ਸਕੀ।
ਕੈਨੇਡਾ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਮੁਆਫੀਨਾਮਾ:
ਕੈਨੇਡਾ ਦੀ ਮੌਜੂਦਾ ਲਿਬਰਲ ਸਰਕਾਰ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਮਈ, 2016 ਦੇ ਦਿਨ ਮੁਆਫੀਨਾਮਾ ਜਾਰੀ ਕਰਕੇ ਨਵਾਂ ਅਧਿਆਇ ਸਿਰਜ ਦਿੱਤਾ। ਇਸ ਤੋਂ ਪਹਿਲਾਂ ‘ਗਦਰੀ ਬਾਬਿਆਂ ਦੇ ਮੇਲੇ’ ਵਿੱਚ ਕੈਨੇਡਾ ਦੇ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਇਸ ਸਬੰਧੀ ਮੁਆਫੀ ਮੰਗੀ ਸੀ। ਕੈਨੇਡਾ ਦੀ ਪਾਰਲੀਮੈਂਟ ‘ਚ ਪ੍ਰਵਾਸੀਆਂ ਨੂੰ ਕਾਲੇ ਕਾਨੂੰਨਾਂ ਰਾਹੀਂ ਧੱਕੇ ਨਾਲ ਵਾਪਸ ਮੋੜਨ ਦੀਆਂ ਇਤਿਹਾਸਕ ਗ਼ਲਤੀਆਂ ‘ਤੇ ਮੁਆਫ਼ੀ ਮੰਗਣ ਅਤੇ ਉਨ੍ਹਾਂ ਤੋਂ ਸਬਕ ਸਿੱਖਣ ਦਾ ਇਹ ਕਦਮ, ਇਥੇ ਵਸੇ ਪ੍ਰਵਾਸੀਆਂ ਨੂੰ ਮਾਨਤਾ ਦੇਣ ਦੇ ਸੰਦਰਭ ‘ਚ ਖ਼ਾਸ ਮਹੱਤਵ ਰੱਖਦਾ ਹੈ। ਕੈਨੇਡਾ ਤੋਂ ਸੇਧ ਲੈ ਕੇ ਭਾਰਤ ਦੀ ਸੰਸਦ ‘ਚ ਵੀ ਗੁਰੂ ਨਾਨਕ ਜਹਾਜ਼ ਦੇ ਦੁਖਾਂਤ ਸਬੰਧੀ ਮਤਾ ਪੇਸ਼ ਕੀਤਾ ਜਾਣਾ ਬਣਦਾ ਸੀ ਤੇ ਇਸ ਦੇ ਮੁਸਾਫਿਰਾਂ ਦੀ ਕੁਰਬਾਨੀ ਨੂੰ ਵੀ ਚੇਤੇ ਕੀਤਾ ਜਾਣਾ ਚਾਹੀਦਾ ਸੀ। ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਾਂਗ ਪੰਜਾਬ ਦੀ ਵਿਧਾਨ ਸਭਾ ‘ਚ ਵੀ ਅਜਿਹਾ ਕਦਮ ਚੁੱਕਿਆ ਜਾਣਾ ਚਾਹੀਦਾ ਸੀ, ਕਿਉਂਕਿ ਸ੍ਰੀ ਗੁਰੂ ਨਾਨਕ ਜਹਾਜ਼ ਦੇ ਲਗਪਗ ਸਾਰੇ ਮੁਸਾਫ਼ਿਰ ਸਾਂਝੇ ਪੰਜਾਬ ਨਾਲ ਸਬੰਧਤ ਸਨ, ਪਰ ਦੁੱਖ ਦੀ ਗੱਲ ਇਹ ਹੈ ਕਿ 29 ਸਤੰਬਰ ਨੂੰ, ਜਿਸ ਦਿਨ ਇਹ ਸ਼ਹੀਦੀਆਂ ਹੋਈਆਂ ਹਨ, ਨਾ ਕਦੇ ਭਾਰਤ ਦੀ ਕੇਂਦਰੀ ਸਰਕਾਰ ਤੇ ਨਾ ਹੀ ਕਦੇ ਪੰਜਾਬ ਦੀ ਸਰਕਾਰ ਨੇ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਨੂੰ ਯਾਦ ਤੱਕ ਕੀਤਾ ਹੈ। ਕੈਨੇਡਾ ਵੱਸਦੇ ਪੰਜਾਬੀਆਂ ਅਤੇ ਭਾਰਤੀਆਂ ਨੂੰ ਪੰਜਾਬ ਅਤੇ ਭਾਰਤ ਸਰਕਾਰ ਤੋਂ ਇਸ ਗੱਲ ਦੀ ਮੰਗ ਕਰਨੀ ਚਾਹੀਦੀ ਹੈ, ਨਾ ਕਿ ਇਸ ਗੱਲ ‘ਤੇ ਜ਼ੋਰ ਲਾਉਣਾ ਚਾਹੀਦਾ ਹੈ ਕਿ ਪਾਰਲੀਮੈਂਟ ਵਿੱਚ ਮਾਫੀ ਮੰਗੇ ਜਾਣ ਤੋਂ ਬਾਅਦ, ਹਰ ਸ਼ਹਿਰ ਦੀ ਕੌਂਸਲ, ਹਰ ਸੜਕ ਦੇ ਕਿਨਾਰੇ, ਹਰ ਮੋੜ ‘ਤੇ ਕਾਮਾਗਾਟਾਮਾਰੂ ਦੀ ਮਾਫੀ ਦੀ ਚਰਚਾ ਕੀਤੀ ਜਾਵੇ। ਇਹ ਸੋਚ ਸਾਡੇ ਆਤਮ ਬਲ ਨੂੰ ਕਮਜ਼ੋਰ ਕਰਦੀ ਹੈ। ਸ੍ਰੀ ਗੁਰੂ ਨਾਨਕ ਜਹਾਜ਼ ਦਾ ਇਹ ਸਫਰ ਚੜ੍ਹਦੀ ਕਲਾ ਦਾ ਪ੍ਰਤੀਕ ਸੀ, ਨਾ ਕਿ ਢਹਿੰਦੀ ਕਲਾ ਦਾ।
ਤਸਵੀਰਾਂ : ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੀ ਸਵੈ ਜੀਵਨੀ।
ਕੈਨੇਡਾ ਸਰਕਾਰ ਵੱਲੋਂ ਰਿਲੀਜ਼ ਟਿਕਟ।
ਸ੍ਰੀ ਗੁਰੂ ਨਾਨਕ ਜਹਾਜ਼ ਦੀਆਂ ਟਿਕਟਾਂ ਦੀ ਤਸਵੀਰ।
ਕਿਤਾਬ ਜ਼ਬਤ ਹੋਣ ਸਬੰਧੀ ਕਾਨੂੰਨੀ ਫੈਸਲੇ।