Headlines

ਬੀ ਸੀ ਕੰਸਰਵੇਟਿਵ ਨੇ ਬੀ ਸੀ ਯੂਨਾਈਟਡ ਦੀ ਚੋਣ ਸਮਝੌਤੇ ਬਾਰੇ ਪੇਸ਼ਕਸ਼ ਠੁਕਰਾਈ

ਵੈਨਕੂਵਰ ( ਦੇ ਪ੍ਰ ਬਿ)- ਬੀ ਸੀ ਯੂਨਾਈਟਿਡ ਲੀਡਰ ਕੇਵਿਨ ਫਾਲਕਨ ਨੇ ਬੀ ਸੀ ਯੂਨਾਈਟਿਡ ਅਤੇ ਬੀ ਸੀ ਕੰਜ਼ਰਵੇਟਿਵ  ਦੇ ਅਧਿਕਾਰਤ ਨੁਮਾਇੰਦਿਆਂ ਵਿਚਾਲੇ ਆਗਾਮੀ ਚੋਣਾਂ ਦੌਰਾਨ ਆਪਸੀ ਸਹਿਯੋਗ ਅਤੇ ਗਠਜੋੜ ਸਬੰਧੀ  ਵਿਚਾਰ ਵਟਾਂਦਰੇ ਦੀ ਸਮਾਪਤੀ ਤੋਂ ਬਾਅਦ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹਨਾਂ ਵਲੋਂ ਵਾਜਬ ਸਹਿਯੋਗ ਪ੍ਰਸਤਾਵ ਦੇ ਬਾਵਜੂਦ ਬੀ ਸੀ ਕੰਸਰਵੇਟਿਵ ਆਗੂ ਜੌਹਨ ਰਸਟਡ ਨੇ ਉਹਨਾਂ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ।

ਕੇਵਿਨ ਫਾਲਕਨ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸਾਡਾ  ਇੱਕੋ ਇੱਕ ਉਦੇਸ਼ ਕਿਸੇ ਵੀ ਨਿੱਜੀ ਜਾਂ ਰਾਜਨੀਤਿਕ ਹਿੱਤਾਂ ਨਾਲੋਂ ਸੂਬੇ ਦੇ ਭਲੇ ਨੂੰ ਪਹਿਲ ਦੇ ਕੇ ਵੋਟ ਵੰਡਣ ਦੇ ਜੋਖਮ ਨੂੰ ਘੱਟ ਕਰਨਾ ਸੀ। ਦੋਵਾਂ ਪਾਰਟੀਆਂ ਵਿਚਾਲੇ ਦੋ ਮੀਟਿੰਗਾਂ ਉਪਰੰਤ  ਪ੍ਰਾਪਤ ਕੀਤੇ ਸਾਂਝੇ ਅਧਾਰ ਦੇ ਬਾਵਜੂਦ, ਬੀਤੀ ਰਾਤ ਜੌਨ ਰੁਸਟੈਡ ਨੇ ਵੋਟ ਵੰਡ ਨੂੰ ਰੋਕਣ ਦੇ ਉਦੇਸ਼ ਵਾਲੀ ਵਾਜਬ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ। ਇਸ ਤਰਾਂ ਕਰਦਿਆਂ ਜੌਨ ਰੁਸਟੈਡ ਨੇ ਬ੍ਰਿਟਿਸ਼ ਕੋਲੰਬੀਆ ਦੇ ਸਰਵੋਤਮ ਹਿੱਤਾਂ ਤੋਂ ਉੱਪਰ ਆਪਣੇ ਨਿੱਜੀ ਹਿੱਤਾਂ ਨੂੰ ਤਰਜੀਹ ਦਿੱਤੀ ਹੈ। ਬੀਸੀ ਯੁਨਾਈਟਡ ਨੇ ਕੰਸਰਵੇਟਿਵ ਆਗੂਆਂ ਨਾਲ ਗੱਲਬਾਤ ਦੌਰਾਨ ਸਮਝੌਤੇ ਲਈ ਇਸ ਪ੍ਰਕਾਰ ਪੇਸ਼ਕਸ਼ ਰੱਖੀ ਸੀ-

ਪਾਰਟੀਆਂ ਦਾ ਰਲੇਵਾਂ ਨਹੀਂ ਹੋਵੇਗਾ। ਹਰੇਕ ਨੇਤਾ, ਫੰਡ ਇਕੱਠਾ ਕਰਨ ਅਤੇ ਚੋਣ ਮੁਹਿੰਮਾਂ ਲਈ ਜ਼ਿੰਮੇਵਾਰ ਹੋਵੇਗਾ।
ਪਾਰਟੀਆਂ ਚੋਣ ਮੁਹਿੰਮ ਦੇ ਦੌਰਾਨ ਇੱਕ ਦੂਜੇ ‘ਤੇ ਹਮਲਾ ਨਾ ਕਰਨ ਲਈ ਸਹਿਮਤ ਹੋਣਗੀਆਂ।
ਪਾਰਟੀਆਂ ਇੱਕ ਦੂਜੇ ਦੇ ਵਿਧਾਇਕ ਜੋ ਦੁਬਾਰਾ ਚੋਣ ਲੜ ਰਹੇ ਹਨ, ਉਹਨਾਂ  ਵਿਰੁੱਧ ਉਮੀਦਵਾਰ ਨਹੀਂ ਉਤਾਰਨਗੀਆਂ। ਇਸ ਤਹਿਤ ਬੀ ਸੀ ਕੰਜ਼ਰਵੇਟਿਵ ਦੀਆਂ ਦੋ ਸੀਟਾਂ ਅਤੇ  ਬੀ ਸੀ ਯੂਨਾਈਟਿਡ ਦੀਆਂ 15 ਸੀਟਾਂ ਹਨ।
ਬੀਸੀ ਕੰਜ਼ਰਵੇਟਿਵ ਕੁਲ 47 ਸੀਟਾਂ  ਅਤੇ ਬੀਸੀ ਯੂਨਾਈਟਿਡ 46 ਸੀਟਾਂ ‘ਤੇ ਚੋਣ ਲੜਨਗੇ।
ਜੇਕਰ ਚੋਣਾਂ ਤੋਂ ਬਾਦ ਦੋਵਾਂ ਪਾਰਟੀਆਂ ਦੀਆਂ ਕੁਲ ਸੀਟਾਂ ਦੀ ਗਿਣਤੀ ਐਨ ਡੀ ਪੀ ਤੋਂ ਵੱਧ ਜਾਂਦੀ ਹੈ ਤਾਂ ਪਾਰਟੀਆਂ ਗੱਠਜੋੜ ਸਰਕਾਰ ਬਣਾਉਣ ਲਈ ਸਹਿਮਤ ਹੋਣਗੀਆਂ। ਪ੍ਰੀਮੀਅਰ ਉਸ ਪਾਰਟੀ ਦਾ ਨੇਤਾ ਹੋਵੇਗਾ ਜੋ ਜ਼ਿਆਦਾ ਸੀਟਾਂ ਜਿੱਤਦਾ ਹੈ, ਜਦੋਂ ਕਿ ਘੱਟ ਸੀਟਾਂ ਜਿੱਤਣ ਵਾਲਾ ਪਾਰਟੀ ਦਾ ਨੇਤਾ ਡਿਪਟੀ ਪ੍ਰੀਮੀਅਰ ਹੋਵੇਗਾ ਅਤੇ ਉਸ ਕੋਲ ਸੀਨੀਅਰ ਮੰਤਰੀ ਦਾ ਵਿਭਾਗ ਹੋਵੇਗਾ। ਮੰਤਰੀ ਮੰਡਲ ਦੀਆਂ ਸੀਟਾਂ ਹਰੇਕ ਪਾਰਟੀ ਕੋਲ ਸੀਟਾਂ ਦੀ ਗਿਣਤੀ ਦੇ ਅਨੁਪਾਤ ਵਿੱਚ ਵੰਡੀਆਂ ਜਾਣਗੀਆਂ।

ਬੀ ਸੀ ਯੁਨਾਈਟਡ ਵਲੋਂ ਉਕਤ ਕੀਤੀ ਗਈ ਪੇਸ਼ਕਸ਼ ਬੀ ਸੀ ਕੰਸਰਵੇਟਿਵ ਆਗੂ ਨੂੰ ਪਸੰਦ ਨਹੀ ਆਈ ਤੇ ਉਹਨਾਂ ਨੇ ਇਸ ਪੇਸ਼ਕਸ਼ ਦਾ ਕੋਈ ਬਦਲ ਵੀ ਨਹੀਂ ਸੁਝਾਇਆ। ਸਮਝਿਆ ਜਾਂਦਾ ਹੈ ਕਿ ਬੀ ਸੀ ਕੰਸਰਵੇਟਿਵ ਆਗੂ ਹਰ ਹਾਲ ਪ੍ਰੀਮੀਅਰ ਅਹੁਦਾ ਲੈਣ ਲਈ ਬਜਿਦ ਹਨ, ਜਿਸ ਕਾਰਣ ਦੋਵਾਂ ਪਾਰਟੀਆਂ ਵਿਚਾਲੇ ਅਜੇ ਤੱਕ ਕੋਈ ਸਮਝੌਤਾ ਸਿਰੇ ਚੜਦਾ ਨਜ਼ਰ ਨਹੀ ਆਉਂਦਾ।