Headlines

ਸੰਧੂ ਸਮੁੰਦਰੀ ਉਸ ਪਰਿਵਾਰ ਦਾ ਸੰਤਾਨ ਹੈ ਜਿਨ੍ਹਾਂ ਨੇ ਸਿੱਖੀ ਲਈ ਜੀਵਨ ਬਲੀਦਾਨ ਦਿੱਤਾ – ਮੋਦੀ

ਦੀਨਾਨਗਰ ਵਿਚ ਭਾਜਪਾ ਦੀ ਵਿਸ਼ਾਲ ਰੈਲੀ-

ਦੀਨਾਨਗਰ/ਗੁਰਦਾਸਪੁਰ/ਅੰਮ੍ਰਿਤਸਰ 24 ਮਈ () ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅੱਜ ਦੀਨਾਨਗਰ ਵਿੱਚ ਇੱਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਸਲਾਹਿਆ। ਇੰਨਾ ਹੀ ਨਹੀਂ ਉਨ੍ਹਾਂ ਸੰਧੂ ਸਮੁੰਦਰੀ ਨੂੰ ਸਿੱਖ ਧਰਮ ਲਈ ਕੁਰਬਾਨੀ ਦੇਣ ਵਾਲੇ ਪਰਿਵਾਰ ਦਾ ਸੰਤਾਨ ਦੱਸਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿੱਚ ਤਰਨਜੀਤ ਸਿੰਘ ਸੰਧੂ ਸਮੁੰਦਰੀ ਬਾਰੇ ਕਿਹਾ ਕਿ ਅੰਮ੍ਰਿਤਸਰ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ, ਅਸੀਂ ਪਿਛਲੇ ਦਸ ਸਾਲਾਂ ਤੋਂ ਇਕੱਠੇ ਕੰਮ ਕਰ ਰਹੇ ਹਾਂ। ਸੰਧੂ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਰਹਿ ਚੁੱਕੇ ਹਨ। ਅਮਰੀਕਾ ਵਿੱਚ ਸੰਧੂ ਦੀ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ (ਸੰਧੂ) ਨੇ ਅਮਰੀਕਾ ਵਿੱਚ ਭਾਰਤ ਦਾ ਮਾਣ ਵਧਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਗੁਰਦੁਆਰਾ ਸੁਧਾਰ ਲਹਿਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੋਢੀਆਂ ਵਿੱਚੋਂ ਇੱਕ ਸਰਦਾਰ ਤੇਜਾ ਸਿੰਘ ਸਮੁੰਦਰੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੰਧੂ ਇੱਕ ਅਜਿਹੇ ਪਰਿਵਾਰ ਦਾ ਸੰਤਾਨ ਹੈ ਜਿਸ ਨੇ ਸਿੱਖ ਧਰਮ ਲਈ ਆਪਣਾ ਜੀਵਨ ਕੁਰਬਾਨ ਕੀਤਾ। ਇਹ ਉਨ੍ਹਾਂ ਦੀ ਔਲਾਦ ਹਨ, ਅਜਿਹੇ ਪਰਿਵਾਰ ਦਾ ਵਿਅਕਤੀ ਅੱਜ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ ਹੋਇਆ ਹੈ, ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਉਹ (ਸੰਧੂ) ਅੱਜ ਤੁਹਾਡੇ ਕੋਲ ਆਇਆ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਪੂਰੀ ਤਾਕਤ ਨਾਲ ਅਤੇ ਵੱਡੀ ਗਿਣਤੀ ਵਿੱਚ ਵੋਟ ਪਾਓ, ਕਮਲ ਦਾ ਬਟਨ ਦਬਾਓ ਅਤੇ ਇਹਨਾਂ ਸਾਰੇ ਸਾਥੀਆਂ ਨੂੰ ਜਿਤਾ ਕੇ ਦਿੱਲੀ ਭੇਜੋ। ਜਦੋਂ ਤੁਸੀਂ ਕਮਲ ਦਾ ਬਟਨ ਦਬਾਉਂਦੇ ਹੋ, ਤਾਂ ਉਹ ਵੋਟ ਸਿੱਧੇ ਮੋਦੀ ਦੇ ਖਾਤੇ ਵਿੱਚ ਜਾਵੇਗੀ।
ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸਭ ਤੋਂ ਪਹਿਲਾਂ ਗੁਰ ਫਤਹਿ ਬੁਲਾਈ। ਉਨ੍ਹਾਂ ਕਿਹਾ ਕਿ ਅਸੀਂ 2024 ਵਿੱਚ ਬੈਠੇ ਹਾਂ। ਭਾਰਤ ਇਸ ਸਮੇਂ ਦੁਨੀਆ ਦੇ ਸਿਖਰਲੇ ਪੰਜ ਦੇਸ਼ਾਂ ਵਿੱਚ ਪਹੁੰਚ ਗਿਆ ਹੈ ਅਤੇ ਜਲਦੀ ਹੀ ਸਿਖਰਲੇ ਤਿੰਨ ਵਿੱਚ ਪਹੁੰਚ ਜਾਵੇਗਾ।    ਦੁਨੀਆ ਦੀਆਂ ਵੱਡੀਆਂ ਕੰਪਨੀਆਂ ਭਾਰਤ ਵਿੱਚ ਫੈਕਟਰੀਆਂ ਲਗਾ ਰਹੀਆਂ ਹਨ। ਜਿਨ੍ਹਾਂ ਨੌਕਰੀਆਂ ਲਈ ਅਸੀਂ ਵਿਦੇਸ਼ ਜਾਂਦੇ ਹਾਂ, ਸਾਡੇ ਬੱਚੇ ਵਿਦੇਸ਼ ਜਾਂਦੇ ਹਨ, ਉਹ ਹੁਣ ਭਾਰਤ ਆ ਰਹੇ ਹਨ।  ਉਨ੍ਹਾਂ ਕਿਹਾ ਕਿ ਇਹ ਸਭ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਤੀਸ਼ੀਲ ਅਗਵਾਈ ਕਾਰਨ ਹੋਇਆ ਹੈ। ਮੈਂ ਖੁਦ ਅਮਰੀਕਾ ਵਿੱਚ ਚਾਰ ਸਾਲ ਰਾਜਦੂਤ ਰਿਹਾ, ਕਈ ਵੱਡੀਆਂ ਕੰਪਨੀਆਂ ਭਾਰਤ ਆਈਆਂ ਹਨ। ਜਿਨ੍ਹਾਂ ਕੋਲ ਆਧੁਨਿਕ ਤਕਨੀਕ ਹੈ।  ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ ਇੱਕ ਸੈਮੀਕੰਡਕਟਰ ਫੈਕਟਰੀ ਬਣਾਈ ਜਾ ਰਹੀ ਹੈ ਅਤੇ ਚੇਨਈ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਲਾਂਟ ਲਗਾਇਆ ਜਾ ਰਿਹਾ ਹੈ। ਉਨ੍ਹਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਦੀ ਤਰੱਕੀ ਦੇ ਬਾਵਜੂਦ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ। ਪੰਜਾਬ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਕਾਨੂੰਨ ਵਿਵਸਥਾ ਇੰਨੀ ਮਾੜੀ ਹੋ ਗਈ ਹੈ ਕਿ ਸਾਡੀਆਂ ਭੈਣਾਂ ਅਤੇ ਧੀਆਂ ਰਾਤ 8 ਵਜੇ ਤੋਂ ਬਾਅਦ ਬਾਹਰ ਜਾਣ ਬਾਰੇ ਸੋਚ ਵੀ ਨਹੀਂ ਸਕਦੀਆਂ। ਉਨ੍ਹਾਂ ਕਿਹਾ ਕਿ ਅੱਜ ਵੀ ਸਾਡੇ ਸ਼ਹਿਰਾਂ ਵਿੱਚ ਵੱਡੀਆਂ ਤੇ ਬੁਨਿਆਦੀ ਸਮੱਸਿਆਵਾਂ ਹਨ। ਸੀਵਰੇਜ ਅਤੇ ਪਾਣੀ, ਨਾਲੀਆਂ ਅਤੇ ਗੰਦਗੀ ਵਰਗੀਆਂ ਸਮੱਸਿਆਵਾਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਪਹਿਲਾ ਦਰਜਾ ਦਿਵਾਉਣ ਲਈ ਪੰਜਾਬ ਤੋਂ ਭਾਜਪਾ ਦੇ ਵੱਧ ਤੋਂ ਵੱਧ ਸੰਸਦ ਮੈਂਬਰ ਚੁਣੇ ਜਾਣ। ਉਨ੍ਹਾਂ ਕਿਹਾ ਕਿ ਭਾਜਪਾ ਲਗਾਤਾਰ ਤੀਜੀ ਵਾਰ ਦੇਸ਼ ਵਿੱਚ ਸਰਕਾਰ ਬਣਾ ਰਹੀ ਹੈ। ਉਨ੍ਹਾਂ ਨਰਿੰਦਰ ਮੋਦੀ ਸਰਕਾਰ ਨੂੰ ਸਥਿਰ ਰਖਣ ਵਿੱਚ ਯੋਗਦਾਨ ਪਾਉਣ ਲਈ ਕਮਲ ਦੇ ਫੁੱਲ ‘ਤੇ ਵੋਟ ਪਾਉਣ ਦੀ ਅਪੀਲ ਕੀਤੀ।