ਕੈਲਗਰੀ ( ਸ਼ਰਮਾ, ਜੱਲੋਵਾਲੀਆ) -ਸੈਸਕਾਟੂਨ ਵਿਚ 6 ਅਪ੍ਰੈਲ 2018 ਵਿਚ ਬ੍ਰੋਂਕੋਸ ਜੂਨੀਅਰ ਹਾਕੀ ਟੀਮ ਨਾਲ ਜੁੜੇ ਭਿਆਨਕ ਬੱਸ ਹਾਦਸੇ ਦਾ ਕਾਰਨ ਬਣਨ ਵਾਲੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਭਾਰਤ ਡਿਪੋਰਟ ਕਰਨ ਦੇ ਹੁਕਮ ਸੁਣਾਏ ਗਏ ਹਨ।
ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਨੇ ਜਸਕੀਰਤ ਸਿੰਘ ਸਿੱਧੂ ਖਿਲਾਫ 15 ਮਿੰਟ ਦੀ ਵਰਚੁਅਲ ਸੁਣਵਾਈ ਦੌਰਾਨ ਆਪਣਾ ਉਕਤ ਫੈਸਲਾ ਸੁਣਾਇਆ।
ਸੁਣਵਾਈ ਦੀ ਨਿਗਰਾਨੀ ਕਰਨ ਵਾਲੇ ਬੋਰਡ ਦੇ ਮੈਂਬਰ ਟ੍ਰੇਂਟ ਕੁੱਕ ਨੇ ਕਿਹਾ ਕਿ ਉਹ ਸਿੱਧੂ ਲਈ ਮਾਨਵੀ ਜਾਂ ਹਮਦਰਦੀ ਆਧਾਰ ਤੇ ਫੈਸਲਾ ਨਹੀ ਕਰ ਸਕਦਾ।
ਉਹਨਾਂ ਕਿਹਾ ਕਿ ਮੈਂ ਸਿੱਧੂ ਖਿਲਾਫ ਮੰਤਰੀ ਵਲੋਂ ਪੇਸ਼ ਕੀਤੀ ਰਿਪੋਰਟ ਨਾਲ ਸੰਤੁਸ਼ਟ ਹਾਂ ਕਿ ਉਸਨੂੰ ਦੇਸ਼ ਨਿਕਾਲੇ ਲਈ ਤੁਰੰਤ ਕਨੂੰਨੀ ਕਾਰਵਾਈ ਕਰਨ ਦੀ ਲੋੜ ਹੈ।
ਇਸ ਮੌਕੇ ਪੱਤਰਕਾਰਾਂ ਨੂੰ ਆਨਲਾਈਨ ਸੁਣਵਾਈ ਲਈ ਪਹੁੰਚ ਦਿੱਤੀ ਗਈ ਸੀ।
ਸਿੱਧੂ ਦੇ ਵਕੀਲ ਮਾਈਕਲ ਗ੍ਰੀਨ ਨੇ ਕਿਹਾ ਕਿ ਇਹ ਫੈਸਲਾ ਪਹਿਲਾਂ ਤੋਂ ਲਏ ਗਏ ਫੈਸਲੇ ਦਾ ਹੀ ਸਿੱਟਾ ਹੈ , ਕਿਉਂਕਿ ਸਿੱਧੂ ਨੂੰ ਡਿਪੋਰਟ ਕਰਨ ਲਈ ਜੋ ਕੁਝ ਜ਼ਰੂਰੀ ਸੀ ਉਹ ਇਸ ਗੱਲ ਦਾ ਸਬੂਤ ਹੈ ਕਿ ਉਹ ਕੈਨੇਡੀਅਨ ਨਾਗਰਿਕ ਨਹੀਂ ਹੈ ਅਤੇ ਉਸ ਨੇ ਗੰਭੀਰ ਅਪਰਾਧ ਕੀਤਾ ਹੈ।
ਸਿੱਧੂ ਭਾਰਤ ਦਾ ਰਹਿਣ ਵਾਲੇ ਹੈ ਤੇ ਉਹ 2014 ਵਿੱਚ ਕੈਨੇਡਾ ਆਇਆ ਸੀ।
2018 ਵਿੱਚ, ਕੈਲਗਰੀ ਵਿੱਚ ਰਹਿ ਰਹੇ ਟਰੱਕ ਡਰਾਈਵਰ ਸਿੱਧੂ ਨੇ ਟਿਸਡੇਲ, ਸੈਸਕਾਟੂਨ ਦੇ ਨੇੜੇ ਇੱਕ ਪੇਂਡੂ ਚੌਰਾਹੇ ‘ਤੇ ਇੱਕ ਸਟਾਪ ਸਾਈਨ ਉਪਰ ਜੂਨੀਅਰ ਹਾਕੀ ਟੀਮ ਦੀ ਬੱਸ ਨੂੰ ਟੱਕਰ ਮਾਰ ਦਿੱਤੀ ਜਿਸ ਵਿਚ 16 ਲੋਕਾਂ ਦੀ ਮੌਤ ਹੋ ਗਈ ਅਤੇ 13 ਜ਼ਖਮੀ ਹੋ ਗਏ ਸਨ।
ਸਿੱਧੂ ਨੂੰ ਖਤਰਨਾਕ ਡਰਾਈਵਿੰਗਲਈ ਦੋਸ਼ੀ ਮੰਨਿਆ ਗਿਆ ਤੇ ਉਸਨੂੰ ਅੱਠ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ । ਉਸ ਨੂੰ ਪਿਛਲੇ ਸਾਲ ਪੈਰੋਲ ਮਿਲੀ ਸੀ।
ਸ੍ਰੀ ਗ੍ਰੀਨ ਨੇ ਕਿਹਾ ਕਿ ਉਹ ਜਲਦੀ ਹੀ ਇੱਕ ਅਰਜ਼ੀ ਦਾਇਰ ਕਰਨ ਦੀ ਯੋਜਨਾ ਬਣਾ ਰਹੇ ਹਨ ਜਿਸ ਵਿੱਚ ਸਰਕਾਰ ਨੂੰ ਮਾਨਵੀ ਆਧਾਰ ‘ਤੇ ਸਿੱਧੂ ਦਾ ਪੀ ਆਰ ਦਰਜਾ ਵਾਪਸ ਕਰਨ ਲਈ ਕਿਹਾ ਜਾਵੇਗਾ।