Headlines

ਸੰਪਾਦਕੀ- ਆਰਜੀ ਵਿਦੇਸ਼ੀ ਕਾਮਿਆਂ ਲਈ ਓਪਨ ਵਰਕ ਪਰਮਿਟ ਹੀ ਸਰਲ ਤੇ ਕੁਸ਼ਲ ਪ੍ਰੋਗਰਾਮ….

ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵਲੋਂ ਅਸਥਾਈ-ਵਿਦੇਸ਼ੀ-ਵਰਕਰ ਪ੍ਰੋਗਰਾਮ ( ਟੈਂਪੋਰੇਰੀ ਫੌਰਨ ਵਰਕਰ ਪ੍ਰੋਗਰਾਮ) ਵਿੱਚ ਵੱਡੀਆਂ ਤਬਦੀਲੀਆਂ ਦਾ ਐਲਾਨ ਲਗਾਤਾਰ ਕੀਤਾ ਜਾ ਰਿਹਾ ਹੈ, ਪਰ ਅਸਲ ਤਬਦੀਲੀਆਂ ਪ੍ਰਚਾਰ ਤੋਂ ਬਿਲਕੁਲ ਅਲਗ ਹਨ। ਉਦਾਹਰਨ ਲਈ, ਕੁਝ ਸੈਕਟਰਾਂ ਵਿੱਚ ਘੱਟ ਤਨਖ਼ਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਸੰਖਿਆ ਨੂੰ ਪਿਛਲੀ 30-ਫ਼ੀਸਦੀ-ਸੀਮਾ ਦੀ ਬਜਾਏ ਹਾਲ ਹੀ ਵਿੱਚ 20 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ।  ਇੱਕ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ (LMIA) ਹੁਣ ਇੱਕ ਸਾਲ ਦੀ ਬਜਾਏ ਕੇਵਲ ਛੇ ਮਹੀਨੇ ਤੱਕ ਹੋਵੇਗੀ। ਜਿਕਰਯੋਗ ਹੈ ਕਿ ਲੇਬਰ ਮੁਲਾਂਕਣਾਂ ਦੀ ਵਰਤੋਂ ਇਹ ਨਿਰਧਾਰਿਤ ਕਰਨ ਲਈ ਕੀਤੀ ਜਾਂਦੀ ਹੈ ਕਿ ਕਿਸੇ ਵਿਦੇਸ਼ੀ ਕਾਮੇ ਨੂੰ ਨੌਕਰੀ ਤੇ ਰੱਖਣ ਨਾਲ ਕਿਸੇ ਕੈਨੇਡੀਅਨ ਸ਼ਹਿਰੀ ਦੀ ਨੌਕਰੀ ਉਪਰ ਕੋਈ ਅਸਰ ਤਾਂ ਨਹੀ ਪੈਂਦਾ ਜਾਂ ਸਬੰਧਿਤ ਨੌਕਰੀ ਲਈ ਕੈਨੇਡੀਅਨ ਸ਼ਹਿਰੀ ਉਪਲਬਧ ਨਹੀ ਹਨ। ਪਿਛਲੇ ਦਿਨੀਂ  ਸੈਨੇਟ ਦੀ ਟੈਪੋਰੇਰੀ ਵਰਕ ਪਰਮਿਟ ਪ੍ਰੋਗਰਾਮ ਬਾਰੇ ਇੱਕ ਰਿਪੋਰਟ ਵਿਚ ਕਈ ਤਬਦੀਲੀਆਂ ਦਾ ਪ੍ਰਸਤਾਵ ਹੈ।

ਕੈਨੇਡੀਅਨ ਆਰਥਿਕਤਾ ਉਪਰ ਅਸਥਾਈ ਵਿਦੇਸ਼ੀ ਕਾਮਿਆਂ ਦੇ ਪ੍ਰਭਾਵ ਬਾਰੇ ਚਿੰਤਾ ਨੇ ਮਜ਼ਦੂਰਾਂ ਦੀ ਭਲਾਈ ਤੇ ਉਹਨਾਂ ਦੇ ਹਿੱਤਾਂ ਦੀ ਸੁਰੱਖਿਆ ਦੀ ਚਿੰਤਾ ਨੂੰ ਭੁਲਾ ਦਿੱਤਾ ਹੈ, ਜੋ ਕਿ ਕੋਈ ਘੱਟ ਮਹੱਤਵਪੂਰਨ ਨਹੀਂ ਹੈ।

ਅਸਥਾਈ ਵਿਦੇਸ਼ੀ ਕਾਮਿਆਂ ਨੂੰ ਨੌਕਰਸ਼ਾਹੀ ਦੇ ਝਮੇਲੇ ਅਤੇ ਕਾਰੋਬਾਰੀ ਮਾਲਕਾਂ ਤੋਂ ਸੁਰਖਿਆ ਪ੍ਰਦਾਨ ਕਰਨ ਲਈ ਓਪਨ ਵਰਕ ਪਰਮਿਟ ਪ੍ਰੋਗਰਾਮ ਅਤਿ ਲੋੜੀਂਦਾ ਹੈ ਤਾਂਕਿ ਕੋਈ ਵੀ ਅਸਥਾਈ ਵਿਦੇਸ਼ੀ ਵਰਕਰ ਇੱਕ ਨੌਕਰੀ ਛੱਡਣ ਅਤੇ ਨਵੀਂ ਨੌਕਰੀ ਲਈ ਅਰਜ਼ੀ ਦੇਣ ਲਈ ਓਪਨ ਵਰਕ ਪਰਮਿਟ ਦਾ ਫਾਇਦਾ ਲੈ ਸਕੇ।

ਹਰ ਸਾਲ, ਬਹੁਤ ਸਾਰੇ ਕਾਰੋਬਾਰੀ ਮਾਲਕਾਂ ਨੂੰ ਕਰਮਚਾਰੀਆਂ ਨਾਲ ਦੁਰਵਿਵਹਾਰ ਕਰਨ ਜਾਂ ਟੈਂਪੋਰੇਰੀ ਵਰਕਰ ਪ੍ਰੋਗਰਾਮ ਦੀ ਦੁਰਵਰਤੋਂ ਕਰਨ ਲਈ ਜੁਰਮਾਨਾ ਜਾਂ ਬਲੈਕਲਿਸਟ ਕੀਤਾ ਜਾਂਦਾ ਹੈ। ਸਪੱਸ਼ਟ ਹੈ ਇਸ ਪ੍ਰੋਗਰਾਮ ਤਹਿਤ ਜੋ ਵੀ ਉਪਬੰਧ ਹਨ ਉਹ ਇਸਦੀ ਦੁਰਵਰਤੋਂ  ਨੂੰ ਰੋਕਣ ਦੇ ਯੋਗ ਨਹੀਂ ਹਨ।  ਬੇਈਮਾਨ ਰੁਜ਼ਗਾਰਦਾਤਾ ਜੋ ਆਪਣੇ ਕਾਰੋਬਾਰਾਂ ਵਿਚ ਕੈਨੇਡੀਅਨ ਕਾਮਿਆਂ ਨੂੰ ਭਰਤੀ ਕਰਨ ਦੀ ਬਿਜਾਏ ਵਿਦੇਸ਼ੀ ਕਾਮਿਆਂ ਨੂੰ ਤਰਜੀਹ ਦਿੰਦੇ ਹਨ, ਉਹ ਵਿਦੇਸ਼ੀ ਕਾਮਿਆਂ ਨੂੰ ਘੱਟ ਤਨਖਾਹਾਂ ਉਪਰ ਰੱਖਦੇ ਹਨ ਤੇ ਚਾਹੁੰਦੇ ਹਨ ਕਿ ਉਹਨਾਂ ਦੇ ਕਾਮੇ ਉਹਨਾਂ ਉਪਰ ਨਿਰਭਰ ਰਹਿਣ ਤੇ ਕਿਤੇ ਛੱਡਕੇ ਨਾ ਜਾਣ। ਇਸ ਨਾਲ ਕੈਨੇਡੀਅਨ ਕਾਮਿਆਂ ਦੇ ਹਿੱਤਾਂ ਦਾ ਨੁਕਸਾਨ ਹੋਣ ਦੇ ਨਾਲ ਵਿਦੇਸ਼ੀ ਕਾਮਿਆਂ ਦਾ ਵੀ ਸੋਸ਼ਣ ਹੁੰਦਾ ਹੈ।

ਵਰਤਮਾਨ ਹਾਲਾਤ ਵਿਚ, ਅਸਥਾਈ ਵਿਦੇਸ਼ੀ ਕਾਮਿਆਂ ਨੂੰ ਅਜਿਹੇ ਹਾਲਾਤ ਵਿਚ ਓਪਨ  ਵਰਕ ਪਰਮਿਟ ਦਿੱਤਾ ਜਾਂਦਾ ਹੈ ਜੇਕਰ ਉਹ ਇਹ ਸਾਬਤ ਕਰ ਸਕਦੇ ਹਨ ਕਿ ਉਹਨਾਂ ਨਾਲ ਕੰਮ ਵਾਲੀ ਥਾਂ ਉਪਰ  ਦੁਰਵਿਵਹਾਰ ਕੀਤਾ ਗਿਆ ਹੈ। ਹਾਲਾਂਕਿ, ਕੁਝ ਕਿਸਮ ਦੇ ਦੁਰਵਿਵਹਾਰ ਨੂੰ ਦੂਜਿਆਂ ਨਾਲੋਂ ਸਾਬਤ ਕਰਨਾ ਆਸਾਨ ਹੁੰਦਾ ਹੈ – ਤਨਖਾਹ ਦੀ ਚੋਰੀ ਨੂੰ ਦਿਖਾਉਣ ਲਈ ਇੱਕ ਪੇਅ ਸਟੱਬ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਜਿਨਸੀ ਪਰੇਸ਼ਾਨੀ ਜਾਂ ਜਿਸਮਾਨੀ ਹਮਲੇ ਵਾਲੀ ਸਥਿਤੀ ਨੂੰ ਸਾਬਤ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਓਪਨ ਵਰਕ ਪਰਮਿਟ ਕਾਮਿਆਂ ਨੂੰ ਹੋਰ ਰੁਜ਼ਗਾਰ ਦੀ ਭਾਲ ਕਰਨ ਦੀ ਇਜਾਜ਼ਤ ਦਿੰਦੇ ਹਨ ਭਾਵੇਂ ਉਹ ਇਹ ਸਾਬਤ ਨਾ ਕਰ ਸਕਣ ਕਿ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ, ਜਾਂ ਨਹੀਂ ।

ਓਪਨ ਵਰਕ ਪਰਮਿਟ ਪੂੰਜੀਵਾਦ ਦੇ ਖੁਲੀ ਮੰਡੀ ਦੇ ਸਿਧਾਂਤ ਨਾਲ ਮੇਲ ਖਾਂਦਾ ਹੈ। ਇੱਕ ਮੁਕਤ ਬਜ਼ਾਰ ਵਿੱਚ, ਕਾਮੇ ਨੌਕਰੀਆਂ ਪ੍ਰਾਪਤ ਕਰਨ ਸੁਤੰਤਰ ਰੂਪ ਵਿੱਚ ਘੁੰਮ ਸਕਦੇ ਹਨ। ਜਿਵੇਂ ਕਿ ਕਰਮਚਾਰੀ ਬਿਹਤਰ ਨੌਕਰੀਆਂ ਲੈਣ ਲਈ ਇੱਧਰ-ਉੱਧਰ ਜਾਂਦੇ ਹਨ, ਸਾਰੇ ਕਾਮਿਆਂ ਲਈ ਤਨਖਾਹ ਅਤੇ ਕੰਮ ਦੀਆਂ ਸਥਿਤੀਆਂ ਵਿੱਚ ਸੁਧਾਰ ਹੁੰਦਾ ਹੈ। ਜੇਕਰ ਕੈਨੇਡਾ ਵਿੱਚ ਸੱਚਮੁੱਚ ਮਜ਼ਦੂਰਾਂ ਦੀ ਘਾਟ ਹੈ, ਤਾਂ ਇੱਕ ਅਸਥਾਈ ਵਿਦੇਸ਼ੀ ਕਾਮੇ ਦਾ ਇੱਕ ਨੌਕਰੀ ਛੱਡ ਕੇ ਦੂਜੀ ਨੌਕਰੀ ਲੈਣਾ ਦੇਸ਼ ਦੀਆਂ ਆਰਥਿਕ ਲੋੜਾਂ ਦੀ ਪੂਰਤੀ ਲਈ ਦਰੁਸਤ ਹੈ।

 

ਲੇਬਰ ਮਾਰਕੀਟ ਦੇ ਨਰਮ ਨਿਯਮਾਂ ਦੇ ਬਾਵਜੂਦ, ਕਾਰੋਬਾਰੀ ਮਾਲਕ ਅਸਥਾਈ ਵਿਦੇਸ਼ੀ ਕਾਮਿਆਂ ਦੀ ਭਰਤੀ ਨੂੰ ਤਰਜੀਹ ਦਿੰਦੇ ਹਨ।

ਕੁਝ ਰੁਜ਼ਗਾਰਦਾਤਾ ਇਹ ਦਲੀਲ ਦਿੰਦੇ ਹਨ ਕਿ ਕਿਉਂਕਿ ਉਹ ਇੱਕ ਅਸਥਾਈ ਵਿਦੇਸ਼ੀ ਕਰਮਚਾਰੀ ਨੂੰ ਨੌਕਰੀ ‘ਤੇ ਰੱਖਣ ਲਈ ਐਲ ਐਮ ਆਈ ਲਈ $1,000 ਦੀ ਫੀਸ ਭਰਦੇ ਹਨ। ਇਸ ਲਈ ਉਹ ਇੱਕ ਵਿਦੇਸ਼ੀ ਕਰਮਚਾਰੀ ਦੀ ਉਮੀਦ ਕਰਦੇ ਹਨ, ਉਹਨਾਂ ਲਈ ਲੰਬਾ ਸਮਾਂ ਕੰਮ ਕਰੇ। ਰੁਜ਼ਗਾਰਦਾਤਾ ਖਾਸ ਤੌਰ ‘ਤੇ ਕਿਸੇ ਅਸਥਾਈ ਵਿਦੇਸ਼ੀ ਕਰਮਚਾਰੀ ਨੂੰ ਭਰਤੀ ਕਰਨ ਲਈ ਫੀਸ ਨਹੀਂ ਭਰਨਾ ਚਾਹੁੰਦੇ ਜਿਸਤੋਂ ਉਹਨਾਂ ਨੂੰ ਕਿਸੇ ਹੋਰ ਕਾਰੋਬਾਰੀ ਪ੍ਰਤੀਯੋਗੀ ਕੋਲ ਜਾਣ ਦਾ ਖਤਰਾ ਹੋਵੇ ।

ਹਾਲ ਹੀ ਵਿੱਚ ਸੈਨੇਟ ਦੀ ਰਿਪੋਰਟ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਇਕ ਸੈਕਟਰ-ਵਿਸ਼ੇਸ਼ ਵਰਕ ਪਰਮਿਟ ਜਾਰੀ ਕਰਨੇ  ਚਾਹੀਦੇ ਹਨ ਤਾਂ ਜੋ ਉਹਨਾਂ ਨੂੰ ਨੌਕਰੀ ਛੱਡਣ ਦੀ ਸੂਰਤ ਵਿਚ ਨਵੀਂ ਲਈ ਅਰਜ਼ੀ ਲਈ ਕੋਈ ਮੁਸ਼ਕਲ ਨਾ ਆਵੇ, ਜਦੋਂ ਤੱਕ ਕਿ ਉਹ ਉਸੇ ਉਦਯੋਗ ਵਿੱਚ ਹਨ। ਕੈਨੇਡੀਅਨ ਕੰਪਨੀਆਂ ਆਪਣੇ ਹਾਲੀਆ ਕੈਨੇਡੀਅਨ ਸਿਸਟਮ ਤੋਂ ਕੁਝ ਵੀ ਵੱਖਰਾ ਕਰਨ ਨਹੀ ਜਾ ਰਹੀਆਂ। ਗੂਗਲ ਅਚਾਨਕ ਖੇਤੀਬਾੜੀ ਕਰਮਚਾਰੀਆਂ ਦੀ ਭਰਤੀ ਸ਼ੁਰੂ ਨਹੀਂ ਕਰਨ ਜਾ ਰਿਹਾ ਹੈ। ਉਸਦਾ ਕਹਿਣਾ ਹੈ ਕਿ, ਜੇਕਰ ਇੱਕ ਕਰਮਚਾਰੀ ਨੇ ਤਬਾਦਲਾ ਯੋਗ ਹੁਨਰ ਅਤੇ ਇੱਕ ਸੋਸ਼ਲ ਨੈਟਵਰਕ ਵਿਕਸਿਤ ਕੀਤਾ ਹੈ ਜੋ ਉਹਨਾਂ ਨੂੰ ਇੱਕ ਬਿਹਤਰ ਨੌਕਰੀ ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦਾ ਹੈ, ਤਾਂ ਕਿਉਂ ਨਾ ਉਹਨਾਂ ਨੂੰ ਕੁਝ ਬੇਹਤਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ? ਇਸ ਨਾਲ ਵਰਕਰ ਅਤੇ ਕੈਨੇਡੀਅਨ ਕੰਪਨੀਆਂ ਦੋਵਾਂ ਨੂੰ ਫਾਇਦਾ ਹੋਵੇਗਾ ।

ਕੁਝ ਲੋਕਾਂ ਦਾ ਹੈ ਕਿ  ਵਰਕ ਪਰਮਿਟ ਦੇ ਸਿਸਟਮ ਨੂੰ ਖਤਮ ਕਰਕੇ ਕੈਨੇਡਾ ਪੁੱਜਣ ਵਾਲੇ ਸਾਰੇ ਕਾਮਿਆਂ ਨੂੰ ਸਥਾਈ ਨਿਵਾਸ (ਪੀ ਆਰ) ਪ੍ਰਦਾਨ ਕਰਨ ਦੀ ਲੋੜ ਹੈ ਜਿਸ ਨਾਲ ਸਾਰੇ ਕੈਨੇਡੀਅਨ ਕਾਮਿਆਂ ਕੋਲ ਰੁਜ਼ਗਾਰ ਦੇ ਸਾਰੇ ਅਧਿਕਾਰ ਹੋਣਗੇ। ਬਦਕਿਸਮਤੀ ਨਾਲ, ਇਹ ਪਹੁੰਚ ਇੱਕ ਵਿਦੇਸ਼ੀ ਕਰਮਚਾਰੀ ਨੂੰ ਨਿਯੁਕਤ ਕਰਨ ਦੀ ਪ੍ਰਕਿਰਿਆ ਨੂੰ ਹੋਰ ਗੁੰਝਲਦਾਰ ਅਤੇ ਧੀਮੀ ਕਰਨ ਵਾਲੀ ਹੈ। ਪਹਿਲਾਂ ਹੀ ਐਲ ਐਮ ਆਈ ਏ ਲੈਣ ਦੀ ਪ੍ਰਕਿਰਿਆ ਨੂੰ ਕਈ ਮਹੀਨੇ ਲੱਗ ਜਾਂਦੇ ਹਨ  ਅਤੇ ਜੇਕਰ ਕਾਮਿਆਂ ਲਈ ਸਥਾਈ ਨਿਵਾਸ ਵਾਲੀ ਪ੍ਰ੍ਕਿਰਿਆ ਜੋੜੀ ਜਾਂਦੀ ਹੈ ਤਾਂ ਇਹ ਲੇਬਰ ਮਾਰਕੀਟ ਅਤੇ ਆਰਥਿਕਤਾ ਲਈ ਹੋਰ ਵੀ ਮੁਸ਼ਕਲਾਂ ਪੈਦਾ ਕਰਨ ਵਾਲਾ ਹੋਵੇਗਾ।  ਇਸ ਸਭ ਨੂੰ ਵੇਖਦਿਆਂ ਓਪਨ ਵਰਕ ਪਰਮਿਟ ਹੀ ਇਕ ਸਰਲ ਅਤੇ ਵਧੇਰੇ ਕੁਸ਼ਲ ਪ੍ਰੋਗਰਾਮ ਹੈ ।- ਧੰਨਵਾਦ ਸਹਿਤ-ਪ੍ਰੋ ਕੈਥਰੀਨ ਕੋਨੇਲੀ