Headlines

ਪੰਜਾਬ ਦੇ ਭਲੇ ਲਈ ਅਕਾਲੀ ਦਲ ਦੀ ਮਜ਼ਬੂਤੀ ਜ਼ਰੂਰੀ- ਡਾ ਚੀਮਾ

ਗੁਰਦਾਸਪੁਰ ਚੋਣ ਮਹਿੰਮ ਦੌਰਾਨ ਡਾ ਚੀਮਾ ਨੂੰ ਆਮ ਲੋਕਾਂ ਵਲੋਂ ਭਰਵਾਂ ਹੁੰਗਾਰਾ-

ਗੁਰਦਾਸਪੁਰ ( ਦੇ ਪ੍ਰ ਬਿ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਪਾਰਟੀ ਨਾਲ ਜੁੜੇ ਸਮਰਥਕਾਂ ਅਤੇ ਆਮ ਲੋਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਕ ਪੜੇ ਲਿਖੇ, ਵਿਦਵਾਨ ਤੇ ਇਮਾਨਦਾਰ ਛਵੀ ਵਾਲੇ ਡਾ ਚੀਮਾ ਦੀਆਂ ਚੋਣ ਮੀਟਿੰਗਾਂ ਰੈਲੀਆਂ ਦਾ ਰੂਪ ਧਾਰ ਰਹੀਆਂ ਹਨ। ਪਿਛਲੇ ਦਿਨਾਂ ਤੋਂ ਉਹਨਾਂ ਵਲੋਂ ਫਤਿਹਗੜ ਚੂੜੀਆਂ, ਬਟਾਲਾ, ਕਲਾਨੌਰ, ਦੀਨਾਨਗਰ, ਸੁਜਾਨਪੁਰ ਤੇ ਭੋਆ ਵਿਚ ਵੱਡੀਆਂ ਰੈਲੀਆਂ ਕਰਦਿਆਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਗਰ ਲੋਕ ਉਹਨਾਂ ਨੂੰ ਇਲਾਕੇ ਦੀ ਸੇਵਾ ਦਾ ਮੌਕਾ ਦਿੰਦੇ ਹਨ ਤਾਂ ਉਹ ਪੂਰੀ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਲੋਕ ਸਭਾ ਵਿਚ ਹਲਕੇ ਦੀ ਆਵਾਜ਼ ਬੁਲੰਦ ਕਰਨਗੇ। ਇਸੇ ਦੌਰਾਨ ਬੀਤੀ ਦਿਨੀ ਸੀਨੀਅਰ ਆਗੂ ਗੁਰਬਚਨ ਸਿੰਘ ਬੱਬੇਹਾਲੀ ਦੇ ਪਿੰਡ ਬੱਬੇਹਾਲੀ ਵਿਖੇ ਅਤੇ   ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਹੇਠ ਪਿੰਡ ਜ਼ਫਰਵਾਲ ਵਿੱਚ ਭਾਰੀ ਚੋਣ ਮੀਟਿੰਗ ਹੋਈ। ਇਸ ਦੌਰਾਨ ਸੰਬੋਧਨ ਕਰਦਿਆਂ ਡਾ. ਚੀਮਾ ਨੇ ਕਿਹਾ ਕਾਂਗਰਸ ’ਤੇ ਤਿਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਭਾਰਤੀ ਜਨਤਾ ਪਾਰਟੀ ਵੀ ਸਿੱਖ ਵਿਰੋਧੀ ਜਮਾਤ ਹੈ, ਜੋ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇ ਕੇ ਸਿੱਖ ਸ਼ਕਤੀ ਖਤਮ ਕਰਨਾ ਚਾਹੁੰਦੀ ਹੈ। ਉਹਨਾਂ ਹੋਰ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਹੀ ਇਕੋ ਇਕ ਅਜਿਹੀ ਪਾਰਟੀ ਹੈ ਜੋ ਪੰਜਾਬੀਆਂ ਤੇ ਸਿੱਖਾਂ ਦੀ ਪ੍ਰਤੀਨਿਧ ਪਾਰਟੀ ਹੈ। ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਤੇ ਹੱਕਾਂ ਦੀ ਲੜਾਈ ਲੜੀ ਹੈ ਤੇ ਪੰਜਾਬੀਆਂ ਨੂੰ ਇਕ ਯੋਗ ਅਗਵਾਈ ਪ੍ਰਦਾਨ ਕੀਤੀ ਹੈ। ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿਚ ਬਾਹਰੋਂ ਆਏ ਇਕ ਧਾੜਵੀ ਟੋਲੇ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਥਿਆਉਣ ਲਈ ਅਕਾਲੀ ਦਲ ਨੂੰ ਵੀ ਬਦਨਾਮ ਕਰਨ ਦੀ ਕੋਈ ਕਸਰ ਨਹੀ ਛੱਡੀ ਪਰ ਹੁਣ ਇਸ ਲਿਫਾਫੇਬਾਜ਼ ਪਾਰਟੀ ਦੀ ਅਸਲੀਅਤ ਲੋਕਾਂ ਸਾਹਮਣੇ ਜੱਗ ਜ਼ਾਹਰ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਕੱਟੜ ਇਮਾਨਦਾਰੀ ਦੇ ਦਾਅਵੇ ਦਿੱਲੀ ਦੀ ਸ਼ਰਾਬ ਘੁਟਾਲਾ ਨੀਤੀ ਨੇ ਬੇਪਰਦ ਕਰ ਦਿੱਤੇ ਹਨ। ਸੁਪਰੀਮ ਕੋਰਟ ਵਲੋਂ ਉਸਨੂੰ ਚੋਣ ਪ੍ਰਚਾਰ ਦੇ ਨਾਮ ਹੇਠ ਜ਼ਮਾਨਤ ਤੇ ਰਿਹਾਅ ਕੀਤਾ ਗਿਆ ਹੈ। ਉਹਨਾਂ ਭਗਵੰਤ ਮਾਨ ਦੀ ਆਪ ਸਰਕਾਰ ਨੂੰ ਗੱਪੀਆਂ ਤੇ ਧੋਖੇਬਾਜ਼ਾਂ ਦਾ ਸਰਕਾਰ ਕਰਾਰ ਦਿੰਦਿਆਂ ਕਿਹਾ ਕਿ ਉਹ ਲੋਕ ਸਭਾ ਚੋਣਾਂ ਵਿਚ ਆਪਣੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨੂੰ ਉਮੀਦਵਾਰ ਬਣਾਕੇ ਪੰਜਾਬ ਦੇ ਲੋਕਾਂ ਨੂੰ ਮੁੜ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ। ਉਹਨਾਂ ਸਵਾਲ ਕੀਤਾ ਕਿ  ਆਮ ਲੋਕਾਂ ਦੀ ਪਾਰਟੀ ਹੋਣ ਦਾ ਦਾਅਵੇ ਕਰਨ ਵਾਲੇ ਆਗੂਆਂ ਨੇ ਹੁਣ ਲੋਕ ਸਭਾ ਚੋਣਾਂ ਵਿਚ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਪਾਰਟੀ ਉਮੀਦਵਾਰ ਕਿਊਂ ਨਹੀ ਬਣਾਇਆ। ਰੱਬ ਨਾ ਕਰੇ ਅਗਰ ਆਪ ਦੇ ਮੰਤਰੀ ਲੋਕ ਸਭਾ ਚੋਣਾਂ ਜਿੱਤ ਜਾਂਦੇ ਹਨ ਤਾਂ ਉਹਨਾਂ ਦੇ ਹਲਕਿਆਂ ਚੋ ਉਪ ਚੋਣਾਂ ਲਈ ਖਰਚੇ ਅਤੇ ਸਮੇਂ ਦੀ ਬਰਬਾਦੀ ਲਈ ਜਿੰਮੇਵਾਰ ਕੌਣ ਹੋਵੇਗਾ। ਉਹਨਾਂ ਲੋਕਾਂ ਨੂੰ ਫਰੇਬੀ ਪਾਰਟੀਆਂ ਤੇ ਆਗੂਆਂ ਤੋਂ ਸੁਚੇਤ ਕਰਦਿਆਂ ਪੰਜਾਬ ਅਤੇ ਆਪਣੇ ਲੋਕਾਂ ਦੇ ਭਲੇ ਲਈ ਅਕਾਲੀ ਦਲ ਨਾਲ ਖੜਨ ਤੇ ਇਸਨੂੰ ਮੁੜ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਇਸੇ ਦੌਰਾਨ ਦੀਨਾਨਗਰ ਵਿਖੇ ਇਕ ਭਾਰੀ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ ਡਾ ਚੀਮਾ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਗੁਰਦਾਸਪੁਰ ਦੇ ਜੰਮਪਲ ਡਾ ਚੀਮਾ ਜਿਹੇ ਆਗੂ ਹੀ ਗੁਰਦਾਸਪੁਰ ਦੀ ਸਹੀ ਪ੍ਰਤੀਨਿਧਤਾ ਕਰਨ ਦੇ ਯੋਗ ਹਨ।