ਔਰਤਾਂ ਲਈ ਨੌਕਰੀਆਂ ‘ਚ 50% ਹਿੱਸੇਦਾਰੀ ਯਕੀਨੀ ਬਣਾਉਣ ਦਾ ਵੀ ਦਿੱਤਾ ਭਰੋਸਾ
ਡਾਕਟਰ ਗਾਂਧੀ ਦੇ ਹੱਕ ਵਿੱਚ ਪ੍ਰਚਾਰ ਲਈ ਪਟਿਆਲਾ ਪੁੱਜੀ ਪ੍ਰਿਯੰਕਾ ਗਾਂਧੀ
ਪਟਿਆਲਾ, 27 ਮਈ (ਪਰਮਜੀਤ ਸਿੰਘ ਪਰਵਾਨਾ) ਪਟਿਆਲਾ ਪਾਰਲੀਮਾਨੀ ਹਲਕੇ ਤੋਂ ਕਾਂਗਰਸ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਾਰਟੀ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਿਸ਼ੇਸ਼ ਤੌਰ ‘ਤੇ ਇੱਥੇ ਪੁੱਜੇ। ਉਨ੍ਹਾਂ ‘ਨਾਰੀ ਨਿਆਂ ਸੰਮੇਲਨ’ ਤਹਿਤ ਹਜ਼ਾਰਾਂ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਭ ਤੋਂ ਪਹਿਲਾਂ ਪੰਜਾਬ ਨਾਲ਼ ਆਪਣੀ ਸਾਂਝ ਦਾ ਹਵਾਲਾ ਦਿੰਦਿਆਂ ਕਿਹਾ ਕਿ “ਮੈਂ ਪੰਜਾਬੀ ਪਰਿਵਾਰ ਦੀ ਨੂੰਹ ਹਾਂ ਅਤੇ ਪੰਜਾਬੀਅਤ ਦੀ ਸੇਵਾ ਭਾਵਨਾ, ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦੇ ਵਿਚਾਰ ਨੂੰ ਸਮਝਦੀ ਹਾਂ”।
ਅੱਜ ਦੀ ਔਰਤ ਆਪਣੇ ਪਰਿਵਾਰ ਦੀ ਕਮਾਈ ਵਿੱਚ ਹਿੱਸੇਦਾਰ ਬਣਨਾ ਚਾਹੁੰਦੀ ਹੈ, ਚੰਗਾ ਰੁਜ਼ਗਾਰ ਕਰਨਾ ਅਤੇ ਅੱਗੇ ਵਧਣਾ ਚਾਹੁੰਦੀ ਹੈ ਪਰ ਕੇਂਦਰ ਸਰਕਾਰ ਔਰਤਾਂ ਨੂੰ ਸੁਰੱਖਿਅਤ ਅਤੇ ਰੁਜ਼ਗਾਰ ਦਾ ਮਾਹੌਲ ਦੇਣ ਵਿੱਚ ਅਸਫ਼ਲ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਿਆਨ ਆਪਣੇ ਅਹੁਦੇ ਦੀ ਮਰਿਯਾਦਾ ਨੂੰ ਭੰਗ ਕਰਨ ਵਾਲ਼ੇ ਹਨ। ਪ੍ਰਧਾਨ ਮੰਤਰੀ ਵੱਡੇ ਵੱਡੇ ਝੂਠ ਬੋਲਦਿਆਂ ਅਤੇ ਲੋਕਾਂ ਨੂੰ ਗੁਮਰਾਹ ਕਰਦਿਆਂ ਕਦੇ ਕਹਿੰਦੇ ਹਨ ਕਿ ਕਾਂਗਰਸ ਤੁਹਾਡੀ ਮੱਝ ਖੋਲ੍ਹ ਕੇ ਲੈ ਜਾਵੇਗੀ ਅਤੇ ਕਦੇ ਕਹਿੰਦੇ ਹਨ ਕਿ ਕਾਂਗਰਸ ਔਰਤਾਂ ਦੇ ਮੰਗਲਸੂਤਰ ਖੋਹ ਲਵੇਗੀ ਜਦਕਿ ਉਨ੍ਹਾਂ ਦੇ ਰਾਜ ਵਿੱਚ ਔਰਤਾਂ ‘ਤੇ ਹੋਏ ਜ਼ੁਲਮ, ਸ਼ਹੀਦ ਹੋਏ ਕਿਸਾਨਾਂ ਅਤੇ ਦੇਸ਼ ਵਿਚਲੀ ਅਥਾਹ ਬੇਰੁਜ਼ਗਾਰੀ ਬਾਰੇ ਉਹ ਕਦੇ ਮੂੰਹ ਨਹੀਂ ਖੋਲ੍ਹਦੇ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਦੇਸ਼ ਦੀ ਤਰੱਕੀ, ਭਾਈਚਾਰੇ ਅਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ। ਕਾਂਗਰਸ ਨੇ ਆਪਣੀਆਂ ਗਰੰਟੀਆਂ ਵਿੱਚ ਵਿਸ਼ੇਸ਼ ਤੌਰ ‘ਤੇ ਔਰਤਾਂ ਲਈ ਨਿਆਂ ਦੀ ਗੱਲ ਕੀਤੀ ਹੈ ਜਿਸ ਵਿੱਚ ਹਰ ਲੋੜਵੰਦ ਪਰਿਵਾਰ ਦੀ ਸਭ ਤੋਂ ਵੱਡੀ ਔਰਤ ਨੂੰ ਸਾਲਾਨਾ ਇੱਕ ਲੱਖ ਰੁਪਏ ਦੀ ਸਹਾਇਤਾ ਦੇਣ ਅਤੇ ਔਰਤਾਂ ਲਈ ਨੌਕਰੀਆਂ ਵਿੱਚ 50% ਰਾਖਵੇਂਕਰਨ ਦੀ ਗਰੰਟੀ ਦਿੱਤੀ ਹੈ। ਕਾਂਗਰਸ ਦੀ ਕੌਮੀ ਆਗੂ ਨੇ ਕਿਹਾ ਕਿ ਪਟਿਆਲਾ ਹਲਕੇ ਦੀ ਖੁਸ਼ਕਿਸਮਤੀ ਹੈ ਕਿ ਇਸ ਨੂੰ ਡਾਕਟਰ ਧਰਮਵੀਰ ਗਾਂਧੀ ਵਰਗਾ ਇਮਾਨਦਾਰ ਅਤੇ ਨਿਡਰ ਵਿਅਕਤੀ ਉਮੀਦਵਾਰ ਵਜੋਂ ਮਿਲਿਆ ਹੈ। ਇਸ ਲਈ ਇਹਨਾਂ ਨੂੰ ਵੱਡੀ ਲੀਡ ਨਾਲ ਜਿਤਾਉਣਾ ਬਣਦਾ ਹੈ। ਇਸ ਮੌਕੇ ਡਾ: ਗਾਂਧੀ ਨੇ ਕਿਹਾ ਕਿ ਆਰਥਿਕ ਪਾੜਾ, ਸਮਾਜਿਕ ਵੰਡੀਆਂ ਅਤੇ ਸਿਆਸੀ ਤਾਨਾਸ਼ਾਹੀ ਭਾਜਪਾ ਦੀ ਪਹਿਚਾਣ ਹੈ। ਭਾਜਪਾ ਨੂੰ ਦੇਸ਼ ਪੱਧਰ ਤੇ ਹਰਾਉਣਾ ਬਹੁਤ ਜ਼ਰੂਰੀ ਹੈ।