Headlines

ਪੰਜਾਬੀ ਅਖਬਾਰ ‘ਕੈਨੇਡਾ ਦਰਪਣ’ ਦੀ ਆਰਕਾਈਵ  ਲਾਂਚ ਕਰਨ ਲਈ ਵਿਸ਼ੇਸ਼ ਸਮਾਗਮ

ਸਰੀ, 29 ਮਈ (ਹਰਦਮ ਮਾਨ)- ਬੀਤੇ ਦਿਨ ਪੰਜਾਬੀ ਅਖਬਾਰ ‘ਕੈਨੇਡਾ ਦਰਪਣ’ ਦੀ ਆਰਕਾਈਵ  ਲਾਂਚ ਕਰਨ ਲਈ ਸਰੀ ਪਬਲਿਕ ਲਾਇਬਰੇਰੀ, ਫਲੀਟਵੁੱਡ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਵਿਦਵਾਨਾਂ, ਸਾਹਿਤਕਾਰਾਂ ਅਤੇ ਪੰਜਾਬੀ ਨਾਲ ਸਿਨੇਹ ਰੱਖਣ ਵਾਲੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਹ ਆਰਕਾਈਵ ਸੁਖਵੰਤ ਹੁੰਦਲ ਵੱਲੋਂ ਚਰਨਜੀਤ ਕੌਰ ਗਿੱਲ (ਸੁਪਤਨੀ ਮਰਹੂਮ ਦਰਸ਼ਨ ਗਿੱਲ) ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ।

ਸਮਾਗਮ ਦੀ ਸ਼ੁਰੂਆਤ ਸੁਖਵੰਤ ਹੁੰਦਲ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਨ੍ਹਾਂ ਇਸ ਆਰਕਾਈਵ ਬਾਰੇ ਜਾਣ ਪਛਾਣ ਕਰਵਾਉਂਦਿਆਂ ਦੱਸਿਆ ਕਿ ਫਤਾਵਾਰੀ/ਪੰਦਰਵਾੜਾ ਅਖ਼ਬਾਰ ‘ਕਨੇਡਾ ਦਰਪਣ’ ਨਵੰਬਰ 1982 ਤੋਂ ਫਰਵਰੀ 1989 ਤੱਕ ਵੈਨਕੂਵਰ/ਸਰੀ ਤੋਂ ਦਰਸ਼ਨ ਗਿੱਲ ਦੀ ਸੰਪਾਦਨਾ ਹੇਠ ਨਿਕਲਦਾ ਰਿਹਾ ਹੈ। ਕੈਨੇਡਾ ਦਰਪਣ ਕੱਢਣ ਦੇ ਮਕਸਦ ਬਾਰੇ ਸੰਪਾਦਕ ਦਰਸ਼ਨ ਗਿੱਲ ਨੇ ਆਪਣੀ ਪਹਿਲੀ ਸੰਪਾਦਕੀ ਵਿਚ ਲਿਖਿਆ ਸੀ ‘ਕੈਨੇਡਾ ਦਰਪਣ’ ਨੂੰ ਅਜਿਹੇ ਰੂਪ ਵਿਚ ਚਿਤਵਿਆ ਹੈ ਜੋ ਰੰਗ, ਨਸਲ, ਮਜ਼੍ਹਬ ਤੋਂ ਉੱਪਰ ਉੱਠ ਕੇ ਸਮੁੱਚੀ ਮਨੁੱਖੀ ਸ਼ਖਸੀਅਤ ਦਾ ਪ੍ਰਗਟਾਵਾ ਬਣ ਸਕੇ। ਮਨੁੱਖ, ਮਨੁੱਖ ਹੈ ਤੇ ਇਹ ਮਨੁੱਖਤਾ ਹੀ ਮਨੁੱਖ ਦਾ ਅਸਲੀ ਖਾਸਾ ਹੈ। ਜੋ ਮਨੁੱਖੀ ਸ਼ਖਸੀਅਤ ਦਾ ਸ਼ੀਸ਼ਾ ਨਹੀਂ ਬਣ ਸਕਦਾ, ਉਸ ਨੂੰ ਅਖਬਾਰ ਕਹਿਣਾ ਗਲਤ ਹੋਵੇਗਾ।”

ਸੁਖਵੰਤ ਹੁੰਦਲ ਨੇ ਕਿਹਾ ਕਿ ਕੈਨੇਡਾ ਦਰਪਣ ਦੀ ਆਰਕਾਈਵ ਰਾਹੀਂ ਹੁਣ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਰਹਿਣ ਵਾਲਾ ਵਿਅਕਤੀ ਇਸ ਅਖਬਾਰ ਦੇ 250 ਦੇ ਕਰੀਬ ਅੰਕ ਇੰਟਰਨੈੱਟ ‘ਤੇ ਪੜ੍ਹ ਸਕਦਾ ਹੈ। ਇਹਨਾਂ ਅੰਕਾਂ ਵਿੱਚ ਕੈਨੇਡਾ ਵਿੱਚ ਉਸ ਸਮੇਂ ਦੀ ਪੰਜਾਬੀ/ਭਾਰਤੀ ਕਮਿਊਨਿਟੀ ਦੇ ਸਮਾਜਿਕ ਇਤਿਹਾਸ ਬਾਰੇ ਮਹੱਤਵਪੂਰਨ ਜਾਣਕਾਰੀ ਮੌਜੂਦ ਹੈ। ਸੁਖਵੰਤ ਹੁੰਦਲ ਅਤੇ ਚਰਨਜੀਤ ਕੌਰ ਗਿੱਲ ਨੇ ਇਸ ਨੂੰ ਲਾਂਚ ਕਰਦਿਆਂ ਆਸ ਪ੍ਰਗਟ ਕੀਤੀ ਕਿ ਪੰਜਾਬੀ ਪਾਠਕ ਅਤੇ ਕੈਨੇਡਾ ਵਿੱਚ ਪੰਜਾਬੀਆਂ ਦੇ ਇਤਿਹਾਸ ਦੇ ਵਿਦਿਆਰਥੀ ਇਸ ਆਰਕਾਈਵ ਦਾ ਪੂਰਾ ਫਾਇਦਾ ਉਠਾਉਣਗੇ।

ਇਸ ਮੌਕੇ ਮਰਹੂਮ ਦਰਸ਼ਨ ਗਿੱਲ ਨੂੰ ਯਾਦ ਕਰਦਿਆਂ ਡਾ. ਸਾਧੂ ਸਿੰਘ, ਡਾ. ਸਾਧੂ ਬਿਨਿੰਗ, ਨਾਵਲਕਾਰ ਜਰਨੈਲ ਸਿੰਘ ਸੇਖਾ, ਅਜਮੇਰ ਰੋਡੇ, ਮੱਖਣ ਟੁੱਟ, ਹਰਦੇਵ ਸਿੱਧੂ, ਅਜੇ ਭਾਰਦਵਾਜ, ਉੱਜਲ ਦੁਸਾਂਝ, ਹਰਿੰਦਰ ਮਾਹਲ, ਹਰਪ੍ਰੀਤ ਸੇਖਾ, ਸੁਰਜੀਤ ਕਲਸੀ ਅਤੇ ਸੁਖਵਿੰਦਰ ਚੋਹਲਾ ਨੇ ਸੁਖਵੰਤ ਹੁੰਦਲ ਅਤੇ ਚਰਨਜੀਤ ਕੌਰ ਗਿੱਲ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ।