Headlines

ਮੇਪਲ ਰਿੱਜ ਕ੍ਰਿਸ਼ਚੀਅਨ ਸੈਕੰਡਰੀ ਸਕੂਲ ਦੇ ਵਿਦਿਆਰਥੀ ਗੁਰਦੁਆਰਾ ਨਾਨਕ ਨਿਵਾਸ ਵਿਖੇ ਨਤਮਸਤਕ ਹੋਏ

ਸਰੀ, 29 ਮਈ (ਹਰਦਮ ਮਾਨ)-ਮੇਪਲ ਰਿੱਜ ਕ੍ਰਿਸ਼ਚੀਅਨ ਸੈਕੰਡਰੀ ਸਕੂਲ ਦੇ ਬਾਹਰਵੀਂ ਜਮਾਤ ਦੇ ਵਿਦਿਆਰਥੀ ਅਤੇ ਉਹਨਾਂ ਦੇ ਅਧਿਆਪਕ ਬੀਤੇ ਦਿਨ ਕੁਝ ਹੋਰ ਧਾਰਮਿਕ ਅਸਥਾਨਾਂ ਦੇ ਨਾਲ ਨਾਲ ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵਿਖੇ ਵੀ ਨਤਮਸਤਕ ਹੋਏ। ਉਹ ਸਿੱਖ ਧਰਮ ਅਤੇ ਸਾਊਥ ਏਸ਼ੀਅਨ ਕਮਿਊਨਿਟੀ ਅਤੇ ਕਲਚਰ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਲਵੰਤ ਸਿੰਘ ਸੰਘੇੜਾ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਸਥਾਰ ਵਿਚ ਸਿੱਖ ਧਰਮ ਅਤੇ ਆਪਣੀ ਕਮਿਊਨਿਟੀ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਸਿੱਖ ਧਰਮ ਬਾਰੇ ਕੁਝ ਸਵਾਲ ਪੁੱਛੇ।

ਇਸ ਸਿਲਸਲੇ ਵਿਚ ਉਹਨਾਂ ਦੇ ਅਧਿਆਪਕ ਰਿਜ ਪਾਰਕਸ ਨੇ ਕਿਹਾ ਕਿ ਵੱਖ ਵੱਖ ਧਰਮਾਂ ਬਾਰੇ ਜਾਣਕਾਰੀ ਹਾਸਿਲ ਕਰਨ ਨਾਲ ਵਿਦਿਆਰਥੀਆਂ ਦੇ ਗਿਆਨ ਅਤੇ ਸੋਚ ਵਿਚ ਬਹੁਤ ਵਾਧਾ ਹੁੰਦਾ ਹੈ। ਉਹਨਾਂ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਦਾ ਮਾਣ ਸਤਿਕਾਰ ਕਰਨ ਲਈ ਬਲਵੰਤ ਸਿੰਘ ਸੰਘੇੜਾ ਅਤੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ, ਕੁਝ ਯਾਦਗਾਰੀ ਤਸਵੀਰਾਂ ਖਿੱਚੀਆਂ ਅਤੇ ਗੁਰੂ ਕੇ ਲੰਗਰ ਦਾ ਆਨੰਦ ਮਾਣਿਆ।