Headlines

ਗੁਰਨਾਮ ਭੁੱਲਰ ਦੀ ਨਵੀਂ ਪੰਜਾਬੀ ਫਿਲਮ ‘ਰੋਜ਼, ਰੋਜ਼ੀ ਤੇ ਗੁਲਾਬ” ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ

ਸਰੀ ਵਿਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਫਿਲਮ ਬਾਰੇ ਕੀਤੀ ਚਰਚਾ-

ਸਰੀ (ਬਲਵੀਰ ਕੌਰ ਢਿੱਲੋਂ)-ਬੀਤੇ ਸ਼ਨੀਵਾਰ 25 ਮਈ ਨੂੰ ਉਸਤਾਦ ਜੀ ਰੈਸਟੋਰੈਂਟ ਸਰੀ ਵਿਖੇ ਗਾਇਕ, ਐਕਟਰ ਅਤੇ ਪ੍ਰੋਡਿਊਸਰ ਗੁਰਨਾਮ ਭੁੱਲਰ ਵੱਲੋਂ ”ਰੋਜ਼, ਰੋਜ਼ੀ ਤੇ ਗੁਲਾਬ” ਫਿਲਮ ਦੀ ਪ੍ਰੌਮੋਸ਼ਨ ਲਈ ਮੀਡੀਏ ਨਾਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ।  ਬੀ ਕੌਰ ਮੀਡੀਆ ਤੇ ਪਲੱਸ ਟੀ ਵੀ ਤੋਂ ਬੀਬਾ ਬਲਜਿੰਦਰ ਕੌਰ ਨੇ ਜਾਣ ਪਹਿਚਾਣ ਕਰਵਾਈ। ਓਮ ਜੀ ਸਿਨੇਵਰਲਡ ਤੋਂ ਭਾਸਕਰ ਜੀ ਨੇ ਇਸ ਮੀਟਿੰਗ ਵਿੱਚ ਵਿਸ਼ੇਸ਼ ਸ਼ਿਰਕਤ ਕੀਤੀ। ਰੋਜ਼ ਰੋਜ਼ੀ ਤੇ ਗੁਲਾਬ ਫਿਲਮ 24 ਮਈ ਤੋਂ ਕੈਨੇਡਾ ਦੇ ਸਿਨੇਮਾ ਘਰਾਂ ਵਿੱਚ ਦਿਖਾਈ ਜਾ ਰਹੀ ਹੈ, ਜਿਸ ਬਾਰੇ ਫਿਲਮ ਦੇ ਹੀਰੋ ਗੁਰਨਾਮ ਭੁੱਲਰ ਨੇ ਦੱਸਿਆ ਕਿ ”ਰੋਜ਼, ਰੋਜ਼ੀ ਤੇ ਗੁਲਾਬ” ਫਿਲਮ ਇੱਕ ਹਾਸਰਸ ਤੇ ਰੋਮਾਂਸ, ਸੰਜੀਦਾ ਤੇ ਮਨੋਰੰਜਨ ਭਰਪੂਰ ਫਿਲਮ ਹੈ। ਗੁਰਨਾਮ ਭੁੱਲਰ ਨਾਲ ਇਸ ਫਿਲਮ ਵਿੱਚ ਮਾਹੀ ਸ਼ਰਮਾ ਤੇ ਪਰਾਂਜਲ ਨੇ ਮੁਖ ਭੂਮਿਕਾ ਨਿਭਾਈ ਹੈ। ਮਨਵੀਰ ਬਰਾੜ ਫਿਲਮ ਦੇ ਡਾਇਰੈਕਟਰ ਹਨ। ਫਿਲਮ ਦੀ ਕਹਾਣੀ ਨੌਜਵਾਨ ਲੇਖਕ ਪ੍ਰੀਤ ਸੰਘਰੇੜੀ ਵਲ਼ੋਂ ਲਿਖੀ ਗਈ ਹੈ ਅਤੇ ਮੁਨੀਸ਼ ਸਾਹਨੀ ਓਮ ਜੀ ਸਿਨੇਵਰਲਡ ਤੋਂ ਅਤੇ ਡਾਇਮੰਡ ਸਟਾਰ ਵਰਲਡਵਾਈਡ ਜੋ ਕਿ ਗੁਰਨਾਮ ਭੁੱਲਰ ਦੀ ਪ੍ਰੋਡਕਸ਼ਨ ਕੰਪਨੀ ਹੈ ਵੱਲੋਂ ਰਲ਼ ਕੇ ਇਹ ਫਿਲਮ ਬਣਾਈ ਗਈ ਹੈ। ਗੁਰਨਾਮ ਭੁੱਲਰ ਨੇ ਦੱਸਿਆ ਕਿ ਇਹ ਉਹਨਾਂ ਦੀ ਸਭ ਤੋਂ ਵਧੀਆ ਫਿਲਮ ਹੈ । ਉਹਨਾਂ ਕਿਹਾ ਕਿ ਜੇਕਰ ਹਰ ਬੰਦਾ ਈਮਨਾਦਾਰੀ ਨਾਲ਼ ਕੰਮ ਕਰੇ ਤਾਂ ਬਹੁਤ ਵਧੀਆ ਫਿਲਮਾਂ ਬਣ ਸਕਦੀਆਂ ਹਨ। ਗੁਰਨਾਮ ਭੁੱਲਰ ਦੀ ਇਹ ਬਾਰਵੀਂ ਫਿਲਮ ਹੈ। ਉਹਨਾਂ ਦਰਸ਼ਕਾਂ ਨੂੰ ਫਿਲਮ ਦੇਖਣ ਲਈ ਪੁਰਜ਼ੋਰ ਅਪੀਲ ਕੀਤੀ।