Headlines

ਮਿਸ਼ਨ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੇ ਚੋਲ਼ਾ ਸਾਹਿਬ ਦੀ ਸੇਵਾ ਹੋਈ ਸੰਪੂਰਨ

-ਪੰਜ ਪਿਆਰਿਆਂ ਦੀ ਅਗਵਾਈ ‘ਚ ਚੋਲ਼ਾ ਸਾਹਿਬ ਦੀ ਹੋਈ ਸੇਵਾ-

ਵੈਨਕੂਵਰ :-(ਬਰਾੜ-ਭਗਤਾ ਭਾਈ ਕਾ)- ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਪਹਾੜਾਂ ਦੀ ਗੋਦ ‘ਚ ਫਰੇਜ਼ਰ ਦਰਿਆ ਦੇ ਕੰਡੇ ਵਸੇ ਮਿਸ਼ਨ ਟਾਊਨ ਵਿੱਚ ਸਥਿੱਤ ਗੁਰਦੁਆਰਾ ਸਾਹਿਬ ‘ਮਿਸ਼ਨ ਗੁਰ ਸਿੱਖ ਸੋਸਾਇਟੀ’ ਵਿਖੇ ਨਿਸ਼ਾਨ ਸਾਹਿਬ ਦੇ ਚੋਲ਼ਾ ਸਾਹਿਬ ਚੜ੍ਹਾਉਣ ਸਮੇਂ ਵੱਡੀ ਗਿਣਤੀ ਵਿੱਚ ਸੰਗਤ ਨੇ ਇਸ ਸੇਵਾ ਵਿੱਚ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਇਸ ਮੌਕੇ ਨਿਸ਼ਾਨ ਸਾਹਿਬ ਦੇ ਚੋਲ਼ਾ ਸਾਹਿਬ ਦੇ ਸੰਬੰਧ ਵਿੱਚ ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸੰਗਤ ਨੇ ਕੀਰਤਨ ਦਾ ਅਨੰਦ ਮਾਣਿਆ। ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸੰਗਤ ਨੇ ਗੁਰਬਾਣੀ ਦਾ ਜਾਪ ਕੀਤਾ ਅਤੇ ਨਿਸ਼ਾਨ ਸਾਹਿਬ ‘ਤੇ ਚੋਲ਼ਾ ਸਾਹਿਬ ਚੜ੍ਹਾਉਣ ਦੀ ਰਸਮ ਸ਼ੁਰੂ ਕੀਤੀ। ਮਿਸ਼ਨ ਦੇ ਨਾਲ ਲੱਗਦੇ ਇਲਾਕੇ ਤੋਂ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਨੇ ਚੋਲ਼ਾ ਸਾਹਿਬ ਸੰਬੰਧੀ ਕੀਤੇ ਗਏ ਧਾਰਮਿਕ ਸਮਾਗਮ ਪਹੁੰਚ ਕੇ ਗੁਰਬਾਣੀ ਦਾ ਜਾਪ ਕੀਤਾ ਅਤੇ ਸਤਿਗੁਰੂ ਤੋਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਅਖੰਡਪਾਠ ਸਾਹਿਬ, ਲੰਗਰ ਅਤੇ ਨਿਸ਼ਾਨ ਸਾਹਿਬ ਸਮੇਤ ਚੋਲ਼ਾ ਸਾਹਿਬ ਦੀ ਸੇਵਾ ਵਿੱਚ ਸਮੂਹ ਸੰਗਤ ਨੇ ਆਪਣਾ ਹਿੱਸਾ ਪਾਇਆ। ਹਾਈਡਰੋਲਿਕ ਸਿਸਟਮ ਵਾਲ਼ੇ ਇਸ ਨਿਸ਼ਾਨ ਸਾਹਿਬ ਦੇ ਉੱਪਰਲੇ ਸਿਰੇ ‘ਤੇ ਖੰਡਾ ਦਿਖਾਈ ਦਿੰਦਾ ਹੈ ਜਦੋਂ ਕਿ ਉਸ ਤੋਂ ਹੇਠਾਂ ਕੇਸਰੀ ਝੰਡਾ ਅਤੇ ਉਸ ਤੋਂ ਹੇਠਾਂ ਨੀਲੇ ਰੰਗ ਦਾ ਸਿਰੋਪਾਓ ਪ੍ਰਤੀਕ ਦਿਸਦਾ ਹੈ। ਕੇਸਰੀ ਰੰਗ ਦੇ ਚੋਲ਼ਾ ਸਾਹਿਬ ਉੱਤੇ ਨਿਸ਼ਾਨ ਸਾਹਿਬ ਦੇ ਦੁਆਲੇ ਬਿਜਲੀ ਦੀ ਹਰੇ ਰੰਗ ‘ਚ ਜਗਣ ਵਾਲੀ ਲੜੀ ਲਪੇਟੀ ਹੋਈ ਹੈ ਜੋ ਰਾਤ ਸਮੇਂ ਜਗਦੀ ਹੈ।